ਵਿਸ਼ਨੂੰ ਮਹਾਯੱਗ ਵਿੱਚ ਮੰਦਿਰ ਦਰਸ਼ਨ, ਪਰਿਕਰਮਾ ਅਤੇ ਪੂਰਨਾਹੂਤੀ ਕੀਤੀ
ਦੇਸ਼ ਦੇ ਨਿਰੰਤਰ ਵਿਕਾਸ ਅਤੇ ਗਰੀਬਾਂ ਦੀ ਭਲਾਈ ਲਈ ਮੰਗਿਆ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦਾ ਅਸ਼ੀਰਵਾਦ
"ਭਾਰਤ ਨੂੰ ਭੂਗੋਲਿਕ, ਸੱਭਿਆਚਾਰਕ, ਸਮਾਜਿਕ ਅਤੇ ਵਿਚਾਰਧਾਰਕ ਤੌਰ 'ਤੇ ਤੋੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕੋਈ ਵੀ ਤਾਕਤ ਭਾਰਤ ਨੂੰ ਤਬਾਹ ਨਹੀਂ ਕਰ ਸਕੀ"
"ਸਮਾਜ ਸ਼ਕਤੀ ਨੇ ਭਾਰਤ ਦੀ ਹਜ਼ਾਰਾਂ ਸਾਲਾਂ ਦੀ ਯਾਤਰਾ ਵਿੱਚ ਇੱਕ ਬੜੀ ਭੂਮਿਕਾ ਨਿਭਾਈ ਹੈ; ਇਹ ਭਾਰਤੀ ਸਮਾਜ ਦੀ ਤਾਕਤ ਅਤੇ ਪ੍ਰੇਰਣਾ ਹੈ, ਜੋ ਰਾਸ਼ਟਰ ਦੀ ਅਮਰਤਾ ਨੂੰ ਕਾਇਮ ਰੱਖਦੀ ਹੈ"
"ਭਗਵਾਨ ਦੇਵਨਾਰਾਇਣ ਦਾ ਦਿਖਾਇਆ ਮਾਰਗ 'ਸਬਕਾ ਸਾਥ' ਤੋਂ 'ਸਬਕਾ ਵਿਕਾਸ' ਤੱਕ ਹੈ, ਅੱਜ ਦੇਸ਼ ਇਸ ਰਾਹ 'ਤੇ ਚਲ ਰਿਹਾ ਹੈ"
"ਦੇਸ਼ ਸਮਾਜ ਦੇ ਹਰ ਵਰਗ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਅਣਗੌਲਿਆ ਰਿਹਾ ਹੈ, ਵੰਚਿਤ ਰਿਹਾ ਹੈ"
"ਰਾਸ਼ਟਰੀ ਰੱਖਿਆ ਹੋਵੇ ਜਾਂ ਸੱਭਿਆਚਾਰ ਦੀ ਸੰਭਾਲ਼, ਗੁੱਜਰ ਭਾਈਚਾਰੇ ਨੇ ਹਰ ਦੌਰ ਵਿੱਚ ਰੱਖਿਅਕ ਦੀ ਭੂਮਿਕਾ ਨਿਭਾਈ ਹੈ"
"ਨਵਾਂ ਭਾਰਤ ਪਿਛਲੇ ਦਹਾਕਿਆਂ ਦੀਆਂ ਗਲਤੀਆਂ ਨੂੰ ਸੁਧਾਰ ਰਿਹਾ ਹੈ ਅਤੇ ਆਪਣੇ ਅਣਗੌਲੇ ਨਾਇਕਾਂ ਦਾ ਸਨਮਾਨ ਕਰਦਾ ਹੈ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ ‘ਅਵਤਰਣ ਮਹੋਤਸਵ’ ਦੇ ਸਬੰਧ ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮੰਦਿਰ ਦਾ ਦੌਰਾ ਕੀਤਾ ਅਤੇ ਪਰਿਕਰਮਾ ਕੀਤੀ ਅਤੇ ਨਿੰਮ ਦਾ ਬੂਟਾ ਵੀ ਲਾਇਆ। ਉਨ੍ਹਾਂ ਯੱਗਸ਼ਾਲਾ ਵਿੱਚ ਚਲ ਰਹੇ ਵਿਸ਼ਨੂੰ ਮਹਾਯੱਗ ਵਿੱਚ ਪੂਰਨਾਹੂਤੀ ਵੀ ਕੀਤੀ। ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੀ ਰਾਜਸਥਾਨ ਦੇ ਲੋਕ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੇ ਪੈਰੋਕਾਰ ਦੇਸ਼ ਭਰ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੂੰ ਲੋਕ ਸੇਵਾ ਲਈ ਕੀਤੇ ਕਾਰਜਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸ਼ੁਭ ਮੌਕੇ 'ਤੇ ਹਾਜ਼ਰ ਹੋਣ ਦਾ ਮੌਕਾ ਮਿਲਣ 'ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇੱਥੇ ਪ੍ਰਧਾਨ ਮੰਤਰੀ ਵਜੋਂ ਨਹੀਂ, ਸਗੋਂ ਇੱਕ ਸ਼ਰਧਾਲੂ ਦੇ ਰੂਪ ਵਿੱਚ ਆਏ ਹਨ ਜੋ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦਾ ਅਸ਼ੀਰਵਾਦ ਲੈਣਾ ਚਾਹੁੰਦਾ ਹੈ। ਉਨ੍ਹਾਂ ਯੱਗਸ਼ਾਲਾ ਵਿੱਚ ਚਲ ਰਹੇ ਵਿਸ਼ਨੂੰ ਮਹਾਯੱਗ ਵਿੱਚ ‘ਪੂਰਨਾਹੂਤੀ’ ਦੇਣ ਲਈ ਵੀ ਧੰਨਵਾਦ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਦੇਵਨਾਰਾਇਣ ਜੀ ਅਤੇ 'ਜਨਤਾ ਜਨਾਰਦਨ' ਦੋਵਾਂ ਦੇ 'ਦਰਸ਼ਨ' ਕਰਕੇ ਧੰਨ ਮਹਿਸੂਸ ਕਰਦਾ ਹਾਂ।" ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, "ਦੇਸ਼ ਭਰ ਤੋਂ ਇੱਥੇ ਆਏ ਸਾਰੇ ਸ਼ਰਧਾਲੂਆਂ ਵਾਂਗ ਮੈਂ ਦੇਸ਼ ਦੀ ਨਿਰੰਤਰ ਸੇਵਾ ਅਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਭਗਵਾਨ ਦੇਵਨਾਰਾਇਣ ਦਾ ਅਸ਼ੀਰਵਾਦ ਲੈਣ ਆਇਆ ਹਾਂ।"

ਭਗਵਾਨ ਸ਼੍ਰੀ ਦੇਵਨਾਰਾਇਣ ਦੇ 1111ਵੇਂ ਅਵਤਾਰ ਦਿਵਸ ਦੇ ਸ਼ਾਨਦਾਰ ਮੌਕੇ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਥੇ ਪਿਛਲੇ ਇੱਕ ਹਫ਼ਤੇ ਤੋਂ ਆਯੋਜਿਤ ਕੀਤੇ ਜਾ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਗੁੱਜਰ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਬਾਰੇ ਗੱਲ ਕੀਤੀ। ਉਨ੍ਹਾਂ ਸਮਾਜ ਦੇ ਹਰੇਕ ਵਿਅਕਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ।

ਭਾਰਤੀ ਚੇਤਨਾ ਦੇ ਨਿਰੰਤਰ ਪ੍ਰਾਚੀਨ ਪ੍ਰਵਾਹ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ਼ ਇੱਕ ਭੂਮੀ ਨਹੀਂ ਹੈ, ਸਗੋਂ ਸਾਡੀ ਸੱਭਿਅਤਾ, ਸੰਸਕ੍ਰਿਤੀ, ਸਦਭਾਵਨਾ ਅਤੇ ਸੰਭਾਵਨਾਵਾਂ ਦਾ ਪ੍ਰਗਟਾਵਾ ਹੈ। ਭਾਰਤੀ ਸੱਭਿਅਤਾ ਦੇ ਲਚਕੀਲੇਪਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁਨੀਆਂ ਦੀਆਂ ਬਹੁਤ ਸਾਰੀਆਂ ਸੱਭਿਅਤਾਵਾਂ ਸਮੇਂ ਦੇ ਨਾਲ ਮਰ ਗਈਆਂ, ਪਰਿਵਰਤਨਾਂ ਨਾਲ ਆਪਣੇ ਆਪ ਨੂੰ ਢਾਲਣ ਤੋਂ ਅਸਮਰੱਥ ਹਨ। ਉਨ੍ਹਾਂ ਨੇ ਕਿਹਾ, “ਭਾਰਤ ਨੂੰ ਭੂਗੋਲਿਕ, ਸੱਭਿਆਚਾਰਕ, ਸਮਾਜਿਕ ਅਤੇ ਵਿਚਾਰਧਾਰਕ ਤੌਰ 'ਤੇ ਤੋੜਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਕੋਈ ਵੀ ਤਾਕਤ ਭਾਰਤ ਨੂੰ ਖ਼ਤਮ ਨਹੀਂ ਕਰ ਸਕੀ।”

ਪ੍ਰਧਾਨ ਮੰਤਰੀ ਨੇ ਕਿਹਾ,"ਅੱਜ ਦਾ ਭਾਰਤ ਇੱਕ ਸ਼ਾਨਦਾਰ ਭਵਿੱਖ ਦੀ ਨੀਂਹ ਰੱਖ ਰਿਹਾ ਹੈ।" ਭਾਰਤੀ ਸਮਾਜ ਦੀ ਤਾਕਤ ਅਤੇ ਪ੍ਰੇਰਣਾ ਨੂੰ ਕ੍ਰੈਡਿਟ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਹਜ਼ਾਰਾਂ ਸਾਲਾਂ ਦੀ ਯਾਤਰਾ ਵਿੱਚ ਸਮਾਜਿਕ ਸ਼ਕਤੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਜੋ ਰਾਸ਼ਟਰ ਦੀ ਅਮਰਤਾ ਨੂੰ ਕਾਇਮ ਰੱਖਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਸਾਡੀ ਚੰਗੀ ਕਿਸਮਤ ਰਹੀ ਹੈ ਕਿ ਹਰ ਮਹੱਤਵਪੂਰਨ ਦੌਰ ਵਿੱਚ, ਸਾਡੇ ਸਮਾਜ ਦੇ ਅੰਦਰੋਂ ਅਜਿਹੀ ਊਰਜਾ ਉੱਭਰਦੀ ਹੈ, ਜਿਸ ਦੀ ਰੌਸ਼ਨੀ ਸਭ ਨੂੰ ਦਿਸ਼ਾ ਦਿਖਾਉਂਦੀ ਹੈ, ਸਭ ਦਾ ਕਲਿਆਣ ਕਰਦੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਦੇਵਨਾਰਾਇਣ ਵੀ ਇੱਕ ਅਜਿਹਾ ਸ਼ਕਤੀ ਘਰ, ਇੱਕ ਅਵਤਾਰ ਸਨ, ਜਿਨ੍ਹਾਂ ਨੇ ਸਾਡੇ ਜੀਵਨ ਅਤੇ ਸਾਡੇ ਸਭਿਆਚਾਰ ਨੂੰ ਅੱਤਿਆਚਾਰਾਂ ਤੋਂ ਬਚਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਸ਼੍ਰੀ ਦੇਵਨਾਰਾਇਣ ਨੇ ਹਮੇਸ਼ਾ ਸੇਵਾ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ। ਪ੍ਰਧਾਨ ਮੰਤਰੀ ਨੇ ਲੋਕਾਂ ਦੀ ਭਲਾਈ ਲਈ ਸ਼੍ਰੀ ਦੇਵਨਾਰਾਇਣ ਦੀ ਸਮਰਪਣ ਭਾਵਨਾ ਅਤੇ ਮਨੁੱਖਤਾ ਦੀ ਸੇਵਾ ਲਈ ਉਨ੍ਹਾਂ ਦੀ ਲਗਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,"ਭਗਵਾਨ ਦੇਵਨਾਰਾਇਣ ਦੁਆਰਾ ਦਿਖਾਇਆ ਗਿਆ ਮਾਰਗ 'ਸਬਕਾ ਸਾਥ' ਤੋਂ 'ਸਬਕਾ ਵਿਕਾਸ' ਤੱਕ ਹੈ। ਅੱਜ ਦੇਸ਼ ਇਸੇ ਰਾਹ 'ਤੇ ਚਲ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਪਿਛਲੇ 8-9 ਸਾਲਾਂ ਤੋਂ ਦੇਸ਼ ਸਮਾਜ ਦੇ ਹਰ ਵਰਗ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਵੰਚਿਤ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 'ਪਿਛਲੇ ਲੋਕਾਂ ਨੂੰ ਪਹਿਲ ਦਿਓ' ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਗਰੀਬਾਂ ਲਈ ਰਾਸ਼ਨ ਦੀ ਉਪਲਬਧਤਾ ਅਤੇ ਗੁਣਵੱਤਾ ਬਾਰੇ ਬਹੁਤ ਅਨਿਸ਼ਚਿਤਤਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਲਾਭਪਾਤਰੀ ਨੂੰ ਪੂਰਾ ਰਾਸ਼ਨ ਮਿਲ ਰਿਹਾ ਹੈ ਅਤੇ ਮੁਫ਼ਤ ਮਿਲ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਡਾਕਟਰੀ ਇਲਾਜ ਦੀ ਚਿੰਤਾ ਨੂੰ ਦੂਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, "ਅਸੀਂ ਰਿਹਾਇਸ਼, ਪਖਾਨੇ, ਗੈਸ ਕਨੈਕਸ਼ਨ ਅਤੇ ਬਿਜਲੀ ਬਾਰੇ ਗ਼ਰੀਬ ਵਰਗ ਦੀਆਂ ਚਿੰਤਾਵਾਂ ਨੂੰ ਵੀ ਹੱਲ ਕਰ ਰਹੇ ਹਾਂ।" ਹਾਲੀਆ ਸਾਲਾਂ ਵਿੱਚ ਹੋਏ ਵਿੱਤੀ ਸਮਾਵੇਸ਼ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬੈਂਕਾਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਦੀ ਕੀਮਤ ਰਾਜਸਥਾਨ ਜਿੰਨੀ ਕੋਈ ਨਹੀਂ ਜਾਣਦਾ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਸਿਰਫ਼ 3 ਕਰੋੜ ਪਰਿਵਾਰਾਂ ਨੂੰ ਹੀ ਆਪਣੇ ਘਰਾਂ ਵਿੱਚ ਨਲਕੇ ਦੇ ਪਾਣੀ ਦੇ ਕਨੈਕਸ਼ਨ ਮਿਲੇ ਹਨ ਅਤੇ 16 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਰੋਜ਼ਾਨਾ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਯਤਨਾਂ ਨਾਲ ਹੁਣ ਤੱਕ ਗਿਆਰਾਂ ਕਰੋੜ ਤੋਂ ਵੱਧ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਕਨੈਕਸ਼ਨ ਮਿਲ ਚੁੱਕੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਖੇਤੀ ਖੇਤਰਾਂ ਨੂੰ ਪਾਣੀ ਦੀ ਸਪਲਾਈ ਕਰਨ ਲਈ ਕੀਤੇ ਜਾ ਰਹੇ ਸਮੁੱਚੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ,"ਚਾਹੇ ਇਹ ਰਵਾਇਤੀ ਤਰੀਕਿਆਂ ਦਾ ਵਿਸਤਾਰ ਹੋਵੇ ਜਾਂ ਸਿੰਚਾਈ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ, ਕਿਸਾਨਾਂ ਦਾ ਹਰ ਕਦਮ 'ਤੇ ਸਮਰਥਨ ਕੀਤਾ ਜਾਂਦਾ ਹੈ।" ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਰਾਜਸਥਾਨ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 15,000 ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ।

'ਗਊ ਸੇਵਾ' ਨੂੰ ਸਮਾਜ ਸੇਵਾ ਅਤੇ ਸਮਾਜਿਕ ਸਸ਼ਕਤੀਕਰਨ ਦਾ ਸਾਧਨ ਬਣਾਉਣ ਲਈ ਭਗਵਾਨ ਦੇਵਨਾਰਾਇਣ ਦੀ ਮੁਹਿੰਮ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਗਊ ਸੇਵਾ ਦੀ ਵਧ ਰਹੀ ਭਾਵਨਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਪੈਰਾਂ ਅਤੇ ਮੂੰਹ ਦੀਆਂ ਬਿਮਾਰੀਆਂ ਲਈ ਦੇਸ਼–ਵਿਆਪੀ ਟੀਕਾਕਰਣ ਮੁਹਿੰਮ, ਰਾਸ਼ਟਰੀ ਕਾਮਧੇਨੁ ਆਯੋਗ ਅਤੇ ਰਾਸ਼ਟਰੀ ਗੋਕੁਲ ਮਿਸ਼ਨ ਦੀ ਸਥਾਪਨਾ ਬਾਰੇ ਵਿਸਥਾਰ ਨਾਲ ਦੱਸਿਆ। "ਪਸ਼ੂ–ਧਨ (ਪਸ਼ੂ) ਸਾਡੀ ਆਸਥਾ ਅਤੇ ਪਰੰਪਰਾ ਦਾ ਅਭਿੰਨ ਅੰਗ ਹੋਣ ਦੇ ਨਾਲ-ਨਾਲ ਸਾਡੀ ਗ੍ਰਾਮੀਣ ਅਰਥਵਿਵਸਥਾ ਦਾ ਇੱਕ ਬੜਾ ਹਿੱਸਾ ਹਨ, ਇਸ ਲਈ, ਪਹਿਲੀ ਵਾਰ, ਕਿਸਾਨ ਕ੍ਰੈਡਿਟ ਕਾਰਡ ਪਸ਼ੂ ਪਾਲਣ ਵਰਗ ਅਤੇ ਚਰਵਾਹਿਆਂ ਤੱਕ ਵਧਾਇਆ ਗਿਆ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਇਸੇ ਤਰ੍ਹਾਂ ਗੋਬਰਧਨ ਯੋਜਨਾ ਕੂੜੇ ਨੂੰ ਦੌਲਤ ਵਿੱਚ ਬਦਲ ਰਹੀ ਹੈ।

ਪੰਜ ਸੰਕਲਪਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਰਾਸ਼ਟਰ ਨੂੰ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਕਿਹਾ, “ਮੈਂ ਲਾਲ ਕਿਲੇ ਨੂੰ ਪੰਜ ਸੰਕਲਪਾਂ 'ਤੇ ਚਲਣ ਲਈ ਕਿਹਾ ਸੀ। ਉਦੇਸ਼ ਇਹ ਹੈ ਕਿ ਅਸੀਂ ਸਾਰੇ ਆਪਣੀ ਵਿਰਾਸਤ 'ਤੇ ਮਾਣ ਕਰੀਏ, ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆ ਕੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਨੂੰ ਯਾਦ ਕਰੀਏ, ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਨੂੰ ਯਾਦ ਕਰੀਏ ਅਤੇ ਆਪਣੇ ਪੁਰਖਿਆਂ ਦੇ ਦਰਸਾਏ ਮਾਰਗ 'ਤੇ ਚਲਣ ਦਾ ਸੰਕਲਪ ਕਰੀਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਸਥਾਨ ਵਿਰਾਸਤ ਦੀ ਧਰਤੀ ਹੈ ਜਿੱਥੇ ਕੋਈ ਰਚਨਾ ਅਤੇ ਜਸ਼ਨ ਦੀ ਭਾਵਨਾ ਲੱਭ ਸਕਦਾ ਹੈ, ਜਿੱਥੇ ਕਿਰਤ ਵਿੱਚ ਦਾਨ ਮਿਲ ਸਕਦਾ ਹੈ, ਜਿੱਥੇ ਬਹਾਦਰੀ ਇੱਕ ਘਰੇਲੂ ਰਸਮ ਹੈ ਅਤੇ ਧਰਤੀ ਰੰਗਾਂ ਅਤੇ ਰਾਗਾਂ ਦਾ ਸਮਾਨਾਰਥੀ ਹੈ।

ਪਾਬੂਜੀ ਤੋਂ ਤੇਜਾਜੀ, ਰਾਮਦੇਵ ਜੀ ਤੋਂ ਗੋਗਾਜੀ, ਮਹਾਰਾਣਾ ਪ੍ਰਤਾਪ ਤੋਂ ਬੱਪਾ ਰਾਵਲ ਜਿਹੀਆਂ ਸ਼ਖਸੀਅਤਾਂ ਦੇ ਬੇਮਿਸਾਲ ਯੋਗਦਾਨ ਨੂੰ ਉਜਾਗਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਧਰਤੀ ਦੀਆਂ ਮਹਾਨ ਸ਼ਖਸੀਅਤਾਂ, ਗੁਰੂਆਂ ਅਤੇ ਸਥਾਨਕ ਦੇਵੀ-ਦੇਵਤਿਆਂ ਨੇ ਹਮੇਸ਼ਾ ਰਾਸ਼ਟਰ ਦਾ ਮਾਰਗ–ਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਗੁੱਜਰ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ, ਜੋ ਹਮੇਸ਼ਾ ਬਹਾਦਰੀ ਅਤੇ ਦੇਸ਼ ਭਗਤੀ ਦਾ ਸਮਾਨਾਰਥੀ ਰਿਹਾ ਹੈ। ਉਨ੍ਹਾਂ ਨੇ ਕਿਹਾ, 'ਰਾਸ਼ਟਰੀ ਰੱਖਿਆ ਹੋਵੇ ਜਾਂ ਸੱਭਿਆਚਾਰ ਦੀ ਰੱਖਿਆ, ਗੁੱਜਰ ਭਾਈਚਾਰੇ ਨੇ ਹਰ ਦੌਰ 'ਚ ਰੱਖਿਅਕ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕ੍ਰਾਂਤੀਵੀਰ ਭੂਪ ਸਿੰਘ ਗੁੱਜਰ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੂੰ ਵਿਜੇ ਸਿੰਘ ਪਾਠਕ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਪ੍ਰੇਰਣਾਦਾਇਕ ਬਿਜੋਲੀਆ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ। ਸ਼੍ਰੀ ਮੋਦੀ ਨੇ ਕੋਤਵਾਲ ਧਨ ਸਿੰਘ ਜੀ ਅਤੇ ਜੋਗਰਾਜ ਸਿੰਘ ਜੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਗੁੱਜਰ ਔਰਤਾਂ ਦੀ ਬਹਾਦਰੀ ਅਤੇ ਯੋਗਦਾਨ ਨੂੰ ਵੀ ਬਹੁਤ ਮਹੱਤਵਪੂਰਨ ਦੱਸਿਆ ਅਤੇ ਰਾਮਪਿਆਰੀ ਗੁੱਜਰ ਅਤੇ ਪੰਨਾ ਢਾਹੇ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, "ਇਹ ਪਰੰਪਰਾ ਅੱਜ ਵੀ ਵਧ-ਫੁੱਲ ਰਹੀ ਹੈ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਅਜਿਹੇ ਅਣਗਿਣਤ ਲੜਾਕਿਆਂ ਨੂੰ ਸਾਡੇ ਇਤਿਹਾਸ ਵਿੱਚ ਉਹ ਸਥਾਨ ਨਹੀਂ ਮਿਲ ਸਕਿਆ ਜਿਸ ਦੇ ਉਹ ਹੱਕਦਾਰ ਸਨ। ਪਰ ਨਵਾਂ ਭਾਰਤ ਪਿਛਲੇ ਦਹਾਕਿਆਂ ਦੀਆਂ ਇਨ੍ਹਾਂ ਗਲਤੀਆਂ ਨੂੰ ਸੁਧਾਰ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਭਗਵਾਨ ਦੇਵਨਾਰਾਇਣ ਦੇ ਸੰਦੇਸ਼ ਅਤੇ ਸਿੱਖਿਆਵਾਂ ਨੂੰ ਅੱਗੇ ਲਿਜਾਣ ਲਈ ਗੁੱਜਰ ਭਾਈਚਾਰੇ ਦੀ ਨਵੀਂ ਪੀੜ੍ਹੀ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗੁੱਜਰ ਭਾਈਚਾਰੇ ਨੂੰ ਵੀ ਸ਼ਕਤੀ ਮਿਲੇਗੀ ਅਤੇ ਇਸ ਨਾਲ ਦੇਸ਼ ਨੂੰ ਅੱਗੇ ਵਧਣ ਵਿਚ ਮਦਦ ਮਿਲੇਗੀ। 21ਵੀਂ ਸਦੀ ਨੂੰ ਰਾਜਸਥਾਨ ਦੇ ਵਿਕਾਸ ਲਈ ਮਹੱਤਵਪੂਰਨ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਪੂਰੀ ਦੁਨੀਆ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਦੁਨੀਆ ਵਿੱਚ ਭਾਰਤ ਦੀ ਤਾਕਤ ਦੇ ਪ੍ਰਦਰਸ਼ਨ ਨੇ ਸੂਰਬੀਰਾਂ ਦੀ ਇਸ ਧਰਤੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਕਿਹਾ, ''ਅੱਜ ਭਾਰਤ ਦੁਨੀਆ ਦੇ ਹਰ ਵੱਡੇ ਮੰਚ 'ਤੇ ਡੰਕੇ ਦੀ ਚੋਟ 'ਤੇ ਬੋਲਦਾ ਹੈ। ਅੱਜ ਭਾਰਤ ਦੂਜੇ ਦੇਸ਼ਾਂ 'ਤੇ ਨਿਰਭਰਤਾ ਘਟਾ ਰਿਹਾ ਹੈ। ਅਸੀਂ ਆਪਣੇ ਸੰਕਲਪਾਂ ਨੂੰ ਸਾਬਤ ਕਰਕੇ ਦੁਨੀਆ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੈ। ਇਸ ਲਈ ਸਾਨੂੰ ਹਰ ਉਸ ਚੀਜ਼ ਤੋਂ ਦੂਰ ਰਹਿਣਾ ਹੋਵੇਗਾ ਜੋ ਸਾਡੇ ਦੇਸ਼ ਵਾਸੀਆਂ ਦੀ ਏਕਤਾ ਦੇ ਵਿਰੁੱਧ ਹੋਵੇ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਇਤਫ਼ਾਕ ਵੱਲ ਇਸ਼ਾਰਾ ਕੀਤਾ ਕਿ ਭਗਵਾਨ ਦੇਵਨਾਰਾਇਣ ਜੀ ਦੇ 1111ਵੇਂ ਸਾਲ ਵਿੱਚ, ਜਿਨ੍ਹਾਂ ਨੇ ਕਮਲ 'ਤੇ ਅਵਤਾਰ ਧਾਰਿਆ ਸੀ, ਭਾਰਤ ਨੇ ਜੀ-20 ਦੀ ਪ੍ਰਧਾਨਗੀ ਸੰਭਾਲ਼ੀ, ਜਿਸ ਦੇ ਲੋਗੋ ਵਿੱਚ ਵੀ ਧਰਤੀ ਨੂੰ ਲੈ ਕੇ ਜਾਣ ਵਾਲੇ ਕਮਲ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਸਮਾਜਿਕ ਊਰਜਾ ਅਤੇ ਸ਼ਰਧਾ ਦੇ ਮਾਹੌਲ ਨੂੰ ਸਲਾਮ ਕਰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

ਇਸ ਮੌਕੇ ਕੇਂਦਰੀ ਸੱਭਿਆਚਾਰਕ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਮਾਲਾਸੇਰੀ ਦੁੱਗਰੀ ਦੇ ਪ੍ਰਧਾਨ ਪੁਜਾਰੀ ਸ਼੍ਰੀ ਹੇਮਰਾਜ ਜੀ ਗੁੱਜਰ ਅਤੇ ਸਾਂਸਦ ਸ਼੍ਰੀ ਸੁਭਾਸ਼ ਚੰਦਰ ਬਹੇਰੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi