ਅੱਜ ਭਾਰਤੀ ਲੋਕਤੰਤਰ ਲਈ ਇੱਕ ਵੱਡਾ ਦਿਨ ਹੈ ਕਿਉਂਕਿ ਕਬਾਇਲੀ ਭਾਈਚਾਰੇ ਦੀ ਇੱਕ ਮਹਿਲਾ ਨੇ ਦੇਸ਼ ਦੇ ਉੱਚ ਅਹੁਦੇ ਦਾ ਚਾਰਜ ਸੰਭਾਲ਼ ਲਿਆ ਹੈ
"ਸ਼੍ਰੀ ਹਰਮੋਹਨ ਸਿੰਘ ਯਾਦਵ ਨੇ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਡਾ. ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਨੂੰ ਅੱਗੇ ਵਧਾਇਆ"
"ਹਰਮੋਹਨ ਸਿੰਘ ਯਾਦਵ ਜੀ ਨੇ ਸਿੱਖ ਕਤਲੇਆਮ ਵਿਰੁੱਧ ਨਾ ਸਿਰਫ਼ ਸਿਆਸੀ ਸਟੈਂਡ ਲਿਆ, ਸਗੋਂ ਉਹ ਸਿੱਖ ਭੈਣਾਂ-ਭਰਾਵਾਂ ਦੀ ਰੱਖਿਆ ਲਈ ਅੱਗੇ ਆਏ ਅਤੇ ਲੜੇ"
ਪਿਛਲੇ ਸਮਿਆਂ ਦੌਰਾਨ ਵਿਚਾਰਧਾਰਕ ਜਾਂ ਰਾਜਨੀਤਕ ਹਿਤਾਂ ਨੂੰ ਸਮਾਜ ਤੇ ਦੇਸ਼ ਦੇ ਹਿਤਾਂ ਤੋਂ ਉੱਤੇ ਰੱਖਣ ਦਾ ਰੁਝਾਨ ਪੈਦਾ ਹੋਇਆ ਹੈ"
"ਇਹ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਪਾਰਟੀ ਜਾਂ ਵਿਅਕਤੀ ਦਾ ਵਿਰੋਧ ਦੇਸ਼ ਦਾ ਵਿਰੋਧ ਨਾ ਬਣੇ"
"ਡਾ. ਲੋਹੀਆ ਨੇ ਰਾਮਾਇਣ ਮੇਲੇ ਕਰਵਾ ਕੇ ਤੇ ਗੰਗਾ ਦੀ ਦੇਖਭਾਲ਼ ਕਰਕੇ ਦੇਸ਼ ਦੀ ਸੱਭਿਆਚਾਰਕ ਤਾਕਤ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ"
"ਸਮਾਜਿਕ ਨਿਆਂ ਦਾ ਮਤਲਬ ਹੈ ਕਿ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਅਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਰਗੀ ਸ਼੍ਰੀ ਹਰਮੋਹਨ ਸਿੰਘ ਯਾਦਵ, ਸਾਬਕਾ ਸੰਸਦ ਮੈਂਬਰ, ਐੱਮਐੱਲਸੀ, ਵਿਧਾਇਕ ਅਤੇ ਸ਼ੌਰਯ ਚੱਕਰ ਪੁਰਸਕਾਰ ਨਾਲ ਸਨਮਾਨਿਤ ਅਤੇ ਯਾਦਵ ਭਾਈਚਾਰੇ ਦੀ ਇੱਕ ਮਹਾਨ ਸ਼ਖ਼ਸੀਅਤ ਅਤੇ ਨੇਤਾ ਦੀ 10ਵੀਂ ਪੁਣਯਤਿਥੀ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਵਰਗੀ ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ ਉਨ੍ਹਾਂ ਦੀ 10ਵੀਂ ਪੁਣਯਤਿਥੀ 'ਤੇ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਅੱਜ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਬਾਇਲੀ ਭਾਈਚਾਰੇ ਦੀ ਮਹਿਲਾ ਨੇ ਦੇਸ਼ ਦਾ ਸਰਬਉੱਚ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤ ਦੇ ਲੋਕਤੰਤਰ ਲਈ ਵੱਡਾ ਦਿਨ ਦੱਸਿਆ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹਾਨ ਨੇਤਾਵਾਂ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕੀਤਾ, ਪ੍ਰਧਾਨ ਮੰਤਰੀ ਨੇ ਕਿਹਾ ਕਿ “ਹਰਮੋਹਨ ਸਿੰਘ ਯਾਦਵ ਜੀ ਨੇ ਉੱਤਰ ਪ੍ਰਦੇਸ਼ ਅਤੇ ਕਾਨਪੁਰ ਦੀ ਧਰਤੀ ਤੋਂ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਡਾ. ਰਾਮ ਮਨੋਹਰ ਲੋਹੀਆ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਰਾਜ ਅਤੇ ਦੇਸ਼ ਦੀ ਰਾਜਨੀਤੀ ਵਿੱਚ ਜੋ ਯੋਗਦਾਨ ਪਾਇਆ, ਸਮਾਜ ਲਈ ਜੋ ਕੰਮ ਕੀਤਾ, ਉਹ ਅੱਜ ਵੀ ਪੀੜ੍ਹੀਆਂ ਨੂੰ ਸੇਧ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ‘ਗ੍ਰਾਮ ਸਭਾ ਤੋਂ ਰਾਜ ਸਭਾ’ ਤੱਕ ਦੀ ਆਪਣੀ ਲੰਬੀ ਅਤੇ ਵਿਲੱਖਣ ਯਾਤਰਾ ਵਿੱਚ ਸਮਾਜ ਅਤੇ ਭਾਈਚਾਰੇ ਪ੍ਰਤੀ ਆਪਣੇ ਸਮਰਪਣ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ ਮਿਸਾਲੀ ਦਲੇਰੀ ਨੂੰ ਨੋਟ ਕਰਦਿਆਂ ਕਿਹਾ, “ਹਰਮੋਹਨ ਸਿੰਘ ਯਾਦਵ ਜੀ ਨੇ ਸਿੱਖ ਕਤਲੇਆਮ ਦੇ ਵਿਰੁੱਧ ਨਾ ਸਿਰਫ਼ ਸਿਆਸੀ ਸਟੈਂਡ ਲਿਆ, ਸਗੋਂ ਉਹ ਅੱਗੇ ਆਏ ਅਤੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਰੱਖਿਆ ਲਈ ਲੜੇ। ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਉਨ੍ਹਾਂ ਨੇ ਕਈ ਬੇਕਸੂਰ ਸਿੱਖ ਪਰਿਵਾਰਾਂ ਦੀ ਜਾਨ ਬਚਾਈ। ਦੇਸ਼ ਨੇ ਵੀ ਉਨ੍ਹਾਂ ਦੀ ਅਗਵਾਈ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੌਰਯ ਚੱਕਰ ਦਿੱਤਾ ਗਿਆ।

ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਰਟੀ ਸਿਆਸਤ ਤੋਂ ਉੱਪਰ ਰਾਸ਼ਟਰ ਦੀ ਪ੍ਰਮੁੱਖਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀਆਂ ਲੋਕਤੰਤਰ ਕਾਰਨ ਹੋਂਦ ’ਚ ਹਨ ਅਤੇ ਲੋਕਤੰਤਰ ਦੇਸ਼ ਕਾਰਨ ਹੈ। ਸਾਡੇ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ, ਖਾਸ ਤੌਰ 'ਤੇ ਸਾਰੀਆਂ ਗ਼ੈਰ-ਕਾਂਗਰਸੀ ਪਾਰਟੀਆਂ ਨੇ ਵੀ ਇਸ ਵਿਚਾਰ ਅਤੇ ਦੇਸ਼ ਲਈ ਸਹਿਯੋਗ ਅਤੇ ਤਾਲਮੇਲ ਦੇ ਆਦਰਸ਼ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ 1971 ਦੀ ਜੰਗ, ਪਰਮਾਣੂ ਪ੍ਰੀਖਣ ਅਤੇ ਐਮਰਜੈਂਸੀ ਵਿਰੁੱਧ ਲੜਾਈ ਦੀਆਂ ਉਦਾਹਰਣਾਂ ਦਿੱਤੀਆਂ ਤਾਂ ਜੋ ਦੇਸ਼ ਲਈ ਇੱਕਜੁਟ ਮੋਰਚਾ ਖੜ੍ਹਾ ਕਰਨ ਲਈ ਸਿਆਸੀ ਪਾਰਟੀਆਂ ਦੀ ਭਾਵਨਾ ਨੂੰ ਦਰਸਾਇਆ ਜਾ ਸਕੇ। “ਜਦੋਂ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਤੰਤਰ ਨੂੰ ਕੁਚਲਿਆ ਗਿਆ ਸੀ, ਸਾਰੀਆਂ ਪ੍ਰਮੁੱਖ ਪਾਰਟੀਆਂ, ਅਸੀਂ ਸਾਰੇ ਇਕੱਠੇ ਹੋ ਕੇ ਸੰਵਿਧਾਨ ਨੂੰ ਬਚਾਉਣ ਲਈ ਲੜੇ। ਉਸ ਸੰਘਰਸ਼ ਵਿੱਚ ਚੌਧਰੀ ਹਰਮੋਹਨ ਸਿੰਘ ਯਾਦਵ ਜੀ ਵੀ ਇੱਕ ਬਹਾਦਰ ਸਿਪਾਹੀ ਸਨ। ਭਾਵ ਸਾਡੇ ਦੇਸ਼ ਅਤੇ ਸਮਾਜ ਦੇ ਹਿੱਤ ਹਮੇਸ਼ਾ ਵਿਚਾਰਧਾਰਾਵਾਂ ਤੋਂ ਵੱਡੇ ਹੁੰਦੇ ਹਨ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕੁਝ ਸਮੇਂ ਦੌਰਾਨ ਸਮਾਜ ਅਤੇ ਦੇਸ਼ ਦੇ ਹਿਤਾਂ ਤੋਂ ਉੱਪਰ ਵਿਚਾਰਧਾਰਕ ਜਾਂ ਰਾਜਨੀਤਕ ਹਿਤਾਂ ਨੂੰ ਰੱਖਣ ਦਾ ਰੁਝਾਨ ਵਧਿਆ ਹੈ। ਕਈ ਵਾਰ, ਕੁਝ ਵਿਰੋਧੀ ਪਾਰਟੀਆਂ ਸਰਕਾਰ ਦੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕਰਦੀਆਂ ਹਨ ਕਿਉਂਕਿ ਜਦੋਂ ਉਹ ਸੱਤਾ ਵਿਚ ਸਨ, ਤਾਂ ਉਹ ਖ਼ੁਦ ਫ਼ੈਸਲੇ ਲਾਗੂ ਨਹੀਂ ਕਰ ਸਕਦੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ। “ਇਹ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਪਾਰਟੀ ਜਾਂ ਵਿਅਕਤੀ ਦਾ ਵਿਰੋਧ ਦੇਸ਼ ਦੇ ਵਿਰੋਧ ਵਿੱਚ ਨਹੀਂ ਬਦਲਣਾ ਚਾਹੀਦਾ। ਵਿਚਾਰਧਾਰਾਵਾਂ ਅਤੇ ਸਿਆਸੀ ਲਾਲਸਾਵਾਂ ਦੀ ਆਪਣੀ ਥਾਂ ਹੈ, ਅਤੇ ਹੋਣੀ ਚਾਹੀਦੀ ਹੈ। ਪਰ, ਦੇਸ਼, ਸਮਾਜ ਅਤੇ ਰਾਸ਼ਟਰ ਪਹਿਲਾਂ ਆਉਂਦੇ ਹਨ।"

ਪ੍ਰਧਾਨ ਮੰਤਰੀ ਨੇ ਡਾ. ਲੋਹੀਆ ਦੇ ਸੱਭਿਆਚਾਰਕ ਤਾਕਤ ਦੇ ਸੰਕਲਪ 'ਤੇ ਵਿਚਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੂਲ ਭਾਰਤੀ ਵਿਚਾਰਧਾਰਾ ਵਿੱਚ, ਸਮਾਜ ਵਿਵਾਦ ਜਾਂ ਬਹਿਸ ਦਾ ਮੁੱਦਾ ਨਹੀਂ ਹੈ ਅਤੇ ਇਸ ਨੂੰ ਏਕਤਾ ਅਤੇ ਸਮੂਹਿਕਤਾ ਦੇ ਢਾਂਚੇ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਯਾਦ ਕੀਤਾ ਕਿ ਡਾ: ਲੋਹੀਆ ਨੇ ਰਮਾਇਣ ਮੇਲੇ ਲਗਾ ਕੇ ਤੇ ਗੰਗਾ ਦੀ ਦੇਖਭਾਲ਼ ਕਰਕੇ ਦੇਸ਼ ਦੀ ਸੱਭਿਆਚਾਰਕ ਤਾਕਤ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਨਮਾਮਿ ਗੰਗੇ’ ਜਿਹੀਆਂ ਪਹਿਲਾਂ, ਸਮਾਜ ਦੇ ਸੱਭਿਆਚਾਰਕ ਚਿੰਨ੍ਹਾਂ ਨੂੰ ਮੁੜ ਸੁਰਜੀਤ ਕਰਨ ਅਤੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਰਤੱਵਾਂ ਦੀ ਮਹੱਤਤਾ 'ਤੇ ਜ਼ੋਰ ਦੇ ਕੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੀ ਸੇਵਾ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਸਮਾਜਿਕ ਨਿਆਂ ਦੀ ਭਾਵਨਾ ਨੂੰ ਮੰਨੀਏ ਅਤੇ ਇਸ ਨੂੰ ਅਪਣਾਈਏ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਸ ਨੂੰ ਸਮਝਣਾ ਅਤੇ ਇਸ ਦਿਸ਼ਾ ਵੱਲ ਵਧਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਮਾਜਿਕ ਨਿਆਂ ਦਾ ਮਤਲਬ ਹੈ ਕਿ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਅਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਦਲਿਤ, ਪਿਛੜੇ, ਆਦਿਵਾਸੀ, ਮਹਿਲਾਵਾਂ, ਦਿੱਵਯਾਂਗ ਜਦੋਂ ਅੱਗੇ ਆਉਣਗੇ ਤਾਂ ਹੀ ਦੇਸ਼ ਅੱਗੇ ਵਧੇਗਾ। ਹਰਮੋਹਨ ਜੀ ਨੇ ਇਸ ਤਬਦੀਲੀ ਲਈ ਸਿੱਖਿਆ ਨੂੰ ਸਭ ਤੋਂ ਜ਼ਰੂਰੀ ਸਮਝਿਆ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਕੰਮ ਪ੍ਰੇਰਨਾਦਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਬੇਟੀ ਬਚਾਓ, ਬੇਟੀ ਪੜ੍ਹਾਓ, ਆਦਿਵਾਸੀ ਖੇਤਰਾਂ ਲਈ ਏਕਲਵਿਆ ਸਕੂਲ, ਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਜਿਹੀਆਂ ਪਹਿਲਾਂ ਰਾਹੀਂ ਇਸ ਰਾਹ 'ਤੇ ਅੱਗੇ ਵਧ ਰਿਹਾ ਹੈ, "ਦੇਸ਼ ਸਿੱਖਿਆ ਰਾਹੀਂ ਸਸ਼ਕਤੀਕਰਣ ਦੇ ਮੰਤਰ 'ਤੇ ਅੱਗੇ ਵਧ ਰਿਹਾ ਹੈ ਅਤੇ ਸਿੱਖਿਆ ਹੀ ਸਸ਼ਕਤੀਕਰਣ ਹੈ"।

ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ 1921 - 25 ਜੁਲਾਈ 2012)

ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ 1921 - 25 ਜੁਲਾਈ 2012) ਯਾਦਵ ਭਾਈਚਾਰੇ ਦੇ ਇੱਕ ਮਹਾਨ ਵਿਅਕਤੀ ਅਤੇ ਨੇਤਾ ਸਨ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਮਰਹੂਮ ਨੇਤਾ ਦੇ ਕਿਸਾਨਾਂ, ਪਿਛੜੇ ਵਰਗਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਯੋਗਦਾਨ ਨੂੰ ਮਾਨਤਾ ਦੇਣ ਲਈ ਹੈ।

ਸ਼੍ਰੀ ਹਰਮੋਹਨ ਸਿੰਘ ਯਾਦਵ ਲੰਬੇ ਸਮੇਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਐੱਮਐੱਲਸੀ, ਐੱਮਐੱਲਏ, ਰਾਜ ਸਭਾ ਦੇ ਮੈਂਬਰ ਅਤੇ 'ਅਖਿਲ ਭਾਰਤੀ ਯਾਦਵ ਮਹਾਸਭਾ' ਦੇ ਚੇਅਰਮੈਨ ਦੇ ਤੌਰ 'ਤੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕੀਤੀ। ਉਨ੍ਹਾਂ ਨੇ ਆਪਣੇ ਪੁੱਤਰ ਸ਼੍ਰੀ ਸੁਖਰਾਮ ਸਿੰਘ ਦੀ ਮਦਦ ਨਾਲ ਕਾਨਪੁਰ ਅਤੇ ਇਸ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ 1991 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਈ ਸਿੱਖਾਂ ਦੀਆਂ ਜਾਨਾਂ ਬਚਾਉਣ ਵਿੱਚ ਬਹਾਦਰੀ ਦੇ ਪ੍ਰਦਰਸ਼ਨ ਸਦਕਾ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage