ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਲਚਿਤ ਬੋਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਦੇ ਸਾਲ ਭਰ ਚਲਣ ਵਾਲੇ ਸਮਾਰੋਹ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 'ਲਚਿਤ ਬੋਰਫੁਕਨ – ਅਸਾਮ’ਜ਼ ਹੀਰੋ ਹੂ ਹਾਲਟਡ ਦ ਮੁਗ਼ਲਸ' ਨਾਮਕ ਕਿਤਾਬ ਵੀ ਰਿਲੀਜ਼ ਕੀਤੀ।
ਅਣਗੌਲੇ ਨਾਇਕਾਂ ਨੂੰ ਢੁਕਵੇਂ ਢੰਗ ਨਾਲ ਸਨਮਾਨਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਅੱਜ ਦਾ ਅਵਸਰ ਅਸਾਮ ਦੇ ਅਹੋਮ ਰਾਜ ਦੀ ਸ਼ਾਹੀ ਫ਼ੌਜ ਦੇ ਮਸ਼ਹੂਰ ਜਨਰਲ, ਲਚਿਤ ਬੋਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਦੇ ਸਨਮਾਨ ਲਈ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਮੁਗ਼ਲਾਂ ਨੂੰ ਹਰਾਇਆ ਅਤੇ ਸਫ਼ਲਤਾਪੂਰਵਕ ਔਰੰਗਜ਼ੇਬ ਦੇ ਅਧੀਨ ਮੁਗ਼ਲਾਂ ਦੀਆਂ ਲਗਾਤਾਰ ਵਧਦੀਆਂ ਇੱਛਾਵਾਂ ਨੂੰ ਰੋਕ ਦਿੱਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਸਾਮ ਦੀ ਧਰਤੀ ਲਈ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਸ਼ੁਰੂਆਤ ਕੀਤੀ, ਜਿਸ ਨੇ ਵੀਰ ਲਚਿਤ ਜਿਹੇ ਬਹਾਦਰ ਪੁੱਤਰਾਂ ਨੂੰ ਪੈਦਾ ਕੀਤਾ। ਉਨ੍ਹਾਂ ਕਿਹਾ, “ਅਸੀਂ ਬਹਾਦਰ ਲਚਿਤ ਬੋਰਫੁਕਨ ਨੂੰ ਉਨ੍ਹਾਂ ਦੀ 400ਵੀਂ ਜਨਮ ਵਰ੍ਹੇਗੰਢ 'ਤੇ ਪ੍ਰਣਾਮ ਕਰਦੇ ਹਾਂ। ਉਨ੍ਹਾਂ ਅਸਾਮ ਦੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।"
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਅਜਿਹੇ ਸਮੇਂ ਵਿੱਚ ਲਚਿਤ ਬੋਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ ਜਦੋਂ ਦੇਸ਼ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ।" ਵੀਰ ਲਚਿਤ ਦੇ ਕਾਰਨਾਮੇ ਨੂੰ ਅਸਾਮ ਦੇ ਇਤਿਹਾਸ ਦਾ ਇੱਕ ਗੌਰਵਮਈ ਅਧਿਆਏ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਭਾਰਤ ਦੇ ਸਦੀਵੀ ਸੱਭਿਆਚਾਰ, ਸਦੀਵੀ ਬਹਾਦਰੀ ਅਤੇ ਸਦੀਵੀ ਹੋਂਦ ਦੇ ਉਤਸਵ ਦੇ ਮੌਕੇ 'ਤੇ ਇਸ ਮਹਾਨ ਪਰੰਪਰਾ ਨੂੰ ਸਲਾਮ ਕਰਦਾ ਹਾਂ।" ਪ੍ਰਧਾਨ ਮੰਤਰੀ ਨੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਵਿਰਾਸਤ 'ਤੇ ਮਾਣ ਕਰਨ ਲਈ ਭਾਰਤ ਦੀ ਮਨੋਦਸ਼ਾ ਨੂੰ ਦੁਹਰਾਇਆ। ਭਾਰਤ ਨਾ ਸਿਰਫ਼ ਆਪਣੀ ਸੱਭਿਆਚਾਰਕ ਵਿਵਿਧਤਾ ਦਾ ਜਸ਼ਨ ਮਨਾ ਰਿਹਾ ਹੈ, ਬਲਕਿ ਆਪਣੇ ਇਤਿਹਾਸ ਦੇ ਅਣਗਿਣਤ ਨਾਇਕਾਂ ਅਤੇ ਨਾਇਕਾਵਾਂ ਨੂੰ ਵੀ ਮਾਨਤਾ ਦੇ ਰਿਹਾ ਹੈ। “ਲਚਿਤ ਬੋਰਫੁਕਨ ਜਿਹੇ ਮਾਂ ਭਾਰਤੀ ਦੇ ਅਮਰ ਪੁੱਤਰ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਉਹ ਸਾਨੂੰ ਸਾਡੇ ਇਤਿਹਾਸ ਦੀ ਪਹਿਚਾਣ ਅਤੇ ਸ਼ਾਨ ਤੋਂ ਜਾਣੂ ਕਰਵਾਉਂਦੇ ਹਨ ਅਤੇ ਸਾਨੂੰ ਆਪਣੇ ਆਪ ਨੂੰ ਰਾਸ਼ਟਰ ਪ੍ਰਤੀ ਸਮਰਪਿਤ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਮਨੁੱਖੀ ਹੋਂਦ ਦੇ ਹਜ਼ਾਰ ਸਾਲ ਪੁਰਾਣੇ ਇਤਿਹਾਸ ਵਿੱਚ ਧਰਤੀ 'ਤੇ ਬਹੁਤ ਸਾਰੀਆਂ ਸੱਭਿਅਤਾਵਾਂ ਆਈਆਂ, ਬਹੁਤ ਸਾਰੀਆਂ ਜੋ ਅਵਿਨਾਸ਼ੀ ਜਾਪਦੀਆਂ ਸਨ, ਪਰ ਇਹ ਸਮੇਂ ਦੇ ਚੱਕਰ ਨੇ ਉਨ੍ਹਾਂ ਨੂੰ ਗੋਡਿਆਂ 'ਤੇ ਲਿਆ ਦਿੱਤਾ। ਹੋਰਨਾਂ ਸੱਭਿਅਤਾਵਾਂ ਅਤੇ ਭਾਰਤ ਵਿਚਲੇ ਅੰਤਰਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਅੱਜ ਅਜਿਹੀਆਂ ਸੱਭਿਅਤਾਵਾਂ ਦੇ ਅਵਸ਼ੇਸ਼ਾਂ ਦੇ ਅਧਾਰ 'ਤੇ ਇਤਿਹਾਸ ਦਾ ਮੁੱਲਾਂਕਣ ਕਰਦੀ ਹੈ, ਪਰ ਭਾਰਤ ਨੇ ਇਤਿਹਾਸ ਵਿੱਚ ਅਣਕਿਆਸੀਆਂ ਮੁਸੀਬਤਾਂ ਅਤੇ ਵਿਦੇਸ਼ੀ ਹਮਲਾਵਰਾਂ ਦੇ ਅਣਕਿਆਸੇ ਆਤੰਕ ਦਾ ਸਾਹਮਣਾ ਕੀਤਾ ਅਤੇ ਉਹ ਉਸੇ ਊਰਜਾ ਅਤੇ ਚੇਤਨਾ ਨਾਲ ਅੱਜ ਵੀ ਅਮਰ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਜਦੋਂ ਵੀ ਕੋਈ ਸੰਕਟ ਆਇਆ ਤਾਂ ਉਸ ਨਾਲ ਨਜਿੱਠਣ ਲਈ ਕੋਈ ਨਾ ਕੋਈ ਸ਼ਖ਼ਸੀਅਤ ਸਾਹਮਣੇ ਆਈ। ਹਰ ਯੁੱਗ ਵਿੱਚ ਸੰਤ ਅਤੇ ਵਿਦਵਾਨ ਭਾਰਤ ਦੀ ਅਧਿਆਤਮਿਕ ਅਤੇ ਸੰਸਕ੍ਰਿਤਕ ਪਹਿਚਾਣ ਦੀ ਰਾਖੀ ਲਈ ਆਏ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲਚਿਤ ਬੋਰਫੁਕਨ ਜਿਹੇ ਬਹਾਦਰਾਂ ਨੇ ਦਿਖਾਇਆ ਕਿ ਕੱਟੜਤਾ ਅਤੇ ਆਤੰਕੀ ਤਾਕਤਾਂ ਖ਼ਤਮ ਹੋ ਜਾਂਦੀਆਂ ਹਨ, ਪਰ ਭਾਰਤੀ ਜੀਵਨ ਦਾ ਅਵਿਨਾਸ਼ੀ ਚਾਨਣ ਸਦੀਵੀ ਰਹਿੰਦਾ ਹੈ।
