ਵਾਰਾਣਸੀ ਕੈਂਟ ਸਟੇਸ਼ਨ ਤੋਂ ਗੋਦੌਲੀਆ ਤੱਕ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ ਰੱਖਿਆ
ਜਲ ਜੀਵਨ ਮਿਸ਼ਨ ਤਹਿਤ 19 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਨੂੰ ਸਮਰਪਿਤ ਕੀਤਾ
"ਕਾਸ਼ੀ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਸ਼ਹਿਰ ਦੀ ਕਾਇਆ-ਕਲਪ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ"
"ਪਿਛਲੇ 9 ਵਰ੍ਹਿਆਂ ਵਿੱਚ ਗੰਗਾ ਘਾਟ ਦੇ ਬਦਲਦੇ ਲੈਂਡਸਕੇਪ ਨੂੰ ਹਰ ਕਿਸੇ ਨੇ ਦੇਖਿਆ ਹੈ"
"ਪਿਛਲੇ 3 ਵਰ੍ਹਿਆਂ ਵਿੱਚ ਦੇਸ਼ ਦੇ 8 ਕਰੋੜ ਪਰਿਵਾਰਾਂ ਨੂੰ ਨਲ ਸੇ ਜਲ ਮਿਲਿਆ ਹੈ"
"ਸਰਕਾਰ ਦੀ ਕੋਸ਼ਿਸ਼ ਹੈ ਕਿ ਅੰਮ੍ਰਿਤ ਕਾਲ ਦੌਰਾਨ ਭਾਰਤ ਦੀ ਵਿਕਾਸ ਯਾਤਰਾ ਵਿੱਚ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਵੇ ਅਤੇ ਕੋਈ ਵੀ ਪਿੱਛੇ ਨਾ ਰਹੇ"
"ਉੱਤਰ ਪ੍ਰਦੇਸ਼ ਰਾਜ ਵਿੱਚ ਵਿਕਾਸ ਦੇ ਹਰ ਖੇਤਰ ਵਿੱਚ ਨਵੇਂ ਆਯਾਮ ਜੋੜ ਰਿਹਾ ਹੈ"
"ਉੱਤਰ ਪ੍ਰਦੇਸ਼ ਨਿਰਾਸ਼ਾ ਦੇ ਪਰਛਾਵੇਂ ਤੋਂ ਉਭਰਿਆ ਹੈ ਅਤੇ ਹੁਣ ਆਪਣੀਆਂ ਇੱਛਾਵਾਂ ਅਤੇ ਉਮੀਦਾਂ ਦੇ ਪਥ 'ਤੇ ਚੱਲ ਰਿਹਾ ਹੈ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਵਾਰਾਣਸੀ ਕੈਂਟ ਸਟੇਸ਼ਨ ਤੋਂ ਗੋਦੌਲੀਆ ਤੱਕ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ, ਨਮਾਮਿ ਗੰਗਾ ਯੋਜਨਾ ਦੇ ਤਹਿਤ ਭਗਵਾਨਪੁਰ ਵਿੱਚ 55 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ, ਸੀਗਰਾ ਸਟੇਡੀਅਮ ਦੇ ਫੇਜ਼ 2 ਅਤੇ 3 ਦਾ ਪੁਨਰ ਵਿਕਾਸ ਕਾਰਜ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਪਿੰਡ ਈਸਰਵਰ, ਸੇਵਾਪੁਰੀ ਵਿਖੇ ਇੱਕ ਐੱਲਪੀਜੀ ਬੋਟਲਿੰਗ ਪਲਾਂਟ ਦਾ ਨਿਰਮਾਣ, ਭਰਥਰਾ ਪਿੰਡ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਅਤੇ ਚੇਂਜਿੰਗ ਰੂਮਸ ਦੇ ਨਾਲ ਫਲੋਟਿੰਗ ਜੈਟੀ ਦਾ ਕੰਮ ਸ਼ਾਮਲ ਹਨ।  

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਤਹਿਤ 19 ਪੇਅਜਲ ਯੋਜਨਾਵਾਂ ਨੂੰ ਵੀ ਸਮਰਪਿਤ ਕੀਤਾ, ਜਿਸ ਨਾਲ 63 ਗ੍ਰਾਮ ਪੰਚਾਇਤਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਮਿਸ਼ਨ ਤਹਿਤ 59 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੀ ਗਰੇਡਿੰਗ, ਛਾਂਟੀ ਅਤੇ ਪ੍ਰੋਸੈੱਸਿੰਗ ਲਈ ਕਰਖੀਆਓਂ ਵਿੱਚ ਇੱਕ ਇੰਟੀਗਰੇਟਿਡ ਪੈਕ ਹਾਊਸ ਵੀ ਸਮਰਪਿਤ ਕੀਤਾ। ਉਨ੍ਹਾਂ ਨੇ ਵਾਰਾਣਸੀ ਸਮਾਰਟ ਸਿਟੀ ਮਿਸ਼ਨ ਤਹਿਤ ਵਿਭਿੰਨ ਪ੍ਰੋਜੈਕਟਾਂ ਨੂੰ ਵੀ ਸਮਰਪਿਤ ਕੀਤਾ। 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਰਾਤਰਾ ਦਾ ਸ਼ੁਭ ਅਵਸਰ ਹੈ ਅਤੇ ਅੱਜ ਮਾਂ ਚੰਦਰਘੰਟਾ ਦੀ ਪੂਜਾ ਦਾ ਦਿਨ ਹੈ।  ਉਨ੍ਹਾਂ ਨੇ ਇਸ ਵਿਸ਼ੇਸ਼ ਮੌਕੇ 'ਤੇ ਵਾਰਾਣਸੀ ਦੇ ਨਾਗਰਿਕਾਂ ਦੇ ਵਿੱਚ ਮੌਜੂਦ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਾਰਾਣਸੀ ਦੀ ਸਮ੍ਰਿੱਧੀ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਯਾਤਰੀ ਰੋਪਵੇਅ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਦਕਿ ਵਾਰਾਣਸੀ ਦੇ ਸਰਵਪੱਖੀ ਵਿਕਾਸ ਲਈ ਸੈਂਕੜੇ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੀਣ ਵਾਲਾ ਪਾਣੀ, ਸਿਹਤ, ਸਿੱਖਿਆ, ਗੰਗਾ ਦੀ ਸਫ਼ਾਈ, ਹੜ੍ਹ ਕੰਟਰੋਲ, ਪੁਲਿਸ ਸੇਵਾਵਾਂ ਅਤੇ ਖੇਡ ਸੇਵਾਵਾਂ ਜਿਹੇ ਕਈ ਹੋਰ ਖੇਤਰ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੀਐੱਚਯੂ ਵਿਖੇ ਸੈਂਟਰ ਆਵੑ ਐਕਸੀਲੈਂਸ ਔਨ ਮਸ਼ੀਨ ਟੂਲਜ਼ ਡਿਜ਼ਾਈਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਸ਼ਹਿਰ ਵਿੱਚ ਵਿਸ਼ਵ ਪੱਧਰ ਦੀ ਇੱਕ ਹੋਰ ਸੰਸਥਾ ਨੂੰ ਜੋੜਦਾ ਹੈ।  ਪ੍ਰਧਾਨ ਮੰਤਰੀ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਵਾਰਾਣਸੀ ਅਤੇ ਪੂਰਵਾਂਚਲ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪਾਸੇ ਕਾਸ਼ੀ ਦੇ ਵਿਕਾਸ ਦੀ ਗੱਲ ਹੋ ਰਹੀ ਹੈ ਅਤੇ ਹਰ ਸੈਲਾਨੀ ਨਵੀਂ ਊਰਜਾ ਲੈ ਕੇ ਵਾਪਸ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਸ਼ਹਿਰ ਦੀ ਕਾਇਆ ਕਲਪ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਪੁਰਾਣੇ ਅਤੇ ਨਵੇਂ ਦੇ ਇੱਕੋ ਸਮੇਂ 'ਦਰਸ਼ਨ' 'ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਧਾਮ, ਗੰਗਾ ਘਾਟ ਦੇ ਕੰਮ ਅਤੇ ਸਭ ਤੋਂ ਲੰਬੀ ਨਦੀ ਦੀ ਯਾਤਰਾ ਬਾਰੇ ਦੁਨੀਆ ਭਰ ਵਿੱਚ ਚਰਚਾ ਦਾ ਜ਼ਿਕਰ ਕੀਤਾ। ਸਿਰਫ ਇੱਕ ਸਾਲ ਵਿੱਚ 7 ਕਰੋੜ ਤੋਂ ਜ਼ਿਆਦਾ ਸੈਲਾਨੀ ਕਾਸ਼ੀ ਦੇਖਣ ਆਏ। ਇਹ ਸੈਲਾਨੀ ਸ਼ਹਿਰ ਵਿੱਚ ਨਵੇਂ ਆਰਥਿਕ ਮੌਕੇ ਅਤੇ ਰੋਜ਼ਗਾਰ ਪੈਦਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਟੂਰਿਜ਼ਮ ਅਤੇ ਸ਼ਹਿਰ ਦੇ ਸੁੰਦਰੀਕਰਣ ਨਾਲ ਸਬੰਧਿਤ ਨਵੇਂ ਵਿਕਾਸ ਪ੍ਰੋਜੈਕਟਾਂ ਨੂੰ ਵੀ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ "ਇਹ ਭਾਵੇਂ ਸੜਕਾਂ, ਪੁਲ, ਰੇਲਵੇ ਜਾਂ ਹਵਾਈ ਅੱਡੇ ਹੋਣ, ਵਾਰਾਣਸੀ ਨਾਲ ਕਨੈਕਟੀਵਿਟੀ ਪੂਰੀ ਤਰ੍ਹਾਂ ਅਸਾਨ ਹੋ ਗਈ ਹੈ।” ਉਨ੍ਹਾਂ ਕਿਹਾ ਕਿ ਨਵਾਂ ਰੋਪਵੇਅ ਪ੍ਰੋਜੈਕਟ ਸ਼ਹਿਰ ਵਿੱਚ ਕਨੈਕਟੀਵਿਟੀ ਨੂੰ ਇੱਕ ਨਵੇਂ ਪੱਧਰ 'ਤੇ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੈਲਾਨੀਆਂ ਲਈ ਨਵੀਂ ਖਿੱਚ ਪੈਦਾ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਸੁਵਿਧਾਵਾਂ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਬਨਾਰਸ ਕੈਂਟ ਰੇਲਵੇ ਸਟੇਸ਼ਨ ਅਤੇ ਕਾਸ਼ੀ-ਵਿਸ਼ਵਨਾਥ ਕੋਰੀਡੋਰ ਦੇ ਦਰਮਿਆਨ ਦੀ ਦੂਰੀ ਰੋਪਵੇਅ ਦੇ ਮੁਕੰਮਲ ਹੋਣ ਤੋਂ ਬਾਅਦ ਮਿੰਟਾਂ ਵਿੱਚ ਤੈਅ ਹੋ ਜਾਵੇਗੀ ਅਤੇ ਕੈਂਟ ਸਟੇਸ਼ਨ ਅਤੇ ਗੋਦੌਲੀਆ ਦੇ ਦਰਮਿਆਨ ਦੇ ਖੇਤਰਾਂ ਵਿੱਚ ਆਵਾਜਾਈ ਦੀ ਭੀੜ ਨੂੰ ਵੀ ਘੱਟ ਕੀਤਾ ਜਾ ਸਕੇਗਾ।

ਪ੍ਰਧਾਨ ਮੰਤਰੀ ਨੇ ਨਜ਼ਦੀਕ ਦੇ ਸ਼ਹਿਰਾਂ ਅਤੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦਾ ਜ਼ਿਕਰ ਕੀਤਾ ਜੋ ਥੋੜ੍ਹੇ ਸਮੇਂ ਵਿੱਚ ਸ਼ਹਿਰ ਦਾ ਦੌਰਾ ਕਰਨ ਦੇ ਸਮਰੱਥ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੋਪਵੇਅ ਲਈ ਆਧੁਨਿਕ ਸੁਵਿਧਾਵਾਂ ਆਰਥਿਕ ਗਤੀਵਿਧੀਆਂ ਲਈ ਇੱਕ ਨਵਾਂ ਹੱਬ ਬਣਨਗੀਆਂ।

ਪ੍ਰਧਾਨ ਮੰਤਰੀ ਨੇ ਕਾਸ਼ੀ ਨਾਲ ਹਵਾਈ ਕਨੈਕਟੀਵਿਟੀ ਨੂੰ ਮਜ਼ਬੂਤ ​​ਕਰਨ ਦੇ ਕਦਮ ਵਜੋਂ ਬਾਬਤਪੁਰ ਹਵਾਈ ਅੱਡੇ 'ਤੇ ਨਵੇਂ ਏਟੀਸੀ ਟਾਵਰ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਫਲੋਟਿੰਗ ਜੈੱਟੀ ਦੇ ਵਿਕਾਸ ਦਾ ਵੀ ਜ਼ਿਕਰ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਮੁੱਖ ਫੋਕਸ ਬਿੰਦੂ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਜ਼ਰੂਰਤਾਂ ਹਨ। ਨਮਾਮਿ ਗੰਗੇ ਮਿਸ਼ਨ ਦੇ ਤਹਿਤ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੰਗਾ ਦੇ ਕਿਨਾਰੇ ਸਾਰੇ ਸ਼ਹਿਰਾਂ ਵਿੱਚ ਸੀਵਰੇਜ ਟ੍ਰੀਟਮੈਂਟ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ।  ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ, “ਹਰ ਕਿਸੇ ਨੇ ਪਿਛਲੇ 9 ਵਰ੍ਹਿਆਂ ਵਿੱਚ ਗੰਗਾ ਘਾਟ ਦੇ ਬਦਲਦੇ ਲੈਂਡਸਕੇਪ ਨੂੰ ਦੇਖਿਆ ਹੈ।” ਉਨ੍ਹਾਂ ਕਿਹਾ ਕਿ ਗੰਗਾ ਦੇ ਦੋਵੇਂ ਪਾਸੇ ਇੱਕ ਨਵੀਂ ਵਾਤਾਵਰਣ ਮੁਹਿੰਮ ਚੱਲ ਰਹੀ ਹੈ ਜਿੱਥੇ ਸਰਕਾਰ 5 ਕਿਲੋਮੀਟਰ ਦੇ ਖੇਤਰ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਇਸ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਦੋਂ ਕੁਦਰਤੀ ਖੇਤੀ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਨਵੇਂ ਸੈਂਟਰ ਵਿਕਸਿਤ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਵਾਰਾਣਸੀ ਦੇ ਨਾਲ-ਨਾਲ ਪੂਰਾ ਪੂਰਬੀ ਉੱਤਰ ਪ੍ਰਦੇਸ਼ ਖੇਤੀਬਾੜੀ ਅਤੇ ਖੇਤੀ-ਨਿਰਯਾਤ ਦੇ ਕੇਂਦਰ ਵਿੱਚ ਬਦਲ ਰਿਹਾ ਹੈ। ਉਨ੍ਹਾਂ ਵਾਰਾਣਸੀ ਵਿੱਚ ਪ੍ਰੋਸੈਸਿੰਗ, ਟਰਾਂਸਪੋਰਟੇਸ਼ਨ ਅਤੇ ਸਟੋਰੇਜ ਦੀਆਂ ਸੁਵਿਧਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਵਾਰਾਣਸੀ ਦਾ 'ਲੰਗੜਾ' ਅੰਬ, ਗਾਜ਼ੀਪੁਰ ਦੇ 'ਭਿੰਡੀ' ਅਤੇ 'ਹਰੀ ਮਿਰਚ', ਜੌਨਪੁਰ ਦੇ 'ਮੂਲੀ ਅਤੇ ਖਰਬੁਜੇ' ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਪਹੁੰਚ ਰਹੇ ਹਨ।

ਪੀਣ ਵਾਲੇ ਸਵੱਛ ਪਾਣੀ ਦੇ ਮੁੱਦੇ 'ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੁਆਰਾ ਚੁਣੇ ਗਏ ਵਿਕਾਸ ਦੇ ਪਥ ਵਿੱਚ ਸੇਵਾ ਦੇ ਨਾਲ-ਨਾਲ ਹਮਦਰਦੀ ਦੇ ਤੱਤ ਵੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪੀਣ ਵਾਲੇ ਸਵੱਛ ਪਾਣੀ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਜਦਕਿ ਅੱਜ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।  ਉਨ੍ਹਾਂ ‘ਹਰ ਘਰ ਨਲ ਸੇ ਜਲ’ ਮੁਹਿੰਮ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਪਿਛਲੇ 3 ਵਰ੍ਹਿਆਂ ਵਿੱਚ ਦੇਸ਼ ਦੇ 8 ਕਰੋੜ ਘਰਾਂ ਨੂੰ ਨਲਕੇ ਵਾਲੇ ਪਾਣੀ ਦੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਉੱਜਵਲਾ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸੇਵਾਪੁਰੀ ਵਿੱਚ ਐੱਲਪੀਜੀ ਬੋਟਲਿੰਗ ਪਲਾਂਟ ਨਾ ਸਿਰਫ ਲਾਭਾਰਥੀਆਂ ਨੂੰ ਲਾਭ ਪਹੁੰਚਾਏਗਾ ਬਲਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬਿਹਾਰ ਵਿੱਚ ਗੈਸ ਸਿਲੰਡਰਾਂ ਦੀ ਮੰਗ ਨੂੰ ਵੀ ਪੂਰਾ ਕਰੇਗਾ। 

ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਗ਼ਰੀਬਾਂ ਦੀ ਸੇਵਾ ਵਿੱਚ ਵਿਸ਼ਵਾਸ਼ ਰੱਖਦੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਲੋਕ ਉਨ੍ਹਾਂ ਨੂੰ ‘ਪ੍ਰਧਾਨ ਮੰਤਰੀ’ ਆਖਣ ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਹ ਇੱਥੇ ਸਿਰਫ਼ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਇਸ ਤੋਂ ਪਹਿਲਾਂ ਦਿਨ ਦੇ ਸ਼ੁਰੂ ਵਿੱਚ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਵਾਰਾਣਸੀ ਦੇ ਹਜ਼ਾਰਾਂ ਨਾਗਰਿਕ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਦੇ ਸਮੇਂ 'ਤੇ ਚਾਨਣਾ ਪਾਇਆ ਜਦੋਂ ਬੈਂਕ ਖਾਤਾ ਖੋਲ੍ਹਣਾ ਆਪਣੇ ਆਪ ਵਿੱਚ ਇੱਕ ਕਠਿਨ ਕੰਮ ਸੀ ਅਤੇ ਕਿਹਾ ਕਿ ਅੱਜ, ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਕੋਲ ਵੀ ਜਨ ਧਨ ਬੈਂਕ ਖਾਤੇ ਹਨ ਜਿੱਥੇ ਭੁਗਤਾਨ ਦੇ ਰੂਪ ਵਿੱਚ ਸਹਾਇਤਾ ਪ੍ਰਤੱਖ ਤੌਰ 'ਤੇ ਸਰਕਾਰ ਦੁਆਰਾ ਜਮ੍ਹਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਵੇਂ ਉਹ ਛੋਟੇ ਕਿਸਾਨ, ਵਪਾਰੀ ਜਾਂ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹ ਹੋਣ, ਮੁਦਰਾ ਯੋਜਨਾ ਜ਼ਰੀਏ ਕਰਜ਼ਾ ਪ੍ਰਾਪਤ ਕਰਨਾ ਬਹੁਤ ਅਸਾਨ ਹੋ ਗਿਆ ਹੈ।” ਉਨ੍ਹਾਂ ਇਹ ਵੀ ਨੋਟ ਕੀਤਾ ਕਿ ਪਸ਼ੂ ਅਤੇ ਮੱਛੀ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ ਹਨ, ਸਟ੍ਰੀਟ ਵੈਂਡਰਸ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੁਆਰਾ ਕਰਜ਼ੇ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ, ਅਤੇ ਭਾਰਤ ਦੇ ਵਿਸ਼ਵਕਰਮਾ ਲਈ ਪ੍ਰਧਾਨ ਮੰਤਰੀ-ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਅੰਮ੍ਰਿਤ ਕਾਲ ਵਿੱਚ ਭਾਰਤ ਦੀ ਵਿਕਾਸ ਯਾਤਰਾ ਦੌਰਾਨ ਹਰ ਨਾਗਰਿਕ ਯੋਗਦਾਨ ਪਾਵੇ ਅਤੇ ਕੋਈ ਵੀ ਪਿੱਛੇ ਨਾ ਰਹੇ।"

ਪ੍ਰਧਾਨ ਮੰਤਰੀ ਨੇ ਖੇਲੋ ਬਨਾਰਸ ਮੁਕਾਬਲੇ ਦੇ ਜੇਤੂਆਂ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਜਿੱਥੇ ਇੱਕ ਲੱਖ ਐਥਲੀਟਾਂ ਨੇ ਭਾਗ ਲਿਆ।  ਪ੍ਰਧਾਨ ਮੰਤਰੀ ਨੇ ਭਾਗ ਲੈਣ ਵਾਲਿਆਂ ਅਤੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਬਨਾਰਸ ਦੇ ਨੌਜਵਾਨਾਂ ਲਈ ਨਵੀਆਂ ਖੇਡ ਸੁਵਿਧਾਵਾਂ ਦਾ ਜ਼ਿਕਰ ਕੀਤਾ। ਸਿਗਰਾ ਸਟੇਡੀਅਮ ਦੇ ਫੇਜ਼ 2 ਅਤੇ 3 ਦੇ ਵਿਸਤਾਰ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਾਣਸੀ ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਉੱਤਰ ਪ੍ਰਦੇਸ਼ ਰਾਜ ਵਿੱਚ ਵਿਕਾਸ ਦੇ ਹਰ ਖੇਤਰ ਵਿੱਚ ਨਵੇਂ ਆਯਾਮ ਜੋੜ ਰਿਹਾ ਹੈ”। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਭਲਕੇ 25 ਮਾਰਚ ਨੂੰ ਆਪਣੇ ਦੂਸਰੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕਰ ਰਹੀ ਹੈ ਅਤੇ ਇਹ ਵੀ ਨੋਟ ਕੀਤਾ ਕਿ ਸ਼੍ਰੀ ਯੋਗੀ ਨੇ ਹੁਣ ਤੱਕ ਦੇ ਸਭ ਤੋਂ ਲੰਬੇ ਸਮੇਂ ਤੱਕ ਸੂਬੇ ਦੇ ਮੁੱਖ ਮੰਤਰੀ ਰਹਿਣ ਦਾ ਨਵਾਂ ਰਿਕਾਰਡ ਬਣਾਇਆ ਹੈ।  ਉਨ੍ਹਾਂ ਟਿੱਪਣੀ ਕੀਤੀ "ਉੱਤਰ ਪ੍ਰਦੇਸ਼ ਨਿਰਾਸ਼ਾ ਦੇ ਪਰਛਾਵੇਂ ਤੋਂ ਉਭਰਿਆ ਹੈ ਅਤੇ ਹੁਣ ਆਪਣੀਆਂ ਇੱਛਾਵਾਂ ਅਤੇ ਉਮੀਦਾਂ ਦੇ ਰਾਹ 'ਤੇ ਚੱਲ ਰਿਹਾ ਹੈ।” ਉਨ੍ਹਾਂ ਨੇ ਨੋਟ ਕੀਤਾ ਕਿ ਉੱਤਰ ਪ੍ਰਦੇਸ਼ ਵਧੀ ਹੋਈ ਸੁਰੱਖਿਆ ਅਤੇ ਸਮ੍ਰਿੱਧੀ ਨੂੰ ਯਕੀਨੀ ਬਣਾਉਣ ਵਾਲੀ ਸੇਵਾ ਦੀ ਸਪਸ਼ਟ ਉਦਾਹਰਣ ਹੈ।  

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨਵੇਂ ਵਿਕਾਸ ਪ੍ਰੋਜੈਕਟ ਸਮ੍ਰਿੱਧੀ ਦੇ ਪਥ ਨੂੰ ਮਜ਼ਬੂਤ ​​ਕਰਦੇ ਹਨ ਅਤੇ ਉਨ੍ਹਾਂ ਨੇ ਸਭ ਨੂੰ ਇੱਕ ਵਾਰ ਫਿਰ ਵਧਾਈਆਂ ਦਿੱਤੀਆਂ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਅਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਮੌਜੂਦ ਸਨ।

ਪਿਛੋਕੜ

ਪਿਛਲੇ ਨੌਂ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲੈਂਡਸਕੇਪ ਨੂੰ ਬਦਲਣ ਅਤੇ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਈਜ਼ ਆਵੑ ਲਿਵਿੰਗ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਨੇ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਮੈਦਾਨ ਵਿੱਚ ਪ੍ਰੋਗਰਾਮ ਦੌਰਾਨ 1780 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਵਾਰਾਣਸੀ ਕੈਂਟ ਸਟੇਸ਼ਨ ਤੋਂ ਗੋਦੌਲੀਆ ਤੱਕ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 645 ਕਰੋੜ ਰੁਪਏ ਹੈ। ਰੋਪਵੇਅ ਸਿਸਟਮ ਦੀ ਲੰਬਾਈ ਪੰਜ ਸਟੇਸ਼ਨਾਂ ਦੇ ਨਾਲ 3.75 ਕਿਲੋਮੀਟਰ ਦੀ ਹੋਵੇਗੀ। ਇਸ ਨਾਲ ਸੈਲਾਨੀਆਂ, ਸ਼ਰਧਾਲੂਆਂ ਅਤੇ ਵਾਰਾਣਸੀ ਦੇ ਨਿਵਾਸੀਆਂ ਲਈ ਆਵਾਜਾਈ ਵਿੱਚ ਆਸਾਨੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਨਮਾਮਿ ਗੰਗਾ ਯੋਜਨਾ ਦੇ ਤਹਿਤ ਭਗਵਾਨਪੁਰ ਵਿਖੇ 300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ 55 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ। ਖੇਲੋ ਇੰਡੀਆ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਨੇ ਸੀਗਰਾ ਸਟੇਡੀਅਮ ਦੇ ਪੁਨਰ ਵਿਕਾਸ ਕਾਰਜ ਦੇ ਫੇਜ਼ 2 ਅਤੇ 3 ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੁਆਰਾ ਬਣਾਏ ਜਾਣ ਵਾਲੇ ਈਸਰਵਰ ਪਿੰਡ, ਸੇਵਾਪੁਰੀ ਵਿਖੇ ਐੱਲਪੀਜੀ ਬੌਟਲਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਭਰਥਰਾ ਪਿੰਡ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਅਤੇ ਚੇਂਜਿੰਗ ਰੂਮਾਂ ਵਾਲੀ ਇੱਕ ਫਲੋਟਿੰਗ ਜੈੱਟੀ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਜਲ ਜੀਵਨ ਮਿਸ਼ਨ ਦੇ ਤਹਿਤ, ਪ੍ਰਧਾਨ ਮੰਤਰੀ ਨੇ 19 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਨੂੰ ਸਮਰਪਿਤ ਕੀਤਾ, ਜਿਸ ਨਾਲ 63 ਗ੍ਰਾਮ ਪੰਚਾਇਤਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ। ਗ੍ਰਾਮੀਣ ਪੇਅਜਲ ਦੀ ਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਨੇ ਮਿਸ਼ਨ ਤਹਿਤ 59 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ।

ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਕਿਸਾਨਾਂ, ਨਿਰਯਾਤਕਾਂ ਅਤੇ ਵਪਾਰੀਆਂ ਲਈ, ਕਰਖੀਆਓਂ ਵਿਖੇ ਬਣਾਏ ਗਏ ਇੰਟੀਗਰੇਟਿਡ ਪੈਕ ਹਾਊਸ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਗਰੇਡਿੰਗ, ਛਾਂਟੀ ਅਤੇ ਪ੍ਰੋਸੈਸਿੰਗ ਸੰਭਵ ਹੋਵੇਗੀ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਇਸ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਵਾਰਾਣਸੀ ਅਤੇ ਆਸਪਾਸ ਦੇ ਖੇਤਰ ਦੇ ਖੇਤੀਬਾੜੀ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰੇਗਾ।

ਪ੍ਰਧਾਨ ਮੰਤਰੀ ਨੇ ਰਾਜਘਾਟ ਅਤੇ ਮਹਿਮੂਰਗੰਜ ਸਰਕਾਰੀ ਸਕੂਲਾਂ ਦੇ ਪੁਨਰ ਵਿਕਾਸ ਕਾਰਜ;  ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦਾ ਸੁੰਦਰੀਕਰਣ;  ਸ਼ਹਿਰ ਦੇ 6 ਪਾਰਕਾਂ ਅਤੇ ਛੱਪੜਾਂ ਦੇ ਪੁਨਰ ਵਿਕਾਸ ਸਮੇਤ ਵਾਰਾਣਸੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਟੀਸੀ ਟਾਵਰ;  ਵਾਟਰ ਵਰਕਸ ਪਰਿਸਰ, ਭੇਲੂਪੁਰ ਵਿਖੇ 2 ਮੈਗਾਵਾਟ ਦਾ ਸੌਰ ਊਰਜਾ ਪਲਾਂਟ;  ਕੋਨੀਆ ਪੰਪਿੰਗ ਸਟੇਸ਼ਨ 'ਤੇ 800 ਕਿਲੋਵਾਟ ਦਾ ਸੌਰ ਊਰਜਾ ਪਲਾਂਟ;  ਸਾਰਨਾਥ ਵਿਖੇ ਇੱਕ ਨਵਾਂ ਕਮਿਊਨਿਟੀ ਹੈਲਥ ਸੈਂਟਰ;  ਚਾਂਦਪੁਰ ਵਿਖੇ ਉਦਯੋਗਿਕ ਅਸਟੇਟ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ;  ਕੇਦਾਰੇਸ਼ਵਰ, ਵਿਸ਼ਵੇਸ਼ਵਰ ਮੰਦਿਰਾਂ ਅਤੇ ਓਮਕਾਰੇਸ਼ਵਰ ਖੰਡ ਪਰਿਕਰਮਾ ਦੇ ਨਵੀਨੀਕਰਣ ਸਮੇਤ ਕਈ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਵੀ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi