ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਾਰਾਣਸੀ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼-ਐੱਮਵੀ ਗੰਗਾ ਵਿਲਾਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਟੈਂਟ ਸਿਟੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਮਾਗਮ ਦੌਰਾਨ 1000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਹ ਰਿਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਅਨੁਸਾਰ, ਇਸ ਸੇਵਾ ਦੇ ਸ਼ੁਰੂ ਹੋਣ ਨਾਲ ਰਿਵਰ ਕਰੂਜ਼ ਦੀ ਵੱਡੀ ਅਣਵਰਤੀ ਸੰਭਾਵਨਾ ਨੂੰ ਅਨਲੌਕ ਕੀਤਾ ਜਾਵੇਗਾ ਅਤੇ ਇਹ ਭਾਰਤ ਲਈ ਰਿਵਰ ਕਰੂਜ਼ ਟੂਰਿਜ਼ਮ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਗਵਾਨ ਮਹਾਦੇਵ ਦੀ ਜੈ-ਜੈਕਾਰ ਕੀਤੀ ਅਤੇ ਲੋਹੜੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਸਾਡੇ ਤਿਉਹਾਰਾਂ ਵਿੱਚ ਦਾਨ, ਵਿਸ਼ਵਾਸ, ਤਪੱਸਿਆ ਅਤੇ ਵਿਸ਼ਵਾਸ ਅਤੇ ਉਨ੍ਹਾਂ ਵਿੱਚ ਨਦੀਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਨਦੀ ਜਲ ਮਾਰਗਾਂ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਹੋਰ ਮਹੱਤਵਪੂਰਨ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਕਾਸ਼ੀ ਤੋਂ ਡਿਬਰੂਗੜ੍ਹ ਤੱਕ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਨੂੰ ਅੱਜ ਹਰੀ ਝੰਡੀ ਦਿਖਾਈ ਜਾ ਰਹੀ ਹੈ, ਜੋ ਉੱਤਰੀ ਭਾਰਤ ਦੇ ਟੂਰਿਜ਼ਮ ਸਥਲਾਂ ਨੂੰ ਵਿਸ਼ਵ ਟੂਰਿਜ਼ਮ ਦੇ ਨਕਸ਼ੇ 'ਤੇ ਲਿਆਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਵਾਰਾਣਸੀ, ਪੱਛਮ ਬੰਗਾਲ, ਉੱਤਰ ਪ੍ਰਦੇਸ਼ ਅਤੇ ਬਿਹਾਰ, ਆਸਾਮ ਵਿੱਚ 1000 ਕਰੋੜ ਰੁਪਏ ਦੀ ਲਾਗਤ ਨਾਲ ਸਮਰਪਿਤ ਕੀਤੇ ਜਾ ਰਹੇ ਹੋਰ ਪ੍ਰੋਜੈਕਟ ਪੂਰਬੀ ਭਾਰਤ ਵਿੱਚ ਟੂਰਿਜ਼ਮ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਹੁਲਾਰਾ ਦੇਣਗੇ।
ਹਰੇਕ ਭਾਰਤੀ ਦੇ ਜੀਵਨ ਵਿੱਚ ਗੰਗਾ ਨਦੀ ਦੀ ਕੇਂਦਰੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਕਿਨਾਰਿਆਂ ਦੇ ਆਲ਼ੇ-ਦੁਆਲ਼ੇ ਦਾ ਇਲਾਕਾ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਵਿਕਾਸ ਵਿੱਚ ਪਿਛੜ ਗਿਆ, ਜਿਸ ਨਾਲ ਇਸ ਖੇਤਰ ਤੋਂ ਵੱਡੀ ਆਬਾਦੀ ਦਾ ਪ੍ਰਵਾਸ ਹੋਇਆ। ਪ੍ਰਧਾਨ ਮੰਤਰੀ ਨੇ ਇਸ ਮੰਦਭਾਗੀ ਸਥਿਤੀ ਨਾਲ ਨਜਿੱਠਣ ਲਈ ਦੋਹਰੇ ਦ੍ਰਿਸ਼ਟੀਕੋਣ ਬਾਰੇ ਵਿਸਤਾਰ ਨਾਲ ਦੱਸਿਆ। ਇੱਕ ਪਾਸੇ 'ਨਮਾਮਿ ਗੰਗੇ' ਰਾਹੀਂ ਗੰਗਾ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ ਗਈ ਅਤੇ ਦੂਸਰੇ ਪਾਸੇ ‘ਅਰਥ ਗੰਗਾ’ ਦਾ ਪ੍ਰਚਾਰ ਕੀਤਾ ਗਿਆ। 