ਪ੍ਰਧਾਨ ਮੰਤਰੀ ਨੇ ਸਾਹ ਦੀ ਬਿਮਾਰੀ ਸਫਾਈ ਅਤੇ ਕੋਵਿਡ ਉਚਿਤ ਵਿਵਹਾਰ ਦਾ ਪਾਲਣ ਕਰਨ ਦੀ ਸਲਾਹ ਦਿੱਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ-19 ਅਤੇ ਇਨਫਲੂਐਂਜ਼ਾ ਦੀ ਸਥਿਤੀ ਦਾ ਮੁੱਲਾਂਕਣ ਕਰਨ ਲਈ ਇੱਕ ਉੱਚ-ਪੱਧਰ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕ ਸਬੰਧੀ ਤਿਆਰੀ, ਟੀਕਾਕਰਣ ਅਭਿਯਾਨ ਦੀ ਸਥਿਤੀ, ਕੋਵਿਡ-19 ਦੇ ਨਵੇਂ ਵੈਰੀਐਂਟ ਅਤੇ ਇਨਫਲੂਐਂਜ਼ਾ ਦੇ ਵੈਰੀਐਂਟ ਦਾ ਸੰਕ੍ਰਮਣ ਅਤੇ ਦੇਸ਼ ਲਈ ਉਨ੍ਹਾਂ ਦੇ ਜਨ ਸਿਹਤ ਨੂੰ ਲੈ ਕੇ ਨਿਹਿਤਾਰਥ (ਪ੍ਰਭਾਵ) ਸ਼ਾਮਿਲ ਹੈ। ਇਹ ਉੱਚ ਪੱਧਰੀ ਸਮੀਖਿਆ ਬੈਠਕ ਦੇਸ਼ ਵਿੱਚ ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਵਾਧਾ ਅਤੇ ਪਿਛਲੇ 2 ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੋ ਰਹੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸਕੱਤਰ ਦੁਆਰਾ ਵਿਸ਼ਵ ਭਰ ਵਿੱਚ ਕੋਵਿਡ-19 ਸਥਿਤੀ ਨੂੰ ਕਵਰ ਕਰਦੇ ਹੋਏ ਭਾਰਤ ਵਿੱਚ ਇਸ ਦੇ ਵਧਦੇ ਮਾਮਲਿਆਂ ਬਾਰੇ ਇੱਕ ਵਿਆਪਕ ਪ੍ਰਸਤੁਤੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ 22 ਮਾਰਚ, 2023 ਨੂੰ ਸਮਾਪਤ ਹਫ਼ਤੇ ਵਿੱਚ ਭਾਰਤ ਵਿੱਚ ਨਵੇਂ ਮਾਮਲਿਆਂ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ, ਔਸਤ ਦੈਨਿਕ ਮਾਮਲੇ 888 ਅਤੇ ਸਪਤਾਹਿਕ ਸੰਕ੍ਰਮਣ ਦਰ 0.98 ਫ਼ੀਸਦੀ ਦਰਜ ਕੀਤੀ ਗਈ ਹੈ। ਹਾਲਾਂਕਿ, ਉਸੇ ਹਫ਼ਤੇ ਦੇ ਦੌਰਾਨ ਆਲਮੀ ਪੱਧਰ ‘ਤੇ 1.08 ਲੱਖ ਦੈਨਿਕ ਔਸਤ ਮਾਮਲੇ ਦਰਜ ਕੀਤੇ ਗਏ ਹਨ।
22 ਦਸੰਬਰ, 2022 ਨੂੰ ਹੋਈ ਪਿਛਲੀ ਕੋਵਿਡ-19 ਸਮੀਖਿਆ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ‘ਤੇ ਕੀਤੀਆਂ ਗਈਆਂ ਕਾਰਵਾਈ ਦੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਵਿਡ ਦੀਆਂ 20 ਮੁੱਖ ਦਵਾਈਆਂ, 12 ਹੋਰ ਦਵਾਈਆਂ, 8 ਬਫਰ ਦਵਾਈਆਂ ਅਤੇ 1 ਇਨਫਲੂਐਂਜ਼ਾ ਦੀ ਦਵਾਈ ਦੀ ਉਪਲਬਧਤਾ ਅਤੇ ਕੀਮਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। 27 ਦਸੰਬਰ, 2022 ਨੂੰ 22,000 ਹਸਪਤਾਲਾਂ ਵਿੱਚ ਇੱਕ ਮੌਕ ਡ੍ਰਿਲ ਵੀ ਆਯੋਜਿਤ ਕੀਤੀ ਗਈ ਅਤੇ ਉਸ ਦੇ ਬਾਅਦ ਹਸਪਤਾਲਾਂ ਦੁਆਰਾ ਕਈ ਉਪਚਾਰਾਤਮਕ ਉਪਾਅ ਕੀਤੇ ਗਏ।
ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਪਿਛਲੇ ਕੁਝ ਮਹੀਨਿਆਂ ਵਿੱਚ ਐੱਚ1ਐੱਨ1 ਅਤੇ ਐੱਚ3ਐੱਨ2 ਦੇ ਮਾਮਲਿਆਂ ਦੀ ਅਧਿਕ ਸੰਖਿਆ ਦੇ ਸਬੰਧ ਵਿੱਚ ਇਨਫਲੂਐਂਜ਼ਾ ਦੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਧਾਰਿਤ ਇਨਸਾਕੋਗ ਜੀਨੋਮ ਸੀਕਵੈਂਸਿੰਗ ਪ੍ਰਯੋਗਸ਼ਾਲਾਵਾਂ ਦੇ ਨਾਲ ਸੰਕ੍ਰਮਣ ਦੇ ਨਮੂਨਿਆਂ ਦੇ ਸੰਪੂਰਣ ਜੀਨੋਮ ਸੀਕਵੈਂਸਿੰਗ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ। ਇਹ ਨਵੇਂ ਵੈਰੀਐਂਟ ਦੀ ਟ੍ਰੈਕਿੰਗ, ਜੇਕਰ ਕੋਈ ਹੋਵੇ, ਅਤੇ ਸਮੇਂ ’ਤੇ ਉਸ ਨਾਲ ਨਜਿੱਠਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਮਰੀਜ਼ਾਂ, ਸਿਹਤ ਪੇਸ਼ੇਵਰਾਂ ਅਤੇ ਸਿਹਤ ਕਰਮੀਆਂ ਦੋਨੋਂ ਦੁਆਰਾ ਹਸਪਤਾਲ ਪਰਿਸਰ ਵਿੱਚ ਮਾਸਕ ਪਹਿਨਣ ਸਹਿਤ ਕੋਵਿਡ ਉਪਯੁਕਤ ਵਿਵਹਾਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜਦੋਂ ਸੀਨੀਅਰ ਨਾਗਰਿਕ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਿਤ ਲੋਕ ਭੀੜ - ਭਾੜ ਵਾਲੇ ਇਲਾਕਿਆਂ ਵਿੱਚ ਜਾਂਦੇ ਹਨ ਤਾਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਵੇ।
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਰਾਜਾਂ ਦੇ ਨਾਲ ਆਈਆਰਆਈ/ਐੱਸਏਆਰਆਈ ਮਾਮਲਿਆਂ ਦੀ ਪ੍ਰਭਾਵੀ ਨਿਗਰਾਨੀ ਅਤੇ ਇਨਫਲੂਐਂਜ਼ਾ, ਸਾਰਸ-ਸੀਓਵੀ-2 ਅਤੇ ਐਡੇਨੋਵਾਇਰਸ ਦੇ ਟੈਸਟ ਦਾ ਪਾਲਣ ਕੀਤਾ ਜਾਵੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਲੋੜੀਂਦੇ ਬਿਸਤਰਿਆਂ ਅਤੇ ਸਿਹਤ ਖੇਤਰ ਵਿੱਚ ਮਾਨਵ ਸੰਸਾਧਨਾਂ ਦੀ ਉਪਲਬਧਤਾ ਦੇ ਨਾਲ-ਨਾਲ ਸਿਹਤ ਸੁਵਿਧਾਵਾਂ ਵਿੱਚ ਇਨਫਲੂਐਂਜ਼ਾ ਅਤੇ ਕੋਵਿਡ - 19 ਲਈ ਜ਼ਰੂਰੀ ਦਵਾਈਆਂ ਅਤੇ ਰਸਦ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ।
ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੋਵਿਡ-19 ਮਹਾਮਾਰੀ ਖਤਮ ਨਹੀਂ ਹੋਈ ਹੈ ਅਤੇ ਨਿਯਮਿਤ ਅਧਾਰ ‘ਤੇ ਦੇਸ਼ ਭਰ ਵਿੱਚ ਸਥਿਤੀ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਟੈਸਟ-ਟ੍ਰੈਕ-ਟ੍ਰੀਟ-ਟੀਕਾਕਰਣ ਅਤੇ ਕੋਵਿਡ ਉਪਯੁਕਤ ਵਿਵਹਾਰ ਦੀ 5-ਗੁਣਾ ਰਣਨੀਤੀ ‘ਤੇ ਧਿਆਨ ਕੇਂਦ੍ਰਿਤ ਕਰਨ, ਪ੍ਰਯੋਗਸ਼ਾਲਾ ਸਬੰਧੀ ਨਿਗਰਾਨੀ ਵਧਾਉਣ ਅਤੇ ਸਾਰੀਆਂ ਗੰਭੀਰ ਤੀਬਰ ਸਾਹ ਦੀਆਂ ਬਿਮਾਰੀਆਂ (ਐੱਸਏਆਰਆਈ) ਦੇ ਮਾਮਲਿਆਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ। ਇਹ ਸੁਨਿਸ਼ਚਿਤ ਕਰਨ ਲਈ ਮੌਕ ਡ੍ਰਿਲ ਨਿਯਮਿਤ ਰੂਪ ਨਾਲ ਆਯੋਜਿਤ ਕੀਤੀ ਜਾਣੀ ਚਾਹੀਦੀ ਕਿ ਸਾਡੇ ਹਸਪਤਾਲ ਸਾਰੇ ਆਪਾਤ ਸਥਿਤੀਆਂ ਲਈ ਤਿਆਰ ਹਨ ।
ਪ੍ਰਧਾਨ ਮੰਤਰੀ ਨੇ ਸਮੁਦਾਇ ਨੂੰ ਸਾਹ ਦੀ ਬਿਮਾਰੀ ਸਵੱਛਤਾ ਦਾ ਪਾਲਣ ਕਰਨ ਅਤੇ ਭੀੜ-ਭਾੜ ਵਾਲੇ ਜਨਤਕ ਸਥਾਨਾਂ ‘ਤੇ ਕੋਵਿਡ ਉਚਿਤ ਵਿਵਹਾਰ ਦਾ ਪਾਲਣ ਕਰਨ ਦਾ ਸੱਦਾ ਕੀਤਾ। ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਸ਼੍ਰੀ ਪੀ.ਕੇ. ਮਿਸ਼ਰਾ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਫਾਰਮਾਸਿਊਟੀਕਲ ਸਕੱਤਰ ਅਤੇ ਬਾਇਓ ਟੈਕਨੋਲੋਜੀ ਸਕੱਤਰ, ਭਾਰਤੀ ਚਿਕਿਤਸਾ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਲਾਹਕਾਰ ਸ਼੍ਰੀ ਅਮਿਤ ਖਰੇ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।