ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਪਬਲਿਕ ਪ੍ਰੋਗਰਾਮ ‘ਮਾਨਗੜ੍ਹ ਧਾਮ ਕੀ ਗੌਰਵ ਗਾਥਾ’ ਵਿੱਚ ਸ਼ਿਰਕਤ ਕੀਤੀ ਅਤੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਕਬਾਇਲੀ ਨਾਇਕਾਂ ਅਤੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਵਾਲੀ ਥਾਂ 'ਤੇ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਧੂਣੀ ਦੇ ਦਰਸ਼ਨ ਕੀਤੇ ਅਤੇ ਗੋਵਿੰਦ ਗੁਰੂ ਦੀ ਪ੍ਰਤਿਮਾ 'ਤੇ ਸ਼ਰਧਾ ਸੁਮਨ ਅਰਪਿਤ ਕੀਤੇ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਗੜ੍ਹ ਦੀ ਪਵਿੱਤਰ ਧਰਤੀ 'ਤੇ ਰਹਿਣਾ ਹਮੇਸ਼ਾ ਪ੍ਰੇਰਣਾਦਾਇਕ ਰਿਹਾ ਹੈ ਜੋ ਸਾਡੇ ਆਦਿਵਾਸੀ ਬਹਾਦਰਾਂ ਦੀ ਤਪੱਸਿਆ, ਤਿਆਗ, ਬਹਾਦਰੀ ਅਤੇ ਬਲੀਦਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ “ਮਾਨਗੜ੍ਹ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਲੋਕਾਂ ਦੀ ਸਾਂਝੀ ਵਿਰਾਸਤ ਹੈ।” ਪ੍ਰਧਾਨ ਮੰਤਰੀ ਨੇ ਗੋਵਿੰਦ ਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦੀ ਬਰਸੀ 30 ਅਕਤੂਬਰ ਨੂੰ ਸੀ।
ਗੁਜਰਾਤ ਦੇ ਮੁੱਖ ਮੰਤਰੀ ਵਜੋਂ, ਪ੍ਰਧਾਨ ਮੰਤਰੀ ਨੇ ਮਾਨਗੜ੍ਹ ਖੇਤਰ ਦੀ ਸੇਵਾ ਨੂੰ ਯਾਦ ਕੀਤਾ ਜੋ ਕਿ ਗੁਜਰਾਤ ਦਾ ਹਿੱਸਾ ਹੈ ਅਤੇ ਦੱਸਿਆ ਕਿ ਗੋਵਿੰਦ ਗੁਰੂ ਨੇ ਆਪਣੇ ਜੀਵਨ ਦੇ ਆਖਰੀ ਵਰ੍ਹੇ ਇੱਥੇ ਬਿਤਾਏ ਸਨ ਅਤੇ ਉਨ੍ਹਾਂ ਦੀ ਊਰਜਾ ਅਤੇ ਗਿਆਨ ਅੱਜ ਵੀ ਇਸ ਧਰਤੀ ਦੀ ਮਿੱਟੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਸਮੁੱਚਾ ਇਲਾਕਾ ਜੋ ਪਹਿਲਾਂ ਬੰਜਰ ਜ਼ਮੀਨ ਸੀ, ਉਨ੍ਹਾਂ ਦੁਆਰਾ ਵਣ ਮਹੋਤਸਵ ਦੇ ਮੰਚ ਰਾਹੀਂ ਸਾਰਿਆਂ ਨੂੰ ਤਾਕੀਦ ਕਰਨ ਤੋਂ ਬਾਅਦ ਹਰਿਆਵਲ ਨਾਲ ਬਦਲ ਗਿਆ। ਪ੍ਰਧਾਨ ਮੰਤਰੀ ਨੇ ਮੁਹਿੰਮ ਲਈ ਨਿਰਸੁਆਰਥ ਕੰਮ ਕਰਨ ਲਈ ਆਦਿਵਾਸੀ ਭਾਈਚਾਰੇ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਸਦਕਾ ਨਾ ਸਿਰਫ਼ ਸਥਾਨਕ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ ਬਲਕਿ ਗੋਵਿੰਦ ਗੁਰੂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਵੀ ਹੋਇਆ ਹੈ। ਉਨ੍ਹਾਂ ਕਿਹਾ “ਗੋਵਿੰਦ ਗੁਰੂ ਜਿਹੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀ ਪਰੰਪਰਾ ਅਤੇ ਆਦਰਸ਼ਾਂ ਦੇ ਪ੍ਰਤੀਨਿਧ ਸਨ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਗੋਵਿੰਦ ਗੁਰੂ ਨੇ ਆਪਣਾ ਪਰਿਵਾਰ ਗੁਆ ਦਿੱਤਾ ਪਰ ਕਦੇ ਵੀ ਆਪਣਾ ਦਿਲ ਨਹੀਂ ਹਾਰਿਆ ਅਤੇ ਹਰ ਕਬਾਇਲੀ ਵਿਅਕਤੀ ਨੂੰ ਆਪਣਾ ਪਰਿਵਾਰ ਬਣਾਇਆ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਗੋਵਿੰਦ ਗੁਰੂ ਨੇ ਕਬਾਇਲੀ ਭਾਈਚਾਰੇ ਦੇ ਹੱਕਾਂ ਲਈ ਅੰਗ੍ਰੇਜ਼ਾਂ ਵਿਰੁੱਧ ਲੜਾਈ ਲੜੀ, ਤਾਂ ਉਨ੍ਹਾਂ ਨੇ ਆਪਣੇ ਭਾਈਚਾਰੇ ਦੀਆਂ ਬੁਰਾਈਆਂ ਵਿਰੁੱਧ ਵੀ ਮੁਹਿੰਮ ਚਲਾਈ ਕਿਉਂਕਿ ਉਹ ਇੱਕ ਸਮਾਜ ਸੁਧਾਰਕ, ਅਧਿਆਤਮਕ ਆਗੂ, ਇੱਕ ਸੰਤ ਅਤੇ ਇੱਕ ਲੀਡਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਬੌਧਿਕ ਅਤੇ ਦਾਰਸ਼ਨਿਕ ਪਹਿਲੂ ਉਨ੍ਹਾਂ ਦੇ ਸਾਹਸ ਅਤੇ ਸਮਾਜਿਕ ਸਰਗਰਮੀ ਜਿੰਨਾ ਹੀ ਜੀਵੰਤ ਸੀ।
ਮਾਨਗੜ੍ਹ ਵਿੱਚ 17 ਨਵੰਬਰ 1913 ਦੇ ਕਤਲੇਆਮ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੁਆਰਾ ਅਤਿਅੰਤ ਬੇਰਹਿਮੀ ਦੀ ਇੱਕ ਉਦਾਹਰਣ ਹੈ। ਸ਼੍ਰੀ ਮੋਦੀ ਨੇ ਕਿਹਾ, “ਇਕ ਪਾਸੇ ਸਾਡੇ ਪਾਸ ਬੇਕਸੂਰ ਆਦਿਵਾਸੀ ਸਨ ਜੋ ਆਜ਼ਾਦੀ ਦੀ ਮੰਗ ਕਰ ਰਹੇ ਸਨ, ਜਦਕਿ ਦੂਸਰੇ ਪਾਸੇ, ਇਹ ਬ੍ਰਿਟਿਸ਼ ਬਸਤੀਵਾਦੀ ਸ਼ਾਸਕ ਸਨ ਜਿਨ੍ਹਾਂ ਨੇ ਮਾਨਗੜ੍ਹ ਦੀਆਂ ਪਹਾੜੀਆਂ ਨੂੰ ਘੇਰਾ ਪਾਉਣ ਤੋਂ ਬਾਅਦ ਦਿਨ-ਦਿਹਾੜੇ, ਇੱਕ ਹਜ਼ਾਰ ਪੰਜ ਸੌ ਤੋਂ ਵੱਧ ਨਿਰਦੋਸ਼ ਪੁਰਸ਼ਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ।" ਪ੍ਰਧਾਨ ਮੰਤਰੀ ਨੇ ਦਖਲ ਦਿੱਤਾ ਕਿ ਮੰਦਭਾਗੇ ਹਾਲਾਤਾਂ ਕਾਰਨ ਆਜ਼ਾਦੀ ਸੰਗਰਾਮ ਦੀ ਅਜਿਹੀ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਘਟਨਾ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਣਦੀ ਥਾਂ ਨਹੀਂ ਮਿਲ ਸਕੀ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ, ਭਾਰਤ ਇਸ ਖਾਲੀਪਨ ਨੂੰ ਭਰ ਰਿਹਾ ਹੈ ਅਤੇ ਦਹਾਕਿਆਂ ਪਹਿਲਾਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਭਾਰਤ ਦਾ ਅਤੀਤ, ਇਤਿਹਾਸ, ਵਰਤਮਾਨ ਅਤੇ ਭਾਰਤ ਦਾ ਭਵਿੱਖ ਕਬਾਇਲੀ ਭਾਈਚਾਰੇ ਤੋਂ ਬਿਨਾਂ ਕਦੇ ਵੀ ਸੰਪੂਰਨ ਨਹੀਂ ਹੋਵੇਗਾ। ਸਾਡੇ ਆਜ਼ਾਦੀ ਸੰਗਰਾਮ ਦੀ ਕਹਾਣੀ ਦਾ ਹਰ ਪੰਨਾ ਕਬਾਇਲੀ ਬਹਾਦਰੀ ਨਾਲ ਭਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ 1780 ਦੇ ਉਸ ਸ਼ਾਨਦਾਰ ਸੰਘਰਸ਼ ਨੂੰ ਯਾਦ ਕੀਤਾ ਜਦੋਂ ਤਿਲਕਾ ਮਾਂਝੀ ਦੀ ਅਗਵਾਈ ਹੇਠ ਸੰਥਾਲ ਯੁੱਧ ਲੜਿਆ ਗਿਆ ਸੀ। ਉਨ੍ਹਾਂ 1830-32 ਦਾ ਜ਼ਿਕਰ ਕੀਤਾ ਜਦੋਂ ਦੇਸ਼ ਨੇ ਬੁੱਧੂ ਭਗਤ ਦੀ ਅਗਵਾਈ ਵਿੱਚ ਲਰਕਾ ਅੰਦੋਲਨ ਦੇਖਿਆ। 1855 ਵਿੱਚ ਸਿੱਧੂ-ਕਾਨਹੂ ਕ੍ਰਾਂਤੀ ਨੇ ਕੌਮ ਨੂੰ ਜੋਸ਼ ਨਾਲ ਭਰ ਦਿੱਤਾ। ਭਗਵਾਨ ਬਿਰਸਾ ਮੁੰਡਾ ਨੇ ਆਪਣੀ ਊਰਜਾ ਅਤੇ ਦੇਸ਼ ਭਗਤੀ ਨਾਲ ਸਾਰਿਆਂ ਨੂੰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਨੂੰ ਸਦੀਆਂ ਪਹਿਲਾਂ ਗ਼ੁਲਾਮੀ ਦੀ ਸ਼ੁਰੂਆਤ ਤੋਂ ਲੈ ਕੇ 20ਵੀਂ ਸਦੀ ਤੱਕ ਕੋਈ ਅਜਿਹਾ ਸਮਾਂ ਨਹੀਂ ਮਿਲੇਗਾ, ਜਦੋਂ ਕਬਾਇਲੀ ਭਾਈਚਾਰੇ ਨੇ ਆਜ਼ਾਦੀ ਦੀ ਲਾਟ ਨਹੀਂ ਜਗਾਈ ਸੀ।" ਉਨ੍ਹਾਂ ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਦਾ ਜ਼ਿਕਰ ਕੀਤਾ। ਰਾਜਸਥਾਨ ਵਿੱਚ ਇਸ ਤੋਂ ਵੀ ਪਹਿਲਾਂ ਆਦਿਵਾਸੀ ਸਮਾਜ ਮਹਾਰਾਣਾ ਪ੍ਰਤਾਪ ਦੇ ਨਾਲ ਖੜ੍ਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ “ਅਸੀਂ ਕਬਾਇਲੀ ਭਾਈਚਾਰੇ ਅਤੇ ਉਨ੍ਹਾਂ ਦੇ ਬਲੀਦਾਨਾਂ ਦੇ ਰਿਣੀ ਹਾਂ। ਇਸ ਸਮਾਜ ਨੇ ਕੁਦਰਤ, ਵਾਤਾਵਰਣ, ਸੱਭਿਆਚਾਰ ਅਤੇ ਪਰੰਪਰਾਵਾਂ ਵਿੱਚ ਭਾਰਤ ਦੇ ਚਰਿੱਤਰ ਨੂੰ ਸੁਰੱਖਿਅਤ ਰੱਖਿਆ ਹੈ। ਅੱਜ ਸਮਾਂ ਆ ਗਿਆ ਹੈ ਕਿ ਰਾਸ਼ਟਰ ਉਨ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਦਾ ਧੰਨਵਾਦ ਕਰੇ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ 15 ਨਵੰਬਰ ਨੂੰ ਦੇਸ਼ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ 'ਤੇ ਜਨਜਾਤੀਯ ਗੌਰਵ ਦਿਵਸ ਮਨਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ "ਜਨਜਾਤੀ ਗੌਰਵ ਦਿਵਸ ਆਜ਼ਾਦੀ ਸੰਘਰਸ਼ ਵਿੱਚ ਆਦਿਵਾਸੀਆਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਪ੍ਰਯਤਨ ਹੈ।” ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਆਦਿਵਾਸੀ ਸਮਾਜ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦੇਸ਼ ਭਰ ਵਿੱਚ ਕਬਾਇਲੀ ਸੁਤੰਤਰਤਾ ਸੰਗ੍ਰਾਮੀਆਂ ਨੂੰ ਸਮਰਪਿਤ ਵਿਸ਼ੇਸ਼ ਅਜਾਇਬ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਾਨ ਵਿਰਾਸਤ ਹੁਣ ਵਿਚਾਰ ਪ੍ਰਕਿਰਿਆ ਦਾ ਹਿੱਸਾ ਬਣੇਗੀ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕਬਾਇਲੀ ਸਮਾਜ ਦੀ ਭੂਮਿਕਾ ਨੂੰ ਵਧਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਰਾਜਸਥਾਨ ਅਤੇ ਗੁਜਰਾਤ ਤੋਂ ਲੈ ਕੇ ਉੱਤਰ-ਪੂਰਬ ਅਤੇ ਓਡੀਸ਼ਾ ਤੱਕ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਭਿੰਨ ਕਬਾਇਲੀ ਸਮਾਜਾਂ ਦੀ ਸੇਵਾ ਕਰਨ ਲਈ ਸਪਸ਼ਟ ਨੀਤੀਆਂ ਨਾਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਨਬੰਧੂ ਕਲਿਆਣ ਯੋਜਨਾ ਰਾਹੀਂ ਆਦਿਵਾਸੀ ਆਬਾਦੀ ਨੂੰ ਪਾਣੀ ਅਤੇ ਬਿਜਲੀ ਕਨੈਕਸ਼ਨ, ਸਿੱਖਿਆ ਅਤੇ ਸਿਹਤ ਸੇਵਾਵਾਂ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ “ਅੱਜ, ਦੇਸ਼ ਵਿੱਚ ਜੰਗਲਾਂ ਦਾ ਘੇਰਾ ਵੀ ਵਧ ਰਿਹਾ ਹੈ ਅਤੇ ਸੰਸਾਧਨਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਦੇ ਨਾਲ ਹੀ ਕਬਾਇਲੀ ਖੇਤਰਾਂ ਨੂੰ ਵੀ ਡਿਜੀਟਲ ਇੰਡੀਆ ਨਾਲ ਜੋੜਿਆ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਏਕਲਵਯ ਰਿਹਾਇਸ਼ੀ ਸਕੂਲਾਂ ਦਾ ਵੀ ਜ਼ਿਕਰ ਕੀਤਾ ਜੋ ਪਰੰਪਰਾਗਤ ਕੌਸ਼ਲ ਦੇ ਨਾਲ-ਨਾਲ ਆਦਿਵਾਸੀ ਨੌਜਵਾਨਾਂ ਨੂੰ ਆਧੁਨਿਕ ਸਿੱਖਿਆ ਦੇ ਮੌਕੇ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਗੋਵਿੰਦ ਗੁਰੂ ਜੀ ਦੇ ਨਾਮ 'ਤੇ ਬਣੇ ਯੂਨੀਵਰਸਿਟੀ ਦੇ ਵਿਸ਼ਾਲ ਪ੍ਰਬੰਧਕੀ ਕੈਂਪਸ ਦਾ ਉਦਘਾਟਨ ਕਰਨ ਲਈ ਜਾਬੂਘੋੜਾ ਜਾਣਗੇ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਸਿਰਫ਼ ਬੀਤੀ ਸ਼ਾਮ ਹੀ ਉਨ੍ਹਾਂ ਨੇ ਅਹਿਮਦਾਬਾਦ-ਉਦੈਪੁਰ ਬਰੌਡ ਗੇਜ ਲਾਈਨ 'ਤੇ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਉਨ੍ਹਾਂ ਰਾਜਸਥਾਨ ਦੇ ਲੋਕਾਂ ਲਈ 300 ਕਿਲੋਮੀਟਰ ਲਾਈਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ ਇਹ ਗੁਜਰਾਤ ਦੇ ਬਹੁਤ ਸਾਰੇ ਕਬਾਇਲੀ ਖੇਤਰਾਂ ਨੂੰ ਰਾਜਸਥਾਨ ਦੇ ਕਬਾਇਲੀ ਖੇਤਰਾਂ ਨਾਲ ਜੋੜੇਗੀ ਅਤੇ ਇਨ੍ਹਾਂ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਨੂੰ ਹੁਲਾਰਾ ਦੇਵੇਗੀ।
ਮਾਨਗੜ੍ਹ ਧਾਮ ਦੇ ਸਮੁੱਚੇ ਵਿਕਾਸ ਬਾਰੇ ਚਰਚਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਮਾਨਗੜ੍ਹ ਧਾਮ ਦੇ ਵਿਸ਼ਾਲ ਵਿਸਤਾਰ ਦੀ ਪੁਰਜ਼ੋਰ ਇੱਛਾ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਚਾਰ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਮਿਲ ਕੇ ਕੰਮ ਕਰਨ ਅਤੇ ਇੱਕ ਰੋਡਮੈਪ ਤਿਆਰ ਕਰਨ ਬਾਰੇ ਵਿਸਤ੍ਰਿਤ ਚਰਚਾ ਕਰਨ ਤਾਂ ਜੋ ਗੋਵਿੰਦ ਗੁਰੂ ਜੀ ਦੇ ਇਸ ਯਾਦਗਾਰੀ ਅਸਥਾਨ ਨੂੰ ਦੁਨੀਆ ਦੇ ਨਕਸ਼ੇ 'ਤੇ ਜਗ੍ਹਾ ਮਿਲ ਸਕੇ। ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ "ਮੈਨੂੰ ਯਕੀਨ ਹੈ ਕਿ ਮਾਨਗੜ੍ਹ ਧਾਮ ਦਾ ਵਿਕਾਸ ਇਸ ਖੇਤਰ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਜਾਗ੍ਰਿਤ ਸਥਲ ਬਣਾ ਦੇਵੇਗਾ।”
ਇਸ ਮੌਕੇ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਕੇਂਦਰੀ ਸੱਭਿਆਚਾਰਕ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ, ਸਾਂਸਦ, ਵਿਧਾਇਕ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛੋਕੜ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਸਰਕਾਰ ਨੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਕਬਾਇਲੀ ਨਾਇਕਾਂ ਦੀ ਯਾਦ ਨੂੰ ਮਨਾਉਣ ਲਈ ਕਈ ਕਦਮ ਉਠਾਏ ਹਨ। ਇਨ੍ਹਾਂ ਵਿੱਚ 15 ਨਵੰਬਰ (ਆਦਿਵਾਸੀ ਸੁਤੰਤਰਤਾ ਸੈਨਾਨੀ ਬਿਰਸਾ ਮੁੰਡਾ ਦੇ ਜਨਮ ਦਿਨ) ਨੂੰ 'ਜਨਜਾਤੀਯ ਗੌਰਵ ਦਿਵਸ' ਵਜੋਂ ਐਲਾਨਣਾ, ਕਬਾਇਲੀ ਲੋਕਾਂ ਦੇ ਸਮਾਜ ਵਿੱਚ ਯੋਗਦਾਨ ਨੂੰ ਮਾਨਤਾ ਦੇਣ ਅਤੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਬਲੀਦਾਨਾਂ ਬਾਰੇ ਜਾਗਰੂਕਤਾ ਵਧਾਉਣ ਲਈ ਦੇਸ਼ ਭਰ ਵਿੱਚ ਕਬਾਇਲੀ ਅਜਾਇਬ ਘਰ ਸਥਾਪਿਤ ਕਰਨਾ ਆਦਿ ਸ਼ਾਮਲ ਹਨ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਮਾਨਗੜ੍ਹ ਹਿੱਲ, ਬਾਂਸਵਾੜਾ, ਰਾਜਸਥਾਨ ਵਿਖੇ ਇੱਕ ਪਬਲਿਕ ਪ੍ਰੋਗਰਾਮ - 'ਮਾਨਗੜ੍ਹ ਧਾਮ ਕੀ ਗੌਰਵ ਗਾਥਾ' ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਕਬਾਇਲੀ ਨਾਇਕਾਂ ਅਤੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਭੀਲ ਸੁਤੰਤਰਤਾ ਸੈਨਾਨੀ ਸ਼੍ਰੀ ਗੋਵਿੰਦ ਗੁਰੂ ਨੂੰ ਨਮਨ ਕੀਤਾ ਅਤੇ ਇਸ ਖੇਤਰ ਦੇ ਭੀਲ ਆਦਿਵਾਸੀਆਂ ਅਤੇ ਹੋਰ ਆਦਿਵਾਸੀ ਆਬਾਦੀ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ।
ਮਾਨਗੜ੍ਹ ਪਹਾੜੀ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਭੀਲ ਭਾਈਚਾਰੇ ਅਤੇ ਹੋਰ ਕਬੀਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਸੁਤੰਤਰਤਾ ਸੰਗਰਾਮ ਦੌਰਾਨ ਜਿੱਥੇ ਭੀਲਾਂ ਅਤੇ ਹੋਰ ਕਬੀਲਿਆਂ ਨੇ ਅੰਗ੍ਰੇਜ਼ਾਂ ਨਾਲ ਲੰਬੇ ਸਮੇਂ ਤੱਕ ਸੰਘਰਸ਼ ਕੀਤਾ, 1.5 ਲੱਖ ਤੋਂ ਵੱਧ ਭੀਲਾਂ ਨੇ 17 ਨਵੰਬਰ 1913 ਨੂੰ ਸ਼੍ਰੀ ਗੋਵਿੰਦ ਗੁਰੂ ਦੀ ਅਗਵਾਈ ਵਿੱਚ ਮਾਨਗੜ੍ਹ ਪਹਾੜੀ ਵਿਖੇ ਰੈਲੀ ਕੀਤੀ। ਅੰਗ੍ਰੇਜ਼ਾਂ ਨੇ ਇਸ ਇਕੱਠ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਮਾਨਗੜ੍ਹ ਕਤਲੇਆਮ ਹੋਇਆ ਜਿੱਥੇ ਲਗਭਗ 1500 ਆਦਿਵਾਸੀ ਸ਼ਹੀਦ ਹੋਏ।