




ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 6 ਅਤੇ 7 ਜਨਵਰੀ, 2024 ਨੂੰ ਰਾਜਸਥਾਨ ਇੰਟਰਨੈਸ਼ਨਲ ਸੈਂਟਰ, ਜੈਪੁਰ ਵਿੱਚ ਪੁਲਿਸ ਡਾਇਰੈਕਟਰ ਜਰਨਲਸ/ਇੰਸਪੈਕਟਰ ਜਰਨਲਸ ਦੀ 58ਵੀਂ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲਿਆ।
ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ‘ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਲਾਗੂਕਰਨ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਇੱਕ ਆਦਰਸ਼ ਬਦਲਾਅ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨ ‘ਨਾਗਰਿਕ ਪਹਿਲਾਂ, ਗਰਿਮਾ ਪਹਿਲਾਂ, ਨਿਆਂ ਪਹਿਲਾਂ’(Citizen First, Dignity First and Justice First) ਦੀ ਭਾਵਨਾ ਨਾਲ ਬਣਾਏ ਗਏ ਹਨ ਅਤੇ ਪੁਲਿਸ ਨੂੰ ਹੁਣ ‘ਲਾਠੀਆਂ’ ਨਾਲ ਕੰਮ ਕਰਨ ਦੀ ਬਜਾਏ ‘ਡੇਟਾ’ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਪੁਲਿਸ ਪ੍ਰਮੁੱਖਾਂ ਨੂੰ ਨਵੇਂ ਲਾਗੂ ਕਾਨੂੰਨ ਦੇ ਪਿੱਛੇ ਦੀ ਭਾਵਨਾਤਮਕ ਭਾਵਨਾ ਨੂੰ ਸਮਾਜ ਦੇ ਵਿਭਿੰਨ ਵਰਗਾਂ ਤੱਕ ਪਹੁੰਚਾਉਣ ਲਈ ਕਲਪਨਾਸ਼ੀਲ ਢੰਗ ਨਾਲ ਸੋਚਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਮਹਿਲਾਵਾਂ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਨਵੇਂ ਅਪਰਾਧਿਕ ਕਾਨੂੰਨ ਦੇ ਤਹਿਤ ਉਨ੍ਹਾਂ ਨੂੰ ਪ੍ਰਦਾਨ ਕੀਤੀ ਗਈ ਸੁਰੱਖਿਆ ਦੇ ਬਾਰੇ ਵਿੱਚ ਜਾਗਰੂਕ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਪੁਲਿਸ ਨੂੰ ਮਹਿਲਾ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਤਾਕਿ ਮਹਿਲਾਵਾਂ ਬਿਨਾਂ ਕਿਸੇ ਡਰ ਦੇ ‘ਕਭੀ ਬੀ ਔਰ ਕਹੀਂ ਭੀ (kabhi bhi aur kahin bhi) ਕੰਮ ਕਰ ਸਕਣ।
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਵਿੱਚ ਪੁਲਿਸ ਦੇ ਸਕਾਰਾਤਮਕ ਅਕਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਲਾਭ ਲਈ ਸਕਾਰਾਤਮਕ ਜਾਣਕਾਰੀ ਅਤੇ ਸੰਦੇਸ਼ ਫੈਲਾਉਣ ਲਈ ਪੁਲਿਸ ਸਟੇਸ਼ਨ ਪੱਧਰ ‘ਤੇ ਸੋਸ਼ਲ ਮੀਡੀਆ ਦੇ ਉਪਯੋਗ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕੁਦਰਤੀ ਆਪਦਾਵਾਂ (ਆਫ਼ਤਾਂ) ਅਤੇ ਆਪਦਾ (ਆਫ਼ਤ) ਰਾਹਤ ‘ਤੇ ਅਗਾਓਂ ਜਾਣਕਾਰੀ ਪ੍ਰਸਾਰਿਤ ਕਰਨ ਲਈ ਸੋਸ਼ਲ ਮੀਡੀਆ ਦਾ ਉਪਯੋਗ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਨਾਗਰਿਕ-ਪੁਲਿਸ ਸਬੰਧ ਨੂੰ ਮਜ਼ਬੂਤ ਕਰਨ ਦੇ ਤਰੀਕੇ ਦੇ ਰੂਪ ਵਿੱਚ ਵਿਭਿੰਨ ਖੇਡ ਆਯੋਜਨਾਂ ਦੇ ਆਯੋਜਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਦੇ ਨਾਲ ਬਿਹਤਰ ‘ਕਨੈਕਟੀਵਿਟੀ’ ਸਥਾਪਿਤ ਕਰਨ ਲਈ ਸਰਹੱਦੀ ਪਿੰਡਾਂ ਵਿੱਚ ਰਹਿਣ ਦੀ ਵੀ ਤਾਕੀਦ ਕੀਤੀ ਕਿਉਂਕਿ ਇਹ ਸਰਹੱਦੀ ਪਿੰਡ ਭਾਰਤ ਦੇ ‘ਪਹਿਲੇ ਪਿੰਡ’ ਸਨ।
ਭਾਰਤ ਦੇ ਪਹਿਲੇ ਸੋਲਰ ਮਿਸ਼ਨ- ਆਦਿਤਿਯ (Aditya)-ਐੱਲ1 ਦੀ ਸਫ਼ਲਤਾ ਅਤੇ ਭਾਰਤੀ ਜਲ ਸੈਨਾ ਦੁਆਰਾ ਅਰਬ ਸਾਗਰ ਵਿੱਚ ਅਗਵਾ ਕੀਤੇ ਗਏ ਜਹਾਜ਼ ਵਿੱਚੋਂ ਚਾਲਕ ਦਲ ਦੇ 21 ਮੈਂਬਰਾਂ ਨੂੰ ਜ਼ਲਦੀ ਬਚਾਉਣ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਦਿਖਾਉਂਦੀਆਂ ਹਨ ਕਿ ਭਾਰਤ ਦੁਨੀਆ ਵਿੱਚ ਇੱਕ ਪ੍ਰਮੁੱਖ ਤਾਕਤ ਦੇ ਰੂਪ ਵਿੱਚ ਉਭਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਆਦਿਤਿਯ (Aditya)-ਐੱਲ 1 ਦੀ ਸਫ਼ਲਤਾ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦੇ ਸਮਾਨ ਹੈ। ਉਨ੍ਹਾਂ ਨੇ ਭਾਰਤੀ ਜਲ ਸੈਨਾ ਦੇ ਸਫ਼ਲ ਓਪਰੇਸ਼ਨ ‘ਤੇ ਵੀ ਮਾਣ ਜਤਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਬਿਹਤਰ ਗਲੋਬਲ ਪ੍ਰੋਫਾਈਲ ਅਤੇ ਵਧਦੀ ਰਾਸ਼ਟਰੀ ਤਾਕਤ ਦੇ ਅਨੁਰੂਪ, ਭਾਰਤੀ ਪੁਲਿਸ ਨੂੰ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਆਪਣੇ ਆਪ ਨੂੰ ਇੱਕ ਆਧੁਨਿਕ ਅਤੇ ਵਿਸ਼ਵ ਪੱਧਰੀ ਪੁਲਿਸ ਬਲ ਵਿੱਚ ਬਦਲਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸੇਵਾਵਾਂ ਦੇ ਲਈ ਪੁਲਿਸ ਮੈਡਲ ਵੀ ਵੰਡੇ ਅਤੇ ਜੈਪੁਰ ਵਿੱਚ ਤਿੰਨ ਦਿਨਾਂ ਡੀਜੀਐੱਸਪੀ/ਆਈਜੀਐੱਸਪੀ ਕਾਨਫਰੰਸ ਦੀ ਸਮਾਪਤੀ ਕੀਤੀ।
ਇਸ ਕਾਨਫਰੰਸ ਵਿੱਚ ਕੇਂਦਰੀ ਗ੍ਰਹਿ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਰਾਜ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਐੱਸਪੀ/ਆਈਜੀਐੱਸਪੀ ਅਤੇ ਕੇਂਦਰੀ ਪੁਲਿਸ ਸੰਗਠਨਾਂ/ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਪ੍ਰਮੁੱਖ ਵੀ ਮੌਜੂਦ ਸਨ। ਪਿਛਲੇ ਵਰ੍ਹਿਆਂ ਦੀ ਤਰ੍ਹਾਂ, ਕਾਨਫਰੰਸ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਭਰ ਦੇ ਵਿਭਿੰਨ ਸਥਾਨਾਂ ਤੋਂ ਵਿਭਿੰਨ ਰੈਂਕਾਂ ਦੇ 500 ਤੋਂ ਅਧਿਕ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ।
ਕਾਨਫਰੰਸ ਵਿੱਚ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਤੱਤਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਨਵੇਂ ਬਣਾਏ ਗਏ ਮੁੱਖ ਅਪਰਾਧਿਕ ਕਾਨੂੰਨ, ਆਤੰਕਵਾਦ ਵਿਰੋਧੀ ਰਣਨੀਤੀਆਂ, ਵਾਮਪੰਥੀ ਉਗਰਵਾਦ, ਉਭਰਦੇ ਸਾਈਬਰ ਕ੍ਰਾਈਮ, ਵਿਸ਼ਵਵਿਆਪੀ ਕੱਟੜਵਾਦ ਵਿਰੋਧੀ ਪਹਿਲਾਂ ਸ਼ਾਮਲ ਹਨ।