'ਅਰਥ ਗੰਗਾ' ਵਿੱਚ ਉਨ੍ਹਾਂ ਰਾਜਾਂ ਵਿੱਚ ਆਰਥਿਕ ਗਤੀਸ਼ੀਲਤਾ ਦਾ ਮਾਹੌਲ ਬਣਾਉਣ ਲਈ ਕਦਮ ਉਠਾਏ ਗਏ ਹਨ, ਜਿੱਥੋਂ ਗੰਗਾ ਲੰਘਦੀ ਹੈ।
ਕਰੂਜ਼ ਦੀ ਪਹਿਲੀ ਯਾਤਰਾ 'ਤੇ ਜਾਣ ਵਾਲੇ ਵਿਦੇਸ਼ਾਂ ਦੇ ਸੈਲਾਨੀਆਂ ਨੂੰ ਸਿੱਧੇ ਤੌਰ 'ਤੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਭਾਰਤ ਕੋਲ ਸਭ ਕੁਝ ਹੈ ਅਤੇ ਬਹੁਤ ਕੁਝ ਤੁਹਾਡੀ ਕਲਪਨਾ ਤੋਂ ਪਰੇ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਸਿਰਫ਼ ਦਿਲ ਤੋਂ ਅਨੁਭਵ ਕੀਤਾ ਜਾ ਸਕਦਾ ਹੈ, ਕਿਉਂਕਿ ਦੇਸ਼ ਨੇ ਖੇਤਰ ਜਾਂ ਧਰਮ, ਨਸਲ ਜਾਂ ਦੇਸ਼ ਦੀ ਪਰਵਾਹ ਕੀਤੇ ਬਿਨਾ ਸਾਰਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ ਅਤੇ ਦੁਨੀਆ ਦੇ ਸਾਰੇ ਹਿੱਸਿਆਂ ਤੋਂ ਸੈਲਾਨੀਆਂ ਦਾ ਸੁਆਗਤ ਕੀਤਾ ਹੈ।
ਰਿਵਰ ਕਰੂਜ਼ ਦੇ ਅਨੁਭਵ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਖਾਸ ਹੈ। ਉਨ੍ਹਾਂ ਅੱਗੇ ਕਿਹਾ ਕਿ ਅਧਿਆਤਮਕਤਾ ਦੀ ਭਾਲ ਕਰਨ ਵਾਲੇ ਕਾਸ਼ੀ, ਬੋਧ ਗਯਾ, ਵਿਕਰਮਸ਼ਿਲਾ, ਪਟਨਾ ਸਾਹਿਬ ਅਤੇ ਮਾਜੁਲੀ ਜਿਹੇ ਸਥਾਨਾਂ 'ਤੇ ਜਾਣਗੇ, ਬਹੁ-ਰਾਸ਼ਟਰੀ ਕਰੂਜ਼ ਅਨੁਭਵ ਦੀ ਤਲਾਸ਼ ਕਰਨ ਵਾਲੇ ਸੈਲਾਨੀਆਂ ਨੂੰ ਬੰਗਲਾਦੇਸ਼ ਦੇ ਢਾਕਾ ਰਾਹੀਂ ਅਤੇ ਭਾਰਤ ਦੀ ਕੁਦਰਤੀ ਵਿਵਿਧਤਾ ਦੇਖਣ ਦੇ ਚਾਹਵਾਨਾਂ ਨੂੰ ਸੁੰਦਰਬਨ ਅਤੇ ਅਸਾਮ ਦੇ ਜੰਗਲਾਂ ਵਿੱਚੋਂ ਲੰਘਣ ਦਾ ਮੌਕਾ ਮਿਲੇਗਾ। ਇਹ ਦੇਖਦਿਆਂ ਕਿ ਕਰੂਜ਼ 25 ਵੱਖ-ਵੱਖ ਦਰਿਆਵਾਂ ਵਿੱਚੋਂ ਲੰਘੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰੂਜ਼ ਉਨ੍ਹਾਂ ਲੋਕਾਂ ਲਈ ਖ਼ਾਸ ਮਹੱਤਵ ਰੱਖਦਾ ਹੈ, ਜੋ ਭਾਰਤ ਦੀਆਂ ਨਦੀ ਪ੍ਰਣਾਲੀਆਂ ਨੂੰ ਸਮਝਣ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਓਨਾ ਲਈ ਇਹ ਇੱਕ ਸੁਨਹਿਰੀ ਮੌਕਾ ਹੈ, ਜੋ ਭਾਰਤ ਦੇ ਅਣਗਿਣਤ ਪਕਵਾਨਾਂ ਅਤੇ ਵਿਅੰਜਨਾਂ ਦੀ ਪੜਚੋਲ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਰੂਜ਼ ਟੂਰਿਜ਼ਮ ਦੇ ਨਵੇਂ ਯੁਗ 'ਤੇ ਚਾਨਣਾ ਪਾਉਂਦਿਆਂ ਟਿੱਪਣੀ ਕੀਤੀ, "ਇਸ ਕਰੂਜ਼ 'ਤੇ ਭਾਰਤ ਦੀ ਵਿਰਾਸਤ ਅਤੇ ਇਸ ਦੀ ਆਧੁਨਿਕਤਾ ਦੇ ਅਸਾਧਾਰਣ ਮੇਲ-ਜੋਲ ਨੂੰ ਕੋਈ ਵੀ ਦੇਖ ਸਕਦਾ ਹੈ, ਜਿੱਥੇ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।" ਪ੍ਰਧਾਨ ਮੰਤਰੀ ਨੇ ਕਿਹਾ, “ਸਿਰਫ਼ ਵਿਦੇਸ਼ੀ ਸੈਲਾਨੀ ਹੀ ਨਹੀਂ ਬਲਕਿ ਅਜਿਹੇ ਅਨੁਭਵ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਭਾਰਤੀ ਹੁਣ ਉੱਤਰੀ ਭਾਰਤ ਵੱਲ ਜਾ ਸਕਦੇ ਹਨ।” ਉਨ੍ਹਾਂ ਇਹ ਵੀ ਦੱਸਿਆ ਕਿ ਬਜਟ ਦੇ ਨਾਲ-ਨਾਲ ਲਗਜ਼ਰੀ ਅਨੁਭਵ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਦੇਸ਼ ਦੇ ਹੋਰ ਅੰਦਰੂਨੀ ਜਲ ਮਾਰਗਾਂ ਵਿੱਚ ਵੀ ਅਜਿਹੇ ਅਨੁਭਵ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਟੂਰਿਜ਼ਮ ਦੇ ਇੱਕ ਮਜ਼ਬੂਤ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਕਿਉਂਕਿ ਇੱਕ ਵਧਦੀ ਗਲੋਬਲ ਪ੍ਰੋਫਾਈਲ ਦੇ ਨਾਲ, ਭਾਰਤ ਬਾਰੇ ਉਤਸੁਕਤਾ ਵੀ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਕਰਕੇ, ਪਿਛਲੇ 8 ਸਾਲਾਂ ਵਿੱਚ ਦੇਸ਼ ਵਿੱਚ ਟੂਰਿਜ਼ਮ ਖੇਤਰ ਦੇ ਵਿਸਤਾਰ ਲਈ ਕਈ ਕਦਮ ਉਠਾਏ ਗਏ ਹਨ। ਆਸਥਾ ਦੇ ਸਥਾਨਾਂ ਨੂੰ ਪਹਿਲ ਦੇ ਆਧਾਰ 'ਤੇ ਵਿਕਸਿਤ ਕੀਤਾ ਗਿਆ ਸੀ ਅਤੇ ਕਾਸ਼ੀ ਅਜਿਹੇ ਯਤਨਾਂ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਬਿਹਤਰੀਨ ਸੁਵਿਧਾਵਾਂ ਅਤੇ ਕਾਸ਼ੀ ਵਿਸ਼ਵਨਾਥ ਧਾਮ ਦੇ ਨਵੀਨੀਕਰਣ ਨਾਲ, ਕਾਸ਼ੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ ਹੈ। ਆਧੁਨਿਕਤਾ, ਅਧਿਆਤਮਕਤਾ ਅਤੇ ਆਸਥਾ ਨਾਲ ਭਰਪੂਰ ਨਿਊ ਟੈਂਟ ਸਿਟੀ, ਸੈਲਾਨੀਆਂ ਨੂੰ ਇੱਕ ਨਵਾਂ ਅਨੁਭਵ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਦੇਸ਼ ਵਿੱਚ 2014 ਤੋਂ ਬਾਅਦ ਦੀਆਂ ਨੀਤੀਆਂ, ਫੈਸਲਿਆਂ ਅਤੇ ਦਿਸ਼ਾ ਦਾ ਪ੍ਰਤੀਬਿੰਬ ਹੈ। “21ਵੀਂ ਸਦੀ ਦਾ ਇਹ ਦਹਾਕਾ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਬਦਲਾਅ ਦਾ ਦਹਾਕਾ ਹੈ। ਭਾਰਤ ਬੁਨਿਆਦੀ ਢਾਂਚੇ ਦੇ ਅਜਿਹੇ ਪੱਧਰ ਦਾ ਗਵਾਹ ਹੈ, ਜਿਸਦੀ ਕੁਝ ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।" ਉਨ੍ਹਾਂ ਨੇ ਕਿਹਾ ਕਿ ਸਮਾਜਿਕ ਬੁਨਿਆਦੀ ਢਾਂਚੇ ਜਿਵੇਂ ਕਿ ਮਕਾਨ, ਪਖਾਨੇ, ਹਸਪਤਾਲ, ਬਿਜਲੀ, ਪਾਣੀ, ਰਸੋਈ ਗੈਸ, ਵਿੱਦਿਅਕ ਸੰਸਥਾਵਾਂ ਤੋਂ ਲੈ ਕੇ ਡਿਜੀਟਲ ਬੁਨਿਆਦੀ ਢਾਂਚੇ ਤੋਂ ਲੈ ਕੇ ਭੌਤਿਕ ਸੰਪਰਕ ਬੁਨਿਆਦੀ ਢਾਂਚੇ ਜਿਵੇਂ ਰੇਲਵੇ, ਜਲਮਾਰਗ, ਹਵਾਈ ਮਾਰਗ ਅਤੇ ਸੜਕਾਂ, ਇਹ ਸਭ ਭਾਰਤ ਦੇ ਤੇਜ਼ ਵਿਕਾਸ ਦੇ ਮਜ਼ਬੂਤ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਭਾਰਤ ਸਭ ਤੋਂ ਉੱਤਮ ਅਤੇ ਸਭ ਤੋਂ ਵੱਡਾ ਦੇਖ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਆਵਾਜਾਈ ਦੇ ਇਸ ਢੰਗ ਵਿੱਚ ਸਮ੍ਰਿੱਧ ਇਤਿਹਾਸ ਦੇ ਬਾਵਜੂਦ 2014 ਤੋਂ ਪਹਿਲਾਂ ਭਾਰਤ ਵਿੱਚ ਨਦੀ ਜਲ ਮਾਰਗਾਂ ਦੀ ਘੱਟ ਵਰਤੋਂ ਨੂੰ ਰੇਖਾਂਕਿਤ ਕੀਤਾ। 2014 ਤੋਂ ਬਾਅਦ, ਭਾਰਤ ਇਸ ਪ੍ਰਾਚੀਨ ਤਾਕਤ ਨੂੰ ਆਧੁਨਿਕ ਭਾਰਤ ਦੇ ਉਦੇਸ਼ ਲਈ ਵਰਤ ਰਿਹਾ ਹੈ। ਦੇਸ਼ ਦੀਆਂ ਵੱਡੀਆਂ ਨਦੀਆਂ ਵਿੱਚ ਜਲਮਾਰਗ ਵਿਕਸਿਤ ਕਰਨ ਲਈ ਇੱਕ ਨਵਾਂ ਕਾਨੂੰਨ ਅਤੇ ਵਿਸਤ੍ਰਿਤ ਕਾਰਜ ਯੋਜਨਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਵਿੱਚ ਦੇਸ਼ ਵਿੱਚ ਸਿਰਫ਼ 5 ਰਾਸ਼ਟਰੀ ਜਲਮਾਰਗ ਸਨ, ਹੁਣ ਦੇਸ਼ ਵਿੱਚ 111 ਰਾਸ਼ਟਰੀ ਜਲਮਾਰਗ ਹਨ ਅਤੇ ਲਗਭਗ ਦੋ ਦਰਜਨ ਪਹਿਲਾਂ ਹੀ ਚਾਲੂ ਹਨ। ਇਸੇ ਤਰ੍ਹਾਂ ਨਦੀ ਜਲ ਮਾਰਗਾਂ ਰਾਹੀਂ ਮਾਲ ਦੀ ਢੋਆ-ਢੁਆਈ ਵਿੱਚ 8 ਸਾਲ ਪਹਿਲਾਂ 30 ਲੱਖ ਮੀਟ੍ਰਿਕ ਟਨ ਤੋਂ 3 ਗੁਣਾ ਵਾਧਾ ਹੋਇਆ ਹੈ।
ਪੂਰਬੀ ਭਾਰਤ ਦੇ ਵਿਕਾਸ ਦੇ ਵਿਸ਼ੇ 'ਤੇ ਵਾਪਸ ਆਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਪੂਰਬੀ ਭਾਰਤ ਨੂੰ ਵਿਕਸਿਤ ਭਾਰਤ ਲਈ ਵਿਕਾਸ ਇੰਜਣ ਬਣਾਉਣ ਵਿੱਚ ਮਦਦ ਕਰੇਗਾ। ਇਹ ਹਲਦੀਆ ਮਲਟੀਮੋਡਲ ਟਰਮੀਨਲ ਨੂੰ ਵਾਰਾਣਸੀ ਨਾਲ ਜੋੜਦਾ ਹੈ ਅਤੇ ਭਾਰਤ ਬੰਗਲਾਦੇਸ਼ ਪ੍ਰੋਟੋਕੌਲ ਰੂਟ ਅਤੇ ਉੱਤਰ-ਪੂਰਬ ਨਾਲ ਵੀ ਜੁੜਿਆ ਹੋਇਆ ਹੈ। ਇਹ ਕੋਲਕਾਤਾ ਬੰਦਰਗਾਹ ਅਤੇ ਬੰਗਲਾਦੇਸ਼ ਨੂੰ ਵੀ ਜੋੜਦਾ ਹੈ। ਇਸ ਨਾਲ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਤੋਂ ਬੰਗਲਾਦੇਸ਼ ਤੱਕ ਵਪਾਰ ਦੀ ਸੁਵਿਧਾ ਮਿਲੇਗੀ।
ਸਟਾਫ਼ ਅਤੇ ਹੁਨਰਮੰਦ ਕਰਮਚਾਰੀਆਂ ਦੀ ਸਿਖਲਾਈ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਵਾਹਾਟੀ ਵਿੱਚ ਇੱਕ ਕੌਸ਼ਲ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ ਅਤੇ ਜਹਾਜ਼ਾਂ ਦੀ ਮੁਰੰਮਤ ਲਈ ਗੁਵਾਹਾਟੀ ਵਿੱਚ ਇੱਕ ਨਵੀਂ ਸੁਵਿਧਾ ਵੀ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਕਰੂਜ਼ ਜਹਾਜ਼ ਹੋਵੇ ਜਾਂ ਮਾਲ-ਵਾਹਕ ਜਹਾਜ਼, ਉਹ ਨਾ ਸਿਰਫ਼ ਆਵਾਜਾਈ ਅਤੇ ਟੂਰਿਜ਼ਮ ਨੂੰ ਹੁਲਾਰਾ ਦਿੰਦੇ ਹਨ, ਸਗੋਂ ਉਨ੍ਹਾਂ ਦੀ ਸੇਵਾ ਨਾਲ ਜੁੜਿਆ ਪੂਰਾ ਉਦਯੋਗ ਵੀ ਨਵੇਂ ਮੌਕੇ ਪੈਦਾ ਕਰਦਾ ਹੈ।”
ਇੱਕ ਅਧਿਐਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲਮਾਰਗ ਸਿਰਫ਼ ਵਾਤਾਵਰਣ ਲਈ ਹੀ ਲਾਭਦਾਇਕ ਨਹੀਂ ਹਨ, ਸਗੋਂ ਪੈਸੇ ਦੀ ਬੱਚਤ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਲਮਾਰਗ ਚਲਾਉਣ ਦੀ ਲਾਗਤ ਰੋਡਵੇਜ਼ ਦੇ ਮੁਕਾਬਲੇ ਢਾਈ ਗੁਣਾ ਘੱਟ ਹੈ ਅਤੇ ਰੇਲਵੇ ਦੇ ਮੁਕਾਬਲੇ ਇੱਕ ਤਿਹਾਈ ਘੱਟ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਲੌਜਿਸਟਿਕਸ ਨੀਤੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਕੋਲ ਹਜ਼ਾਰਾਂ ਕਿਲੋਮੀਟਰ ਦੇ ਜਲਮਾਰਗ ਨੈੱਟਵਰਕ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਵਿੱਚ 125 ਤੋਂ ਵੱਧ ਨਦੀਆਂ ਅਤੇ ਨਦੀਆਂ ਦੀ ਧਾਰਾਵਾਂ ਹਨ, ਜਿਨ੍ਹਾਂ ਨੂੰ ਮਾਲ ਅਤੇ ਫੈਰੀ ਲੋਕਾਂ ਦੀ ਢੋਆ-ਢੁਆਈ ਲਈ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਬੰਦਰਗਾਹ-ਅਗਵਾਈ ਵਾਲੇ ਵਿਕਾਸ ਨੂੰ ਹੋਰ ਵਧਾਉਣ ਲਈ ਵੀ ਹੁਲਾਰਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਜਲ ਮਾਰਗਾਂ ਦਾ ਇੱਕ ਆਧੁਨਿਕ ਮਲਟੀ-ਮੋਡਲ ਨੈੱਟਵਰਕ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਨਾਲ ਸਾਂਝੇਦਾਰੀ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਉੱਤਰ-ਪੂਰਬ ਵਿੱਚ ਜਲ ਸੰਪਰਕ ਨੂੰ ਮਜ਼ਬੂਤ ਕੀਤਾ ਹੈ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਲ ਮਾਰਗਾਂ ਦੇ ਵਿਕਾਸ ਦੀ ਨਿਰੰਤਰ ਵਿਕਾਸ ਪ੍ਰਕਿਰਿਆ 'ਤੇ ਟਿੱਪਣੀ ਕੀਤੀ ਅਤੇ ਕਿਹਾ, "ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਮਜ਼ਬੂਤ ਸੰਪਰਕ ਜ਼ਰੂਰੀ ਹੈ।" ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਦੀ ਨਦੀ ਜਲ ਸ਼ਕਤੀ ਅਤੇ ਦੇਸ਼ ਦੇ ਵਪਾਰ ਅਤੇ ਟੂਰਿਜ਼ਮ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਕਰੂਜ਼ ਦੇ ਸਾਰੇ ਯਾਤਰੀਆਂ ਲਈ ਸੁਖਦ ਯਾਤਰਾ ਦੀ ਕਾਮਨਾ ਕੀਤੀ।
ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਆਦਿ ਮੌਜੂਦ ਸਨ।
ਪਿਛੋਕੜ
ਐੱਮਵੀ ਗੰਗਾ ਵਿਲਾਸ
ਐੱਮਵੀ ਗੰਗਾ ਵਿਲਾਸ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਆਪਣੀ ਯਾਤਰਾ ਸ਼ੁਰੂ ਕਰੇਗਾ ਅਤੇ ਭਾਰਤ ਅਤੇ ਬੰਗਲਾਦੇਸ਼ ਵਿੱਚ 27 ਨਦੀਆਂ ਨੂੰ ਪਾਰ ਕਰਦੇ ਹੋਏ, ਬੰਗਲਾਦੇਸ਼ ਰਾਹੀਂ ਅਸਾਮ ਵਿੱਚ ਡਿਬਰੂਗੜ੍ਹ ਪਹੁੰਚਣ ਲਈ 51 ਦਿਨਾਂ ਵਿੱਚ ਲਗਭਗ 3,200 ਕਿਲੋਮੀਟਰ ਦੀ ਯਾਤਰਾ ਕਰੇਗੀ। ਐੱਮਵੀ ਗੰਗਾ ਵਿਲਾਸ ਦੇ ਤਿੰਨ ਡੈੱਕ, 18 ਸੂਇਟ ਹਨ, ਸਾਰੀਆਂ ਲਗਜ਼ਰੀ ਸੁਵਿਧਾਵਾਂ ਨਾਲ ਜਿਸ ਦੀ 36 ਸੈਲਾਨੀਆਂ ਦੀ ਸਮਰੱਥਾ ਹੈ। ਪਹਿਲੀ ਸਮੁੰਦਰੀ ਯਾਤਰਾ ਵਿੱਚ ਸਵਿਟਜ਼ਰਲੈਂਡ ਦੇ 32 ਸੈਲਾਨੀਆਂ ਨੇ ਯਾਤਰਾ ਦੀ ਪੂਰੀ ਲੰਬਾਈ ਲਈ ਸਾਈਨ ਅੱਪ ਕੀਤਾ ਹੈ।
ਐੱਮਵੀ ਗੰਗਾ ਵਿਲਾਸ ਕਰੂਜ਼ ਨੂੰ ਦੁਨੀਆ ਦੇ ਸਾਹਮਣੇ ਦੇਸ਼ ਦੇ ਸਰਬੋਤਮ ਪ੍ਰਦਰਸ਼ਨ ਲਈ ਤਿਆਰ ਕੀਤਾ ਗਿਆ ਹੈ। ਕਰੂਜ਼ ਦੇ 51 ਦਿਨਾਂ ਦੀ ਯਾਤਰਾ ਵਿੱਚ ਵਿਸ਼ਵ ਵਿਰਾਸਤੀ ਸਥਾਨਾਂ, ਰਾਸ਼ਟਰੀ ਪਾਰਕਾਂ, ਨਦੀਆਂ ਦੇ ਘਾਟਾਂ ਅਤੇ ਬਿਹਾਰ ਵਿੱਚ ਪਟਨਾ, ਝਾਰਖੰਡ ਵਿੱਚ ਸਾਹਿਬਗੰਜ, ਪੱਛਮ ਬੰਗਾਲ ਵਿੱਚ ਕੋਲਕਾਤਾ, ਬੰਗਲਾਦੇਸ਼ ਵਿੱਚ ਢਾਕਾ ਅਤੇ ਅਸਾਮ ਵਿੱਚ ਗੁਵਾਹਾਟੀ ਵਰਗੇ ਪ੍ਰਮੁੱਖ ਸ਼ਹਿਰਾਂ ਸਮੇਤ 50 ਟੂਰਿਜ਼ਮ ਸਥਲਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਯਾਤਰਾ ਸੈਲਾਨੀਆਂ ਨੂੰ ਭਾਰਤ ਅਤੇ ਬੰਗਲਾਦੇਸ਼ ਦੀ ਕਲਾ, ਸੱਭਿਆਚਾਰ, ਇਤਿਹਾਸ ਅਤੇ ਅਧਿਆਤਮਕਤਾ ਵਿੱਚ ਸ਼ਾਮਲ ਹੋਣ ਦਾ ਇੱਕ ਸ਼ਾਨਦਾਰ ਅਨੁਭਵ ਅਤੇ ਮੌਕਾ ਪ੍ਰਦਾਨ ਕਰੇਗਾ।
ਰਿਵਰ ਕਰੂਜ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਅਨੁਰੂਪ, ਇਸ ਸੇਵਾ ਦੀ ਸ਼ੁਰੂਆਤ ਨਾਲ ਰਿਵਰ ਕਰੂਜ਼ ਦੀ ਵਿਸ਼ਾਲ ਅਣਵਰਤੀ ਸੰਭਾਵਨਾ ਨੂੰ ਵਰਤਿਆ ਜਾ ਸਕੇਗਾ ਅਤੇ ਭਾਰਤ ਲਈ ਰਿਵਰ ਕਰੂਜ਼ ਟੂਰਿਜ਼ਮ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ।
ਵਾਰਾਣਸੀ ਵਿੱਚ ਟੈਂਟ ਸਿਟੀ
ਖੇਤਰ ਵਿੱਚ ਟੂਰਿਜ਼ਮ ਦੀ ਸੰਭਾਵਨਾ ਨੂੰ ਵਰਤਣ ਲਈ, ਗੰਗਾ ਨਦੀ ਦੇ ਕਿਨਾਰੇ ਇੱਕ ਟੈਂਟ ਸਿਟੀ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਪ੍ਰੋਜੈਕਟ ਸ਼ਹਿਰ ਦੇ ਘਾਟਾਂ ਦੇ ਸਾਹਮਣੇ ਵਿਕਸਿਤ ਕੀਤਾ ਗਿਆ ਹੈ, ਜੋ ਵਾਰਾਣਸੀ ਵਿੱਚ ਖਾਸ ਤੌਰ 'ਤੇ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਬਾਅਦ ਰਹਿਣ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਸੈਲਾਨੀਆਂ ਦੀ ਵਧਦੀ ਗਿਣਤੀ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਇਸ ਨੂੰ ਵਾਰਾਣਸੀ ਵਿਕਾਸ ਅਥਾਰਿਟੀ ਦੁਆਰਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਫਾਰਮੈਟ ਵਿੱਚ ਵਿਕਸਿਤ ਕੀਤਾ ਗਿਆ ਹੈ। ਸੈਲਾਨੀ ਵੱਖ-ਵੱਖ ਨੇੜਲੇ ਘਾਟਾਂ ਤੋਂ ਕਿਸ਼ਤੀਆਂ ਰਾਹੀਂ ਟੈਂਟ ਸਿਟੀ ਪਹੁੰਚਣਗੇ। ਟੈਂਟ ਸਿਟੀ ਹਰ ਸਾਲ ਅਕਤੂਬਰ ਤੋਂ ਜੂਨ ਤੱਕ ਜਾਰੀ ਰਹੇਗੀ ਅਤੇ ਬਰਸਾਤ ਦੇ ਮੌਸਮ ਦੌਰਾਨ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਤਿੰਨ ਮਹੀਨਿਆਂ ਲਈ ਹਟਾ ਦਿੱਤੀ ਜਾਵੇਗੀ।
ਅੰਦਰੂਨੀ ਜਲਮਾਰਗ ਪ੍ਰੋਜੈਕਟ
ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ ਹਲਦੀਆ ਮਲਟੀ ਮੋਡਲ ਟਰਮੀਨਲ ਦਾ ਉਦਘਾਟਨ ਕੀਤਾ। ਜਲਮਾਰਗ ਵਿਕਾਸ ਪ੍ਰੋਜੈਕਟ ਦੇ ਤਹਿਤ ਵਿਕਸਿਤ, ਹਲਦੀਆ ਮਲਟੀ ਮੋਡਲ ਟਰਮੀਨਲ ਵਿੱਚ ਲਗਭਗ 3 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਐੱਮਟੀਪੀਏ) ਦੀ ਕਾਰਗੋ ਹੈਂਡਲਿੰਗ ਸਮਰੱਥਾ ਹੈ ਅਤੇ ਬਰਥ ਨੂੰ ਲਗਭਗ 3000 ਡੈੱਡਵੇਟ ਟਨੇਜ (ਡੀਡਬਲਿਊਟੀ) ਤੱਕ ਦੇ ਜਹਾਜ਼ਾਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਸੈਦਪੁਰ, ਚੋਚਕਪੁਰ, ਜਮਾਨਿਆ ਅਤੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਕੰਸਪੁਰ ਵਿੱਚ ਚਾਰ ਫਲੋਟਿੰਗ ਕਮਿਊਨਿਟੀ ਜੈੱਟੀ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਪਟਨਾ ਜ਼ਿਲੇ ਦੇ ਦੀਘਾ, ਨਕਟਾ ਦਿਯਾਰਾ, ਬਾੜ੍ਹ, ਪਾਨਾਪੁਰ ਅਤੇ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਹਸਨਪੁਰ ਵਿਖੇ ਪੰਜ ਸਮੁਦਾਇਕ ਘਾਟਾਂ ਦਾ ਨੀਂਹ ਪੱਥਰ ਰੱਖਿਆ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਰਾਜਾਂ ਵਿੱਚ ਗੰਗਾ ਨਦੀ ਦੇ ਕਿਨਾਰੇ 60 ਤੋਂ ਵੱਧ ਕਮਿਊਨਿਟੀ ਘਾਟ ਬਣਾਏ ਜਾ ਰਹੇ ਹਨ ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਖੇਤਰ ਵਿੱਚ ਸਥਾਨਕ ਭਾਈਚਾਰਿਆਂ ਦੀ ਆਜੀਵਿਕਾ ਨੂੰ ਬਿਹਤਰ ਬਣਾਇਆ ਜਾ ਸਕੇ। ਕਮਿਊਨਿਟੀ ਜੈੱਟੀ ਛੋਟੇ ਕਿਸਾਨਾਂ, ਮੱਛੀ ਪਾਲਣ ਇਕਾਈਆਂ, ਅਸੰਗਠਿਤ ਖੇਤੀ ਉਤਪਾਦਕ ਇਕਾਈਆਂ, ਬਾਗਬਾਨੀ, ਫੁੱਲਾਂ ਦੀ ਖੇਤੀ ਕਰਨ ਵਾਲੇ ਅਤੇ ਕਾਰੀਗਰਾਂ ਨੂੰ ਗੰਗਾ ਨਦੀ ਦੇ ਅੰਦਰਲੇ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਸਰਲ ਲੌਜਿਸਟਿਕ ਸਮਾਧਾਨ ਪ੍ਰਦਾਨ ਕਰਕੇ ਲੋਕਾਂ ਦੀ ਆਜੀਵਿਕਾ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਪ੍ਰਧਾਨ ਮੰਤਰੀ ਨੇ ਗੁਵਾਹਾਟੀ ਵਿੱਚ ਉੱਤਰ ਪੂਰਬ ਲਈ ਸਮੁੰਦਰੀ ਕੌਸ਼ਲ ਵਿਕਾਸ ਕੇਂਦਰ ਦਾ ਵੀ ਉਦਘਾਟਨ ਕੀਤਾ। ਇਹ ਉੱਤਰ ਪੂਰਬੀ ਖੇਤਰ ਵਿੱਚ ਸਮ੍ਰਿੱਧ ਪ੍ਰਤਿਭਾ ਪੂਲ ਨੂੰ ਤਰਾਸ਼ਣ ਵਿੱਚ ਮਦਦ ਕਰੇਗਾ ਅਤੇ ਤੇਜ਼ੀ ਨਾਲ ਵਧ ਰਹੇ ਲੌਜਿਸਟਿਕ ਉਦਯੋਗ ਵਿੱਚ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰੇਗਾ।
ਇਨ੍ਹਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਗੁਵਾਹਾਟੀ ਵਿੱਚ ਪਾਂਡੂ ਟਰਮੀਨਲ ਵਿਖੇ ਜਹਾਜ਼ ਮੁਰੰਮਤ ਸੁਵਿਧਾ ਅਤੇ ਇੱਕ ਐਲੀਵੇਟਿਡ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਪਾਂਡੂ ਟਰਮੀਨਲ 'ਤੇ ਜਹਾਜ਼ ਮੁਰੰਮਤ ਦੀ ਸੁਵਿਧਾ ਕੀਮਤੀ ਸਮੇਂ ਦੀ ਬੱਚਤ ਕਰੇਗੀ, ਕਿਉਂਕਿ ਜਹਾਜ਼ ਨੂੰ ਕੋਲਕਾਤਾ ਮੁਰੰਮਤ ਸੁਵਿਧਾ ਅਤੇ ਵਾਪਸ ਲਿਜਾਣ ਲਈ ਇੱਕ ਮਹੀਨੇ ਤੋਂ ਵੱਧ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪੈਸਿਆਂ ਦੀ ਵੀ ਵੱਡੀ ਬੱਚਤ ਹੋਵੇਗੀ, ਕਿਉਂਕਿ ਜਹਾਜ਼ ਦੀ ਆਵਾਜਾਈ ਦਾ ਖਰਚਾ ਵੀ ਬਚੇਗਾ। ਪਾਂਡੂ ਟਰਮੀਨਲ ਨੂੰ ਰਾਸ਼ਟਰੀ ਰਾਜਮਾਰਗ 27 ਨੂੰ ਜੋੜਨ ਵਾਲੀ ਸਮਰਪਿਤ ਸੜਕ 24 ਘੰਟੇ ਕਨੈਕਟਿਵਿਟੀ ਨੂੰ ਸਮਰੱਥ ਬਣਾਏਗੀ।
Today, the world's longest river cruise - Ganga Vilas, has embarked on a journey between Kashi and Dibrugarh.
— PMO India (@PMOIndia) January 13, 2023
Due to this, many tourist places of Eastern India are going to benefit. pic.twitter.com/SlE4pvd2Or
गंगा जी हमारे लिए सिर्फ एक जलधारा भर नहीं है।
— PMO India (@PMOIndia) January 13, 2023
बल्कि ये भारत की तप-तपस्या की साक्षी हैं। pic.twitter.com/iJGA4OqXqE
India welcomes all our tourist friends from different parts of the world.
— PMO India (@PMOIndia) January 13, 2023
Come, explore the vibrancy of our country! pic.twitter.com/7LiA2beUkq
क्रूज जहां से भी गुजरेगा वहां विकास की एक नई लाइन तैयार करेगा। pic.twitter.com/HcKxwy3Cz3
— PMO India (@PMOIndia) January 13, 2023
This is the decade of transforming India's infrastructure. pic.twitter.com/bb0pyirjfd
— PMO India (@PMOIndia) January 13, 2023
नदी जलमार्ग, भारत का नया सामर्थ्य बन रहे हैं। pic.twitter.com/pGB1hrwK27
— PMO India (@PMOIndia) January 13, 2023