ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਰਾਹੀਂ ਗੋਆ ਵਿੱਚ ਆਯੋਜਿਤ ਜੀ20 ਊਰਜਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।
ਸੰਮੇਲਨ ਵਿੱਚ ਹਿੱਸਾ ਲੈਣ ਆਏ ਪਤਵੰਤੇ ਵਿਅਕਤੀਆਂ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਦਾ ਜ਼ਿਕਰ ਕੀਤੇ ਬਿਨਾ ਭਵਿੱਖ, ਸਥਿਰਤਾ, ਵਾਧੇ ਅਤੇ ਵਿਕਾਸ ਬਾਰੇ ਵਿੱਚ ਕੀਤੀ ਜਾਣ ਵਾਲੀ ਚਰਚਾ ਅਧੂਰੀ ਹੀ ਹੋਵੇਗੀ ਕਿਉਂਕਿ ਇਹ ਵਿਅਕਤੀ ਅਤੇ ਰਾਸ਼ਟਰ ਦੇ ਵਿਕਾਸ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਊਰਜਾ ਖੇਤਰ ਵਿੱਚ ਪਰਿਵਰਤਨ ਦੇ ਸੰਦਰਭ ਵਿੱਚ ਭਾਵੇਂ ਹੀ ਹਰ ਦੇਸ਼ ਦੀ ਇੱਕ ਵੱਖਰੀ ਵਾਸਤਵਿਕਤਾ ਅਤੇ ਉਸ ਦਾ ਇੱਕ ਵੱਖਰਾ ਮਾਰਗ ਹੈ, ਲੇਕਿਨ ਮੇਰਾ ਇਹ ਪੱਕਾ ਮੰਣਨਾ ਹੈ ਕਿ ਹਰ ਦੇਸ਼ ਦੇ ਲਕਸ਼ ਸਮਾਨ ਹਨ। ਹਰਿਤ ਵਿਕਾਸ ਅਤੇ ਊਰਜਾ ਦੇ ਖੇਤਰ ਵਿੱਚ ਪਰਿਵਰਤਨ ਦੇ ਮਾਮਲੇ ਵਿੱਚ ਭਾਰਤ ਦੇ ਪ੍ਰਯਾਸਾਂ 'ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਭਾਰਤ ਸਭ ਤੋਂ ਅਧਿਕ ਆਬਾਦੀ ਵਾਲਾ ਦੇਸ਼ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵੱਡੀ ਅਰਥਵਿਵਸਥਾ ਹੈ, ਲੇਕਿਨ ਫਿਰ ਵੀ ਉਹ ਆਪਣੀ ਜਲਵਾਯੂ ਨਾਲ ਸਬੰਧਿਤ ਪ੍ਰਤੀਬੱਧਤਾਵਾਂ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਗ਼ੈਰ-ਜੀਵਾਸ਼ਮ ਨੂੰ ਸਥਾਪਿਤ ਬਿਜਲੀ ਦੀ ਸਮਰੱਥਾ ਦੇ ਆਪਣੇ ਲਕਸ਼ ਨੂੰ ਨਿਰਧਾਰਿਤ ਸਮੇਂ ਤੋਂ ਨੌਂ ਵਰ੍ਹੇ ਪਹਿਲਾਂ ਵੀ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ ਆਪਣੇ ਲਈ ਇੱਕ ਉੱਚਾ ਲਕਸ਼ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਸ਼ 2030 ਤੱਕ 50 ਪ੍ਰਤੀਸ਼ਤ ਗ਼ੈਰ-ਜੀਵਾਸ਼ਮ ਸਥਾਪਿਤ ਕਰਨ ਦੀ ਸਮਰੱਥਾ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਸੌਰ ਅਤੇ ਪਵਨ ਊਰਜਾ ਦੇ ਖੇਤਰ ਵਿੱਚ ਵੀ ਆਲਮੀ ਪੱਧਰ ‘ਤੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ।’’ ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਕਾਰਜਸਮੂਹ ਦੇ ਪ੍ਰਤੀਨਿਧੀਆਂ ਨੂੰ ਪਾਵਾਗਢ ਸੌਰ ਪਾਰਕ ਅਤੇ ਮੋਢੇਰਾ ਸੌਰ ਪਿੰਡ ਦਾ ਦੌਰਾ ਕਰਕੇ ਸਵੱਛ ਊਰਜਾ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੇ ਪੱਧਰ ਅਤੇ ਪੈਮਾਣੇ ਨੂੰ ਦੇਖਣ ਦਾ ਮੌਕਾ ਮਿਲਿਆ।
ਪਿਛਲੇ ਨੌਂ ਵਰ੍ਹਿਆਂ ਦੌਰਾਨ ਦੇਸ਼ ਦੀਆਂ ਉਪਲਬਧੀਆਂ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ 190 ਮਿਲੀਅਨ ਤੋਂ ਅਧਿਕ ਪਰਿਵਾਰਾਂ ਨੂੰ ਐੱਲਪੀਜੀ ਨਾਲ ਜੋੜਿਆ। ਨਾਲ ਹੀ, ਹਰ ਪਿੰਡ ਨੂੰ ਬਿਜਲੀ ਨਾਲ ਜੋੜਨ ਦੀ ਇਤਿਹਾਸਿਕ ਉਪਲਬਧੀ ਵੀ ਹਾਸਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਪਾਈਪ ਦੇ ਜ਼ਰੀਏ ਰਸੋਈ ਗੈਸ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਜ਼ਿਕਰ ਕੀਤਾ, ਜਿਸ ਵਿੱਚ ਅਗਲੇ ਕੁਝ ਵਰ੍ਹਿਆਂ ਵਿੱਚ 90 ਪ੍ਰਤੀਸ਼ਤ ਤੋਂ ਅਧਿਕ ਆਬਾਦੀ ਨੂੰ ਕਵਰ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ, “ਸਾਡਾ ਪ੍ਰਯਾਸ ਸਾਰਿਆਂ ਦੇ ਲਈ ਸਮਾਵੇਸ਼ੀ, ਮਜ਼ਬੂਤ, ਨਿਆਂਸੰਗਤ ਅਤੇ ਸਥਾਈ ਊਰਜਾ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।’’
ਪ੍ਰਧਾਨ ਮੰਤਰੀ ਨੇ ਦੱਸਿਆ ਕਿ 2015 ਵਿੱਚ, ਭਾਰਤ ਨੇ ਐੱਲਈਡੀ ਲਾਈਟ ਦੇ ਉਪਯੋਗ ਦੇ ਲਈ ਇੱਕ ਯੋਜਨਾ ਸ਼ੁਰੂ ਕਰਕੇ ਇੱਕ ਛੋਟਾ ਜਿਹਾ ਅੰਦੋਲਨ ਸ਼ੁਰੂ ਕੀਤਾ ਸੀ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਐੱਲਈਡੀ ਵੰਡ ਪ੍ਰੋਗਰਾਮ ਬਣ ਗਿਆ, ਜਿਸ ਨਾਲ ਸਾਨੂੰ ਪ੍ਰਤੀ ਵਰ੍ਹੇ 45 ਬਿਲੀਅਨ ਯੂਨਿਟ ਨਾਲ ਅਧਿਕ ਊਰਜਾ ਦੀ ਬੱਚਤ ਹੋਈ। ਉਨ੍ਹਾਂ ਨੇ ਖੇਤੀਬਾੜੀ ਪੰਪਾਂ ਵਿੱਚ ਸੌਰ ਊਰਜਾ ਦੇ ਪ੍ਰਯੋਗ ਨਾਲ ਜੁੜੀ ਦੁਨੀਆ ਦੀ ਸਭ ਤੋਂ ਵੱਡੀ ਪਹਿਲ ਸ਼ੁਰੂ ਕਰਨ ਅਤੇ 2030 ਤੱਕ ਭਾਰਤ ਦੇ ਇਲੈਕਟ੍ਰਿਕ ਵਾਹਨਾਂ ਦੇ ਘਰੇਲੂ ਬਾਜ਼ਾਰ ਵਿੱਚ 10 ਮਿਲੀਅਨ ਦੀ ਸਾਲਾਨਾ ਵਿਕਰੀ ਦੇ ਅਨੁਮਾਨ ਦੇ ਬਾਰੇ ਵਿੱਚ ਵੀ ਚਰਚਾ ਕੀਤੀ।
ਉਨ੍ਹਾਂ ਨੇ ਇਸ ਵਰ੍ਹੇ 20 ਪ੍ਰਤੀਸ਼ਤ ਈਥੈਨੌਲ ਮਿਸ਼ਰਿਤ ਪੈਟਰੋਲ ਦੀ ਸਪਲਾਈ ਦੀ ਸ਼ੁਰੂਆਤ ‘ਤੇ ਵੀ ਚਾਨਣਾ ਪਾਇਆ, ਜਿਸ ਦਾ ਲਕਸ਼ 2025 ਤੱਕ ਪੂਰੇ ਦੇਸ਼ ਨੂੰ ਕਵਰ ਕਰਨਾ ਹੈ। ਭਾਰਤ ਵਿੱਚ ਡੀਕਾਰਬਨਾਈਜਿੰਗ (decarbonising) ਦੀ ਪ੍ਰਕਿਰਿਆ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇੱਕ ਵਿਕਲਪ ਦੇ ਰੂਪ ਵਿੱਚ ਗ੍ਰੀਨ ਹਾਈਡ੍ਰੋਜਨ 'ਤੇ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ਅਤੇ ਇਸ ਦਾ ਲਕਸ਼ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਇਸ ਦੇ ਮਿਸ਼ਰਣਾਂ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਦੇ ਲਈ ਇੱਕ ਗਲੋਬਲ ਹੱਬ ਵਿੱਚ ਬਦਲਣਾ ਹੈ।
ਇਸ ਤੱਥ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਰੀ ਦੁਨੀਆ ਦੀਰਘਕਾਲੀ, ਨਿਆਂਸੰਗਤ, ਕਿਫ਼ਾਇਤੀ, ਸਮਾਵੇਸ਼ੀ ਅਤੇ ਸਵੱਛ ਊਰਜਾ ਦੀ ਦਿਸ਼ਾ ਵਿੱਚ ਬਦਲਾਅ ਨੂੰ ਅੱਗੇ ਵਧਾਉਣ ਦੇ ਲਈ ਜੀ-20 ਸਮੂਹ ਵੱਲ ਦੇਖ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੱਖਣੀ ਦੁਨੀਆ ਦੇ ਦੇਸ਼ਾਂ ਨੂੰ ਨਾਲ ਲੈਣ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਘੱਟ ਲਾਗਤ ਵਾਲੇ ਵਿੱਤ ਨੂੰ ਸੁਨਿਸ਼ਚਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੈਕਨੋਲੋਜੀ ਸਬੰਧੀ ਪਾੜੇ ਨੂੰ ਪੂਰਾ ਕਰਨ, ਊਰਜਾ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਸਪਲਾਈ ਚੇਨ ਵਿੱਚ ਵਿਵਿਧਤਾ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਤਰੀਕੇ ਲੱਭਣ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ 'ਭਵਿੱਖ ਲਈ ਈਂਧਣ' ਦੇ ਮੁੱਦੇ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੁਝਾਅ ਵੀ ਦਿੱਤਾ ਅਤੇ ਕਿਹਾ ਕਿ 'ਹਾਈਡ੍ਰੋਜਨ ਨਾਲ ਸਬੰਧਿਤ ਉੱਚ-ਪੱਧਰੀ ਸਿਧਾਂਤ' ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਗਰਿੱਡ ਇੰਟਰਕਨੈਕਸ਼ਨ ਊਰਜਾ ਸੁਰੱਖਿਆ ਨੂੰ ਵਧਾ ਸਕਦੇ ਹਨ ਅਤੇ ਭਾਰਤ ਆਪਣੇ ਗੁਆਂਢੀਆਂ ਦੇ ਨਾਲ ਇਸ ਪਰਸਪਰ ਲਾਭਕਾਰੀ ਸਹਿਯੋਗ ਨੂੰ ਹੁਲਾਰਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਰਸਪਰ ਜੁੜੇ ਗ੍ਰੀਨ ਗਰਿੱਡ ਦੇ ਵਿਜ਼ਨ ਨੂੰ ਸਾਕਾਰ ਕਰਨਾ ਪਰਿਵਰਤਨਕਾਰੀ ਸਾਬਿਤ ਹੋ ਸਕਦਾ ਹੈ। ਇਹ ਸਾਨੂੰ ਸਾਰਿਆਂ ਨੂੰ ਜਲਵਾਯੂ ਆਪਣੇ ਲਕਸ਼ਾਂ ਨੂੰ ਪੂਰਾ ਕਰਨ, ਹਰਿਤ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਲੱਖਾਂ ਹਰਿਤ ਨੌਕਰੀਆਂ (ਗ੍ਰੀਨ ਜੌਬਸ) ਸਿਰਜਣ ਦੇ ਸਮਰੱਥ ਬਣਾਏਗਾ। ਉਨ੍ਹਾਂ ਨੇ ਇਸ ਬੈਠਕ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਸੋਲਰ ਗਠਬੰਧਨ ਦੀ ਹਰਿਤ ਗਰਿੱਡ ਪਹਿਲ - 'ਇੱਕ ਸੂਰਜ, ਇੱਕ ਧਰਤੀ, ਇੱਕ ਗਰਿੱਡ'- ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਵਾਤਾਵਰਣ ਦੀ ਦੇਖਭਾਲ ਕਰਨਾ ਕੁਦਰਤੀ ਜਾਂ ਸੱਭਿਆਚਾਰਕ ਹੋ ਸਕਦੀ ਹੈ, ਪਰ ਇਹ ਭਾਰਤ ਦਾ ਪਰੰਪਰਾਗਤ ਗਿਆਨ ਹੀ ਹੈ ਜੋ ਮਿਸ਼ਨ ਲਾਈਫ – ਵਾਤਾਵਰਣ ਦੇ ਅਨੁਕੂਲ ਜੀਵਨ ਸ਼ੈਲੀ ਨੂੰ ਮਜ਼ਬੂਤ ਕਰਦਾ ਹੈ। ਇਹ ਇੱਕ ਅਜਿਹਾ ਅੰਦੋਲਨ ਹੈ ਜੋ ਸਾਡੇ ਵਿੱਚੋਂ ਹਰੇਕ ਨੂੰ ਜਲਵਾਯੂ ਚੈਂਪੀਅਨ ਬਣਾ ਦੇਵੇਗਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਭਾਵੇਂ ਕਿੰਨੇ ਵੀ ਬਦਲਾਅ ਕਰੀਏ, ਲੇਕਿਨ ਸਾਡੇ ਵਿਚਾਰਾਂ ਅਤੇ ਕਾਰਜਾਂ ਨੂੰ ਹਮੇਸ਼ਾ ਸਾਡੀ 'ਇੱਕ ਧਰਤੀ' ਨੂੰ ਸੁਰੱਖਿਅਤ ਰੱਖਣ, ਸਾਡੇ 'ਇੱਕ ਪਰਿਵਾਰ' ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਹਰਿਤ 'ਇੱਕ ਭਵਿੱਖ' ਵੱਲ ਵਧਣ ਵਿੱਚ ਸਹਾਇਕ ਹੋਣਾ ਚਾਹੀਦਾ ਹੈ।