ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ, 7 ਐੱਲਕੇਐੱਮ (ਲੋਕ ਕਲਿਆਣ ਮਾਰਗ) ਵਿੱਚ ਆਗਾਮੀ ਗਰਮੀ ਦੀ ਰੁੱਤ ਵਿੱਚ ਗਰਮ ਮੌਸਮ ਦੇ ਪ੍ਰਤੀ ਤਿਆਰੀਆਂ ਦੀ ਸਮੀਖਿਆ ਕਰਨ ਦੇ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਪ੍ਰਧਾਨ ਮੰਤਰੀ ਨੂੰ ਅਗਲੇ ਕੁਝ ਮਹੀਨਿਆਂ ਦੇ ਲਈ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਮੌਸਮ ਦੇ ਪੂਰਵ-ਅਨੁਮਾਨ ਅਤੇ ਸਾਧਾਰਣ ਮੌਨਸੂਨ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਬੀ ਫਸਲਾਂ ‘ਤੇ ਮੌਸਮ ਦੇ ਪ੍ਰਭਾਵ ਅਤੇ ਪ੍ਰਮੁੱਖ ਫਸਲਾਂ ਦੀ ਅਨੁਮਾਨਿਤ ਉਪਜ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿੰਚਾਈ ਜਲ ਸਪਲਾਈ, ਚਾਰਾ ਅਤੇ ਪੇਅਜਲ ਦੀ ਨਿਗਰਾਨੀ ਦੇ ਲਈ ਜਾਰੀ ਪ੍ਰਯਤਨਾਂ ਦੀ ਵੀ ਸਮੀਖਿਆ ਕੀਤੀ ਗਈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੂੰ ਜ਼ਰੂਰੀ ਸਪਲਾਈ ਦੀ ਉਪਲਬਧਤਾ ਅਤੇ ਐਮਰਜੈਂਸੀ ਦੇ ਲਈ ਤਿਆਰੀਆਂ ਦੇ ਸੰਦਰਭ ਵਿੱਚ ਰਾਜਾਂ ਦੀਆਂ ਤਿਆਰੀਆਂ ਅਤੇ ਹਸਪਤਾਲ ਇਨਫ੍ਰਾਸਟ੍ਰਕਚਰ ਆਦਿ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਗਰਮੀ ਨਾਲ ਸਬੰਧਿਤ ਆਫ਼ਤਾਂ ਦੀ ਤਿਆਰੀ ਦੇ ਲਈ ਦੇਸ਼ ਭਰ ਵਿੱਚ ਚਲ ਰਹੇ ਵਿਭਿੰਨ ਪ੍ਰਯਤਨਾਂ ਅਤੇ ਇਸ ਨੂੰ ਘਟਾਉਣ ਵਾਲੇ ਉਪਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ, ਮੈਡੀਕਲ ਪ੍ਰੋਫੈਸ਼ਨਲਾਂ; ਨਗਰਪਾਲਿਕਾ ਅਤੇ ਪੰਚਾਇਤ ਅਥਾਰਿਟੀਜ਼; ਆਪਦਾ ਪ੍ਰਤੀਕਿਰਿਆ ਟੀਮਾਂ ਜਿਵੇਂ ਫਾਇਰਫਾਇਟਰਸ ਸਮੇਤ ਵਿਭਿੰਨ ਹਿਤਧਾਰਕਾਂ ਦੇ ਲਈ ਅਲੱਗ-ਅਲੱਗ ਜਾਗਰੂਕਤਾ ਸਮੱਗਰੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਬਹੁਤ ਜ਼ਿਆਦਾ ਗਰਮੀ ਦੀ ਸਥਿਤੀ ਨਾਲ ਨਿਪਟਣ ਦੇ ਲਈ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਕ੍ਰਮ ਵਿੱਚ ਸਕੂਲਾਂ ਵਿੱਚ ਕੁਝ ਮਲਟੀਮੀਡੀਆ ਲੈਕਚਰ ਸੈਸ਼ਨਾਂ ਨੂੰ ਸ਼ਾਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰਮ ਮੌਸਮ ਦੇ ਲਈ ਪ੍ਰੋਟੋਕੋਲ ਅਤੇ ਕੀ ਕਰੀਏ ਅਤੇ ਕੀ ਨਾ ਕਰੀਏ ਨੂੰ ਸੁਲਭ ਪ੍ਰਾਰੂਪ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ ਹੈ ਤੇ ਪ੍ਰਚਾਰ ਦੇ ਵਿਭਿੰਨ ਤਰੀਕਿਆਂ ਜਿਵੇਂ ਜਿੰਗਲਸ, ਫਿਲਮਾਂ, ਪਰਚੇ (ਪੈਂਫਲਟਸ) ਆਦਿ ਵੀ ਤਿਆਰ ਅਤੇ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਆਈਐੱਮਡੀ ਨੂੰ ਰੋਜ਼ਾਨਾ ਮੌਸਮ ਦੇ ਪੂਰਵ-ਅਨੁਮਾਨ ਇਸ ਤਰੀਕੇ ਨਾਲ ਜਾਰੀ ਕਰਨ ਨੂੰ ਕਿਹਾ, ਜਿਸ ਨੂੰ ਅਸਾਨੀ ਨਾਲ ਸਮਝਿਆ ਅਤੇ ਪ੍ਰਸਾਰਿਤ ਕੀਤਾ ਜਾ ਸਕੇ। ਇਸ ਬਾਤ ‘ਤੇ ਵੀ ਚਰਚਾ ਕੀਤੀ ਗਈ ਕਿ ਟੀਵੀ ਸਮਾਚਾਰ ਚੈਨਲ, ਐੱਫਐੱਮ ਰੇਡੀਓ ਆਦਿ ਰੋਜ਼ਾਨਾ ਮੌਸਮ ਦੇ ਪੂਰਵ-ਅਨੁਮਾਨ ਨੂੰ ਇਸ ਤਰ੍ਹਾਂ ਨਾਲ ਸਮਝਾਉਣ ਦੇ ਲਈ ਰੋਜ਼ਾਨਾ ਕੁਝ ਮਿੰਟ ਦੇਣ, ਜਿਸ ਨਾਲ ਨਾਗਰਿਕ ਜ਼ਰੂਰੀ ਸਾਵਧਾਨੀ ਵਰਤ ਸਕਣ।
ਪ੍ਰਧਾਨ ਮੰਤਰੀ ਨੇ ਸਾਰੇ ਹਸਪਤਾਲਾਂ ਦੇ ਵਿਸਤ੍ਰਿਤ ਫਾਇਰ ਆਡਿਟ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਰੇ ਹਸਪਤਾਲਾਂ ਵਿੱਚ ਅੱਗ ਬੁਝਾਉਣ ਵਾਲੀਆਂ ਦੁਆਰਾ ਮੌਕ ਫਾਇਰ ਡ੍ਰਿੱਲ ਕੀਤੀ ਜਾਣੀ ਚਾਹੀਦੀ ਹੈ। ਜੰਗਲ ਦੀ ਅੱਗ ਨਾਲ ਨਿਪਟਣ ਦੇ ਲਈ ਤਾਲਮੇਲ ਪ੍ਰਯਤਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ਗਿਆ। ਇਸ ਬਾਤ ‘ਤੇ ਚਰਚਾ ਕੀਤੀ ਗਈ ਕਿ ਜੰਗਲ ਦੀ ਅੱਗ ਨੂੰ ਰੋਕਣ ਅਤੇ ਉਸ ਨਾਲ ਨਿਪਟਣ ਦੇ ਪ੍ਰਯਤਨਾਂ ਦਾ ਸਮਰਥਨ ਕਰਨ ਦੇ ਲਈ ਪ੍ਰਣਾਲੀਗਤ ਬਦਲਾਅ ਕੀਤੇ ਜਾਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਚਾਰਾ ਅਤੇ ਜਲ ਭੰਡਾਰਾਂ ਵਿੱਚ ਪਾਣੀ ਦੀ ਉਪਲਬਧਤਾ ‘ਤੇ ਨਜ਼ਰ ਰੱਖੀ ਜਾਵੇ। ਭਾਰਤੀ ਖੁਰਾਕ ਨਿਗਮ ਨੂੰ ਪ੍ਰਤੀਕੂਲ ਮੌਸਮ ਦੀ ਸਥਿਤੀ ਵਿੱਚ ਅਨਾਜ ਦੀ ਅਨੁਕੂਲਤਮ ਸਟੋਰੇਜ ਸੁਨਿਸ਼ਚਿਤ ਕਰਨ ਦੇ ਲਈ ਤਿਆਰ ਰਹਿਣ ਨੂੰ ਕਿਹਾ ਗਿਆ।
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਅਤੇ ਐੱਨਡੀਐੱਮਏ ਦੇ ਮੈਂਬਰ ਸਕੱਤਰ ਨੇ ਬੈਠਕ ਵਿੱਚ ਹਿੱਸਾ ਲਿਆ।