ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸ਼ੁਰੂਆਤ 20 ਸਾਲ ਪਹਿਲਾਂ 28 ਸਤੰਬਰ 2003 ਨੂੰ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਕੀਤੀ ਗਈ ਸੀ। ਸਮੇਂ ਦੇ ਨਾਲ, ਇਹ ਭਾਰਤ ਵਿੱਚ ਪ੍ਰਮੁੱਖ ਵਪਾਰਕ ਸੰਮੇਲਨਾਂ ਵਿੱਚੋਂ ਇੱਕ ਹੋਣ ਦਾ ਦਰਜਾ ਪ੍ਰਾਪਤ ਕਰਦੇ ਹੋਏ, ਸੱਚਮੁੱਚ ਇੱਕ ਗਲੋਬਲ ਈਵੈਂਟ ਵਜੋਂ ਵਿਕਸਿਤ ਹੋਇਆ ਹੈ।
ਇਸ ਮੌਕੇ ਉਦਯੋਗ ਜਗਤ ਦੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਵੈਲਸਪਨ ਦੇ ਚੇਅਰਮੈਨ ਬੀ ਕੇ ਗੋਇਨਕਾ ਨੇ ਵਾਈਬ੍ਰੈਂਟ ਗੁਜਰਾਤ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਸੱਚਮੁੱਚ ਇੱਕ ਗਲੋਬਲ ਈਵੈਂਟ ਬਣ ਗਿਆ ਹੈ। ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਯਾਦ ਕੀਤਾ ਜਿਨ੍ਹਾਂ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਇੱਕ ਮਿਸ਼ਨ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਹੋਰਨਾਂ ਸੂਬਿਆਂ ਲਈ ਰੋਲ ਮਾਡਲ ਬਣ ਗਿਆ ਹੈ। ਉਨ੍ਹਾਂ ਪਹਿਲੇ ਵਾਈਬ੍ਰੈਂਟ ਗੁਜਰਾਤ ਦੌਰਾਨ ਆਪਣੇ ਅਨੁਭਵ ਨੂੰ ਯਾਦ ਕੀਤਾ ਜਦੋਂ ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਹਾਲ ਹੀ ਵਿੱਚ ਭੂਚਾਲ ਨਾਲ ਤਬਾਹ ਹੋਏ ਕੱਛ ਖੇਤਰ ਵਿੱਚ ਵਿਸਤਾਰ ਕਰਨ ਦੀ ਸਲਾਹ ਦਿੱਤੀ ਸੀ। ਸ਼੍ਰੀ ਗੋਇਨਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਲਾਹ ਇਤਿਹਾਸਕ ਸਾਬਤ ਹੋਈ ਅਤੇ ਸਾਰਿਆਂ ਦੇ ਸਹਿਯੋਗ ਨਾਲ ਉਹ ਬਹੁਤ ਹੀ ਘੱਟ ਸਮੇਂ ਵਿੱਚ ਉਤਪਾਦਨ ਸ਼ੁਰੂ ਕਰਨ ਵਿੱਚ ਕਾਮਯਾਬ ਹੋਏ। ਉਨ੍ਹਾਂ ਅਜੋਕੇ ਕੱਛ ਦੀ ਗਤੀਸ਼ੀਲਤਾ ਨੂੰ ਰੇਖਾਂਕਿਤ ਕੀਤਾ, ਜੋ ਕਿ ਹੁਣ ਮਹਿਜ਼ ਇੱਕ ਉਜਾੜ ਖੇਤਰ ਹੋਣ ਤੋਂ ਬਹੁਤ ਦੂਰ ਹੈ, ਅਤੇ ਕਿਹਾ ਕਿ ਇਹ ਖੇਤਰ ਜਲਦੀ ਹੀ ਦੁਨੀਆ ਲਈ ਇੱਕ ਗ੍ਰੀਨ ਹਾਈਡ੍ਰੋਜਨ ਹੱਬ ਬਣ ਜਾਵੇਗਾ। ਉਨ੍ਹਾਂ 2009 ਵਿੱਚ ਗਲੋਬਲ ਵਿੱਤੀ ਸੰਕਟ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਆਸ਼ਾਵਾਦ ਨੂੰ ਵੀ ਯਾਦ ਕੀਤਾ ਅਤੇ ਉਸ ਸਾਲ ਵੀ ਵਾਈਬ੍ਰੈਂਟ ਗੁਜਰਾਤ ਇੱਕ ਵੱਡੀ ਸਫਲਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੀਤੇ ਗਏ 70 ਫੀਸਦੀ ਤੋਂ ਵੱਧ ਸਮਝੌਤਿਆਂ ਵਿੱਚ ਨਿਵੇਸ਼ ਹੋਇਆ ਹੈ।
ਤਾਕਾਸ਼ੀ ਸੁਜ਼ੂਕੀ, ਚੀਫ ਡਾਇਰੈਕਟਰ ਜਨਰਲ, ਜੇਟਰੋ (ਦੱਖਣੀ ਏਸ਼ੀਆ) ਨੇ ਗੁਜਰਾਤ ਸਰਕਾਰ ਨੂੰ ਵਾਈਬ੍ਰੈਂਟ ਗੁਜਰਾਤ ਦੀ 20ਵੀਂ ਵਰ੍ਹੇਗੰਢ ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਵਿੱਚ ਜਾਪਾਨ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। 2009 ਤੋਂ ਗੁਜਰਾਤ ਦੇ ਨਾਲ ਜੈਟਰੋ ਦੀ ਭਾਈਵਾਲੀ ਬਾਰੇ ਬੋਲਦਿਆਂ, ਸ਼੍ਰੀ ਸੁਜ਼ੂਕੀ ਨੇ ਕਿਹਾ ਕਿ ਗੁਜਰਾਤ ਨਾਲ ਸੱਭਿਆਚਾਰਕ ਅਤੇ ਵਪਾਰਕ ਸਬੰਧ ਸਮੇਂ ਦੇ ਨਾਲ ਹੋਰ ਗਹਿਰੇ ਹੋਏ ਹਨ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਨੂੰ ਕ੍ਰੈਡਿਟ ਦਿੱਤਾ, ਜਿਨ੍ਹਾਂ ਦੀ ਸਿਫਾਰਿਸ਼ 'ਤੇ, ਜੈਟਰੋ ਨੇ ਜਾਪਾਨੀ ਕੰਪਨੀਆਂ ਦੁਆਰਾ ਨਿਵੇਸ਼ਾਂ ਦੀ ਸੁਵਿਧਾ ਲਈ 2013 ਵਿੱਚ ਅਹਿਮਦਾਬਾਦ ਵਿੱਚ ਆਪਣਾ ਪ੍ਰੋਜੈਕਟ ਦਫਤਰ ਖੋਲ੍ਹਿਆ ਸੀ। ਉਨ੍ਹਾਂ ਭਾਰਤ ਵਿੱਚ ਕੰਟਰੀ-ਫੋਕਸਡ ਟਾਊਨਸ਼ਿਪਾਂ ਨੂੰ ਵੀ ਉਜਾਗਰ ਕੀਤਾ ਜਿਨ੍ਹਾਂ ਨੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਅਤੇ ਜ਼ਿਕਰ ਕੀਤਾ ਕਿ ਗੁਜਰਾਤ ਵਿੱਚਲੇ ਪ੍ਰੋਜੈਕਟ ਦਫਤਰ ਨੂੰ 2018 ਵਿੱਚ ਖੇਤਰੀ ਦਫਤਰ ਵਿੱਚ ਅਪਗ੍ਰੇਡ ਕੀਤਾ ਗਿਆ ਸੀ। ਸ਼੍ਰੀ ਸੁਜ਼ੂਕੀ ਨੇ ਕਿਹਾ ਕਿ ਗੁਜਰਾਤ ਵਿੱਚ ਲਗਭਗ 360 ਜਾਪਾਨੀ ਕੰਪਨੀਆਂ ਅਤੇ ਫੈਕਟਰੀਆਂ ਹਨ। ਉਨ੍ਹਾਂ ਭਾਰਤ ਵਿੱਚ ਭਵਿੱਖ ਦੇ ਬਿਜ਼ਨਸ ਸੈਕਟਰਾਂ ਜਿਵੇਂ ਕਿ ਸੈਮੀਕੰਡਕਟਰ, ਗ੍ਰੀਨ ਹਾਈਡ੍ਰੋਜਨ, ਅਖੁੱਟ ਊਰਜਾ ਅਤੇ ਫਾਰਮਾਸਿਊਟੀਕਲ ਸੈਕਟਰਾਂ ਵਿੱਚ ਉੱਦਮ ਲਗਾਉਣ ਦਾ ਵੀ ਜ਼ਿਕਰ ਕੀਤਾ ਅਤੇ ਅਗਲੇ ਵਾਈਬ੍ਰੈਂਟ ਗੁਜਰਾਤ ਵਿੱਚ ਸੈਮੀਕੰਡਕਟਰ ਇਲੈਕਟ੍ਰੌਨਿਕਸ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਜਾਪਾਨੀ ਬਿਜ਼ਨਸ ਵਫ਼ਦ ਨੂੰ ਸੱਦਾ ਦੇਣ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਸੁਜ਼ੂਕੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਨੂੰ ਨਿਵੇਸ਼ ਲਈ ਇੱਕ ਫਾਇਦੇਮੰਦ ਸਥਾਨ ਬਣਾਉਣ ਲਈ ਮਾਰਗਦਰਸ਼ਨ ਲਈ ਧੰਨਵਾਦ ਵੀ ਕੀਤਾ।
ਆਰਸੇਲਰ ਮਿੱਤਲ ਦੇ ਕਾਰਜਕਾਰੀ ਚੇਅਰਮੈਨ ਸ਼੍ਰੀ ਲਕਸ਼ਮੀ ਮਿੱਤਲ ਨੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਦੁਆਰਾ ਸ਼ੁਰੂ ਕੀਤੇ ਗਏ ਰੁਝਾਨ ਨੇ ਹੋਰ ਰਾਜਾਂ ਵਿੱਚ ਵੀ ਅਜਿਹੇ ਸਮਾਗਮਾਂ ਦੇ ਆਯੋਜਨ ਨੂੰ ਉਤਸ਼ਾਹਿਤ ਕੀਤਾ ਜਿਸ ਨਾਲ ਭਾਰਤ ਵਿਸ਼ਵ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ। ਉਨ੍ਹਾਂ ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਕੁਸ਼ਲਤਾ ਨੂੰ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜੀ20 ਦੀ ਸਫਲਤਾ ਲਈ ਵਧਾਈਆਂ ਦਿੱਤੀਆਂ ਜੋ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਗਲੋਬਲ ਪੱਧਰ 'ਤੇ ਸਹਿਮਤੀ ਬਣਾਉਣ ਵਾਲੇ ਈਵੈਂਟ ਵਜੋਂ ਉਭਰਿਆ ਹੈ। ਸ਼੍ਰੀ ਮਿੱਤਲ ਨੇ ਗੁਜਰਾਤ ਦੇ ਮੋਹਰੀ ਉਦਯੋਗਿਕ ਰਾਜ ਦੇ ਰੁਤਬੇ ਨੂੰ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਇਹ ਗਲੋਬਲ ਪੱਧਰ ਦੀ ਮੁਕਾਬਲੇਬਾਜ਼ੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਸੂਬੇ ਵਿੱਚ ਆਰਸੇਲਰ ਮਿੱਤਲ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 20 ਸਾਲ ਪਹਿਲਾਂ ਬੀਜੇ ਗਏ ਬੀਜ ਨੇ ਸ਼ਾਨਦਾਰ ਅਤੇ ਵਿਵਿਧਤਾ ਭਰਪੂਰ ਗੁਜਰਾਤ ਦਾ ਰੂਪ ਧਾਰ ਲਿਆ ਹੈ। ਉਨ੍ਹਾਂ ਵਾਈਬ੍ਰੈਂਟ ਗੁਜਰਾਤ ਸਮਿਟ ਦੀ 20ਵੀਂ ਵਰ੍ਹੇਗੰਢ ਦੇ ਜਸ਼ਨਾਂ ਦਾ ਹਿੱਸਾ ਬਣਨ 'ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਵਾਈਬ੍ਰੈਂਟ ਗੁਜਰਾਤ ਰਾਜ ਲਈ ਸਿਰਫ਼ ਇੱਕ ਬ੍ਰਾਂਡਿੰਗ ਐਕਸਰਸਾਈਜ਼ ਨਹੀਂ ਹੈ, ਬਲਕਿ ਬੌਂਡਿੰਗ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੰਮੇਲਨ ਉਨ੍ਹਾਂ ਨਾਲ ਜੁੜੇ ਇੱਕ ਮਜ਼ਬੂਤ ਬੰਧਨ ਅਤੇ ਰਾਜ ਦੇ 7 ਕਰੋੜ ਲੋਕਾਂ ਦੀਆਂ ਸਮਰੱਥਾਵਾਂ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਕਿਹਾ "ਇਹ ਬੰਧਨ ਮੇਰੇ ਲਈ ਲੋਕਾਂ ਦੇ ਅਥਾਹ ਪਿਆਰ 'ਤੇ ਅਧਾਰਿਤ ਹੈ।”
ਉਨ੍ਹਾਂ ਕਿਹਾ ਕਿ 2001 ਦੇ ਭੂਚਾਲ ਤੋਂ ਬਾਅਦ ਗੁਜਰਾਤ ਦੀ ਹਾਲਤ ਦੀ ਕਲਪਨਾ ਕਰਨਾ ਕਠਿਨ ਹੈ। ਭੂਚਾਲ ਤੋਂ ਪਹਿਲਾਂ ਵੀ ਗੁਜਰਾਤ ਲੰਮੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਿਹਾ ਸੀ। ਇਹ ਮਾਧਵਪੁਰਾ ਮਰਕੈਂਟਾਈਲ ਕੋਆਪ੍ਰੇਟਿਵ ਬੈਂਕ ਦੇ ਪਤਨ ਕਾਰਨ ਹੋਰ ਵਧ ਗਏ ਸਨ, ਜਿਸ ਨਾਲ ਹੋਰ ਸਹਿਕਾਰੀ ਬੈਂਕਾਂ ਵਿੱਚ ਵੀ ਇੱਕ ਚੇਨ ਪ੍ਰਤੀਕ੍ਰਿਆ ਸ਼ੁਰੂ ਹੋ ਗਈ ਸੀ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਇਹ ਉਨ੍ਹਾਂ ਲਈ ਇੱਕ ਨਵਾਂ ਅਨੁਭਵ ਸੀ ਕਿਉਂਕਿ ਉਹ ਉਸ ਸਮੇਂ ਸਰਕਾਰ ਵਿੱਚ ਭੂਮਿਕਾ ਵਿੱਚ ਨਵੇਂ ਸਨ। ਅਜਿਹੇ ਵਿੱਚ ਦਿਲ ਦਹਿਲਾ ਦੇਣ ਵਾਲੇ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿੱਚ ਹਿੰਸਾ ਭੜਕ ਗਈ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਅਨੁਭਵ ਦੀ ਕਮੀ ਦੇ ਬਾਵਜੂਦ ਉਨ੍ਹਾਂ ਨੂੰ ਗੁਜਰਾਤ ਅਤੇ ਇੱਥੋਂ ਦੇ ਲੋਕਾਂ ਵਿੱਚ ਪੂਰਾ ਭਰੋਸਾ ਸੀ। ਉਨ੍ਹਾਂ ਨੇ ਉਸ ਸਮੇਂ ਦੇ ਏਜੰਡੇ ਨਾਲ ਚੱਲਣ ਵਾਲੇ ਵਿਨਾਸ਼ਕਾਰਾਂ ਨੂੰ ਵੀ ਯਾਦ ਕੀਤਾ ਜਦੋਂ ਗੁਜਰਾਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ “ਮੈਂ ਇਹ ਪ੍ਰਣ ਲਿਆ ਸੀ ਕਿ ਹਾਲਾਤ ਜੋ ਵੀ ਹੋਣ, ਮੈਂ ਗੁਜਰਾਤ ਨੂੰ ਇਸ ਸਥਿਤੀ ਤੋਂ ਬਾਹਰ ਕੱਢਾਂਗਾ। ਅਸੀਂ ਸਿਰਫ਼ ਪੁਨਰ-ਨਿਰਮਾਣ ਬਾਰੇ ਹੀ ਨਹੀਂ ਸੋਚ ਰਹੇ ਸੀ, ਬਲਕਿ ਇਸਦੇ ਭਵਿੱਖ ਲਈ ਵੀ ਯੋਜਨਾ ਬਣਾ ਰਹੇ ਸੀ ਅਤੇ ਅਸੀਂ ਇਸ ਲਈ ਵਾਈਬ੍ਰੈਂਟ ਗੁਜਰਾਤ ਸਮਿਟ ਨੂੰ ਇੱਕ ਮੁੱਖ ਮਾਧਿਅਮ ਬਣਾਇਆ ਸੀ।” ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਾਈਬ੍ਰੈਂਟ ਗੁਜਰਾਤ ਰਾਜ ਦੇ ਸਾਹਸ ਨੂੰ ਉੱਚਾ ਚੁੱਕਣ ਅਤੇ ਦੁਨੀਆ ਨਾਲ ਜੁੜਨ ਦਾ ਇੱਕ ਮਾਧਿਅਮ ਬਣ ਗਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਮਿਟ ਰਾਜ ਸਰਕਾਰ ਦੇ ਫੈਸਲੇ ਲੈਣ ਅਤੇ ਕੇਂਦਰਿਤ ਪਹੁੰਚ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਦਾ ਇੱਕ ਮਾਧਿਅਮ ਬਣ ਗਈ ਹੈ ਅਤੇ ਦੇਸ਼ ਦੀਆਂ ਉਦਯੋਗਿਕ ਸੰਭਾਵਨਾਵਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਨੂੰ ਬਹੁਤ ਸਾਰੇ ਖੇਤਰਾਂ ਵਿੱਚ ਅਣਗਿਣਤ ਮੌਕਿਆਂ ਨੂੰ ਪੇਸ਼ ਕਰਨ, ਦੇਸ਼ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਦੇਸ਼ ਦੀ ਬ੍ਰਹਮਤਾ, ਸ਼ਾਨ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਉਜਾਗਰ ਕਰਨ ਲਈ ਪ੍ਰਭਾਵੀ ਢੰਗ ਨਾਲ ਵਰਤਿਆ ਗਿਆ ਹੈ। ਸਮਿਟ ਦੇ ਆਯੋਜਨ ਦੇ ਸਮੇਂ ਦੇ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਰਾਜ ਦੇ ਉਦਯੋਗਿਕ ਵਿਕਾਸ ਲਈ ਇੱਕ ਉਤਸਵ ਬਣ ਗਿਆ ਹੈ ਕਿਉਂਕਿ ਇਹ ਨਵਰਾਤਰੀ ਅਤੇ ਗਰਬਾ ਦੀ ਹਲਚਲ ਦੇ ਦੌਰਾਨ ਆਯੋਜਿਤ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਗੁਜਰਾਤ ਪ੍ਰਤੀ ਤਤਕਾਲੀ ਕੇਂਦਰ ਸਰਕਾਰ ਦੀ ਉਦਾਸੀਨਤਾ ਨੂੰ ਯਾਦ ਕੀਤਾ। 'ਗੁਜਰਾਤ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ' ਦੇ ਉਨ੍ਹਾਂ ਦੇ ਕਥਨ ਦੇ ਬਾਵਜੂਦ, ਗੁਜਰਾਤ ਦੇ ਵਿਕਾਸ ਨੂੰ ਸਿਆਸੀ ਨਜ਼ਰੀਏ ਤੋਂ ਦੇਖਿਆ ਗਿਆ।
ਡਰਾਏ ਜਾਣ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕਾਂ ਨੇ ਗੁਜਰਾਤ ਨੂੰ ਚੁਣਿਆ। ਇਹ ਕਿਸੇ ਵਿਸ਼ੇਸ਼ ਪ੍ਰੋਤਸਾਹਨ ਦੇ ਬਾਵਜੂਦ ਸੀ। ਉਨ੍ਹਾਂ ਕਿਹਾ ਕਿ ਮੁੱਖ ਆਕਰਸ਼ਣ ਸੁਸ਼ਾਸਨ, ਨਿਰਪੱਖ ਅਤੇ ਨੀਤੀ-ਸੰਚਾਲਿਤ ਸ਼ਾਸਨ ਅਤੇ ਵਿਕਾਸ ਅਤੇ ਪਾਰਦਰਸ਼ਤਾ ਦੀ ਬਰਾਬਰ ਵਿਵਸਥਾ ਹੈ।
ਵਾਈਬ੍ਰੈਂਟ ਗੁਜਰਾਤ ਦੇ 2009 ਦੇ ਐਡੀਸ਼ਨ ਨੂੰ ਯਾਦ ਕਰਦੇ ਹੋਏ ਜਦੋਂ ਪੂਰੀ ਦੁਨੀਆ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰਾਜ ਦੇ ਤਤਕਾਲੀ ਮੁੱਖ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਅੱਗੇ ਵਧਣ ਅਤੇ ਈਵੈਂਟ ਨੂੰ ਆਯੋਜਿਤ ਕਰਨ 'ਤੇ ਜ਼ੋਰ ਦਿੱਤਾ ਸੀ। ਨਤੀਜੇ ਵਜੋਂ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ 2009 ਦੇ ਵਾਈਬ੍ਰੈਂਟ ਗੁਜਰਾਤ ਸਮਿਟ ਦੌਰਾਨ ਗੁਜਰਾਤ ਦੀ ਸਫਲਤਾ ਦਾ ਇੱਕ ਨਵਾਂ ਅਧਿਆਏ ਲਿਖਿਆ ਗਿਆ ਸੀ।
ਪ੍ਰਧਾਨ ਮੰਤਰੀ ਨੇ ਸਮਿਟ ਦੀ ਸਫਲਤਾ ਨੂੰ ਇਸਦੀ ਯਾਤਰਾ ਰਾਹੀਂ ਸਮਝਾਇਆ। ਉਨ੍ਹਾਂ ਦੱਸਿਆ 2003 ਐਡੀਸ਼ਨ ਨੇ ਸਿਰਫ ਕੁਝ ਸੌ ਕੁ ਭਾਗੀਦਾਰਾਂ ਨੂੰ ਆਕਰਸ਼ਿਤ ਕੀਤਾ ਸੀ; ਅੱਜ 40000 ਤੋਂ ਵੱਧ ਭਾਗੀਦਾਰ ਅਤੇ ਡੈਲੀਗੇਟ ਅਤੇ 135 ਦੇਸ਼ ਇਸ ਸਮਿਟ ਵਿੱਚ ਹਿੱਸਾ ਲੈ ਰਹੇ ਹਨ। ਪ੍ਰਦਰਸ਼ਕਾਂ ਦੀ ਗਿਣਤੀ ਵੀ 2003 ਵਿੱਚ 30 ਤੋਂ ਵੱਧ ਕੇ ਅੱਜ 2000 ਤੋਂ ਅਧਿਕ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਦੀ ਸਫਲਤਾ ਦੇ ਮੁੱਖ ਤੱਤ ਵਿਚਾਰ, ਕਲਪਨਾ ਅਤੇ ਲਾਗੂਕਰਨ ਹਨ। ਉਨ੍ਹਾਂ ਨੇ ਵਾਈਬ੍ਰੈਂਟ ਗੁਜਰਾਤ ਦੇ ਪਿੱਛੇ ਵਿਚਾਰ ਅਤੇ ਕਲਪਨਾ ਦੇ ਸਾਹਸ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਦੂਸਰੇ ਰਾਜਾਂ ਦੁਆਰਾ ਇਸਦਾ ਅਨੁਸਰਣ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ "ਇਹ ਵਿਚਾਰ ਭਾਵੇਂ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਉਨ੍ਹਾਂ ਲਈ ਸਿਸਟਮ ਨੂੰ ਲਾਮਬੰਦ ਕਰਨਾ ਅਤੇ ਨਤੀਜੇ ਪ੍ਰਦਾਨ ਕਰਨਾ ਲਾਜ਼ਮੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਪੈਮਾਨੇ ਦੇ ਇਸ ਸੰਗਠਨ ਨੂੰ ਤੀਬਰ ਯੋਜਨਾਬੰਦੀ, ਸਮਰੱਥਾ ਨਿਰਮਾਣ ਵਿੱਚ ਨਿਵੇਸ਼, ਸਾਵਧਾਨੀਪੂਰਵਕ ਨਿਗਰਾਨੀ ਅਤੇ ਸਮਰਪਣ ਦੀ ਲੋੜ ਹੈ। ਉਨ੍ਹਾਂ ਨੇ ਦੁਹਰਾਇਆ ਕਿ ਵਾਈਬ੍ਰੈਂਟ ਗੁਜਰਾਤ ਦੇ ਨਾਲ, ਰਾਜ ਸਰਕਾਰ ਨੇ ਉਨ੍ਹਾਂ ਹੀ ਅਧਿਕਾਰੀਆਂ, ਸੰਸਾਧਨਾਂ ਅਤੇ ਨਿਯਮਾਂ ਨਾਲ ਉਹ ਕੁਝ ਹਾਸਲ ਕੀਤਾ ਜੋ ਕਿਸੇ ਹੋਰ ਸਰਕਾਰ ਲਈ ਕਲਪਨਾ-ਮਾਤਰ ਵੀ ਨਹੀਂ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਾਈਬ੍ਰੈਂਟ ਗੁਜਰਾਤ ਸਰਕਾਰ ਦੇ ਅੰਦਰ ਅਤੇ ਬਾਹਰ ਚੱਲ ਰਹੀ ਵਿਵਸਥਾ ਅਤੇ ਪ੍ਰਕਿਰਿਆ ਦੇ ਨਾਲ ਇੱਕ ਵਾਰੀ ਹੋਣ ਵਾਲੀ ਈਵੈਂਟ ਦੀ ਬਜਾਏ ਇੱਕ ਸੰਸਥਾ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਵਾਈਬ੍ਰੈਂਟ ਗੁਜਰਾਤ ਦੀ ਭਾਵਨਾ 'ਤੇ ਜ਼ੋਰ ਦਿੱਤਾ ਜਿਸ ਦਾ ਉਦੇਸ਼ ਦੇਸ਼ ਦੇ ਹਰ ਰਾਜ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਦੂਸਰੇ ਰਾਜਾਂ ਨੂੰ ਸਮਿਟ ਦੀ ਪੇਸ਼ਕਸ਼ ਦੇ ਮੌਕੇ ਦਾ ਲਾਭ ਉਠਾਉਣ ਦੀ ਬੇਨਤੀ ਨੂੰ ਯਾਦ ਕੀਤਾ।
ਇਹ ਨੋਟ ਕਰਦੇ ਹੋਏ ਕਿ 20ਵੀਂ ਸਦੀ ਵਿੱਚ ਗੁਜਰਾਤ ਦੀ ਪਹਿਚਾਣ ਵਪਾਰੀ ਅਧਾਰਿਤ (trader-based) ਸੀ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 20ਵੀਂ ਤੋਂ 21ਵੀਂ ਸਦੀ ਵਿੱਚ ਹੋਏ ਪਰਿਵਰਤਨ ਨੇ ਗੁਜਰਾਤ ਨੂੰ ਖੇਤੀਬਾੜੀ ਵਿੱਚ ਇੱਕ ਪਾਵਰਹਾਊਸ ਅਤੇ ਇੱਕ ਵਿੱਤੀ ਹੱਬ ਬਣਾਇਆ, ਅਤੇ ਰਾਜ ਨੇ ਉਦਯੋਗਿਕ ਅਤੇ ਨਿਰਮਾਣ ਈਕੋਸਿਸਟਮ ਵਜੋਂ ਆਪਣੀ ਇੱਕ ਨਵੀਂ ਪਹਿਚਾਣ ਪ੍ਰਾਪਤ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਜਰਾਤ ਦੀ ਵਪਾਰ ਅਧਾਰਿਤ ਸਾਖ ਮਜ਼ਬੂਤ ਹੋਈ ਹੈ। ਪ੍ਰਧਾਨ ਮੰਤਰੀ ਨੇ ਅਜਿਹੇ ਵਿਕਾਸ ਦੀ ਸਫਲਤਾ ਦਾ ਕ੍ਰੈਡਿਟ ਵਾਈਬ੍ਰੈਂਟ ਗੁਜਰਾਤ ਨੂੰ ਦਿੱਤਾ ਜੋ ਵਿਚਾਰਾਂ, ਨਵੀਨਤਾ ਅਤੇ ਉਦਯੋਗਾਂ ਲਈ ਇੱਕ ਇਨਕਿਊਬੇਟਰ ਵਜੋਂ ਕੰਮ ਕਰ ਰਿਹਾ ਹੈ। ਪਿਛਲੇ 20 ਸਾਲਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਕੇਸ ਸਟੱਡੀਜ਼ ਦਾ ਹਵਾਲਾ ਦਿੰਦੇ ਹੋਏ ਜੋ ਪ੍ਰਭਾਵਸ਼ਾਲੀ ਨੀਤੀ-ਨਿਰਮਾਣ ਅਤੇ ਕੁਸ਼ਲ ਪ੍ਰੋਜੈਕਟ ਲਾਗੂ ਕਰਨ ਨਾਲ ਸੰਭਵ ਹੋਏ ਹਨ, ਪ੍ਰਧਾਨ ਮੰਤਰੀ ਨੇ ਟੈਕਸਟਾਈਲ ਅਤੇ ਲਿਬਾਸ ਉਦਯੋਗ ਵਿੱਚ ਨਿਵੇਸ਼ ਅਤੇ ਰੋਜ਼ਗਾਰ ਵਿੱਚ ਵਾਧੇ ਦੀ ਉਦਾਹਰਣ ਦਿੱਤੀ ਅਤੇ ਬਰਾਮਦ ਵਿੱਚ ਰਿਕਾਰਡ ਵਾਧੇ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਆਟੋਮੋਬਾਈਲ ਸੈਕਟਰ ਦਾ ਜ਼ਿਕਰ ਕੀਤਾ ਜਿੱਥੇ 2001 ਦੇ ਮੁਕਾਬਲੇ ਨਿਵੇਸ਼ 9 ਗੁਣਾ ਵਧਿਆ ਹੈ, ਨਿਰਮਾਣ ਉਤਪਾਦਨ ਵਿੱਚ 12 ਗੁਣਾ ਵਾਧਾ ਹੋਇਆ ਹੈ, ਭਾਰਤ ਦੇ ਰੰਗਾਂ ਅਤੇ ਇੰਟਰਮੀਡੀਏਟਸ ਨਿਰਮਾਣ ਵਿੱਚ 75 ਪ੍ਰਤੀਸ਼ਤ ਯੋਗਦਾਨ ਹੈ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਵਿੱਚ ਸਭ ਤੋਂ ਵੱਧ ਹਿੱਸਾ ਹੈ। ਦੇਸ਼, 30,000 ਤੋਂ ਵੱਧ ਕਾਰਜਸ਼ੀਲ ਫੂਡ ਪ੍ਰੋਸੈਸਿੰਗ ਯੂਨਿਟਾਂ, ਮੈਡੀਕਲ ਉਪਕਰਣਾਂ ਦੇ ਨਿਰਮਾਣ ਵਿੱਚ 50 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਅਤੇ ਕਾਰਡੀਅਕ ਸਟੈਂਟਸ ਨਿਰਮਾਣ ਵਿੱਚ ਲਗਭਗ 80 ਪ੍ਰਤੀਸ਼ਤ ਹਿੱਸੇਦਾਰੀ, ਦੁਨੀਆ ਦੇ 70 ਪ੍ਰਤੀਸ਼ਤ ਤੋਂ ਵੱਧ ਹੀਰਿਆਂ ਦੀ ਪ੍ਰੋਸੈਸਿੰਗ, ਭਾਰਤ ਦੇ ਹੀਰਿਆਂ ਦੇ ਨਿਰਯਾਤ ਵਿੱਚ 80 ਪ੍ਰਤੀਸ਼ਤ ਯੋਗਦਾਨ, ਅਤੇ ਸਿਰੇਮਿਕ ਟਾਈਲਾਂ, ਸੈਨੇਟਰੀ ਵੇਅਰ ਅਤੇ ਵਿਭਿੰਨ ਸਿਰੇਮਿਕ ਉਤਪਾਦਾਂ ਦੇ ਲਗਭਗ 10 ਹਜ਼ਾਰ ਨਿਰਮਾਣ ਯੂਨਿਟਾਂ ਦੇ ਨਾਲ ਦੇਸ਼ ਦੇ ਸਿਰੇਮਿਕ ਬਜ਼ਾਰ ਵਿੱਚ 90 ਪ੍ਰਤੀਸ਼ਤ ਹਿੱਸੇਦਾਰੀ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ 2 ਬਿਲੀਅਨ ਅਮਰੀਕੀ ਡਾਲਰ ਦੇ ਮੌਜੂਦਾ ਟ੍ਰਾਂਜੈਕਸ਼ਨ ਮੁੱਲ ਦੇ ਨਾਲ ਗੁਜਰਾਤ ਭਾਰਤ ਵਿੱਚ ਸਭ ਤੋਂ ਵੱਡਾ ਨਿਰਯਾਤਕ ਹੈ। ਉਨ੍ਹਾਂ ਅੱਗੇ ਕਿਹਾ "ਆਉਣ ਵਾਲੇ ਸਮੇਂ ਵਿੱਚ ਰੱਖਿਆ ਨਿਰਮਾਣ ਇੱਕ ਬਹੁਤ ਵੱਡਾ ਖੇਤਰ ਹੋਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਵਾਈਬ੍ਰੈਂਟ ਗੁਜਰਾਤ ਦੀ ਸ਼ੁਰੂਆਤ ਕੀਤੀ ਸੀ, ਤਾਂ ਸਾਡਾ ਇਰਾਦਾ ਸੀ ਕਿ ਇਹ ਰਾਜ ਦੇਸ਼ ਦੀ ਤਰੱਕੀ ਦਾ ਵਿਕਾਸ ਇੰਜਣ ਬਣ ਜਾਵੇ। ਦੇਸ਼ ਨੇ ਇਸ ਵਿਜ਼ਨ ਨੂੰ ਹਕੀਕਤ ਬਣਦਿਆਂ ਦੇਖਿਆ ਹੈ।” ਉਨ੍ਹਾਂ ਕਿਹਾ ਕਿ 2014 ਵਿੱਚ ਭਾਰਤ ਨੂੰ ਦੁਨੀਆ ਦਾ ਵਿਕਾਸ ਇੰਜਨ ਬਣਾਉਣ ਦਾ ਲਕਸ਼ ਅੰਤਰਰਾਸ਼ਟਰੀ ਏਜੰਸੀਆਂ ਅਤੇ ਮਾਹਿਰਾਂ ਵਿੱਚ ਗੂੰਜ ਰਿਹਾ ਹੈ। ਉਨ੍ਹਾਂ ਕਿਹਾ “ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਹੁਣ ਅਸੀਂ ਇੱਕ ਅਜਿਹੇ ਮੋੜ 'ਤੇ ਖੜੇ ਹਾਂ ਜਿੱਥੇ ਭਾਰਤ ਇੱਕ ਵਰਲਡ ਇਕਨੌਮਿਕ ਪਾਵਰਹਾਊਸ ਬਣਨ ਜਾ ਰਿਹਾ ਹੈ। ਹੁਣ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਹੈ।" ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਅਜਿਹੇ ਸੈਕਟਰਾਂ 'ਤੇ ਧਿਆਨ ਦੇਣ ਜੋ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਸਟਾਰਟਅੱਪ ਈਕੋਸਿਸਟਮ, ਐਗਰੀ-ਟੈਕ, ਫੂਡ ਪ੍ਰੋਸੈਸਿੰਗ ਅਤੇ ਸ਼੍ਰੀ ਅੰਨ ਨੂੰ ਗਤੀ ਦੇਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕਰਨ ਲਈ ਕਿਹਾ।
ਵਿੱਤੀ ਸਹਿਯੋਗ ਦੀਆਂ ਸੰਸਥਾਵਾਂ ਦੀ ਵਧਦੀ ਲੋੜ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗਿਫਟ (GiFT) ਸਿਟੀ ਦੀ ਵਧਦੀ ਪ੍ਰਸੰਗਿਕਤਾ 'ਤੇ ਟਿੱਪਣੀ ਕੀਤੀ। ਉਨ੍ਹਾਂ ਅੱਗੇ ਕਿਹਾ “ਗਿਫਟ ਸਿਟੀ ਸਾਡੀ ਪੂਰੀ ਸਰਕਾਰੀ ਪਹੁੰਚ ਨੂੰ ਦਰਸਾਉਂਦਾ ਹੈ। ਇੱਥੇ ਕੇਂਦਰ, ਰਾਜ ਅਤੇ ਆਈਐੱਫਐੱਸਸੀ ਅਥਾਰਟੀ ਦੁਨੀਆ ਵਿੱਚ ਸਰਵਸ੍ਰੇਸ਼ਠ ਰੈਗੂਲੇਟਰੀ ਵਾਤਾਵਰਣ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਨ। ਸਾਨੂੰ ਇਸ ਨੂੰ ਗਲੋਬਲ ਪੱਧਰ 'ਤੇ ਪ੍ਰਤੀਯੋਗੀ ਵਿੱਤੀ ਬਜ਼ਾਰ ਬਣਾਉਣ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੁਕਣ ਦਾ ਸਮਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟ ਕਰਦੇ ਹੋਏ ਕਿਹਾ “ਅਗਲੇ 20 ਸਾਲ ਪਿਛਲੇ 20 ਵਰ੍ਹਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ। ਜਦੋਂ ਵਾਈਬ੍ਰੈਂਟ ਗੁਜਰਾਤ ਦੇ 40 ਸਾਲ ਪੂਰੇ ਹੋਣਗੇ ਤਾਂ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਤੋਂ ਦੂਰ ਨਹੀਂ ਹੋਵੇਗਾ। ਇਹ ਉਹ ਸਮਾਂ ਹੈ ਜਦੋਂ ਭਾਰਤ ਨੂੰ ਇੱਕ ਰੋਡਮੈਪ ਤਿਆਰ ਕਰਨਾ ਹੋਵੇਗਾ ਜੋ ਇਸਨੂੰ 2047 ਤੱਕ ਇੱਕ ਵਿਕਸਿਤ ਅਤੇ ਸਵੈ-ਨਿਰਭਰ ਰਾਸ਼ਟਰ ਬਣਾਵੇਗਾ।” ਉਨ੍ਹਾਂ ਕਿਹਾ ਕਿ ਸਿਖਰ ਸੰਮੇਲਨ ਇਸ ਦਿਸ਼ਾ ਵਿੱਚ ਅੱਗੇ ਵਧੇਗਾ।
ਇਸ ਮੌਕੇ 'ਤੇ ਗੁਜਰਾਤ ਦੇ ਰਾਜਪਾਲ, ਸ਼੍ਰੀ ਆਚਾਰੀਆ ਦੇਵ੍ਵਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀ ਅਤੇ ਉਦਯੋਗ ਜਗਤ ਦੇ ਲੀਡਰ ਵੀ ਮੌਜੂਦ ਸਨ।
ਪਿਛੋਕੜ
ਸਾਇੰਸ ਸਿਟੀ, ਅਹਿਮਦਾਬਾਦ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਵਰ੍ਹਿਆਂ ਦੇ ਜਸ਼ਨ ਨੂੰ ਦਰਸਾਉਣ ਵਾਲੇ ਪ੍ਰੋਗਰਾਮ ਵਿੱਚ ਉਦਯੋਗ ਐਸੋਸੀਏਸ਼ਨਾਂ, ਵਪਾਰ ਅਤੇ ਵਣਜ ਦੇ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਨੌਜਵਾਨ ਉੱਦਮੀਆਂ ਅਤੇ ਉੱਚੇਰੀ ਅਤੇ ਟੈਕਨੀਕਲ ਸਿੱਖਿਆ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਹੋਰਨਾਂ ਦੀ ਸ਼ਮੂਲੀਅਤ ਦੇਖੀ ਗਈ।
ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸ਼ੁਰੂਆਤ 20 ਸਾਲ ਪਹਿਲਾਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਕੀਤੀ ਗਈ ਸੀ। 28 ਸਤੰਬਰ 2003 ਨੂੰ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਯਾਤਰਾ ਸ਼ੁਰੂ ਹੋਈ। ਸਮੇਂ ਦੇ ਨਾਲ, ਇਹ ਭਾਰਤ ਵਿੱਚ ਪ੍ਰਮੁੱਖ ਵਪਾਰਕ ਸੰਮੇਲਨਾਂ ਵਿੱਚੋਂ ਇੱਕ ਹੋਣ ਦਾ ਦਰਜਾ ਪ੍ਰਾਪਤ ਕਰਦੇ ਹੋਏ, ਸੱਚਮੁੱਚ ਇੱਕ ਗਲੋਬਲ ਈਵੈਂਟ ਵਿੱਚ ਬਦਲ ਗਿਆ। 2003 ਵਿੱਚ ਲਗਭਗ 300 ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ, ਸੰਮੇਲਨ ਵਿੱਚ 2019 ਵਿੱਚ 135 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਤੋਂ ਵੱਧ ਪ੍ਰਤੀਨਿਧੀਆਂ ਦੀ ਭਾਰੀ ਭਾਗੀਦਾਰੀ ਦੇਖੀ ਗਈ।
ਪਿਛਲੇ 20 ਸਾਲਾਂ ਵਿੱਚ, ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ "ਗੁਜਰਾਤ ਨੂੰ ਇੱਕ ਤਰਜੀਹੀ ਨਿਵੇਸ਼ ਟਿਕਾਣਾ ਬਣਾਉਣ" ਤੋਂ "ਨਵੇਂ ਭਾਰਤ ਨੂੰ ਆਕਾਰ ਦੇਣ" ਤੱਕ ਵਿਕਸਿਤ ਹੋਇਆ ਹੈ। ਵਾਈਬ੍ਰੈਂਟ ਗੁਜਰਾਤ ਦੀ ਬੇਮਿਸਾਲ ਸਫਲਤਾ ਪੂਰੇ ਦੇਸ਼ ਲਈ ਇੱਕ ਰੋਲ ਮਾਡਲ ਬਣ ਗਈ ਹੈ ਅਤੇ ਹੋਰ ਭਾਰਤੀ ਰਾਜਾਂ ਨੂੰ ਵੀ ਅਜਿਹੇ ਨਿਵੇਸ਼ ਸੰਮੇਲਨਾਂ ਦੇ ਆਯੋਜਨ ਨੂੰ ਦੁਹਰਾਉਣ ਲਈ ਪ੍ਰੇਰਿਤ ਕੀਤਾ ਹੈ।
Vibrant Gujarat is not merely an event of branding, but also an event of bonding. pic.twitter.com/Cy3vibykSW
— PMO India (@PMOIndia) September 27, 2023
Vibrant Gujarat Summit stands as a proof of Gujarat's steadfast dedication to economic growth. pic.twitter.com/AlAII9VZSQ
— PMO India (@PMOIndia) September 27, 2023
Idea, Imagination and Implementation are at the core of Vibrant Gujarat Summits. pic.twitter.com/yqDotdHhF9
— PMO India (@PMOIndia) September 27, 2023
Vibrant Gujarat Summits also served as a platform for other states. pic.twitter.com/2x6Rnqi4UO
— PMO India (@PMOIndia) September 27, 2023
Today India is the fastest growing economy in the world.
— PMO India (@PMOIndia) September 27, 2023
We are at a turning point where India is going to become a global economic powerhouse. pic.twitter.com/ChfkZbNWEH
India is set to become the third largest economy in the world. Therefore, I would also like to make an appeal to the industry: PM @narendramodi pic.twitter.com/OnexYsnitU
— PMO India (@PMOIndia) September 27, 2023
Gujarat has the GIFT City, the relevance of which is increasing every day. pic.twitter.com/0HY6RcALAU
— PMO India (@PMOIndia) September 27, 2023