ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਲੋਕਤੰਤਰ ‘ਤੇ ਆਯੋਜਿਤ ਸਮਿਟ ਨੂੰ ਸੰਬੋਧਨ ਕੀਤਾ। ਇਸ ਸਮਿਟ ਨੂੰ ਪੂਰੀ ਦੁਨੀਆ ਦੇ ਲੋਕਤੰਤਰਾਂ ਲਈ ਅਨੁਭਵਾਂ ਦੇ ਆਦਾਨ-ਪ੍ਰਦਾਨ ਅਤੇ ਇੱਕ-ਦੂਸਰੇ ਤੋਂ ਸਿੱਖਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਤੰਤਰ ਦੇ ਪ੍ਰਤੀ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦਾ ਇੱਕ ਪ੍ਰਾਚੀਨ ਅਤੇ ਅਟੁੱਟ ਸੱਭਿਆਚਾਰ ਮੌਜੂਦ ਹੈ। ਇਹ ਭਾਰਤੀ ਸੱਭਿਅਤਾ ਲੋਕਤੰਤਰ ਦੀ ਜੀਵੰਤ ਸ਼ਕਤੀ ਵੀ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਬਸੰਮਤੀ ਨਿਰਮਾਣ, ਖੁੱਲ੍ਹਾ ਸੰਵਾਦ ਅਤੇ ਸੁਤੰਤਰ ਵਿਚਾਰ-ਵਟਾਂਦਰਾ ਭਾਰਤ ਦੇ ਪੂਰੇ ਇਤਿਹਾਸ ਵਿੱਚ ਗੂੰਜਦੇ ਰਹੇ ਹਨ। ਇਹੀ ਕਾਰਨ ਹੈ ਕਿ ਮੇਰੇ ਸਾਰੇ ਸਾਥੀ ਨਾਗਰਿਕ ਭਾਰਤ ਨੂੰ ਲੋਕਤੰਤਰ ਦੀ ਜਨਨੀ ਮੰਨਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਨਾ ਕੇਵਲ ਆਪਣੇ 1.4 ਬਿਲੀਅਨ ਲੋਕਾਂ ਦੀ ਆਕਾਂਖਿਆਵਾਂ ਨੂੰ ਪੂਰਾ ਕਰ ਰਿਹਾ ਹੈ, ਬਲਕਿ ਵਿਸ਼ਵ ਨੂੰ ਵਿਸ਼ਵਾਸ ਵੀ ਉਪਲਬਧ ਕਰਵਾ ਰਿਹਾ ਹੈ ਜਿਸ ਨੂੰ ਲੋਕਤੰਤਰ ਪ੍ਰਦਾਨ ਕਰਦਾ ਹੈ ਅਤੇ ਸਸ਼ਕਤ ਬਣਾਉਂਦਾ ਹੈ। ਉਨ੍ਹਾਂ ਨੇ ਗਲੋਬਲ ਲੋਕਤੰਤਰ ਵਿੱਚ ਭਾਰਤ ਦੇ ਯੋਗਦਾਨ ਦੀਆਂ ਕੁਝ ਉਦਾਹਰਨਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਮਹਿਲਾਵਾਂ ਦੇ ਪ੍ਰਤੀਨਿਧੀਤਵ ਲਈ ਵਿਧਾਨਕ ਉਪਾਅ, ਗ਼ਰੀਬੀ ਹਟਾਉਣ ਦੇ ਪ੍ਰਯਾਸ, ਕੋਵਿਡ-19 ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਸਹਾਇਤਾ ਉਪਲਬਧ ਕਰਵਾਉਣਾ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਵਿੱਚ ਲੋਕਤੰਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲੋਕਤੰਤਰੀ ਦੇਸ਼ਾਂ ਦੇ ਸਮੂਹਿਕ ਅਤੇ ਸਹਿਯੋਗਾਤਮਕ ਪ੍ਰਯਾਸਾਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਣਾਲੀਆਂ ਅਤੇ ਸੰਸਥਾਨਾਂ ਵਿੱਚ ਸਮਾਵੇਸ਼ਿਤਾ, ਨਿਰਪੱਖਤਾ ਅਤੇ ਸਹਿਭਾਗੀ ਫੈਸਲੇ ਲੈਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਅਸ਼ਾਂਤੀ ਅਤੇ ਪਰਿਵਰਤਨ ਦੇ ਯੁਗ ਵਿੱਚ, ਲੋਕਤੰਤਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲਈ ਸਾਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਭਾਰਤ ਇਸ ਪ੍ਰਯਾਸ ਵਿੱਚ ਸਾਰੇ ਸਾਥੀ ਲੋਕਤੰਤਰਾਂ ਦੇ ਨਾਲ ਆਪਣੇ ਅਨੁਭਵ ਸਾਂਝਾ ਕਰਨ ਲਈ ਤਿਆਰ ਹੈ।