

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਦਸੰਬਰ ਨੂੰ ਗੋਆ ਦਾ ਦੌਰਾ ਕਰਨਗੇ ਅਤੇ ਦੁਪਹਿਰ 3 ਵਜੇ ਦੇ ਕਰੀਬ ਗੋਆ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਗੋਆ ਮੁਕਤੀ ਦਿਵਸ ਦੇ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸਮਾਰੋਹ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ‘ਅਪਰੇਸ਼ਨ ਵਿਜੈ’ ਦੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕਰਨਗੇ। ਗੋਆ ਮੁਕਤੀ ਦਿਵਸ ਹਰ ਵਰ੍ਹੇ 19 ਦਸੰਬਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਸ਼ੁਰੂ ਕੀਤੇ ਗਏ 'ਅਪਰੇਸ਼ਨ ਵਿਜੈ' ਦੀ ਸਫ਼ਲਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਜਿਸ ਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਇਆ ਸੀ।
ਪ੍ਰਧਾਨ ਮੰਤਰੀ ਮੁਰੰਮਤ ਕੀਤੇ ਫੋਰਟ ਅਗੁਆੜਾ ਜੇਲ ਮਿਊਜ਼ੀਅਮ, ਗੋਆ ਮੈਡੀਕਲ ਕਾਲਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ, ਨਿਊ ਸਾਊਥ ਗੋਆ ਜ਼ਿਲ੍ਹਾ ਹਸਪਤਾਲ, ਮੋਪਾ ਹਵਾਈ ਅੱਡੇ 'ਤੇ ਏਵੀਏਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਡਾਬੋਲਿਮ-ਨਵੇਲਿਮ, ਮਡਗਾਓ ਵਿਖੇ ਗੈਸ ਇੰਸੂਲੇਟਿਡ ਸਬਸਟੇਸ਼ਨ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਗੋਆ ਵਿਖੇ ਬਾਰ ਕੌਂਸਲ ਆਵ੍ ਇੰਡੀਆ ਟਰੱਸਟ ਦੀ ਕਾਨੂੰਨੀ ਸਿੱਖਿਆ ਅਤੇ ਖੋਜ ਦੀ ਇੰਡੀਆ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਣਗੇ।
ਦੇਸ਼ ਭਰ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਉੱਚ ਪੱਧਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਕੋਸ਼ਿਸ਼ ਰਹੀ ਹੈ। ਇਸ ਵਿਜ਼ਨ ਦੇ ਅਨੁਰੂਪ, ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸੁਪਰ ਸਪੈਸ਼ਲਿਟੀ ਬਲਾਕ ਦਾ ਨਿਰਮਾਣ ਪ੍ਰਧਾਨ ਮੰਤਰੀ ਸਵਾਸਥ ਸੁਰਕਸ਼ਾ ਯੋਜਨਾ ਤਹਿਤ 380 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ।
ਇਹ ਪੂਰੇ ਗੋਆ ਰਾਜ ਵਿੱਚ ਇਕਲੌਤਾ ਅਤਿ-ਆਧੁਨਿਕ ਸੁਪਰ ਸਪੈਸ਼ਲਿਟੀ ਹਸਪਤਾਲ ਹੈ, ਜੋ ਉੱਚ ਪੱਧਰੀ ਸੁਪਰ ਸਪੈਸ਼ਲਿਟੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਐਂਜੀਓਪਲਾਸਟੀ, ਬਾਈਪਾਸ ਸਰਜਰੀ, ਲੀਵਰ ਟ੍ਰਾਂਸਪਲਾਂਟ, ਕਿਡਨੀ ਟ੍ਰਾਂਸਪਲਾਂਟ, ਡਾਇਲਸਿਸ ਆਦਿ ਜਿਹੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗਾ। ਸੁਪਰ ਸਪੈਸ਼ਲਿਟੀ ਬਲਾਕ ਵਿੱਚ ਪੀਐੱਮ-ਕੇਅਰਸ (PM-CARES) ਦੇ ਤਹਿਤ 1000 ਐੱਲਪੀਐੱਮ ਪੀਐੱਸਏ ਪਲਾਂਟ ਵੀ ਲਗਾਇਆ ਜਾਵੇਗਾ।
ਨਿਊ ਸਾਊਥ ਗੋਆ ਜ਼ਿਲ੍ਹਾ ਹਸਪਤਾਲ, ਜੋ ਕਿ ਤਕਰੀਬਨ 220 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਨਾਲ ਲੈਸ ਹੈ, ਜਿਸ ਵਿੱਚ 33 ਵਿਸ਼ੇਸ਼ਤਾਵਾਂ ਵਿੱਚ ਓਪੀਡੀ ਸੇਵਾਵਾਂ, ਨਵੀਨਤਮ ਡਾਇਗਨੌਸਟਿਕ ਅਤੇ ਪ੍ਰਯੋਗਸ਼ਾਲਾ ਦੀਆਂ ਸੁਵਿਧਾਵਾਂ ਅਤੇ ਫਿਜ਼ੀਓਥੈਰੇਪੀ, ਆਡੀਓਮੀਟਰੀ ਆਦਿ ਵਰਗੀਆਂ ਸੇਵਾਵਾਂ ਸ਼ਾਮਲ ਹਨ। ਹਸਪਤਾਲ ਵਿੱਚ 500 ਆਕਸੀਜਨ ਵਾਲੇ ਬਿਸਤਰੇ, 5500 ਲੀਟਰ ਐੱਲਐੱਮਓ ਟੈਂਕ ਅਤੇ 600 ਐੱਲਪੀਐੱਮ ਦੇ 2 ਪੀਐੱਸਏ ਪਲਾਂਟ ਹਨ।
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਅਗੁਆੜਾ ਫੋਰਟ ਜੇਲ ਮਿਊਜ਼ੀਅਮ ਨੂੰ ਵਿਰਾਸਤੀ ਟੂਰਿਸਟ ਸਥਾਨ ਦੇ ਤੌਰ 'ਤੇ ਪੁਨਰ-ਵਿਕਸਿਤ ਕਰਨ ਦਾ ਕੰਮ 28 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਗੋਆ ਦੀ ਆਜ਼ਾਦੀ ਤੋਂ ਪਹਿਲਾਂ, ਅਗੁਆੜਾ ਕਿਲ੍ਹੇ ਦੀ ਵਰਤੋਂ ਸੁਤੰਤਰਤਾ ਸੈਨਾਨੀਆਂ ਨੂੰ ਕੈਦ ਕਰਨ ਅਤੇ ਤਸੀਹੇ ਦੇਣ ਲਈ ਕੀਤੀ ਜਾਂਦੀ ਸੀ। ਇਹ ਅਜਾਇਬ ਘਰ ਗੋਆ ਦੀ ਆਜ਼ਾਦੀ ਲਈ ਲੜਨ ਵਾਲੇ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਉਜਾਗਰ ਕਰੇਗਾ ਜੋ ਕਿ ਉਨ੍ਹਾਂ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਤਿਆਰ ਹੋ ਰਹੇ ਮੋਪਾ ਹਵਾਈ ਅੱਡੇ 'ਤੇ ਤਕਰੀਬਨ 8.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਵਾਬਾਜ਼ੀ ਕੌਸ਼ਲ ਵਿਕਾਸ ਕੇਂਦਰ ਵਿਖੇ 16 ਵਿਭਿੰਨ ਜੌਬ ਪ੍ਰੋਫਾਈਲਾਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦਾ ਉਦੇਸ਼ ਹੈ। ਮੋਪਾ ਏਅਰਪੋਰਟ ਪ੍ਰੋਜੈਕਟ ਦੇ ਚਾਲੂ ਹੋਣ ਦੇ ਨਾਲ ਟ੍ਰੇਨੀਜ਼ ਭਾਰਤ ਅਤੇ ਵਿਦੇਸ਼ਾਂ ਵਿੱਚ ਹੋਰ ਹਵਾਈ ਅੱਡਿਆਂ 'ਤੇ ਨੌਕਰੀ ਦੇ ਮੌਕੇ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੀ ਇੰਟੇਗ੍ਰੇਟਿਡ ਪਾਵਰ ਡਿਵੈਲਪਮੈਂਟ ਸਕੀਮ ਦੇ ਤਹਿਤ ਡਾਵੋਰਲਿਮ-ਨਵੇਲਿਮ, ਮਾਰਗਾਓ ਵਿਖੇ ਗੈਸ ਇੰਸੂਲੇਟਿਡ ਸਬਸਟੇਸ਼ਨ ਦਾ ਨਿਰਮਾਣ ਤਕਰੀਬਨ 16 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਡਾਵੋਰਲਿਮ, ਨੇਸੈਈ, ਨਵੇਲਿਮ, ਅਕੇਮ-ਬਾਇਕਸੋ (Aquem-Baixo) ਅਤੇ ਤੇਲੌਲੀਮ (Telaulim) ਪਿੰਡਾਂ ਨੂੰ ਸਥਿਰ ਬਿਜਲੀ ਸਪਲਾਈ ਪ੍ਰਦਾਨ ਕਰੇਗਾ।
ਬਾਰ ਕੌਂਸਲ ਆਵ੍ ਇੰਡੀਆ ਟਰੱਸਟ ਦੀ ਇੰਡੀਆ ਇੰਟਰਨੈਸ਼ਨਲ ਯੂਨੀਵਰਸਿਟੀ ਆਫ਼ ਲੀਗਲ ਐਜੂਕੇਸ਼ਨ ਐਂਡ ਰਿਸਰਚ, ਗੋਆ ਨੂੰ ਉੱਚ ਅਤੇ ਟੈਕਨੀਕਲ ਸਿੱਖਿਆ ਦੇ ਕੇਂਦਰ ਵਜੋਂ ਟਰਾਂਸਫੋਰਮ ਕਰਨ ਲਈ ਸਰਕਾਰ ਦੇ ਫੋਕਸ ਦੇ ਅਨੁਸਾਰ ਸਥਾਪਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਵਾਲੇ ਭਾਰਤੀ ਹਥਿਆਰਬੰਦ ਬਲਾਂ ਦੀ ਯਾਦ ਵਿੱਚ ਇੱਕ ਸਪੈਸ਼ਲ ਕਵਰ ਅਤੇ ਸਪੈਸ਼ਲ ਕੈਂਸੇਲੇਸ਼ਨ ਵੀ ਰਿਲੀਜ਼ ਕਰਨਗੇ। ਇਤਿਹਾਸ ਦਾ ਇਹ ਵਿਸ਼ੇਸ਼ ਕਿੱਸਾ ਸਪੈਸ਼ਲ ਕਵਰ 'ਤੇ ਦਿਖਾਇਆ ਗਿਆ ਹੈ, ਜਦੋਂ ਕਿ ਸਪੈਸ਼ਲ ਕੈਂਸੇਲੇਸ਼ਨ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਗੋਮੰਤਕ ਵਿਖੇ ਜੰਗੀ ਯਾਦਗਾਰ ਨੂੰ ਦਰਸਾਉਂਦਾ ਹੈ, ਜਿਸ ਨੂੰ ਸੱਤ ਜਵਾਨ ਬਹਾਦਰ ਸੇਲਰਜ਼ ਅਤੇ ਹੋਰ ਕਰਮਚਾਰੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿਨ੍ਹਾਂ ਨੇ "ਅਪ੍ਰੇਸ਼ਨ ਵਿਜੈ" ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।
ਪ੍ਰਧਾਨ ਮੰਤਰੀ ਪਾਤਰਾਦੇਵੀ ਵਿਖੇ ਹੁਤਾਤਮਾ ਸਮਾਰਕ (Hutatma Smarak) ਨੂੰ ਦਰਸਾਉਂਦੀ 'ਮਾਈ ਸਟੈਂਪ' ਵੀ ਰਿਲੀਜ਼ ਕਰਨਗੇ, ਜੋ ਗੋਆ ਮੁਕਤੀ ਅੰਦੋਲਨ ਦੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਲਾਮ ਕਰਦੀ ਹੈ। ਪ੍ਰਧਾਨ ਮੰਤਰੀ ਨੂੰ ਗੋਆ ਮੁਕਤੀ ਸੰਘਰਸ਼ ਦੌਰਾਨ ਵਿਭਿੰਨ ਘਟਨਾਵਾਂ ਦੀਆਂ ਤਸਵੀਰਾਂ ਦਾ ਕੋਲਾਜ ਦਰਸਾਉਂਦਾ 'ਮੇਘਦੂਤ ਪੋਸਟਕਾਰਡ' ਵੀ ਭੇਂਟ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸਰਬਸ੍ਰੇਸ਼ਠ ਪੰਚਾਇਤ/ਨਗਰ ਪਾਲਿਕਾ, ਸਵਯੰਪੂਰਨ ਮਿੱਤਰਾਸ ਅਤੇ ਸਵਯੰਪੂਰਨ ਗੋਆ ਪ੍ਰੋਗਰਾਮ ਦੇ ਲਾਭਾਰਥੀਆਂ ਨੂੰ ਪੁਰਸਕਾਰ ਵੀ ਵੰਡਣਗੇ।
ਆਪਣੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਦੁਪਹਿਰ ਕਰੀਬ 2:15 ਵਜੇ ਪਣਜੀ ਦੇ ਆਜ਼ਾਦ ਮੈਦਾਨ ਵਿਖੇ ਸ਼ਹੀਦਾਂ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ। ਦੁਪਹਿਰ 2:30 ਵਜੇ ਦੇ ਕਰੀਬ ਉਹ ਮੀਰਾਮਾਰ, ਪਣਜੀ ਵਿਖੇ ਸੇਲ ਪਰੇਡ ਅਤੇ ਫਲਾਈ ਪਾਸਟ ਵਿੱਚ ਸ਼ਾਮਲ ਹੋਣਗੇ।