ਅਸਾਮ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀ ਸੰਸਕ੍ਰਿਤਕ ਯਾਤਰਾ ਦੀ ਕੀਮਤੀ ਵਿਰਾਸਤ ਨਾਲ ਸਬੰਧਤ ਹੈ। ਇਹ ਵਿਚਾਰ ਅਤੇ ਵਿਚਾਰਧਾਰਾ, ਸਮਾਜ ਅਤੇ ਸੱਭਿਆਚਾਰ ਅਤੇ ਵਿਸ਼ਵਾਸਾਂ ਅਤੇ ਪਰੰਪਰਾਵਾਂ ਦਾ ਸੁਮੇਲ ਹੈ। ਅਸਾਮ ਅਤੇ ਉੱਤਰ-ਪੂਰਬ ਦੀ ਧਰਤੀ ਦੀ ਬੇਮਿਸਾਲ ਬਹਾਦਰੀ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਕਈ ਮੌਕਿਆਂ 'ਤੇ ਤੁਰਕਾਂ, ਅਫ਼ਗ਼ਾਨਾਂ ਅਤੇ ਮੁਗ਼ਲਾਂ ਨੂੰ ਭਜਦੇ ਦੇਖਿਆ ਹੈ। ਭਾਵੇਂ ਮੁਗ਼ਲਾਂ ਨੇ ਗੁਵਾਹਾਟੀ 'ਤੇ ਕਬਜ਼ਾ ਕਰ ਲਿਆ ਸੀ, ਇਹ ਲਚਿਤ ਬੋਰਫੁਕਨ ਜਿਹੇ ਬਹਾਦਰ ਸਨ, ਜਿਨ੍ਹਾਂ ਨੇ ਮੁਗ਼ਲ ਸਾਮਰਾਜ ਦੇ ਜ਼ਾਲਮ ਸ਼ਾਸਕਾਂ ਦੇ ਪੰਜੇ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਸਰਾਏਘਾਟ ਵਿਖੇ ਵੀਰ ਲਚਿਤ ਬੋਰਫੁਕਨ ਦੁਆਰਾ ਦਿਖਾਈ ਬਹਾਦਰੀ ਮਾਤ ਭੂਮੀ ਲਈ ਬੇਮਿਸਾਲ ਪਿਆਰ ਦੀ ਇੱਕ ਉਦਾਹਰਣ ਹੀ ਨਹੀਂ ਸੀ, ਬਲਕਿ ਉਹ ਪੂਰੇ ਅਸਾਮ ਖੇਤਰ ਨੂੰ ਇਕਜੁੱਟ ਕਰਨ ਦੀ ਸ਼ਕਤੀ ਵੀ ਰੱਖਦੇ ਸਨ, ਜਿੱਥੇ ਹਰ ਨਾਗਰਿਕ ਜ਼ਰੂਰਤ ਪੈਣ 'ਤੇ ਮਾਤ ਭੂਮੀ ਦੀ ਰਾਖੀ ਕਰਨ ਲਈ ਤਿਆਰ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਲਚਿਤ ਬੋਰਫੁਕਨ ਦੀ ਬਹਾਦਰੀ ਅਤੇ ਨਿਡਰਤਾ ਅਸਾਮ ਦੀ ਪਹਿਚਾਣ ਹੈ।"
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦਾ ਇਤਿਹਾਸ ਸਿਰਫ਼ ਗ਼ੁਲਾਮੀ ਬਾਰੇ ਨਹੀਂ ਹੈ, ਇਹ ਜੇਤੂ ਬਣਕੇ ਉੱਭਰਨ ਬਾਰੇ ਹੈ, ਇਹ ਅਣਗਿਣਤ ਮਹਾਨ ਲੋਕਾਂ ਦੀ ਬਹਾਦਰੀ ਬਾਰੇ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦਾ ਇਤਿਹਾਸ ਬੇਮਿਸਾਲ ਬਹਾਦਰੀ ਅਤੇ ਹਿੰਮਤ ਨਾਲ ਜ਼ੁਲਮ ਦੇ ਖਿਲਾਫ ਖੜ੍ਹੇ ਹੋਣ ਦਾ ਹੈ। “ਬਦਕਿਸਮਤੀ ਨਾਲ, ਸਾਨੂੰ ਆਜ਼ਾਦੀ ਤੋਂ ਬਾਅਦ ਵੀ ਉਹੀ ਇਤਿਹਾਸ ਪੜ੍ਹਾਇਆ ਗਿਆ, ਜੋ ਗ਼ੁਲਾਮੀ ਦੇ ਦੌਰ ਵਿੱਚ ਇੱਕ ਸਾਜ਼ਿਸ਼ ਵਜੋਂ ਲਿਖਿਆ ਗਿਆ ਸੀ। ਆਜ਼ਾਦੀ ਤੋਂ ਬਾਅਦ, ਸਾਨੂੰ ਗ਼ੁਲਾਮ ਬਣਾਉਣ ਵਾਲੇ ਵਿਦੇਸ਼ੀਆਂ ਦੇ ਏਜੰਡਾ ਨੂੰ ਬਦਲਣ ਦੀ ਜ਼ਰੂਰਤ ਸੀ, ਹਾਲਾਂਕਿ ਅਜਿਹਾ ਨਹੀਂ ਕੀਤਾ ਗਿਆ। ਦੇਸ਼ ਦੇ ਹਰ ਹਿੱਸੇ ਵਿੱਚ ਜ਼ੁਲਮ ਦੇ ਵਿਰੋਧ ਦੀਆਂ ਕਹਾਣੀਆਂ ਨੂੰ ਜਾਣ ਬੁੱਝ ਕੇ ਦਬਾ ਦਿੱਤਾ ਗਿਆ ਸੀ। “ਜਬਰ ਦੇ ਲੰਬੇ ਸਮੇਂ ਦੌਰਾਨ ਬਦੀ 'ਤੇ ਜਿੱਤ ਦੀਆਂ ਅਣਗਿਣਤ ਕਹਾਣੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਮਾਗਮਾਂ ਨੂੰ ਮੁੱਖ ਧਾਰਾ ਵਿੱਚ ਨਾ ਲਿਆਉਣ ਦੀ ਗਲਤੀ ਹੁਣ ਸੁਧਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਦਿੱਲੀ ਵਿੱਚ ਹੋ ਰਿਹਾ ਹੈ, ਇਹ ਇਸ ਤਬਦੀਲੀ ਦਾ ਹੀ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਨਾਇਕਾਂ ਦੀ ਵਿਰਾਸਤ ਦੇ ਜਸ਼ਨ ਨੂੰ ਮਨਾਉਣ ਲਈ ਉਠਾਏ ਕਦਮਾਂ ਲਈ ਅਸਾਮ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਸਾਮ ਵਿੱਚ ਆਪਣੇ ਨਾਇਕਾਂ ਦੇ ਸਨਮਾਨ ਲਈ ਇੱਕ ਅਜਾਇਬ ਘਰ ਅਤੇ ਇੱਕ ਯਾਦਗਾਰ ਜਿਹੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਨੌਜਵਾਨ ਪੀੜ੍ਹੀ ਨੂੰ ਕੁਰਬਾਨੀ ਅਤੇ ਬਹਾਦਰੀ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ, "ਲਚਿਤ ਬੋਰਫੁਕਨ ਦਾ ਜੀਵਨ ਸਾਨੂੰ 'ਰਾਸ਼ਟਰ ਨੂੰ ਪਹਿਲ' ਦੇ ਮੰਤਰ ਨਾਲ ਜਿਊਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਖ਼ੁਦ ਤੋਂ ਉੱਪਰ ਉੱਠ ਕੇ ਰਾਸ਼ਟਰ ਹਿੱਤ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਭਾਈ-ਭਤੀਜਾਵਾਦ ਅਤੇ ਵੰਸ਼ਵਾਦ ਦੀ ਬਜਾਏ ਦੇਸ਼ ਨੂੰ ਸਰਬਉੱਚ ਹੋਣਾ ਚਾਹੀਦਾ ਹੈ। ਵੀਰ ਲਚਿਤ ਬੋਰਫੁਕਨ ਦੇ ਜੀਵਨ ਤੋਂ ਉਦਾਹਰਣ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਕੋਈ ਵੀ ਵਿਅਕਤੀ ਜਾਂ ਸਬੰਧ ਦੇਸ਼ ਤੋਂ ਉੱਪਰ ਨਹੀਂ ਹੈ।"
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕੋਈ ਰਾਸ਼ਟਰ ਆਪਣੇ ਅਸਲ ਅਤੀਤ ਨੂੰ ਜਾਣਦਾ ਹੈ, ਤਾਂ ਹੀ ਉਹ ਆਪਣੇ ਅਨੁਭਵਾਂ ਤੋਂ ਸਿੱਖ ਸਕਦਾ ਹੈ ਅਤੇ ਆਪਣੇ ਭਵਿੱਖ ਲਈ ਸਹੀ ਦਿਸ਼ਾ ਵੱਲ ਵਧ ਸਕਦਾ ਹੈ। ਉਨ੍ਹਾਂ ਕਿਹਾ, “ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਤਿਹਾਸ ਦੀ ਸਾਡੀ ਭਾਵਨਾ ਕੁਝ ਦਹਾਕਿਆਂ ਅਤੇ ਸਦੀਆਂ ਤੱਕ ਸੀਮਿਤ ਨਾ ਰਹੇ।" ਭਾਰਤ ਰਤਨ ਭੂਪੇਨ ਹਜ਼ਾਰਿਕਾ ਦੀਆਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰ-ਵਾਰ ਯਾਦ ਕਰਕੇ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੀ ਸਹੀ ਤਸਵੀਰ ਪੇਸ਼ ਕਰ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਤਰਜ਼ 'ਤੇ ਲਚਿਤ ਬੋਰਫੁਕਨ 'ਤੇ ਇੱਕ ਵਿਸ਼ਾਲ ਥੀਏਟਰ ਨਾਟਕ ਬਣਾਉਣ ਅਤੇ ਇਸ ਨੂੰ ਦੇਸ਼ ਦੇ ਹਰ ਕੋਨੇ ਤੱਕ ਲੈ ਜਾਣ ਦਾ ਸੁਝਾਅ ਦਿੱਤਾ। ਇਸ ਨਾਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਵੱਡਾ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਭਾਸ਼ਣ ਸਮਾਪਤ ਕਰਦੇ ਹੋਏ ਕਿਹਾ, “ਅਸੀਂ ਭਾਰਤ ਨੂੰ ਵਿਕਸਿਤ ਬਣਾਉਣਾ ਹੈ ਅਤੇ ਉੱਤਰ-ਪੂਰਬ ਨੂੰ ਭਾਰਤ ਦੇ ਵਿਕਾਸ ਦਾ ਕੇਂਦਰ ਬਣਾਉਣਾ ਹੈ। ਮੈਨੂੰ ਭਰੋਸਾ ਹੈ ਕਿ ਵੀਰ ਲਚਿਤ ਬੋਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਦੀ ਭਾਵਨਾ ਸਾਡੇ ਸੰਕਲਪ ਨੂੰ ਤਾਕਤ ਦੇਵੇਗੀ ਅਤੇ ਰਾਸ਼ਟਰ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰੇਗਾ।"
ਇੱਥੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਵਿਗਿਆਨ ਭਵਨ ਦੇ ਪੱਛਮੀ ਕੋਰਟਯਾਰਡ ਵਿੱਚ ਗ੍ਰਾਮੀਣ ਅਸਾਮ ਨੂੰ ਦਰਸਾਉਂਦੀ ਝਾਕੀ ਵੀ ਦੇਖੀ ਅਤੇ ਇਤਿਹਾਸਿਕ ਦ੍ਰਿਸ਼ਟੀਕੋਣਾਂ 'ਤੇ ਅਧਾਰਿਤ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ਮਾ ਰੋਸ਼ਨ ਕੀਤੀ ਅਤੇ ਲਚਿਤ ਬੋਰਫੁਕਨ ਦੀ ਤਸਵੀਰ ਅੱਗੇ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਅਸਾਮ ਦੇ ਰਾਜਪਾਲ ਪ੍ਰੋਫੈਸਰ ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸ਼ਰਮਾ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸੰਸਦ ਮੈਂਬਰ, ਜਸਟਿਸ (ਸੇਵਾਮੁਕਤ) ਰੰਜਨ ਗੋਗੋਈ, ਸ਼੍ਰੀ ਟੋਪੋਨ ਕੁਮਾਰ ਗੋਗੋਈ ਅਤੇ ਅਸਾਮ ਸਰਕਾਰ ਦੇ ਮੈਂਬਰ ਅਤੇ ਹੋਰ ਲੋਕ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਅਣਗੌਲੇ ਨਾਇਕਾਂ ਨੂੰ ਢੁਕਵੇਂ ਢੰਗ ਨਾਲ ਸਨਮਾਨਿਤ ਕੀਤਾ ਜਾਵੇ। ਇਸ ਦੇ ਤਹਿਤ ਹੀ ਦੇਸ਼ ਸਾਲ 2022 ਨੂੰ ਲਚਿਤ ਬੋਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਵਜੋਂ ਮਨਾ ਰਿਹਾ ਹੈ। ਇਨ੍ਹਾਂ ਜਸ਼ਨਾਂ ਦਾ ਉਦਘਾਟਨ ਇਸ ਸਾਲ ਫਰਵਰੀ ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਗੁਵਾਹਾਟੀ ਵਿੱਚ ਕੀਤਾ ਗਿਆ ਸੀ।
