ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਰੋਹ ਨੂੰ ਗੁਜਰਾਤ ਦੇ ਕੱਛ ਵਿੱਚ ਸਥਿਤ ਗੁਰਦੁਆਰਾ ਲਖਪਤ ਸਾਹਿਬ ਵਿੱਚ 25 ਦਸੰਬਰ, 2021 ਨੂੰ ਲਗਭਗ ਸਾਢੇ ਬਾਰ੍ਹਾਂ ਵਜੇ ਦੁਪਹਿਰ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ।
ਹਰ ਸਾਲ 23 ਦਸੰਬਰ ਤੋਂ 25 ਦਸੰਬਰ ਤੱਕ, ਗੁਜਰਾਤ ਦੀ ਸਿੱਖ ਸੰਗਤ ਗੁਰਦੁਆਰਾ ਲਖਪਤ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੀ ਹੈ। ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਲਖਪਤ ਵਿੱਚ ਠਹਿਰੇ ਸਨ। ਗੁਰਦੁਆਰਾ ਲਖਪਤ ਸਾਹਿਬ ਵਿੱਚ ਖੜਾਵਾਂ ਅਤੇ ਪਾਲਕੀ ਸਹਿਤ ਪਾਂਡੂਲਿਪੀਆਂ ਅਤੇ ਗੁਰਮੁਖੀ ਲਿਪੀ ਜਿਹੀਆਂ ਉਨ੍ਹਾਂ ਦੀਆਂ ਕੁਝ ਵਸਤਾਂ ਰੱਖੀਆਂ ਹੋਈਆਂ ਹਨ।
ਸਾਲ 2001 ਦੇ ਭੁਚਾਲ ਦੇ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੁਕਸਾਨ ਹੋਇਆ ਸੀ। ਸ਼੍ਰੀ ਨਰੇਂਦਰ ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਇਸ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਨਾ ਸੁਨਿਸ਼ਚਿਤ ਕੀਤਾ ਸੀ। ਇਸ ਪਹਿਲ ਨਾਲ ਸਿੱਖ ਪੰਥ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਗਹਿਰੀ ਆਸਥਾ ਦਾ ਪਤਾ ਚਲਦਾ ਹੈ। ਉਨ੍ਹਾਂ ਦੀ ਆਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਸਮੇਤ ਹਾਲ ਹੀ ਦੇ ਹੋਰ ਅਵਸਰਾਂ 'ਤੇ ਵੀ ਨਜ਼ਰ ਆਈ।