ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਯੂਕ੍ਰੇਨ ਦੇ ਹਾਲੀਆ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਆਪਣੇ ਇਸ ਦ੍ਰਿੜ੍ਹ ਵਿਸ਼ਵਾਸ ਨੂੰ ਦੁਹਰਾਇਆ ਕਿ ਰੂਸ ਅਤੇ ਨਾਟੋ ਸਮੂਹ ਦੇ ਦਰਮਿਆਨ ਦੇ ਮਤਭੇਦਾਂ ਨੂੰ ਕੇਵਲ ਇਮਾਨਦਾਰ ਅਤੇ ਸੁਹਿਰਦ ਸੰਵਾਦ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਅਤੇ ਕੂਟਨੀਤਕ ਵਾਰਤਾਲਾਪ ਅਤੇ ਸੰਵਾਦ ਦੇ ਰਸਤੇ ’ਤੇ ਪਰਤਣ ਦੇ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਪ੍ਰਯਤਨ ਕਰਨ ਦਾ ਸੱਦਾ ਦਿੱਤਾ।
ਯੂਕ੍ਰੇਨ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਖਾਸ ਤੌਰ ’ਤੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਨੇ ਰੂਸੀ ਰਾਸ਼ਟਰਪਤੀ ਨੂੰ ਭਾਰਤ ਦੇ ਸਰੋਕਾਰਾਂ ਤੋਂ ਜਾਣੂ ਕਰਵਾਇਆ ਅਤੇ ਇਹ ਜਾਣਕਾਰੀ ਦਿੱਤੀ ਕਿ ਭਾਰਤ ਉਨ੍ਹਾਂ ਸਭ ਦੀ ਯੂਕ੍ਰੇਨ ਤੋਂ ਸੁਰੱਖਿਅਤ ਨਿਕਾਲੀ ਅਤੇ ਭਾਰਤ ਵਾਪਸੀ ਨੂੰ ਉੱਚ ਪ੍ਰਾਥਮਿਕਤਾ ਦੇ ਰਿਹਾ ਹੈ।
ਦੋਹਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੇ ਅਧਿਕਾਰੀ ਅਤੇ ਕੂਟਨੀਤਕ ਟੀਮਾਂ ਟਾਪਿਕਲ ਇੰਟ੍ਰੈਸਟ ਦੇ ਮੁੱਦਿਆਂ ’ਤੇ ਨਿਯਮਿਤ ਸੰਪਰਕ ਬਣਾਈ ਰੱਖਣਗੇ।