ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23-24 ਜੂਨ 2022 ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਵਿੱਚ ਆਯੋਜਿਤ 14ਵੇਂ ਬ੍ਰਿਕਸ ਸਮਿਟ ਵਿੱਚ ਵਰਚੁਅਲ ਮਾਧਿਅਮ ਨਾਲ ਭਾਰਤ ਦੀ ਭਾਗੀਦਾਰੀ ਦੀ ਅਗਵਾਈ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਵੀ 23 ਜੂਨ ਨੂੰ ਸਮਿਟ ਵਿੱਚ ਹਿੱਸਾ ਲਿਆ। ਸਮਿਟ ਦੇ ਗ਼ੈਰ ਬ੍ਰਿਕਸ ਸਮੂਹ ਭਾਗ ਦੀ ਆਲਮੀ ਵਿਕਾਸ ’ਤੇ ਉੱਚ ਪੱਧਰੀ ਵਾਰਤਾ ਦਾ ਆਯੋਜਨ 24 ਜੂਨ ਨੂੰ ਕੀਤਾ ਗਿਆ।
23 ਜੂਨ ਨੂੰ ਨੇਤਾਵਾਂ ਨੇ ਆਤੰਕਵਾਦ, ਵਪਾਰ, ਸਿਹਤ, ਰਵਾਇਤੀ ਮੈਡੀਸਿਨ, ਵਾਤਾਵਰਣ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ, ਖੇਤੀਬਾੜੀ, ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਦੇ ਖੇਤਰਾਂ ਅਤੇ ਆਲਮੀ ਸੰਦਰਭ ਦੇ ਪ੍ਰਮੁੱਖ ਮੁੱਦਿਆਂ ਸਮੇਤ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ, ਕੋਵਿਡ-19 ਮਹਾਮਾਰੀ, ਆਲਮੀ ਆਰਥਿਕ ਸੁਧਾਰ ਆਦਿ ਵਿਸ਼ਿਆਂ ’ਤੇ ਵਿਚਾਰ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਬ੍ਰਿਕਸ ਪਹਿਚਾਣ ਨੂੰ ਮਜ਼ਬੂਤ ਕਰਨ ਅਤੇ ਬ੍ਰਿਕਸ ਦਸਤਾਵੇਜ਼ਾਂ, ਬ੍ਰਿਕਸ ਰੇਲਵੇ ਖੋਜ ਨੈੱਟਵਰਕ ਲਈ ਔਨਲਾਈਨ ਡੇਟਾਬੇਸ ਦੀ ਸਥਾਪਨਾ ਅਤੇ ਐੱਮਐੱਸਐੱਮਈ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਦਿੱਤਾ। ਭਾਰਤ ਬ੍ਰਿਕਸ ਦੇਸ਼ਾਂ ਵਿੱਚ ਸਟਾਰਟਅਪ ਵਿਚਕਾਰ ਸਬੰਧ ਮਜ਼ਬੂਤ ਕਰਨ ਲਈ ਇਸ ਸਾਲ ਬ੍ਰਿਕਸ ਸਟਾਰਟਅਪ ਪ੍ਰੋਗਰਾਮ ਦਾ ਆਯੋਜਨ ਕਰੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬ੍ਰਿਕਸ ਮੈਂਬਰਾਂ ਦੇ ਰੂਪ ਵਿੱਚ ਸਾਨੂੰ ਇੱਕ-ਦੂਸਰੇ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਤੰਕਵਾਦੀਆਂ ਦੀ ਸ਼ਨਾਖ਼ਤ ਕਰਨ ਵਿੱਚ ਆਪਸੀ ਸਮਰਥਨ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਇਸ ਸੰਵੇਦਨਸ਼ੀਲ ਮੁੱਦੇ ਦਾ ਰਾਜਨੀਤੀਕਰਣ ਨਹੀਂ ਕੀਤਾ ਜਾਣਾ ਚਾਹੀਦਾ। ਸਮਿਟ ਦੇ ਸਮਾਪਨ ’ਤੇ ਬ੍ਰਿਕਸ ਨੇਤਾਵਾਂ ਨੇ ‘ਬੀਜਿੰਗ ਘੋਸ਼ਣਾ’ ਨੂੰ ਅਪਣਾਇਆ।
24 ਜੂਨ ਨੂੰ ਪ੍ਰਧਾਨ ਮੰਤਰੀ ਨੇ ਅਫਰੀਕਾ, ਮੱਧ ਏਸ਼ੀਆ, ਦੱਖਣੀ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਤੋਂ ਕੈਰੀਬਿਅਨ ਤੱਕ ਭਾਰਤ ਦੀ ਵਿਕਾਸ ਭਾਈਵਾਲੀ ਦੇ ਨਾਲ ਨਾਲ ਇੱਕ ਮੁਕਤ, ਖੁੱਲ੍ਹੇ, ਸਮਾਵੇਸ਼ੀ ਅਤੇ ਨਿਯਮ ਅਧਾਰਿਤ ਸਮੁੰਦਰੀ ਖੇਤਰ ’ਤੇ ਭਾਰਤ ਦਾ ਧਿਆਨ, ਹਿੰਦ ਮਹਾਸਾਗਰ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਖੇਤਰ ਤੱਕ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਅਤੇ ਏਸ਼ੀਆ ਦੇ ਵੱਡੇ ਹਿੱਸੇ ਦੇ ਰੂਪ ਵਿੱਚ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ ਅਤੇ ਆਲਮੀ ਫ਼ੈਸਲੇ ਲੈਣ ਵਿੱਚ ਸੰਪੂਰਨ ਅਫਰੀਕਾ ਅਤੇ ਲੈਟਿਨ ਅਮੇਰਿਕਾ ਦੀ ਚੁੱਪ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸਰਕੂਲਰ ਅਰਥਵਿਵਸਥਾ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਅਤੇ ਪ੍ਰਤੀਭਾਗੀ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਈਫਸਟਾਈਲ ਫੌਰ ਐਨਵਾਇਰਨਮੈਂਟ (ਲਾਈਫ) ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਵਿੱਚ ਹਿੱਸਾ ਲੈਣ ਵਾਲੇ ਮਹਿਮਾਨ ਦੇਸ਼ਾਂ ਵਿੱਚ ਅਲਜੀਰੀਆ, ਅਰਜਨਟੀਨਾ, ਕੰਬੋਡੀਆ, ਮਿਸਰ, ਇਥੋਪੀਆ, ਫਿਜੀ, ਇੰਡੋਨੇਸ਼ੀਆ, ਈਰਾਨ, ਕਜ਼ਾਕਿਸਤਾਨ, ਮਲੇਸ਼ੀਆ, ਸੈਨੇਗਲ, ਥਾਈਲੈਂਡ ਅਤੇ ਉਜ਼ਬੇਕਿਸਤਾਨ ਸ਼ਾਮਲ ਸਨ।
ਇਸ ਤੋਂ ਪਹਿਲਾਂ 22 ਜੂਨ ਨੂੰ ਬ੍ਰਿਕਸ ਬਿਜ਼ਨਸ ਫੋਰਮ ਦੇ ਉਦਘਾਟਨ ਸਮਾਰੋਹ ਵਿੱਚ ਦਿੱਤੇ ਗਏ ਆਪਣੇ ਮੁੱਖ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਬ੍ਰਿਕਸ ਬਿਜ਼ਨਸ ਫੋਰਮ ਅਤੇ ਬ੍ਰਿਕਸ ਮਹਿਲਾ ਵਪਾਰ ਗੱਠਜੋੜ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਆਪਣਾ ਕਾਰਜ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਬ੍ਰਿਕਸ ਵਪਾਰ ਸਮੁਦਾਇ ਨੂੰ ਸਮਾਜਿਕ ਅਤੇ ਆਰਥਿਕ ਚੁਣੌਤੀਆਂ, ਸਟਾਰਟਅੱਪ ਅਤੇ ਐੱਮਐੱਸਐੱਮਈ ਲਈ ਟੈਕਨੋਲੋਜੀ ਅਧਾਰਿਤ ਸਮਾਧਾਨ ਦੇ ਖੇਤਰ ਵਿੱਚ ਹੋਰ ਸਹਿਯੋਗ ਕਰਨ ਦਾ ਸੁਝਾਅ ਦਿੱਤਾ।