ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ, 2021 ਨੂੰ ਉੱਤਰਾਖੰਡ ਦੇ ਹਲਦਵਾਨੀ ਦਾ ਦੌਰਾ ਕਰਨਗੇ। ਉਹ ਇੱਥੇ 17,500 ਕਰੋੜ ਰੁਪਏ ਤੋਂ ਵੱਧ ਦੇ 23 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। 23 ਪ੍ਰੋਜੈਕਟਾਂ ਵਿੱਚੋਂ 14,100 ਕਰੋੜ ਰੁਪਏ ਦੇ 17 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਪ੍ਰੋਜੈਕਟ ਸਿੰਚਾਈ, ਸੜਕਾਂ, ਰਿਹਾਇਸ਼, ਸਿਹਤ ਬੁਨਿਆਦੀ ਢਾਂਚਾ, ਉਦਯੋਗ, ਸੈਨੀਟੇਸ਼ਨ, ਪੀਣ ਵਾਲੇ ਪਾਣੀ ਦੀ ਸਪਲਾਈ ਸਮੇਤ ਕਈ ਖੇਤਰਾਂ/ਸੈਕਟਰਾਂ ਨਾਲ ਸਬੰਧਿਤ ਹਨ। ਇਸ ਪ੍ਰੋਗਰਾਮ ਵਿੱਚ ਛੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਜੋ ਕਿ ਸੜਕ ਚੌੜੀ ਕਰਨ ਦੇ ਪ੍ਰੋਜੈਕਟ, ਪਿਥੌਰਾਗੜ੍ਹ ਵਿੱਚ ਇੱਕ ਪਣਬਿਜਲੀ ਪ੍ਰੋਜੈਕਟ ਅਤੇ ਨੈਨੀਤਾਲ ਵਿੱਚ ਸੀਵਰੇਜ ਨੈਟਵਰਕ ਦੇ ਸੁਧਾਰ ਨਾਲ ਸਬੰਧਿਤ ਪ੍ਰੋਜੈਕਟ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 3,400 ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਲਗਭਗ 5750 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਲਖਵਾਰ ਬਹੁ-ਮੰਤਵੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸ਼ੁਰੂ ਕਰਨ ਲਈ ਪਹਿਲੀ ਵਾਰ 1976 ਵਿੱਚ ਯੋਜਨਾ ਬਣਾਈ ਗਈ ਸੀ ਅਤੇ ਕਈ ਸਾਲਾਂ ਤੋਂ ਲੰਬਿਤ ਸੀ। ਲੰਮੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟਾਂ ਨੂੰ ਪਹਿਲ ਦੇਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਰਾਸ਼ਟਰੀ ਮਹੱਤਵ ਵਾਲਾ ਇਹ ਪ੍ਰੋਜੈਕਟ ਲਗਭਗ 34,000 ਹੈਕਟੇਅਰ ਅਤਿਰਿਕਤ ਜ਼ਮੀਨ ਦੀ ਸਿੰਚਾਈ, 300 ਮੈਗਾਵਾਟ ਪਣਬਿਜਲੀ ਉਤਪਾਦਨ ਅਤੇ ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਛੇ ਰਾਜਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਯੋਗ ਬਣਾਏਗਾ।
ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੰਪਰਕ ਵਿੱਚ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਲਗਭਗ 8700 ਕਰੋੜ ਰੁਪਏ ਦੇ ਕਈ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨੀਂਹ ਪੱਥਰ ਰੱਖੇ ਜਾਣਗੇ।
ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ 4000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ 85 ਕਿਲੋਮੀਟਰ ਮੁਰਾਦਾਬਾਦ-ਕਾਸ਼ੀਪੁਰ ਸੜਕ ਨੂੰ ਚਾਰ ਮਾਰਗੀ ਕਰਨਾ; ਗਦਰਪੁਰ-ਦਿਨੇਸ਼ਪੁਰ-ਮਡਕੋਟਾ-ਹਲਦਵਾਨੀ ਰੋਡ (ਐੱਸਐੱਚ-5) ਦੇ 22-ਕਿਲੋਮੀਟਰ ਹਿੱਸੇ ਨੂੰ ਦੋ-ਮਾਰਗੀ ਬਣਾਉਣਾ ਅਤੇ ਕਿਚਾ ਤੋਂ ਪੰਤਨਗਰ (ਐੱਸਐੱਚ-44) ਤੱਕ 18-ਕਿਲੋਮੀਟਰ ਭਾਗ ਨੂੰ ਦੋ-ਮਾਰਗੀ ਬਣਾਉਣਾ; ਊਧਮ ਸਿੰਘ ਨਗਰ ਵਿਖੇ 8 ਕਿਲੋਮੀਟਰ ਲੰਬੇ ਖਟੀਮਾ ਬਾਈਪਾਸ ਦਾ ਨਿਰਮਾਣ; 175 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਚਾਰ ਮਾਰਗੀ ਰਾਸ਼ਟਰੀ ਰਾਜਮਾਰਗ (ਐੱਨਐੱਚ109-ਡੀ) ਦਾ ਨਿਰਮਾਣ ਸ਼ਾਮਲ ਹੈ। ਇਨ੍ਹਾਂ ਸੜਕ ਪ੍ਰੋਜੈਕਟਾਂ ਨਾਲ ਗੜ੍ਹਵਾਲ, ਕੁਮਾਊਂ ਅਤੇ ਤਰਾਈ ਖੇਤਰ ਵਿੱਚ ਸੜਕ ਸੰਪਰਕ ਅਤੇ ਉੱਤਰਾਖੰਡ ਅਤੇ ਨੇਪਾਲ ਦਰਮਿਆਨ ਸੜਕ ਸੰਪਰਕ ਵਿੱਚ ਸੁਧਾਰ ਹੋਵੇਗਾ। ਰੁਦਰਪੁਰ ਅਤੇ ਲਾਲਕੁਆਂ ਵਿੱਚ ਉਦਯੋਗਿਕ ਖੇਤਰਾਂ ਨੂੰ ਵੀ ਜਿਮ ਕਾਰਬੇਟ ਨੈਸ਼ਨਲ ਪਾਰਕ ਤੱਕ ਪਹੁੰਚ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਸੜਕੀ ਸੰਪਰਕ ਵਿੱਚ ਸੁਧਾਰ ਦਾ ਲਾਭ ਹੋਵੇਗਾ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਰਾਜ ਭਰ ਵਿੱਚ ਕਈ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਵਿੱਚ 625 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੁੱਲ 1157 ਕਿਲੋਮੀਟਰ ਲੰਬੀਆਂ 133 ਗ੍ਰਾਮੀਣ ਸੜਕਾਂ ਦਾ ਨਿਰਮਾਣ ਅਤੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ 151 ਪੁਲਾਂ ਦਾ ਨਿਰਮਾਣ ਸ਼ਾਮਲ ਹੈ।
ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਸੜਕੀ ਪ੍ਰੋਜੈਕਟਾਂ ਵਿੱਚ 2500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਨਗੀਨਾ ਤੋਂ ਕਾਸ਼ੀਪੁਰ (ਐੱਨਐੱਚ-74) ਤੱਕ 99 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਅਤੇ 780 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹਰ ਮੌਸਮ ਵਿੱਚ ਅਨੁਕੂਲ ਸੜਕ ਪ੍ਰੋਜੈਕਟਾਂ ਦੇ ਤਹਿਤ ਬਣੇ ਟਨਕਪੁਰ-ਪਿਥੌਰਾਗੜ੍ਹ ਰੋਡ (ਐੱਨਐੱਚ-125)ਦੇ ਤਿੰਨ ਭਾਗਾਂ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਸ਼ਾਮਲ ਹਨ। ਤਿੰਨ ਸੜਕ ਖੰਡ ਹਨ- ਚਿਊਰਾਨੀ ਤੋਂ ਆਂਚੋਲੀ (32 ਕਿਲੋਮੀਟਰ), ਬਿਲਖੇਤ ਤੋਂ ਚੰਪਾਵਤ (29 ਕਿਲੋਮੀਟਰ) ਅਤੇ ਤਿਲੋਨ ਤੋਂ ਚਿਊਰਾਨੀ (28 ਕਿਲੋਮੀਟਰ)। ਸੜਕਾਂ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨਾ ਸਿਰਫ਼ ਦੂਰ-ਦੁਰਾਡੇ ਦੇ ਖੇਤਰਾਂ ਦੀ ਸੰਪਰਕ ਨੂੰ ਬਿਹਤਰ ਬਣਾਉਣਗੇ ਬਲਕਿ ਖੇਤਰ ਵਿੱਚ ਟੂਰਿਜ਼ਮ, ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਦੇਣਗੇ। ਰਣਨੀਤਕ ਤੌਰ 'ਤੇ ਮਹੱਤਵਪੂਰਨ ਟਨਕਪੁਰ-ਪਿਥੌਰਾਗੜ੍ਹ ਸੜਕ ਨਾਲ ਹਰ ਮੌਸਮ ਵਿੱਚ ਸੰਪਰਕ; ਸਰਹੱਦੀ ਖੇਤਰਾਂ ਵਿੱਚ ਫ਼ੌਜ ਦੀ ਨਿਰਵਿਘਨ ਆਵਾਜਾਈ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਲਈ ਬਿਹਤਰ ਸੰਪਰਕ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
ਰਾਜ ਦੇ ਮੈਡੀਕਲ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਡਾਕਟਰੀ ਸੁਵਿਧਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ, ਪ੍ਰਧਾਨ ਮੰਤਰੀ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਏਮਸ ਰਿਸ਼ੀਕੇਸ਼ ਸੈਟੇਲਾਈਟ ਸੈਂਟਰ ਅਤੇ ਪਿਥੌਰਾਗੜ੍ਹ ਵਿੱਚ ਜਗਜੀਵਨ ਰਾਮ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਇਹ ਦੋਵੇਂ ਹਸਪਤਾਲ ਕ੍ਰਮਵਾਰ 500 ਕਰੋੜ ਅਤੇ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ। ਬਿਹਤਰ ਮੈਡੀਕਲ ਬੁਨਿਆਦੀ ਢਾਂਚੇ ਦੀ ਸਹੂਲਤ ਨਾ ਸਿਰਫ਼ ਕੁਮਾਊਂ ਅਤੇ ਤਰਾਈ ਖੇਤਰਾਂ ਦੇ ਲੋਕਾਂ ਨੂੰ ਮਦਦ ਕਰੇਗੀ, ਬਲਕਿ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸਿਤਾਰਗੰਜ ਅਤੇ ਕਾਸ਼ੀਪੁਰ ਖੇਤਰਾਂ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਕਰੀਬ 2400 ਮਕਾਨਾਂ ਦੀ ਉਸਾਰੀ ਲਈ ਨੀਂਹ ਪੱਥਰ ਰੱਖਣਗੇ। ਇਹ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ ਕੁੱਲ 170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣਗੇ।
ਸ਼੍ਰੀ ਮੋਦੀ ਰਾਜ ਦੇ ਗ੍ਰਾਮੀਣ ਖੇਤਰਾਂ ਵਿੱਚ ਨਲ ਤੋਂ ਜਲ ਦੀ ਸਪਲਾਈ ਵਿੱਚ ਸੁਧਾਰ ਕਰਨ ਲਈ ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਦੇ ਤਹਿਤ ਰਾਜ ਦੇ 13 ਜ਼ਿਲ੍ਹਿਆਂ ਵਿੱਚ 73 ਜਲ ਸਪਲਾਈ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਯੋਜਨਾਵਾਂ 'ਤੇ ਕੁੱਲ 1250 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਰਾਜ ਦੇ 1.3 ਲੱਖ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹਰਿਦੁਆਰ ਅਤੇ ਨੈਨੀਤਾਲ ਦੇ ਸ਼ਹਿਰੀ ਖੇਤਰਾਂ ਵਿੱਚ ਮਿਆਰੀ ਪਾਣੀ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੋਵਾਂ ਸ਼ਹਿਰਾਂ ਲਈ ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਹਰਿਦੁਆਰ ਵਿੱਚ ਲਗਭਗ 14500 ਟੂਟੀ ਦੇ ਪਾਣੀ ਦੇ ਕਨੈਕਸ਼ਨ ਅਤੇ ਹਲਦਵਾਨੀ ਵਿੱਚ 2400 ਤੋਂ ਵੱਧ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਨਗੇ, ਜਿਸ ਨਾਲ ਹਰਿਦੁਆਰ ਦੀ ਲਗਭਗ ਇੱਕ ਲੱਖ ਅਤੇ ਹਲਦਵਾਨੀ ਦੀ ਲਗਭਗ 12000 ਆਬਾਦੀ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਦੇ ਕਿਸੇ ਖੇਤਰ ਦੀ ਅੰਦਰੂਨੀ ਸੰਭਾਵਨਾ ਨੂੰ ਵਰਤਣ ਲਈ ਨਵੇਂ ਮੌਕੇ ਪੈਦਾ ਕਰਨ ਦੇ ਵਿਜ਼ਨ ਦੇ ਅਨੁਸਾਰ, ਕਾਸ਼ੀਪੁਰ ਵਿਖੇ 41 ਏਕੜ ਵਿੱਚ ਅਰੋਮਾ ਪਾਰਕ ਅਤੇ ਸਿਤਾਰਗੰਜ ਵਿੱਚ 40 ਏਕੜ ਵਿੱਚ ਪਲਾਸਟਿਕ ਉਦਯੋਗਿਕ ਪਾਰਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਦੋਵੇਂ ਪ੍ਰੋਜੈਕਟ ਰਾਜ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਵਿਕਾਸ ਨਿਗਮ ਉੱਤਰਾਖੰਡ ਲਿਮਿਟਿਡ ਦੁਆਰਾ ਲਗਭਗ 100 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ। ਉੱਤਰਾਖੰਡ ਵਿੱਚ ਵਿਲੱਖਣ ਭੂਗੋਲਿਕ ਸਥਿਤੀਆਂ ਦੇ ਮੱਦੇਨਜ਼ਰ, ਅਰੋਮਾ ਪਾਰਕ ਵਿੱਚ ਫੁੱਲਾਂ ਦੀ ਖੇਤੀ ਦੇ ਵਿਕਾਸ ਦੀ ਅਥਾਹ ਸੰਭਾਵਨਾਵਾਂ ਦੀ ਵਿਆਪਕ ਵਰਤੋਂ ਕੀਤੀ ਜਾਵੇਗੀ। ਪਲਾਸਟਿਕ ਇੰਡਸਟ੍ਰੀਅਲ ਪਾਰਕ ਰਾਜ ਦੀ ਉਦਯੋਗਿਕ ਸ਼ਕਤੀ ਨੂੰ ਸਹੀ ਢੰਗ ਨਾਲ ਸਾਬਤ ਕਰਨ ਅਤੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਪ੍ਰਧਾਨ ਮੰਤਰੀ ਨੈਨੀਤਾਲ ਦੇ ਰਾਮਨਗਰ ਵਿੱਚ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 7 ਐੱਮਐੱਲਡੀ ਅਤੇ 1.5 ਐੱਮਐੱਲਡੀ ਦੀ ਸਮਰੱਥਾ ਵਾਲੇ ਦੋ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਉਦਘਾਟਨ ਵੀ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਊਧਮ ਸਿੰਘ ਨਗਰ ਵਿੱਚ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ 9 ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦੇ ਨਿਰਮਾਣ; ਅਤੇ ਨੈਨੀਤਾਲ ਵਿੱਚ ਸੀਵਰੇਜ ਪ੍ਰਣਾਲੀ ਨੂੰ ਅੱਪਗ੍ਰੇਡ ਕਰਨ ਲਈ 78 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਉੱਤਰਾਖੰਡ ਜਲ ਬਿਜਲੀ ਨਿਗਮ ਲਿਮਿਟਿਡ ਦੁਆਰਾ ਪਿਥੌਰਾਗੜ੍ਹ ਜ਼ਿਲ਼੍ਹੇ ਦੇ ਮੁਨਸਿਆਰੀ ਵਿਖੇ ਲਗਭਗ 50 ਕਰੋੜ ਰੁਪਏ ਦੀ ਸਮਰੱਥਾ ਵਾਲੇ ਅਤੇ ਬਿਨਾ ਪਾਣੀ ਭੰਡਾਰ ਦੇ ਬਣਾਏ ਗਏ 5 ਮੈਗਾਵਾਟ ਦੇ ਸੁਰਿੰਗਡ-2 ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ।