ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੀਵਾਲੀ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿਖੇ ਬਹਾਦਰ ਜਵਾਨਾਂ ਨੂੰ ਸੰਬੋਧਨ ਕੀਤਾ।
ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦਾ ਸੁਮੇਲ ਅਤੇ ਜਵਾਨਾਂ ਦੇ ਸਾਹਸ ਦੀ ਪ੍ਰਸ਼ੰਸਾ ਦੇਸ਼ ਦੇ ਹਰ ਨਾਗਰਿਕ ਲਈ ਗਿਆਨ ਦਾ ਪਲ ਹੈ। ਉਨ੍ਹਾਂ ਨੇ ਭਾਰਤ ਦੇ ਸਰਹੱਦੀ ਖੇਤਰ, ਦੇਸ਼ ਦੇ ਆਖਰੀ ਪਿੰਡ, ਜਿਸ ਨੂੰ ਹੁਣ ਪਹਿਲਾ ਪਿੰਡ ਮੰਨਿਆ ਜਾਂਦਾ ਹੈ, ਨੂੰ ਜਵਾਨਾਂ ਦੇ ਨਾਲ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਉੱਥੇ ਹੁੰਦਾ ਹੈ ਜਿੱਥੇ ਪਰਿਵਾਰ ਹੁੰਦਾ ਹੈ ਅਤੇ ਸਰਹੱਦ ਦੀ ਸੁਰੱਖਿਆ ਲਈ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਰਹਿਣ ਦੀ ਸਥਿਤੀ ਨੂੰ ਡਿਊਟੀ ਪ੍ਰਤੀ ਸਮਰਪਣ ਦਾ ਸਿਖਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਣ ਦੀ ਭਾਵਨਾ ਸੁਰੱਖਿਆ ਕਰਮੀਆਂ ਨੂੰ ਮਕਸਦ ਦੀ ਭਾਵਨਾ ਦਿੰਦੀ ਹੈ। ਉਨ੍ਹਾਂ ਕਿਹਾ “ਦੇਸ਼ ਇਸ ਲਈ ਤੁਹਾਡਾ ਆਭਾਰੀ ਅਤੇ ਰਿਣੀ ਹੈ। ਇਸੇ ਲਈ ਹਰ ਘਰ ਵਿੱਚ ਤੁਹਾਡੀ ਸੁਰੱਖਿਆ ਲਈ ਇੱਕ 'ਦੀਆ' ਜਗਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਜਵਾਨ ਤੈਨਾਤ ਹਨ, ਉਹ ਜਗ੍ਹਾ ਮੇਰੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਤੁਸੀਂ ਹੋ, ਉਥੇ ਹੀ ਮੇਰਾ ਤਿਉਹਾਰ ਹੈ। ਇਹ ਸ਼ਾਇਦ 30-35 ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਉਨ੍ਹਾਂ ਦੀ ਬਲੀਦਾਨ ਦੀ ਪਰੰਪਰਾ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਜਵਾਨਾਂ ਨੇ ਆਪਣੇ ਆਪ ਨੂੰ ਸਰਹੱਦ 'ਤੇ ਸਭ ਤੋਂ ਮਜ਼ਬੂਤ ਦੀਵਾਰ ਸਾਬਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਹਥਿਆਰਬੰਦ ਬਲਾਂ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਕਿਹਾ "ਸਾਡੇ ਬਹਾਦਰ ਜਵਾਨਾਂ ਨੇ ਹਮੇਸ਼ਾ ਹਾਰ ਦੇ ਜਬਾੜਿਆਂ ਤੋਂ ਜਿੱਤ ਖੋਹ ਕੇ ਦੇਸ਼ ਵਾਸੀਆਂ ਦਾ ਦਿਲ ਜਿੱਤਿਆ ਹੈ।" ਉਨ੍ਹਾਂ ਨੇ ਭੂਚਾਲ ਅਤੇ ਸੁਨਾਮੀ ਜਿਹੀਆਂ ਕੁਦਰਤੀ ਆਪਦਾਵਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਸ਼ਾਂਤੀ ਮਿਸ਼ਨਾਂ ਦਾ ਜ਼ਿਕਰ ਕੀਤਾ ਜਿੱਥੇ ਹਥਿਆਰਬੰਦ ਬਲਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ। ਉਨ੍ਹਾਂ ਕਿਹਾ "ਹਥਿਆਰਬੰਦ ਬਲਾਂ ਨੇ ਭਾਰਤ ਦੇ ਮਾਣ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।” ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿੱਚ ਸ਼ਾਂਤੀ ਰੱਖਿਅਕਾਂ (peacekeepers) ਲਈ ਇੱਕ ਯਾਦਗਾਰ ਹਾਲ ਦੇ ਪ੍ਰਸਤਾਵ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਕਿਹਾ ਕਿ ਇਹ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਅਮਰ ਕਰ ਦੇਵੇਗਾ।
ਨਾ ਸਿਰਫ਼ ਭਾਰਤੀਆਂ ਲਈ, ਬਲਕਿ ਵਿਦੇਸ਼ੀ ਨਾਗਰਿਕਾਂ ਲਈ ਵੀ ਨਿਕਾਸੀ ਮਿਸ਼ਨਾਂ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਡਾਨ ਵਿੱਚ ਉਥਲ-ਪੁਥਲ ਅਤੇ ਤੁਰਕੀ ਵਿੱਚ ਭੂਚਾਲ ਤੋਂ ਬਾਅਦ ਬਚਾਓ ਮਿਸ਼ਨ ਵਿੱਚ ਸਫਲ ਨਿਕਾਸੀ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜੰਗ ਦੇ ਮੈਦਾਨ ਤੋਂ ਬਚਾਅ ਮਿਸ਼ਨਾਂ ਤੱਕ, ਭਾਰਤੀ ਹਥਿਆਰਬੰਦ ਬਲ ਜਾਨਾਂ ਬਚਾਉਣ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੇਸ਼ ਦੇ ਹਥਿਆਰਬੰਦ ਬਲਾਂ 'ਤੇ ਮਾਣ ਮਹਿਸੂਸ ਕਰਦਾ ਹੈ।
ਮੌਜੂਦਾ ਗਲੋਬਲ ਦ੍ਰਿਸ਼ ਵਿੱਚ ਭਾਰਤ ਤੋਂ ਦੁਨੀਆ ਦੀਆਂ ਉਮੀਦਾਂ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸੁਰੱਖਿਅਤ ਸਰਹੱਦ, ਸ਼ਾਂਤੀ ਅਤੇ ਸਥਿਰਤਾ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ “ਭਾਰਤ ਸੁਰੱਖਿਅਤ ਹੈ ਕਿਉਂਕਿ ਇਸ ਦੀਆਂ ਸਰਹੱਦਾਂ ਹਿਮਾਲਿਆ ਜਿਹੀ ਦ੍ਰਿੜਤਾ ਨਾਲ ਬਹਾਦਰ ਜਵਾਨਾਂ ਦੁਆਰਾ ਸੁਰੱਖਿਅਤ ਹਨ।”
ਪ੍ਰਧਾਨ ਮੰਤਰੀ ਨੇ ਪਿਛਲੀ ਦੀਵਾਲੀ ਤੋਂ ਲੈ ਕੇ ਪਿਛਲੇ ਇੱਕ ਸਾਲ ਵਿੱਚ ਪ੍ਰਾਪਤੀਆਂ ਦਾ ਵਰਣਨ ਕੀਤਾ ਅਤੇ ਚੰਦਰਯਾਨ ਲੈਂਡਿੰਗ, ਆਦਿਤਿਯ ਐਲ1, ਗਗਨਯਾਨ ਨਾਲ ਸਬੰਧਿਤ ਪ੍ਰੀਖਣ, ਸਵਦੇਸ਼ੀ ਏਅਰਕਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ, ਤੁਮਕੁਰ ਹੈਲੀਕੌਪਟਰ ਫੈਕਟਰੀ, ਵਾਈਬ੍ਰੈਂਟ ਵਿਲੇਜ ਮੁਹਿੰਮ, ਅਤੇ ਖੇਡ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪਿਛਲੇ ਇੱਕ ਸਾਲ ਵਿੱਚ ਗਲੋਬਲ ਅਤੇ ਲੋਕਤੰਤਰਿਕ ਲਾਭਾਂ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਭਵਨ, ਨਾਰੀਸ਼ਕਤੀ ਵੰਦਨ ਅਧਿਨਿਯਮ, ਜੀ20, ਬਾਇਓਫਿਊਲ ਅਲਾਇੰਸ, ਦੁਨੀਆ ਵਿੱਚ ਰੀਅਲ-ਟਾਈਮ ਪੇਮੈਂਟਸ ਵਿੱਚ ਪ੍ਰਮੁੱਖਤਾ, ਨਿਰਯਾਤ ਵਿੱਚ 400 ਬਿਲੀਅਨ ਡਾਲਰ ਨੂੰ ਪਾਰ ਕਰਨ, ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ, 5ਜੀ ਰੋਲ ਆਊਟ ਵਿੱਚ ਅੱਗੇ ਵਧਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ "ਪਿਛਲਾ ਸਾਲ ਰਾਸ਼ਟਰ ਨਿਰਮਾਣ ਵਿੱਚ ਇੱਕ ਮੀਲ ਪੱਥਰ ਸਾਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਭਾਰਤ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਰੋਡ ਨੈੱਟਵਰਕ, ਸਭ ਤੋਂ ਲੰਬੀ ਰਿਵਰ ਕਰੂਜ਼ ਸਰਵਿਸ, ਤੇਜ਼ ਰੇਲ ਸੇਵਾ ਨਮੋ ਭਾਰਤ, 34 ਨਵੇਂ ਰੂਟਾਂ 'ਤੇ ਵੰਦੇ ਭਾਰਤ, ਭਾਰਤ-ਮੱਧ ਪੂਰਬ-ਯੂਰਪ ਕੋਰੀਡੋਰ, ਦਿੱਲੀ ਵਿੱਚ ਦੋ ਵਿਸ਼ਵ ਪੱਧਰੀ ਸੰਮੇਲਨ ਕੇਂਦਰ - ਭਾਰਤ ਮੰਡਪਮ ਅਤੇ ਯਸ਼ੋਭੂਮੀ, ਭਾਰਤ ਸਭ ਤੋਂ ਵੱਧ ਯੂਨੀਵਰਸਿਟੀਆਂ, ਧੌਰਡੋ ਪਿੰਡ ਲਈ ਸਰਵੋਤਮ ਟੂਰਿਜ਼ਮ ਵਿਲੇਜ ਅਵਾਰਡ ਅਤੇ ਸ਼ਾਂਤੀ ਨਿਕੇਤਨ ਅਤੇ ਹੋਯਸਾਲਾ ਮੰਦਰ ਕੰਪਲੈਕਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਵਾਲਾ ਦੇਸ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਿੰਨਾ ਚਿਰ ਇਸ ਦੀਆਂ ਸਰਹੱਦਾਂ ਸੁਰੱਖਿਅਤ ਰਹਿਣਗੀਆਂ, ਦੇਸ਼ ਬਿਹਤਰ ਭਵਿੱਖ ਲਈ ਪ੍ਰਯਾਸ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਦੇ ਵਿਕਾਸ ਦਾ ਕ੍ਰੈਡਿਟ ਹਥਿਆਰਬੰਦ ਬਲਾਂ ਦੀ ਤਾਕਤ, ਸੰਕਲਪਾਂ ਅਤੇ ਬਲੀਦਾਨਾਂ ਨੂੰ ਦਿੱਤਾ।
ਇਹ ਨੋਟ ਕਰਦੇ ਹੋਏ ਕਿ ਭਾਰਤ ਨੇ ਆਪਣੇ ਸੰਘਰਸ਼ਾਂ ਤੋਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ਹੁਣ ਆਤਮਨਿਰਭਰ ਭਾਰਤ ਦੇ ਮਾਰਗ 'ਤੇ ਕਦਮ ਰੱਖਿਆ ਹੈ। ਉਨ੍ਹਾਂ ਨੇ ਰੱਖਿਆ ਖੇਤਰ ਵਿੱਚ ਭਾਰਤ ਦੇ ਬੇਮਿਸਾਲ ਵਿਕਾਸ ਅਤੇ ਇੱਕ ਗਲੋਬਲ ਖਿਡਾਰੀ ਦੇ ਰੂਪ ਵਿੱਚ ਇਸ ਦੇ ਉਭਰਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਭਾਰਤ ਦੀਆਂ ਫੌਜਾਂ ਅਤੇ ਸੁਰੱਖਿਆ ਬਲਾਂ ਦੀ ਤਾਕਤ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਦੇਸ਼ ਪਹਿਲਾਂ ਛੋਟੀਆਂ-ਛੋਟੀਆਂ ਲੋੜਾਂ ਲਈ ਦੂਸਰਿਆਂ 'ਤੇ ਨਿਰਭਰ ਸੀ, ਜਦੋਂ ਕਿ ਅੱਜ ਇਹ ਮਿੱਤਰ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਦੇ 2016 ਵਿੱਚ ਖੇਤਰ ਦੇ ਦੌਰੇ ਤੋਂ ਬਾਅਦ ਭਾਰਤ ਦੇ ਰੱਖਿਆ ਨਿਰਯਾਤ ਵਿੱਚ 8 ਗੁਣਾ ਤੋਂ ਅਧਿਕ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ “ਅੱਜ ਦੇਸ਼ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਰੱਖਿਆ ਉਤਪਾਦਨ ਹੋ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।”
ਪ੍ਰਧਾਨ ਮੰਤਰੀ ਨੇ ਹਾਈ-ਟੈੱਕ ਟੈਕਨੋਲੋਜੀ ਅਤੇ ਸੀਡੀਐੱਸ ਜਿਹੀਆਂ ਮਹੱਤਵਪੂਰਨ ਪ੍ਰਣਾਲੀਆਂ ਦੇ ਏਕੀਕਰਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤੀ ਫੌਜ ਲਗਾਤਾਰ ਆਧੁਨਿਕ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਉਣ ਵਾਲੇ ਸਮੇਂ ਵਿੱਚ ਲੋੜ ਦੇ ਸਮੇਂ ਹੋਰ ਦੇਸ਼ਾਂ ਵੱਲ ਨਹੀਂ ਦੇਖਣਾ ਪਵੇਗਾ। ਟੈਕਨੋਲੋਜੀ ਦੇ ਇਸ ਵਧਦੇ ਪ੍ਰਸਾਰ ਦੇ ਦਰਮਿਆਨ, ਸ਼੍ਰੀ ਮੋਦੀ ਨੇ ਹਥਿਆਰਬੰਦ ਬਲਾਂ ਨੂੰ ਟੈਕਨੋਲੋਜੀ ਦੀ ਵਰਤੋਂ ਵਿੱਚ ਮਾਨਵੀ ਸਮਝ ਨੂੰ ਹਮੇਸ਼ਾ ਸਰਵਉੱਚ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਨੂੰ ਕਦੇ ਵੀ ਮਾਨਵੀ ਸੰਵੇਦਨਾਵਾਂ ‘ਤੇ ਹਾਵੀ ਨਹੀਂ ਹੋਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਸਵਦੇਸ਼ੀ ਸੰਸਾਧਨ ਅਤੇ ਉੱਚ ਪੱਧਰੀ ਸਰਹੱਦੀ ਬੁਨਿਆਦੀ ਢਾਂਚਾ ਵੀ ਸਾਡੀ ਤਾਕਤ ਬਣ ਰਹੇ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਨਾਰੀਸ਼ਕਤੀ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਪਿਛਲੇ ਸਾਲ ਦੌਰਾਨ 500 ਮਹਿਲਾ ਅਧਿਕਾਰੀਆਂ ਦੀ ਨਿਯੁਕਤੀ, ਰਾਫੇਲ ਲੜਾਕੂ ਜਹਾਜ਼ ਉਡਾਉਣ ਵਾਲੀਆਂ ਮਹਿਲਾ ਪਾਇਲਟਾਂ ਅਤੇ ਜੰਗੀ ਜਹਾਜ਼ਾਂ 'ਤੇ ਮਹਿਲਾ ਅਧਿਕਾਰੀਆਂ ਦੀ ਤਾਨਾਤੀ ਦਾ ਜ਼ਿਕਰ ਕੀਤਾ। ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਦੀ ਮਹੱਤਤਾ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਅਤਿਅੰਤ ਤਾਪਮਾਨਾਂ ਲਈ ਢੁਕਵੇਂ ਪਹਿਰਾਵੇ, ਜਵਾਨਾਂ ਦੀ ਸੁਰੱਖਿਆ ਅਤੇ ਤਰੱਕੀ ਲਈ ਲਈ ਡ੍ਰੋਨ ਅਤੇ ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਸਕੀਮ ਤਹਿਤ 90 ਹਜ਼ਾਰ ਕਰੋੜ ਦੇ ਭੁਗਤਾਨ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਇੱਕ ਦੋਹਾ ਪੜ੍ਹ ਕੇ ਆਪਣਾ ਸੰਬੋਧਨ ਸਮਾਪਤ ਕੀਤਾ ਅਤੇ ਕਿਹਾ ਕਿ ਹਥਿਆਰਬੰਦ ਬਲਾਂ ਦਾ ਹਰ ਕਦਮ ਇਤਿਹਾਸ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਥਿਆਰਬੰਦ ਬਲ ਉਸੇ ਦ੍ਰਿੜ ਇਰਾਦੇ ਨਾਲ ਭਾਰਤ ਮਾਤਾ ਦੀ ਸੇਵਾ ਕਰਦੇ ਰਹਿਣਗੇ ਅਤੇ ਕਿਹਾ, “ਤੁਹਾਡੇ ਸਹਿਯੋਗ ਨਾਲ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦਾ ਰਹੇਗਾ। ਅਸੀਂ ਮਿਲ ਕੇ ਦੇਸ਼ ਦੇ ਹਰ ਸੰਕਲਪ ਨੂੰ ਪੂਰਾ ਕਰਾਂਗੇ।”