ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਗੁਜਰਾਤ ਦੇ ਗਾਂਧੀਨਗਰ ਵਿੱਚ ਆਯੋਜਿਤ ਮਹਿਲਾ ਸਸ਼ਕਤੀਕਰਣ 'ਤੇ ਜੀ 20 ਮੰਤਰੀ ਪੱਧਰੀ ਸੰਮੇਲਨ ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਨਾਮ 'ਤੇ ਰੱਖੇ ਗਏ ਸ਼ਹਿਰ ਗਾਂਧੀਨਗਰ ਵਿੱਚ ਇਸ ਦੇ ਸਥਾਪਨਾ ਦਿਵਸ 'ਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਅਹਿਮਦਾਬਾਦ ਵਿੱਚ ਗਾਂਧੀ ਆਸ਼ਰਮ ਦਾ ਦੌਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਆਲਮੀ ਤਪਸ਼ ਵਰਗੇ ਮੁੱਦਿਆਂ ਲਈ ਫੌਰੀ ਅਤੇ ਟਿਕਾਊ ਹੱਲ ਲੱਭਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਆਸ਼ਰਮ 'ਚ ਗਾਂਧੀ ਜੀ ਦੀ ਜੀਵਨਸ਼ੈਲੀ ਦੀ ਸਾਦਗੀ ਅਤੇ ਸਥਿਰਤਾ, ਆਤਮ-ਨਿਰਭਰਤਾ ਅਤੇ ਸਮਾਨਤਾ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਵਿਚਾਰਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਪਤਵੰਤੇ ਇਸ ਨੂੰ ਪ੍ਰੇਰਨਾਦਾਇਕ ਮਹਿਸੂਸ ਕਰਨਗੇ। ਉਨ੍ਹਾਂ ਨੇ ਦਾਂਡੀ ਕੁਟੀਰ ਸੰਗ੍ਰਹਾਲਯ ਦਾ ਦੌਰਾ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਗਾਂਧੀ ਜੀ ਦਾ ਮਸ਼ਹੂਰ ਚਰਖਾ ਗੰਗਾਬੇਨ ਨਾਂ ਦੀ ਮਹਿਲਾ ਨੂੰ ਨੇੜਲੇ ਪਿੰਡ ਤੋਂ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦੋਂ ਤੋਂ ਗਾਂਧੀ ਜੀ ਨੇ ਖਾਦੀ ਪਹਿਨਣੀ ਸ਼ੁਰੂ ਕੀਤੀ, ਜੋ ਆਤਮ-ਨਿਰਭਰਤਾ ਅਤੇ ਸਥਿਰਤਾ ਦਾ ਪ੍ਰਤੀਕ ਬਣ ਗਈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਜਦੋਂ ਮਹਿਲਾਵਾਂ ਸਮ੍ਰਿੱਧ ਹੁੰਦੀਆਂ ਹਨ, ਤਾਂ ਦੁਨੀਆ ਸਮ੍ਰਿੱਧ ਹੁੰਦੀ ਹੈ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦਾ ਆਰਥਿਕ ਸਸ਼ਕਤੀਕਰਨ ਵਿਕਾਸ ਨੂੰ ਅੱਗੇ ਵਧਾਉਂਦਾ ਹੈ ਅਤੇ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਆਲਮੀ ਪ੍ਰਗਤੀ ਨੂੰ ਅੱਗੇ ਵਧਾਉਂਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਸਕਾਰਾਤਮਕ ਤਬਦੀਲੀ ਨੂੰ ਪ੍ਰੇਰਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵੀ ਤਰੀਕਾ ਮਹਿਲਾਵਾਂ ਦੀ ਅਗਵਾਈ ਵਾਲੀ ਵਿਕਾਸ ਪਹੁੰਚ ਹੈ ਅਤੇ ਭਾਰਤ ਇਸ ਦਿਸ਼ਾ ਵਿੱਚ ਵੱਡੀ ਪ੍ਰਗਤੀ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਆਪਣੇ ਆਪ ਵਿੱਚ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕਰ ਰਹੇ ਹਨ। ਉਨ੍ਹਾਂ ਰੇਖਾਂਕਿਤ ਕੀਤਾ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੇ ਹਨ ਅਤੇ ਦੁਨੀਆ ਦੇ ਦੂਜੇ ਸਭ ਤੋਂ ਵੱਡੀ ਰੱਖਿਆ ਬਲ ਦੇ ਕਮਾਂਡਰ-ਇਨ-ਚੀਫ ਵਜੋਂ ਸੇਵਾ ਨਿਭਾ ਰਹੇ ਹਨ, ਭਾਵੇਂ ਉਹ ਇੱਕ ਨਿਮਰ ਜਨਜਾਤੀ ਪਿਛੋਕੜ ਤੋਂ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਮਦਰ ਆਫ ਡੈਮੋਕਰੇਸੀ ਵਿੱਚ 'ਵੋਟ ਦਾ ਅਧਿਕਾਰ’ ਭਾਰਤੀ ਸੰਵਿਧਾਨ ਵੱਲੋਂ ਸ਼ੁਰੂ ਤੋਂ ਹੀ ਮਹਿਲਾਵਾਂ ਸਮੇਤ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦੇ ਆਧਾਰ ’ਤੇ ਦਿੱਤਾ ਗਿਆ ਸੀ ਅਤੇ ਚੋਣਾਂ ਲੜਨ ਦਾ ਅਧਿਕਾਰ ਵੀ ਬਰਾਬਰੀ ਦੇ ਆਧਾਰ ’ਤੇ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਆਰਥਿਕ, ਵਾਤਾਵਰਣ ਅਤੇ ਸਮਾਜਿਕ ਪਰਿਵਰਤਨ ਦੀਆਂ ਮੁੱਖ ਏਜੰਟ ਹਨ ਅਤੇ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗ੍ਰਾਮੀਣ ਸਥਾਨਕ ਸੰਸਥਾਵਾਂ ਵਿੱਚ ਚੁਣੇ ਗਏ ਨੁਮਾਇੰਦਿਆਂ ਵਿੱਚੋਂ 46% ਮਹਿਲਾਵਾਂ ਹਨ, ਜਿਨ੍ਹਾਂ ਦੀ ਗਿਣਤੀ 14 ਲੱਖ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਵੈ-ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਲਾਮਬੰਦੀ ਵੀ ਤਬਦੀਲੀ ਲਈ ਇੱਕ ਵੱਡੀ ਸ਼ਕਤੀ ਰਹੀ ਹੈ, ਪ੍ਰਧਾਨ ਮੰਤਰੀ ਨੇ ਸਵੈ-ਸਹਾਇਤਾ ਸਮੂਹਾਂ ਅਤੇ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦਾ ਜ਼ਿਕਰ ਕੀਤਾ, ਜੋ ਮਹਾਂਮਾਰੀ ਦੌਰਾਨ ਸਾਡੇ ਭਾਈਚਾਰਿਆਂ ਲਈ ਸਹਾਇਤਾ ਦੇ ਥੰਮ੍ਹ ਵਜੋਂ ਉੱਭਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਮਾਸਕ ਅਤੇ ਸੈਨੀਟਾਈਜ਼ਰ ਦੇ ਨਿਰਮਾਣ ਅਤੇ ਲਾਗ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਭਾਰਤ ਵਿੱਚ 80% ਤੋਂ ਵੱਧ ਨਰਸਾਂ ਅਤੇ ਦਾਈਆਂ ਮਹਿਲਾ ਹਨ। ਉਹ ਮਹਾਮਾਰੀ ਦੇ ਦੌਰਾਨ ਸਾਡੀ ਰੱਖਿਆ ਦੀ ਪਹਿਲੀ ਕਤਾਰ ਸਨ ਅਤੇ ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ।"
ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਸਰਕਾਰ ਦੀ ਮੁੱਖ ਤਰਜੀਹ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਮੁਦਰਾ ਯੋਜਨਾ ਦੇ ਤਹਿਤ ਸੂਖਮ-ਪੱਧਰ ਦੀਆਂ ਇਕਾਈਆਂ ਨੂੰ ਸਮਰਥਨ ਦੇਣ ਲਈ 10 ਲੱਖ ਰੁਪਏ ਤੱਕ ਦੇ ਲਗਭਗ 70 ਫ਼ੀਸਦ ਲੋਨ ਮਹਿਲਾਵਾਂ ਲਈ ਮਨਜ਼ੂਰ ਕੀਤੇ ਗਏ ਹਨ। ਇਸੇ ਤਰ੍ਹਾਂ, ਸਟੈਂਡ-ਅੱਪ ਇੰਡੀਆ ਅਧੀਨ 80% ਲਾਭਪਾਤਰੀ ਮਹਿਲਾਵਾਂ ਹਨ, ਜੋ ਗ੍ਰੀਨ ਫੀਲਡ ਪ੍ਰੋਜੈਕਟਾਂ ਲਈ ਬੈਂਕ ਲੋਨ ਲੈ ਰਹੀਆਂ ਹਨ। ਇਹ ਜ਼ਿਕਰ ਕਰਦੇ ਹੋਏ ਕਿ ਖਾਣਾ ਪਕਾਉਣ ਵਾਲਾ ਸਵੱਛ ਈਂਧਨ ਵਾਤਾਵਰਣ 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ ਅਤੇ ਮਹਿਲਾਵਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੱਸਿਆ ਕਿ ਗ੍ਰਾਮੀਣ ਮਹਿਲਾਵਾਂ ਨੂੰ ਲਗਭਗ 100 ਮਿਲੀਅਨ ਰਸੋਈ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਵਿੱਚ ਮਹਿਲਾਵਾਂ ਦੀ ਗਿਣਤੀ 2014 ਤੋਂ ਬਾਅਦ ਦੁੱਗਣੀ ਹੋ ਗਈ ਹੈ, ਭਾਰਤ ਵਿੱਚ ਲਗਭਗ 43 ਫ਼ੀਸਦ ਸਟੈੱਮ (ਵਿਗਿਆਨ, ਟੈਕਨੋਲੌਜੀ, ਇੰਜੀਨੀਅਰਿੰਗ ਅਤੇ ਗਣਿਤ) ਗ੍ਰੈਜੂਏਟ ਮਹਿਲਾਵਾਂ ਹਨ ਅਤੇ ਭਾਰਤ ਵਿੱਚ ਲਗਭਗ ਇੱਕ ਚੌਥਾਈ ਪੁਲਾੜ ਵਿਗਿਆਨੀ ਮਹਿਲਾਵਾਂ ਹਨ। ਉਨ੍ਹਾਂ ਕਿਹਾ, "ਚੰਦਰਯਾਨ, ਗਗਨਯਾਨ ਅਤੇ ਮਿਸ਼ਨ ਮੰਗਲ ਵਰਗੇ ਸਾਡੇ ਪ੍ਰਮੁੱਖ ਪ੍ਰੋਗਰਾਮਾਂ ਦੀ ਸਫਲਤਾ ਦੇ ਪਿੱਛੇ ਇਨ੍ਹਾਂ ਮਹਿਲਾ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਹੈ।" ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਭਾਰਤ ਵਿੱਚ ਪੁਰਸ਼ਾਂ ਨਾਲੋਂ ਵੱਧ ਮਹਿਲਾਵਾਂ ਉੱਚ ਸਿੱਖਿਆ ਵਿੱਚ ਦਾਖਲਾ ਲੈ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਨਾਗਰਿਕ ਹਵਾਬਾਜ਼ੀ ਵਿੱਚ ਮਹਿਲਾ ਪਾਇਲਟਾਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ, ਜਦਕਿ ਭਾਰਤੀ ਹਵਾਈ ਸੈਨਾ ਵਿੱਚ ਮਹਿਲਾ ਪਾਇਲਟਾਂ ਵੀ ਲੜਾਕੂ ਜਹਾਜ਼ ਉਡਾ ਰਹੀਆਂ ਹਨ।
ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਾਡੇ ਸਾਰੇ ਹਥਿਆਰਬੰਦ ਬਲਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਕਾਰਜਸ਼ੀਲ ਭੂਮਿਕਾਵਾਂ ਅਤੇ ਲੜਾਈ ਦੇ ਮੋਰਚਿਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਗ੍ਰਾਮੀਣ ਖੇਤੀਬਾੜੀ ਪਰਿਵਾਰਾਂ ਦੀ ਰੀੜ੍ਹ ਦੀ ਹੱਡੀ ਅਤੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਵਜੋਂ ਮਹਿਲਾਵਾਂ ਦੁਆਰਾ ਨਿਭਾਈਆਂ ਪ੍ਰਮੁੱਖ ਭੂਮਿਕਾਵਾਂ ਨੂੰ ਉਜਾਗਰ ਕੀਤਾ। ਕੁਦਰਤ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਕੋਲ ਜਲਵਾਯੂ ਪਰਿਵਰਤਨ ਦੇ ਨਵੀਨਤਾਕਾਰੀ ਸਮਾਧਾਨਾਂ ਦੀ ਕੁੰਜੀ ਹੈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ 18ਵੀਂ ਸਦੀ ਵਿੱਚ ਮਹਿਲਾਵਾਂ ਨੇ ਭਾਰਤ ਵਿੱਚ ਪਹਿਲੀ ਪ੍ਰਮੁੱਖ ਜਲਵਾਯੂ ਕਾਰਵਾਈ ਦੀ ਅਗਵਾਈ ਕੀਤੀ, ਜਦੋਂ ਅਮ੍ਰਿਤਾ ਦੇਵੀ ਦੀ ਅਗਵਾਈ ਵਿੱਚ ਰਾਜਸਥਾਨ ਦੇ ਬਿਸ਼ਨੋਈ ਭਾਈਚਾਰੇ ਨੇ ਰੁੱਖਾਂ ਦੀ ਗੈਰ-ਨਿਯਮਿਤ ਕਟਾਈ ਨੂੰ ਰੋਕਣ ਲਈ 'ਚਿਪਕੋ ਅੰਦੋਲਨ' ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਹੋਰ ਪਿੰਡ ਵਾਸੀਆਂ ਨਾਲ ਮਿਲ ਕੇ ਕੁਦਰਤ ਦੀ ਖਾਤਰ ਆਪਣੀ ਜਾਨ ਦੇ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਮਹਿਲਾਵਾਂ ‘ਮਿਸ਼ਨ ਲਾਈਫ – ਲਾਈਫ ਸਟਾਈਲ ਫਾਰ ਐਨਵਾਇਰਮੈਂਟ’ ਲਈ ਬ੍ਰਾਂਡ ਅੰਬੈਸਡਰ ਵੀ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਰਵਾਇਤੀ ਸਮਝ ਰਡਿਊਸ, ਰੀਯੂਜ਼, ਰੀਸਾਈਕਲ ਅਤੇ ਰੀ-ਪਰਪਜ਼ ਨੂੰ ਉਜਾਗਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਵੱਖ-ਵੱਖ ਪਹਿਲਾਂ ਦੇ ਤਹਿਤ, ਮਹਿਲਾਵਾਂ ਸੋਲਰ ਪੈਨਲ ਅਤੇ ਲਾਈਟਾਂ ਬਣਾਉਣ ਲਈ ਸਰਗਰਮੀ ਨਾਲ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ‘ਸੋਲਰ ਮਾਮਾਜ਼’ ਪਹਿਲ ਦਾ ਜ਼ਿਕਰ ਕੀਤਾ, ਜੋ ਗਲੋਬਲ ਸਾਊਥ ਵਿੱਚ ਭਾਈਵਾਲ ਦੇਸ਼ਾਂ ਦੇ ਨਾਲ ਸਹਿਯੋਗ ਕਰਨ ਵਿੱਚ ਸਫਲ ਰਹੀ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮਹਿਲਾ ਉੱਦਮੀਆਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਮਹਿਲਾ ਉੱਦਮੀ ਵਿਸ਼ਵ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ"। ਉਨ੍ਹਾਂ ਕਿਹਾ, "ਦਹਾਕੇ ਪਹਿਲਾਂ 1959 ਵਿੱਚ ਮੁੰਬਈ ਵਿੱਚ ਸੱਤ ਗੁਜਰਾਤੀ ਮਹਿਲਾਵਾਂ ਨੇ ਇੱਕ ਇਤਿਹਾਸਕ ਸਹਿਕਾਰੀ ਅੰਦੋਲਨ - ਸ਼੍ਰੀ ਮਹਿਲਾ ਗ੍ਰਹਿ ਉਦਯੋਗ ਬਣਾਉਣ ਲਈ ਇਕੱਠੇ ਹੋ ਕੇ ਲੱਖਾਂ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਉਤਪਾਦ, ਲਿੱਜਤ ਪਾਪੜ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸ਼ਾਇਦ ਗੁਜਰਾਤ ਵਿੱਚ ਭੋਜਨ ਮੇਨਯੂ ਦਾ ਹਿੱਸਾ ਹੋਵੇਗਾ।" ਉਨ੍ਹਾਂ ਨੇ ਡੇਅਰੀ ਸੈਕਟਰ ਦੀ ਵੀ ਉਦਾਹਰਨ ਦਿੰਦਿਆਂ ਦੱਸਿਆ ਕਿ ਇਕੱਲੇ ਗੁਜਰਾਤ ਵਿੱਚ ਇਸ ਖੇਤਰ ਵਿੱਚ 3.6 ਮਿਲੀਅਨ ਮਹਿਲਾਵਾਂ ਜੁੜੀਆਂ ਹੋਈਆਂ ਹਨ। ਸ਼੍ਰੀ ਮੋਦੀ ਨੇ ਇਸ਼ਾਰਾ ਕੀਤਾ ਕਿ ਭਾਰਤ ਵਿੱਚ ਲਗਭਗ 15% ਯੂਨੀਕੌਰਨ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਸੰਸਥਾਪਕ ਹੈ ਅਤੇ ਇਨ੍ਹਾਂ ਮਹਿਲਾਵਾਂ ਦੀ ਅਗਵਾਈ ਵਾਲੇ ਯੂਨੀਕੌਰਨਾਂ ਦਾ ਸੰਯੁਕਤ ਮੁੱਲ 40 ਬਿਲੀਅਨ ਡਾਲਰ ਤੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਇਕ ਪੱਧਰੀ ਪਲੈਟਫਾਰਮ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਿੱਥੇ ਮਹਿਲਾਵਾਂ ਪ੍ਰਾਪਤੀਆਂ ਕਰਨ ਵਾਲੇ ਆਦਰਸ਼ ਬਣਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਨ 'ਤੇ ਜ਼ੋਰ ਦਿੱਤਾ ਜੋ ਬਾਜ਼ਾਰਾਂ, ਗਲੋਬਲ ਵੈਲਯੂ ਚੇਨ ਅਤੇ ਕਿਫਾਇਤੀ ਵਿੱਤ ਤੱਕ ਮਹਿਲਾਵਾਂ ਦੀ ਪਹੁੰਚ ਨੂੰ ਸੀਮਤ ਕਰਦੀਆਂ ਹਨ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਉਂਣਾ ਹੈ ਕਿ ਦੇਖਭਾਲ ਅਤੇ ਘਰੇਲੂ ਕੰਮ ਦੇ ਬੋਝ ਨੂੰ ਉਚਿਤ ਢੰਗ ਨਾਲ ਹੱਲ ਕੀਤਾ ਜਾਵੇ।
ਸੰਬੋਧਨ ਦੀ ਸਮਾਪਤੀ ‘ਤੇ ਪ੍ਰਧਾਨ ਮੰਤਰੀ ਨੇ ਮਹਿਲਾ ਉੱਦਮਤਾ, ਲੀਡਰਸ਼ਿਪ ਅਤੇ ਸਿੱਖਿਆ 'ਤੇ ਮੰਤਰੀ ਪੱਧਰੀ ਕਾਨਫਰੰਸ ਦੇ ਫੋਕਸ ਦੀ ਸ਼ਲਾਘਾ ਕੀਤੀ ਅਤੇ ਮਹਿਲਾਵਾਂ ਲਈ ਡਿਜੀਟਲ ਅਤੇ ਵਿੱਤੀ ਸਾਖਰਤਾ ਨੂੰ ਵਧਾਉਣ ਲਈ 'ਟੈੱਕ-ਇਕੁਇਟੀ ਪਲੈਟਫਾਰਮ' ਦੀ ਸ਼ੁਰੂਆਤ 'ਤੇ ਪ੍ਰਸੰਨਤਾ ਜ਼ਾਹਰ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਤਹਿਤ, 'ਮਹਿਲਾ ਸਸ਼ਕਤੀਕਰਨ' 'ਤੇ ਇੱਕ ਨਵਾਂ ਕਾਰਜ ਸਮੂਹ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਗਾਂਧੀਨਗਰ ਵਿੱਚ ਆਪਾਰ ਪ੍ਰਯਾਸ ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਆਪਾਰ ਆਸ਼ਾ ਅਤੇ ਵਿਸ਼ਵਾਸ ਦੇਣਗੇ।