ਲਚਿਤ ਬੋਰਫੁਕਨ (24 ਨਵੰਬਰ 1622 - 25 ਅਪ੍ਰੈਲ 1672) ਅਸਾਮ ਦੇ ਅਹੋਮ ਰਾਜ ਦੀ ਸ਼ਾਹੀ ਫ਼ੌਜ ਦੇ ਮਸ਼ਹੂਰ ਜਨਰਲ ਸਨ, ਜਿਨ੍ਹਾਂ ਨੇ ਮੁਗ਼ਲਾਂ ਨੂੰ ਹਰਾਇਆ ਅਤੇ ਔਰੰਗਜ਼ੇਬ ਦੇ ਅਧੀਨ ਮੁਗ਼ਲਾਂ ਦੀਆਂ ਲਗਾਤਾਰ ਵਧਦੀਆਂ ਇੱਛਾਵਾਂ ਨੂੰ ਸਫ਼ਲਤਾਪੂਰਵਕ ਰੋਕ ਦਿੱਤਾ। ਲਚਿਤ ਬੋਰਫੁਕਨ ਨੇ 1671 ਵਿੱਚ ਲੜੇ ਗਏ ਸਰਾਏਘਾਟ ਦੇ ਯੁੱਧ ਵਿੱਚ ਅਸਾਮੀ ਸੈਨਿਕਾਂ ਨੂੰ ਪ੍ਰੇਰਿਤ ਕੀਤਾ ਅਤੇ ਮੁਗ਼ਲਾਂ ਨੂੰ ਕੁਚਲਣ ਵਾਲੀ ਅਤੇ ਸ਼ਰਮਨਾਕ ਹਾਰ ਦਿੱਤੀ। ਲਚਿਤ ਬੋਰਫੁਕਨ ਅਤੇ ਉਨ੍ਹਾਂ ਦੀ ਫ਼ੌਜ ਦੀ ਬਹਾਦਰੀ ਦੀ ਲੜਾਈ ਸਾਡੇ ਦੇਸ਼ ਦੇ ਇਤਿਹਾਸ ਵਿੱਚ ਟਾਕਰੇ ਦੇ ਸਭ ਤੋਂ ਪ੍ਰੇਰਣਾਦਾਇਕ ਫ਼ੌਜੀ ਕਾਰਨਾਮਿਆਂ ਵਿੱਚੋਂ ਇੱਕ ਹੈ।
PM @narendramodi begins his speech by bowing to the great land of Assam. pic.twitter.com/rCgewISras
— PMO India (@PMOIndia) November 25, 2022
India is celebrating the 400th birth anniversary of Lachit Borphukan at a time when the country is marking 'Azadi Ka Amrit Mahotsav.' pic.twitter.com/vrRP15l3Ej
— PMO India (@PMOIndia) November 25, 2022
Saints and seers have guided our nation since time immemorial. pic.twitter.com/40cuMiZWzc
— PMO India (@PMOIndia) November 25, 2022
The history of India is about emerging victorious, it is about the valour of countless greats. pic.twitter.com/pG58Mn7CZ0
— PMO India (@PMOIndia) November 25, 2022
Countless greats fought the evil forces but unfortunately their valour wasn't recognised. pic.twitter.com/ZhNY88JO0Q
— PMO India (@PMOIndia) November 25, 2022
Lachit Borphukan's life inspires us to live the mantra of 'Nation First.' pic.twitter.com/nsSfwcR6VT
— PMO India (@PMOIndia) November 25, 2022