ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਦਸੰਬਰ, 2021 ਨੂੰ ਦੁਪਹਿਰ 12 ਵਜੇ ਵਿਗਿਆਨ ਭਵਨ ਵਿਖੇ “ਡਿਪਾਜ਼ਿਟਰਸ ਫਸਟ: ਗਰੰਟਿਡ ਟਾਈਮ-ਬਾਊਂਡ ਡਿਪਾਜ਼ਿਟ ਇੰਸ਼ੋਰੈਂਸ ਪੇਮੈਂਟ ਅੱਪ ਟੂ ਰੁਪਏ 5 ਲੱਖ” (ਡਿਪਾਜ਼ਿਟਰ ਪ੍ਰਥਮ: ਪੰਜ ਲੱਖ ਰੁਪਏ ਤੱਕ ਦੇ ਸਮਾਂ-ਬੱਧ ਜਮ੍ਹਾਂ ਬੀਮਾ ਭੁਗਤਾਨ ਦੀ ਗਰੰਟੀ) ਵਿਸ਼ੇ 'ਤੇ ਸਮਾਗਮ ਨੂੰ ਸੰਬੋਧਨ ਕਰਨਗੇ।
ਡਿਪਾਜ਼ਿਟ ਇੰਸ਼ੋਰੈਂਸ ਭਾਰਤ ਵਿੱਚ ਕੰਮ ਕਰ ਰਹੇ ਸਾਰੇ ਕਮਰਸ਼ੀਅਲ ਬੈਂਕਾਂ ਵਿੱਚ ਸਾਰੀਆਂ ਜਮ੍ਹਾਂ ਰਕਮਾਂ ਜਿਵੇਂ ਕਿ ਬੱਚਤ, ਫਿਕਸਡ, ਚਾਲੂ, ਆਵਰਤੀ ਜਮ੍ਹਾਂ ਰਕਮਾਂ ਆਦਿ ਨੂੰ ਕਵਰ ਕਰਦਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੰਮ ਕਰ ਰਹੇ ਰਾਜ, ਕੇਂਦਰੀ ਅਤੇ ਪ੍ਰਾਇਮਰੀ ਸਹਿਕਾਰੀ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਨੂੰ ਵੀ ਇਸ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ। ਇਸ ਨਵੇਂ ਸੁਧਾਰ ਦੇ ਤਹਿਤ, ਬੈਂਕ ਜਮ੍ਹਾਂ ਬੀਮਾ ਕਵਰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।
5 ਲੱਖ ਰੁਪਏ ਪ੍ਰਤੀ ਡਿਪਾਜ਼ਿਟਰ, ਪ੍ਰਤੀ ਬੈਂਕ ਦੇ ਜਮ੍ਹਾਂ ਬੀਮਾ ਕਵਰੇਜ ਦੇ ਅਧਾਰ 'ਤੇ, ਪਿਛਲੇ ਵਿੱਤ ਵਰ੍ਹੇ ਦੇ ਅੰਤ 'ਤੇ ਪੂਰੀ ਤਰ੍ਹਾਂ ਸੁਰੱਖਿਅਤ ਖਾਤਿਆਂ ਦੀ ਸੰਖਿਆ 80 ਪ੍ਰਤੀਸ਼ਤ ਦੇ ਅੰਤਰਰਾਸ਼ਟਰੀ ਬੈਂਚਮਾਰਕ ਦੇ ਮੁਕਾਬਲੇ ਖਾਤਿਆਂ ਦੀ ਕੁੱਲ ਸੰਖਿਆ ਦਾ 98.1 ਪ੍ਰਤੀਸ਼ਤ ਸੀ।
ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਦੁਆਰਾ ਅੰਤ੍ਰਿਮ ਭੁਗਤਾਨਾਂ ਦੀ ਪਹਿਲੀ ਕਿਸ਼ਤ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਹੈ। ਇਹ ਅਦਾਇਗੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਪਾਬੰਦੀਸ਼ੁਦਾ 16 ਸ਼ਹਿਰੀ ਸਹਿਕਾਰੀ ਬੈਂਕਾਂ ਦੇ ਡਿਪਾਜ਼ਿਟਰਾਂ ਦੁਆਰਾ ਕੀਤੇ ਦਾਅਵਿਆਂ ਦੇ ਅਧਾਰ 'ਤੇ ਕੀਤੀ ਗਈ ਹੈ। ਇੱਕ ਲੱਖ ਤੋਂ ਵੱਧ ਡਿਪਾਜ਼ਿਟਰਾਂ ਨੇ ਦਾਅਵੇ ਕੀਤੇ ਸਨ, ਜਿਨ੍ਹਾਂ ਦੇ ਅਲਟਰਨੇਟ ਬੈਂਕ ਖਾਤਿਆਂ ਵਿੱਚ 1300 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ।
ਇਸ ਮੌਕੇ ਕੇਂਦਰੀ ਵਿੱਤ ਮੰਤਰੀ, ਵਿੱਤ ਰਾਜ ਮੰਤਰੀ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਵੀ ਮੌਜੂਦ ਰਹਿਣਗੇ।