ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਡਲ ਝੀਲ ਵਿਖੇ ਸ੍ਰੀਨਗਰ ਦੇ ਨਾਗਰਿਕਾਂ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਦੁਆਰਾ ਯੋਗ ਪ੍ਰਤੀ ਜੋ ਉਤਸ਼ਾਹ ਅਤੇ ਪ੍ਰਤੀਬੱਧਤਾ ਦਿਖਾਈ ਗਈ ਹੈ, ਉਹ ਹਮੇਸ਼ਾ ਲੋਕਾਂ ਦੇ ਮਨਾਂ ਵਿੱਚ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਬਰਸਾਤ ਕਾਰਨ ਤਾਪਮਾਨ ਵਿੱਚ ਗਿਰਾਵਟ ਦੇ ਬਾਵਜੂਦ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ, ਜਦਕਿ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਦੇਰੀ ਹੋਈ ਅਤੇ ਇਸ ਨੂੰ 2-3 ਸੈਸ਼ਨਾਂ ਵਿੱਚ ਵੰਡਣਾ ਪਿਆ। ਸ਼੍ਰੀ ਮੋਦੀ ਨੇ ਖ਼ੁਦ ਅਤੇ ਸਮਾਜ ਲਈ ਇੱਕ ਸਹਿਜ ਪ੍ਰਵਿਰਤੀ ਬਣਨ ਵਿੱਚ ਯੋਗ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਯੋਗ ਦੇ ਲਾਭ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜਦੋਂ ਇਸ ਨੂੰ ਰੋਜ਼ਾਨਾ ਜੀਵਨ ਨਾਲ ਜੋੜਦੇ ਹੋਏ ਸਰਲ ਢੰਗ ਨਾਲ ਅਪਣਾਇਆ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਧਿਆਨ ਆਪਣੇ ਅਧਿਆਤਮਕ ਪਹਿਲੂਆਂ ਕਾਰਨ ਆਮ ਲੋਕਾਂ ਲਈ ਅਨੋਖਾ ਹੋ ਸਕਦਾ ਹੈ, ਹਾਲਾਂਕਿ, ਇਸ ਨੂੰ ਸਰਲਤਾ ਨਾਲ ਇਕਾਗਰਤਾ ਅਤੇ ਲਕਸ਼ਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਕਾਗਰਤਾ ਅਤੇ ਧਿਆਨ ਨੂੰ ਅਭਿਆਸ ਅਤੇ ਤਕਨੀਕਾਂ ਨਾਲ ਵਧਾਇਆ ਜਾ ਸਕਦਾ ਹੈ। ਮਨ ਦੀ ਇਹ ਯੋਗਪੂਰਨ ਅਵਸਥਾ ਨਾ ਸਿਰਫ਼ ਥਕਾਵਟ ਨੂੰ ਘਟਾਉਂਦੀ ਹੈ ਬਲਕਿ ਵਧੀਆ ਨਤੀਜੇ ਭੀ ਦਿੰਦੀ ਹੈ ਅਤੇ ਧਿਆਨ ਭਟਕਣ ਤੋਂ ਬਚਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਤਮਕ ਯਾਤਰਾ ਤੋਂ ਇਲਾਵਾ, ਜੋ ਅੰਤ ਵਿੱਚ ਜੀਵਨ ਵਿੱਚ ਆਉਣਾ ਹੀ ਹੈ, ਧਿਆਨ ਆਤਮ ਸੁਧਾਰ ਅਤੇ ਟ੍ਰੇਨਿੰਗ ਦਾ ਇੱਕ ਸਾਧਨ ਵੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੋਗ ਸਮਾਜ ਲਈ ਜਿਨ੍ਹਾਂ ਮਹੱਤਵਪੂਰਨ, ਉਪਯੋਗੀ ਅਤੇ ਸ਼ਕਤੀਸ਼ਾਲੀ ਹੈ ਉਤਨਾ ਇਹ ਖ਼ੁਦ ਲਈ ਭੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਦਾ ਜਦੋਂ ਸਮਾਜ ਨੂੰ ਲਾਭ ਮਿਲਦਾ ਹੈ ਤਾਂ ਸਮੁੱਚੀ ਮਨੁੱਖਤਾ ਨੂੰ ਲਾਭ ਹੁੰਦਾ ਹੈ। ਉਨ੍ਹਾਂ ਨੇ ਮਿਸਰ ਵਿੱਚ ਆਯੋਜਿਤ ਇੱਕ ਮੁਕਾਬਲੇ ਬਾਰੇ ਵੀਡੀਓ ਦਾ ਜ਼ਿਕਰ ਕੀਤਾ, ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਟੂਰਿਸਟ ਸਥਾਨਾਂ 'ਤੇ ਯੋਗ ਦੀਆਂ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਭਾਗੀਦਾਰਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ, ਯੋਗ ਅਤੇ ਟੂਰਿਜ਼ਮ ਜੰਮੂ ਅਤੇ ਕਸ਼ਮੀਰ ਵਿੱਚ ਰੋਜ਼ਗਾਰ ਦਾ ਇੱਕ ਬੜਾ ਸਰੋਤ ਬਣ ਸਕਦੇ ਹਨ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਪ੍ਰਤੀਕੂਲ ਮੌਸਮੀ ਸਥਿਤੀਆਂ ਦੇ ਬਾਵਜੂਦ ਇਸ ਮੌਕੇ 'ਤੇ ਬੜੀ ਗਿਣਤੀ ਵਿੱਚ ਪਹੁੰਚਣ ਅਤੇ ਸ੍ਰੀਨਗਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ, 2024 ਸਮਾਰੋਹ ਲਈ ਆਪਣਾ ਸਮਰਥਨ ਦਿਖਾਉਣ ਦੀ ਉਨ੍ਹਾਂ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ।