ਤੁਹਾਡਾ ਪੰਜਾਬ ਨਾਲ ਖਾਸ ਰਿਸ਼ਤਾ ਰਿਹਾ ਹੈ। ਸੰਗਠਨ ਕਾਲ ਤੋਂ ਹੀ ਤੁਸੀਂ ਪੰਜਾਬ ਨਾਲ ਜੁੜੇ ਰਹੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੁਸੀਂ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ। ਕਈ ਸਿੱਖ ਨੇਤਾ ਭਾਜਪਾ ’ਚ ਸ਼ਾਮਲ ਵੀ ਹੋਏ ਹਨ ਪਰ ਇਸ ਦੇ ਬਾਵਜੂਦ ਪੰਜਾਬ ’ਚ ਭਾਜਪਾ ਨੂੰ ਲੈ ਕੇ ਬਹੁਤ ਵੱਡਾ ਗੈਪ ਦੇਖਣ ਨੂੰ ਮਿਲਦਾ ਹੈ। ਤੁਸੀਂ ਇਸ ਗੈਪ ਨੂੰ ਕਿਵੇਂ ਭਰੋਗੇ? ਕੀ ਭਾਜਪਾ ਪੰਜਾਬ ’ਚ ਲੀਡਰਸ਼ਿਪ ਦੀ ਕਮੀ ਨਾਲ ਜੂਝ ਰਹੀ ਹੈ?

ਮੈਂ ਪੰਜਾਬ ’ਚ ਬਹੁਤ ਸਮਾਂ ਗੁਜ਼ਾਰਿਆ ਹੈ। ਇੱਥੋਂ ਦੇ ਵੱਖ-ਵੱਖ ਜ਼ਿਲਿਆਂ ਅਤੇ ਪਿੰਡਾਂ ਦਾ ਅਨੁਭਵ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਇੱਥੋਂ ਦੇ ਲੋਕਾਂ ਦੇ ਮਿਲਣਸਾਰ ਸੁਭਾਅ ਨੇ ਮੇਰੀ ਸ਼ਖ਼ਸੀਅਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੈ। ਭਾਜਪਾ ਜਿਸ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ, ਉਹ ਪੰਜਾਬ ਦੇ ਮੂਲ ਸੁਭਾਅ ਦਾ ਹਿੱਸਾ ਹੈ। ਹਿੰਮਤ, ਸਮਰਪਣ ਅਤੇ ਦੇਸ਼ ਭਗਤੀ ਦੀ ਭਾਵਨਾ ਸਾਨੂੰ ਇਕ-ਦੂਜੇ ਨਾਲ ਜੋੜਦੀ ਹੈ। 2014 ’ਚ ਸਾਡੀ ਸਰਕਾਰ ਬਣਨ ਤੋਂ ਬਾਅਦ ਹੀ ਅਸੀਂ ਲਗਾਤਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਲਿਜਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਲੱਗਭਗ 3 ਦਹਾਕਿਆਂ ਬਾਅਦ ਇਹ ਪਹਿਲੀ ਚੋਣ ਹੈ, ਜਦੋਂ ਅਸੀਂ ਪੰਜਾਬ ਵਿਚ ਗੱਠਜੋੜ ਤੋਂ ਬਿਨਾਂ ਮੈਦਾਨ ’ਚ ਉਤਰੇ ਹਾਂ। ਇਸ ਨਾਲ ਸਾਨੂੰ ਆਪਣੀ ਗੱਲ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿਚ ਮਦਦ ਮਿਲੀ ਹੈ। ਇੱਥੋਂ ਦੇ ਲੋਕ ਦੇਖ ਰਹੇ ਹਨ ਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਉਸ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ। ਕੇਂਦਰ ’ਚ ਭਾਜਪਾ ਦੀ ਮਜ਼ਬੂਤ ​​ਸਰਕਾਰ ਹੋਣ ਕਾਰਨ ਦੇਸ਼ ’ਚ ਅੱਤਵਾਦੀ ਗਤੀਵਿਧੀਆਂ ’ਤੇ ਕਾਬੂ ਪਾਇਆ ਗਿਆ ਹੈ। ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਉਦਯੋਗਾਂ ਨੂੰ ਹੁਲਾਰਾ ਮਿਲਿਆ ਹੈ। ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਅਹਿਮ ਕਦਮ ਚੁੱਕੇ ਹਨ। ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ’ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ, ਹੁਣ ਪੰਜਾਬ ਨੂੰ ਵੀ ਭਾਜਪਾ ਸਰਕਾਰ ਤੋਂ ਬਹੁਤ ਉਮੀਦਾਂ ਹਨ। ਭਾਜਪਾ ਨੇ ਸੰਕਲਪ ਲਿਆ ਹੈ ਕਿ ਅਸੀਂ ਇੱਥੋਂ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।

ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਕੀ ਕਾਰਨ ਸਨ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਰਿਸ਼ਤੇ ਓਨੇ ਚੰਗੇ ਨਹੀਂ ਰਹੇ। ਚੋਣਾਂ ਤੋਂ ਪਹਿਲਾਂ ਗੱਠਜੋੜ ਵੀ ਨਹੀਂ ਹੋ ਸਕਿਆ। ਇਸ ਦੇ ਕੀ ਕਾਰਨ ਰਹੇ? ਤੁਹਾਡੇ ਖ਼ਿਆਲ ’ਚ ਭਾਜਪਾ ਪੰਜਾਬ ’ਚ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ?

ਜਦੋਂ ਤੱਕ ਅਸੀਂ ਗੱਠਜੋੜ ’ਚ ਰਹੇ, ਸਾਡਾ ਰਵੱਈਆ ਹਮੇਸ਼ਾ ਆਪਸੀ ਸਹਿਯੋਗ ਦਾ ਰਿਹਾ। ਸਰਕਾਰ ਸਾਡੇ ਸਹਾਰੇ ਚੱਲੀ ਪਰ ਅਸੀਂ ਕਦੇ ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਮੰਗਿਆ। ਵਰਕਰਾਂ ਦੀ ਮੰਗ ਹੁੰਦੀ ਸੀ ਕਿ ਅਸੀਂ ਜ਼ਿਆਦਾ ਸੀਟਾਂ ’ਤੇ ਚੋਣ ਲੜੀਏ ਪਰ ਅਸੀਂ ਜ਼ਿਆਦਾ ਸੀਟਾਂ ਨਹੀਂ ਮੰਗਦੇ ਸਨ। ਅਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਗੱਠਜੋੜ ਧਰਮ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ।

ਪੰਜਾਬ ’ਚ ਭਾਜਪਾ ਅਤੇ ਅਕਾਲੀ ਦਲ ਕੁਦਰਤੀ ਭਾਈਵਾਲ ਮੰਨੇ ਜਾਂਦੇ ਸਨ। ਕੁਝ ਕਾਰਨਾਂ ਕਰ ਕੇ ਸਾਡਾ ਗੱਠਜੋੜ ਟੁੱਟ ਗਿਆ ਅਤੇ ਬਾਅਦ ਵਿਚ ਨਹੀਂ ਬਣਿਆ। ਜੇਕਰ ਇਹ ਗੱਠਜੋੜ ਨਹੀਂ ਵੀ ਬਣਦਾ ਹੈ ਤਾਂ ਭਾਜਪਾ ਪ੍ਰਤੀ ਲੋਕਾਂ ਦਾ ਸਮਰਥਨ ਬਹੁਤ ਵਧ ਗਿਆ ਹੈ। ਅੱਜ ਅਸੀਂ ਉਨ੍ਹਾਂ ਥਾਵਾਂ ’ਤੇ ਜਾ ਰਹੇ ਹਾਂ, ਜਿੱਥੇ ਅਸੀਂ ਸਾਲਾਂ ਤੋਂ ਗੱਠਜੋੜ ਕਾਰਨ ਨਹੀਂ ਜਾ ਸਕੇ। ਮੈਨੂੰ ਪੂਰਾ ਭਰੋਸਾ ਹੈ ਕਿ ਭਾਜਪਾ ਪੰਜਾਬ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੀ ਹੈ।

ਕਿਸਾਨ ਇਕ ਵੱਡਾ ਵੋਟ ਬੈਂਕ ਹੈ ਪਰ ਪੰਜਾਬ-ਹਰਿਆਣਾ ’ਚ ਕਈ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਖੁੱਲ੍ਹ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ। ਇਸ ਦੀ ਕੀ ਵਜ੍ਹਾ ਰਹੀ ਕਿ ਭਾਜਪਾ ਉਨ੍ਹਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਪਾਈ। ਕੀ ਭਾਜਪਾ ਇਸ ਤੋਂ ਹੋਣ ਵਾਲੇ ਸਿਆਸੀ ਨੁਕਸਾਨ ਦੀ ਭਰਪਾਈ ਕਰ ਪਾਏਗੀ?

ਸਭ ਤੋਂ ਪਹਿਲਾਂ ਮੈਂ ਪੂਰੀ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਕਿਸਾਨਾਂ ਨੂੰ ਵੋਟ ਬੈਂਕ ਵਜੋਂ ਨਹੀਂ ਦੇਖਦੀ। ਕਿਸਾਨ ਸਾਡੇ ਲਈ ਅੰਨ ਦਾਤਾ ਹੈ। ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਆਈ ਹੈ। ਅਸੀਂ ਖੇਤੀਬਾੜੀ ਖੇਤਰ ਵਿਚ ਅਜਿਹੇ ਕੰਮ ਕੀਤੇ ਹਨ, ਜੋ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤੇ ਸਨ। ਭਾਵੇਂ ਮਿੱਟੀ ਦੀ ਸਿਹਤ ਲਈ ਸੋਇਲ ਹੈਲਥ ਕਾਰਡ ਹੋਵੇ, ਕਿਸਾਨਾਂ ਦੀ ਮੰਡੀਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੋਵੇ, ਸਿੰਚਾਈ ’ਤੇ ਪੂਰਾ ਧਿਆਨ ਦੇਣਾ ਹੋਵੇ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੋਵੇ ਜਾਂ ਘੱਟੋ-ਘੱਟ ਸਮਰਥਨ ਮੁੱਲ ’ਚ ਕਈ ਗੁਣਾ ਵਾਧਾ, ਅਸੀਂ ਹਰ ਤਰੀਕੇ ਨਾਲ ਕਿਸਾਨਾਂ ਨੂੰ ਮੱਦਦ ਪਹੁੰਚਾ ਰਹੇ ਹਾਂ।

ਬੀਤੇ 10 ਸਾਲਾਂ ’ਚ ਅਸੀਂ ਪੂਰੇ ਪੰਜਾਬ ’ਚ ਝੋਨੇ ਅਤੇ ਕਣਕ ਦੀ ਰਿਕਾਰਡ ਖਰੀਦ ਕੀਤੀ ਹੈ। ਜਿਸ ਭਾਅ ’ਤੇ ਕਾਂਗਰਸ ਸਰਕਾਰ ਵੇਲੇ ਫਸਲਾਂ ਦੀ ਖਰੀਦ ਕੀਤੀ ਜਾਂਦੀ ਸੀ, ਹੁਣ ਉਸ ਐੱਮ. ਐੱਸ. ਪੀ. ਨੂੰ ਢਾਈ ਗੁਣਾ ਵਧਾ ਦਿੱਤਾ ਗਿਆ ਹੈ। ਪੰਜਾਬ ’ਚ ਮੋਟੇ ਅਨਾਜ ਦੀ ਪੈਦਾਵਾਰ ਵੀ ਬਹੁਤ ਹੁੰਦੀ ਹੈ। ਸਾਡੀ ਸਰਕਾਰ ਇਸ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਮੁਹਿੰਮ ਚਲਾ ਰਹੀ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਅਸੀਂ ਕੇਂਦਰ ਸਰਕਾਰ ਦੇ ਕੰਮਾਂ ਨੂੰ ਲੈ ਕੇ ਪੰਜਾਬ ਦੇ ਹਰ ਪਿੰਡ ’ਚ ਜਾ ਰਹੇ ਹਾਂ। ਪੰਜਾਬ ਦੇ ਹਰ ਖੇਤਰ ’ਚ ਸਾਡੀ ਪਹੁੰਚ ਵਧ ਰਹੀ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਤੁਸੀਂ ਦੇਖੋਗੇ ਕਿ ਸਾਡਾ ਰਿਸ਼ਤਾ ਡੂੰਘਾ ਹੁੰਦਾ ਜਾ ਰਿਹਾ ਹੈ।

ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਪੰਜਾਬ ’ਚ ਇਕ ਬਹੁਤ ਵੱਡਾ ਮੁੱਦਾ ਹੈ। ਫਤਹਿ ਰੈਲੀ ਦੌਰਾਨ ਤੁਸੀਂ ਕਿਹਾ ਕਿ ਨਸ਼ਾ ਹੁਣ ਦਿੱਲੀ ਦੇ ਨੌਜਵਾਨਾਂ ਤੱਕ ਪਹੁੰਚ ਗਿਆ ਹੈ। ਇਹ ਨਸ਼ੇ ਦੀ ਸਮੱਗਲਿੰਗ ਦੀ ਘਟਨਾ ਪੰਜਾਬ ਦੇ ਬਾਰਡਰ ’ਤੇ ਹੀ ਨਹੀਂ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਗੁਜਰਾਤ ਦੇ ਬਾਰਡਰ ’ਤੇ ਵੀ ਦੇਖਣ ਨੂੰ ਮਿਲ ਰਹੀਆਂ ਹਨ, ਤਾਂ ਸਵਾਲ ਇਹ ਹੈ ਕਿ ਇਸ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਦੀ ਕੀ ਪਲਾਨਿੰਗ ਹੈ?

ਨਸ਼ੇ ਦੀ ਲਤ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਸਰਹੱਦੀ ਸੂਬਿਆਂ ਅਤੇ ਖਾਸ ਕਰ ਕੇ ਪੰਜਾਬ ’ਚ ਇਹ ਸਮੱਸਿਆ ਹੋਰ ਡੂੰਘੀ ਹੈ। ਨਸ਼ੇ ਨਾਲ ਜੁੜੇ ਮੁਲਜ਼ਮਾਂ ਨੂੰ ਸੂਬਾ ਸਰਕਾਰ ਤੋਂ ਸਰਪ੍ਰਸਤੀ ਮਿਲ ਰਹੀ ਹੈ। ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਡੀ ਸਰਕਾਰ ਕਈ ਪੱਧਰਾਂ ’ਤੇ ਉਪਰਾਲੇ ਕਰ ਰਹੀ ਹੈ। ਇਕ ਤਾਂ ਸੁਰੱਖਿਆ ਏਜੰਸੀਆਂ ਦੇ ਪੱਧਰ ’ਤੇ ਕਾਨੂੰਨੀ ਤੌਰ ’ਤੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਹਾਂ। ਦੂਜਾ, ਅਸੀਂ ਇਕ ਮਨੁੱਖੀ ਪਹੁੰਚ ਨਾਲ ਇਸ ਦਾ ਸ਼ਿਕਾਰ ਬਣੇ ਲੋਕਾਂ ਨੂੰ ਇਕ ਹੋਰ ਮੌਕਾ ਦੇਣ ਲਈ, ਉਨ੍ਹਾਂ ਦੇ ਮੁੜ-ਵਸੇਬੇ ਲਈ ਵਚਨਬੱਧ ਹਾਂ। ਮੈਂ ਪਹਿਲਾਂ ਵੀ ਇਸ ਵਿਸ਼ੇ ਬਾਰੇ ਕਈ ਵਾਰ ਗੱਲ ਕਰ ਚੁੱਕਾ ਹਾਂ। ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਮੈਂ ਇਸ ਬਾਰੇ ਚਰਚਾ ਕੀਤੀ ਹੈ। ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਿਕਾਸ ਦੇ ਸਕਾਰਾਤਮਕ ਮਾਹੌਲ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ। ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਫੋਕਸ ਹੈ ਕਿ ਅਸੀਂ ਇਸ ਤਰ੍ਹਾਂ ਦੇ ਕੰਮ ’ਚ ਜਿੰਨਾ ਹੋ ਸਕੇ, ਸਮਾਜ ਨੂੰ ਨਾਲ ਲੈ ਕੇ ਚੱਲੀਏ। ਸਰਕਾਰ ਦੀ ਕੋਸ਼ਿਸ਼ ਤਾਂ ਹੈ ਪਰ ਇਸ ’ਚ ਜਦੋਂ ਸਮਾਜ ਦੀ ਸ਼ਕਤੀ ਮਿਲ ਜਾਂਦੀ ਹੈ, ਤਾਂ ਸਕਾਰਾਤਮਕ ਊਰਜਾ ਕਈ ਗੁਣਾ ਵਧ ਜਾਂਦੀ ਹੈ।

ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਹਨ ਕਿ ਭਾਜਪਾ ਨੇ ਰਾਮ ਮੰਦਰ ਦੇ ਧਾਰਮਿਕ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਰਾਮ ਮੰਦਰ ਰਾਹੀਂ ਆਪਣੇ ਹੱਕ ’ਚ ਭੁਗਤਾਉਣਾ ਚਾਹੁੰਦੀ ਹੈ। ਕੀ ਰਾਮ ਮੰਦਰ ਦੇ ਨਿਰਮਾਣ ਤੋਂ ਭਾਜਪਾ ਨੂੰ ਸਿਆਸੀ ਫਾਇਦਾ ਮਿਲ ਰਿਹਾ ਹੈ?

ਰਾਮ ਮੰਦਰ ਰਾਜਨੀਤੀ ਦਾ ਵਿਸ਼ਾ ਹੈ ਹੀ ਨਹੀਂ, ਰਾਮ ਮੰਦਰ ਆਸਥਾ ਦਾ ਵਿਸ਼ਾ ਹੈ। ਰਾਮ ਮੰਦਰ ਭਾਰਤ ਦੇ ਸਵੈ-ਮਾਣ ਦਾ, ਭਾਰਤ ਦੇ ਸੱਭਿਆਚਾਰਕ ਮਾਣ ਦਾ, ਭਾਰਤ ਦੇ ਇਤਿਹਾਸ ਨਾਲ ਜੁੜਿਆ ਵਿਸ਼ਾ ਹੈ। ਰਾਮ ਮੰਦਰ ਨੇ ਪੂਰੇ ਦੇਸ਼ ’ਚ ਏਕਤਾ ਦੀ ਭਾਵਨਾ ਦਾ ਸੰਚਾਰ ਕੀਤਾ ਹੈ। ਪੂਰੇ ਦੇਸ਼ ’ਚ ਇਸ ਗੱਲ ਨਾਲ ਖੁਸ਼ੀ ਦੀ ਲਹਿਰ ਹੈ ਕਿ 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਆਪਣੇ ਅਲੌਕਿਕ ਅਤੇ ਸ਼ਾਨਦਾਰ ਮੰਦਰ ’ਚ ਬਿਰਾਜੇ ਹਨ। ਰਾਮ ਮੰਦਰ ’ਤੇ ਰਾਜਨੀਤੀ ਅਸੀਂ ਨਹੀਂ, ਸਗੋਂ ਵਿਰੋਧੀ ਧਿਰ ਕਰਦੀ ਆਈ ਹੈ। ਕਾਂਗਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਅਯੁੱਧਿਆ ’ਚ ਰਾਮ ਮੰਦਰ ਬਣ ਹੀ ਨਾ ਸਕੇ। ਅਦਾਲਤ ’ਚ ਉਨ੍ਹਾਂ ਕੀ-ਕੀ ਕਿਹਾ, ਇਹ ਪੂਰੇ ਦੇਸ਼ ਨੇ ਦੇਖਿਆ। ਰਾਮ ਮੰਦਰ ਨਿਰਮਾਣ ਦੇ ਰਾਹ ’ਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੰਦਰ ਦਾ ਨਿਰਮਾਣ ਹੋਇਆ, ਤਾਂ ‘ਇੰਡੀਆ’ ਗੱਠਜੋੜ ਨੇ ਪ੍ਰਾਣ-ਪ੍ਰਤਿਸ਼ਠਾ ਤੋਂ ਦੂਰੀ ਬਣਾ ਲਈ। ਚੋਣ ਪ੍ਰਚਾਰ ਦੌਰਾਨ ਇਹ ਮੰਦਰ ਜਾ ਰਹੇ ਹਨ, ਸਿਰਫ ਰਾਮ ਮੰਦਰ ਜਾਣ ਨਾਲ ਬਚ ਰਹੇ ਹਨ। ਉਨ੍ਹਾਂ ਦੀ ਪਾਰਟੀ ਦੇ ਜਿਹੜੇ ਲੋਕ ਮੰਦਰ ਦੇ ਦਰਸ਼ਨ ਲਈ ਗਏ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਹ ਲੋਕ ਅਜਿਹਾ ਕਿਉਂ ਕਰ ਰਹੇ ਹਨ, ਇਹ ਸਮਝਣਾ ਮੁਸ਼ਕਲ ਨਹੀਂ ਹੈ। ਤਾਂ ਰਾਮ ਮੰਦਰ ’ਤੇ ਰਾਜਨੀਤੀ ਵਿਰੋਧੀ ਧਿਰ ਕਰ ਰਹੀ ਹੈ। ਸਾਡੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਅਸੀਂ ਇਸ ਮੁੱਦੇ ਨੂੰ ਕਦੇ ਹੱਲ ਨਹੀਂ ਹੋਣ ਦੇਵਾਂਗੇ ਪਰ ਭਾਜਪਾ ਨੇ ਵੱਧ-ਚੜ੍ਹ ਕੇ ਰਾਮ ਮੰਦਰ ਨਿਰਮਾਣ ’ਚ ਸਹਿਯੋਗ ਕੀਤਾ। ਅਸੀਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਸਾਡੀ ਸਰਕਾਰ ਦੌਰਾਨ ਕਰੋੜਾਂ ਰਾਮ ਭਗਤਾਂ ਦਾ ਸੁਪਨਾ ਪੂਰਾ ਹੋਇਆ ਅਤੇ ਸਾਡੀ ਲੰਬੀ ਤਪੱਸਿਆ ਦੇ ਸੁਖਦਾਈ ਨਤੀਜੇ ਆਏ।

ਕੀ ਭਾਜਪਾ ਪੰਜਾਬ ਦੇ ਲੋਕਾਂ ਤੱਕ ਆਪਣੇ ਮੁੱਦਿਆਂ ਨੂੰ ਪਹੁੰਚਾ ਪਾਈ ਹੈ? ਵਿਰੋਧੀ ਧਿਰ ਭਾਜਪਾ ਦੇ ਮੁੱਦਿਆਂ ਤੋਂ ਜ਼ਿਆਦਾ ਤੁਹਾਡੇ ’ਤੇ ਹਮਲਾਵਰ ਹੈ। ਵਿਰੋਧੀ ਧਿਰ ਤੁਹਾਡੀ ਰਿਟਾਇਰਮੈਂਟ ਦੀ ਗੱਲ ਕਰ ਰਹੀ ਹੈ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਇਨ੍ਹਾਂ ਚੋਣਾਂ ’ਚ ਭਾਜਪਾ ਦਾ ਮੁੱਦਾ ਵਿਕਾਸ ਹੈ ਪਰ ਵਿਰੋਧੀ ਧਿਰ ਦਾ ਮੁੱਦਾ ਮੋਦੀ ਹੈ। ਭਾਜਪਾ ਕਹਿ ਰਹੀ ਹੈ ਕਿ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ। ਭਾਜਪਾ ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰ ਰਹੀ ਹੈ। ਭਾਜਪਾ ਅੱਤਵਾਦ ’ਤੇ ਜ਼ੀਰੋ ਟਾਲਰੈਂਸ ਦੀ ਗੱਲ ਕਰ ਰਹੀ ਹੈ। ਭਾਜਪਾ ਇਸ ਗੱਲ ਦੀ ਗਾਰੰਟੀ ਦੇ ਰਹੀ ਹੈ ਕਿ ਹਰ ਭ੍ਰਿਸ਼ਟ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪਰ ਵਿਰੋਧੀ ਧਿਰ ਲਈ ਮੁੱਦਾ ਮੋਦੀ ਹੈ। ਭਾਜਪਾ ਨੇ ਦੇਸ਼ ਦੇ ਸਾਹਮਣੇ ਆਤਮ-ਨਿਰਭਰ ਭਾਰਤ ਦਾ ਵਿਜ਼ਨ ਰੱਖਿਆ ਹੈ ਪਰ ਜਦੋਂ ਤੁਸੀਂ ਵਿਰੋਧੀ ਧਿਰ ਨੂੰ ਪੁੱਛਦੇ ਹੋ ਤਾਂ ਉਹ ਮੋਦੀ ਤੋਂ ਇਲਾਵਾ ਹੋਰ ਕਿਸੇ ਬਾਰੇ ਗੱਲ ਨਹੀਂ ਕਰ ਸਕੇਗੀ।

‘ਇੰਡੀਆ’ ਗੱਠਜੋੜ ਕੋਲ ਦੇਸ਼ ਦੇ ਵਿਕਾਸ ਲਈ ਨਾ ਤਾਂ ਕੋਈ ਪਲਾਨ ਹੈ ਅਤੇ ਨਾ ਹੀ ਕੋਈ ਵਿਜ਼ਨ। ਇਸ ਲਈ ਉਨ੍ਹਾਂ ਨੇ ਮੋਦੀ ਖਿਲਾਫ ਝੂਠ ਫੈਲਾ ਕੇ ਚੋਣਾਂ ਜਿੱਤਣ ਦੀ ਯੋਜਨਾ ਬਣਾਈ ਅਤੇ ਮੋਦੀ ਦੇ ਰਿਟਾਇਰਮੈਂਟ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਦੇਖਿਓ, ਅਗਲੀਆਂ ਚੋਣਾਂ ’ਚ ਵੀ ਵਿਰੋਧੀ ਧਿਰ ਮੋਦੀ ਦੇ ਨਾਂ ਦੀ ਰਟ ਲਾਏਗੀ। ਪੰਜਾਬ ’ਚ ਭਾਜਪਾ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ। ਸਾਡੇ ਉਮੀਦਵਾਰ ਅਤੇ ਵਰਕਰ ਵਿਕਾਸ, ਰਾਸ਼ਟਰਵਾਦ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਗਾਰੰਟੀ ਲੈ ਕੇ ਲੋਕਾਂ ’ਚ ਜਾ ਰਹੇ ਹਨ। ਹਰ ਪਾਸੇ ਸਾਡੇ ਨੇਤਾਵਾਂ ਨੂੰ ਜਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

ਕਾਂਗਰਸ ਅਤੇ ਆਮ ਆਦਮੀ ਪਾਰਟੀ ਬਾਕੀ ਜਗ੍ਹਾ ’ਤੇ ਇਕੱਠਿਆਂ ਚੋਣਾਂ ਲੜ ਰਹੀਆਂ ਹਨ ਪਰ ਪੰਜਾਬ ’ਚ ਵੱਖ-ਵੱਖ ਲੜ ਰਹੀਆਂ ਹਨ । ਇਸ ’ਤੇ ਤੁਹਾਡਾ ਕੀ ਕਹਿਣਾ ਹੈ?

ਨਾਲ ਹੀ, ਆਮ ਆਦਮੀ ਪਾਰਟੀ ਨੇ 2047 ਤੱਕ ਦਾ ਵਿਜ਼ਨ ਡਾਕੂਮੈਂਟ ਰਿਲੀਜ਼ ਕੀਤਾ ਹੈ। ‘ਇੰਡੀਆ’ ਗੱਠਜੋੜ ਦੇ ਨੇਤਾ ਸਿਆਸੀ ਨੂਰਾਕੁਸ਼ਤੀ ਦੀ ਜੋ ਖੇਡ ਖੇਡ ਰਹੇ ਹਨ, ਉਸ ਨੂੰ ਜਨਤਾ ਸਮਝ ਰਹੀ ਹੈ। ਇਹ ਦਿੱਲੀ ’ਚ ਹੱਥ ’ਚ ਹੱਥ ਫੜ ਕੇ ਫੋਟੋਆਂ ਖਿਚਵਾ ਰਹੇ ਹਨ, ਇਕ-ਦੂਜੇ ਦੀ ਤਾਰੀਫ਼ ਕਰ ਰਹੇ ਹਨ ਅਤੇ ਪੰਜਾਬ ’ਚ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ ਵੱਖਰੇ-ਵੱਖਰੇ ਹਨ। ਇਹ ਪੰਜਾਬ ਦੇ ਵੋਟਰਾਂ ਦਾ ਅਪਮਾਨ ਹੈ। ਇਹ ਲੋਕਤੰਤਰ ਦਾ ਅਪਮਾਨ ਹੈ। ਜੇਕਰ ਪਹਿਲਾਂ ਵਾਲਾ ਜ਼ਮਾਨਾ ਹੁੰਦਾ ਤਾਂ ਸ਼ਾਇਦ ਲੋਕਾਂ ਨੂੰ ਸਿਰਫ ਅਖ਼ਬਾਰਾਂ ਜਾਂ ਟੀ. ਵੀ. ਤੋਂ ਪਤਾ ਲੱਗ ਜਾਂਦਾ ਕਿ ਕੌਣ ਕਿਸ ਦੇ ਨਾਲ ਹੈ ਅਤੇ ਕੌਣ ਕਿਸ ਦੇ ਵਿਰੁੱਧ ਹੈ। ਅੱਜ ਸੋਸ਼ਲ ਮੀਡੀਆ ਦੇ ਦੌਰ ’ਚ ਪੰਜਾਬ ਦੇ ਵੋਟਰ ਦੇਖ ਰਹੇ ਹਨ ਕਿ ਇਹ ਨੇਤਾ ਦਿੱਲੀ ’ਚ ਕੀ ਕਰ ਰਹੇ ਹਨ ਅਤੇ ਪੰਜਾਬ ’ਚ ਆ ਕੇ ਇਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਭੁਲੇਖਾ ਹੈ ਕਿ ਉਹ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਵਰਗਲਾ ਲੈਣਗੀਆਂ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਦੀ ਹਰ ਗੱਲ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਨਾਲ ਗੱਠਜੋੜ ਕਰ ​​ਰਹੀ ਹੈ, ਜਿਸ ’ਤੇ 1984 ਦੇ ਸਿੱਖ ਭਾਈਚਾਰੇ ਖਿਲਾਫ ਦੰਗੇ ਭੜਕਾਉਣ ਦਾ ਦਾਗ ਹੈ। ਆਮ ਆਦਮੀ ਪਾਰਟੀ ਇਸ ਨੂੰ ਕਿਵੇਂ ਸਹੀ ਠਹਿਰਾ ਸਕਦੀ ਹੈ। ਕਾਂਗਰਸ ਨੇ ਜਿਸ ਪਾਰਟੀ ਨੂੰ ਜਨਤਕ ਤੌਰ ’ਤੇ ਭ੍ਰਿਸ਼ਟ ਦੱਸਿਆ ਹੈ, ਸ਼ਰਾਬ ਘਪਲੇ ਦਾ ਦੋਸ਼ੀ ਦੱਸਿਆ ਹੈ, ਉਸ ਨਾਲ ਗੱਠਜੋੜ ਕਰ ਕੇ ਚੋਣਾਂ ਲੜ ਰਹੀ ਹੈ। ਇਹ ਇਕਜੁੱਟ ਹਨ, ਕਿਉਂਕਿ ਇਨ੍ਹਾਂ ਨੇ ਮਿਲਕੇ ਭ੍ਰਿਸ਼ਟਾਚਾਰ ਦੀ ਦੁਕਾਨ ਚਲਾਉਣੀ ਹੈ। ਇਹ ਇਕਜੁੱਟ ਹਨ ਕਿਉਂਕਿ ਇਨ੍ਹਾਂ ’ਤੇ ਜਾਂਚ ਏਜੰਸੀਆਂ ਨੇ ਆਪਣੀ ਪਕੜ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇਹ ਇਕਜੁੱਟ ਹਨ ਕਿਉਂਕਿ ਇਨ੍ਹਾਂ ਦੀ ਬੇੜੀ ਡੁੱਬ ਰਹੀ ਹੈ ਅਤੇ ਜਨਤਾ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। 4 ਜੂਨ ਤੋਂ ਬਾਅਦ ਇਹ ਸਾਰੀਆਂ ਪਾਰਟੀਆਂ ‘ਇੰਡੀਆ’ ਗੱਠਜੋੜ ਦੀ ਬੇੜੀ ਤੋਂ ਛਾਲ ਮਾਰ ਕੇ ਭੱਜ ਜਾਣਗੀਆਂ। ਜਿੱਥੋਂ ਤੱਕ ਗੱਲ ਹੈ ਆਮ ਆਦਮੀ ਪਾਰਟੀ ਦੇ ਵਿਜ਼ਨ ਡਾਕੂਮੈਂਟ ਦਾ ਸਵਾਲ ਹੈ, ਜਿਨ੍ਹਾਂ ਕੋਲ ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ ਹੈ, ਉਹ ਭਾਵੇਂ ਜਿੰਨੇ ਡਾਕੂਮੈਂਟ ਕੱਢ ਲੈਣ, ਕਿਸ ਨੂੰ ਫਰਕ ਪੈਂਦਾ ਹੈ। ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਸਿਰਫ਼ ਨਾਂ ਦਾ ਸੀ. ਐੱਮ. ਹੈ, ਉਸ ਦਾ ਰਿਮੋਟ ਤਾਂ ਦਿੱਲੀ ਤੋਂ ਕੰਟਰੋਲ ਹੁੰਦਾ ਹੈ ਅਤੇ ਕੁਝ ਦਿਨਾਂ ਬਾਅਦ ਤਿਹਾੜ ਜੇਲ ਤੋਂ ਕੰਟਰੋਲ ਹੋ ਹੋਵੇਗਾ।

ਹਰਿਆਣਾ ’ਚ ਭਾਜਪਾ ਨੇ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਕੁਝ ਤਾਂ ਸਿਟਿੰਗ ਐੱਮ. ਪੀ. ਹਨ। ਪਰ ਜ਼ਿਆਦਾਤਰ ਅਜਿਹੇ ਉਮੀਦਵਾਰ ਹਨ ਜੋ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਇੰਪੋਰਟ ਕੀਤੇ ਗਏ ਹਨ, ਅਜਿਹਾ ਕਿਉਂ? ਕੀ ਇਸ ਨਾਲ ਭਾਜਪਾ ਵਰਕਰ ਨਿਰਾਸ਼ ਨਹੀਂ ਹੋਣਗੇ? ਤੁਹਾਡੇ ਕੁਝ ਨੇਤਾ ਤਾਂ ਕਾਂਗਰਸ ’ਚ ਵੀ ਸ਼ਾਮਲ ਹੋ ਗਏ ਹਨ। ਕੁਝ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ’ਚ ਇਹ ਭਾਜਪਾ ਲਈ ਘਾਟੇ ਦਾ ਸੌਦਾ ਤਾਂ ਨਹੀਂ ਹੈ?

ਹਰਿਆਣਾ ’ਚ ਭਾਜਪਾ ਬਹੁਤ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ। ਪਿਛਲੀ ਵਾਰ 10 ਦੀਆਂ 10 ਸੀਟਾਂ ’ਤੇ ਸਾਡੇ ਸੰਸਦ ਮੈਂਬਰ ਸਨ। ਇਸ ਵਾਰ ਵੀ ਅਸੀਂ ਆਪਣਾ ਪੁਰਾਣਾ ਰਿਕਾਰਡ ਦੁਹਰਾਵਾਂਗੇ। ਅਸੀਂ ਸਾਰੀਆਂ ਸੀਟਾਂ ’ਤੇ ਸਮਰੱਥ ਉਮੀਦਵਾਰ ਦਿੱਤੇ ਹਨ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਬਹੁਮਤ ’ਚ ਹਾਂ ਅਤੇ ਮੁੱਖ ਮੰਤਰੀ ਸੈਣੀ ਦੀ ਸਰਕਾਰ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ’ਚ ਵੀ ਤੁਸੀਂ ਸੂਬੇ ’ਚ ਭਾਜਪਾ ਦੀ ਲਹਿਰ ਮਹਿਸੂਸ ਕਰੋਗੇ।

ਭਾਜਪਾ ਨੇ 2014 ’ਚ ਕਾਂਗਰਸ ਦੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਤੁਹਾਨੂੰ ਲੋਕ ਸਭਾ ਚੋਣਾਂ ਦਾ ਚਿਹਰਾ ਬਣਾਇਆ ਸੀ, ਫਿਰ 2019 ’ਚ ਅਤੇ ਹੁਣ 2024 ’ਚ ਵੀ ਤੁਹਾਡੇ ਨਾਂ ’ਤੇ ਵੋਟ ਮੰਗ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਮੋਦੀ ਮਾਈਨਸ ਭਾਜਪਾ ਕੁਝ ਵੀ ਨਹੀਂ ਹੈ। ਅਜਿਹੇ ’ਚ ਭਾਜਪਾ ਭਵਿੱਖ ਦੀ ਲੜਾਈ ਕਿਵੇਂ ਲੜ ਸਕੇਗੀ?

ਭਾਜਪਾ ਨੇ ਮੇਰੇ ਵਰਗੇ ਇਕ ਆਮ ਵਰਕਰ ਨੂੰ ਜੋ ਦਿੱਤਾ ਹੈ, ਉਸ ਦਾ ਰਜ਼ਾ ਮੈਂ ਸਾਰੀ ਉਮਰ ਨਹੀਂ ਚੁਕਾ ਸਕਾਂਗਾ। ਭਾਜਪਾ ਵਿਚਾਰਧਾਰਾ ਨਾਲ ਜੁੜੀ ਪਾਰਟੀ ਹੈ ਅਤੇ ਇਹ ਵਿਚਾਰਧਾਰਾ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਸੀ ਅਤੇ ਭਵਿੱਖ ’ਚ ਵੀ ਰਹੇਗੀ। ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਸ਼ਖਸੀਅਤਾਂ ਨੇ ਆਪਣੀ ਸ਼ਕਤੀ ਅਨੁਸਾਰ ਇਸ ਵਿਚਾਰਧਾਰਾ ਨੂੰ ਅੱਗੇ ਤੋਰਿਆ ਹੈ। ਮੋਦੀ ਸਿਰਫ਼ ਇਕ ਚਿਹਰਾ ਹੈ ਪਰ ਇਸ ਵਿਚਾਰਧਾਰਾ ਨੂੰ ਮੋਦੀ ਦੇ ਨਾਲ-ਨਾਲ ਭਾਜਪਾ ਦੇ ਕਰੋੜਾਂ ਵਰਕਰ ਅੱਗੇ ਵਧਾ ਰਹੇ ਹਨ। 2014 ’ਚ ਅਸੀਂ ਲੋਕਾਂ ’ਚ ਉਮੀਦ ਲੈ ਕੇ ਗਏ ਸੀ। 2019 ’ਚ ਪੰਜ ਸਾਲ ਦੇ ਕੰਮਾਂ ਦਾ ਹਿਸਾਬ ਲੈ ਕੇ ਗਏ ਸੀ ਅਤੇ ਹੁਣ 2024 ’ਚ ਅਸੀਂ ਇਕ ਵਿਕਸਤ ਭਾਰਤ ਦਾ ਸੰਕਲਪ ਲੈ ਕੇ ਲੋਕਾਂ ਵਿਚ ਜਾ ਰਹੇ ਹਾਂ। ਲੋਕਾਂ ਦੇ ਸਾਹਮਣੇ ਸਾਡੇ 10 ਸਾਲਾਂ ਦਾ ਟ੍ਰੈਕ ਰਿਕਾਰਡ ਵੀ ਹੈ। ਲੋਕ ਦੇਖ ਰਹੇ ਹਨ ਕਿ ਕਿਸ ਨੇ ਵਾਅਦੇ ਪੂਰੇ ਕਰ ਕੇ ਵਿਖਾਏ ਹਨ। ਵਿਕਸਤ ਭਾਰਤ ਦਾ ਸੰਕਲਪ ਇਕੱਲੇ ਮੋਦੀ ਦਾ ਨਹੀਂ ਹੈ, ਸਗੋਂ ਮੇਰੀ ਪੂਰੀ ਟੀਮ ਸੁਪਨੇ ਨੂੰ ਪੂਰਾ ਕਰਨ ’ਚ ਰੁੱਝੀ ਹੋਈ ਹੈ। ਅਸੀਂ ਦੇਸ਼ ਦੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਕੰਮ ਕਰ ਰਹੇ ਹਾਂ। ਦੇਸ਼ ਦਾ ਭਵਿੱਖ ਸੁਰੱਖਿਅਤ ਹੈ ਤਾਂ ਭਾਜਪਾ ਦਾ ਭਵਿੱਖ ਵੀ ਸੁਰੱਖਿਅਤ ਹੈ।

ਕਰਨਾਟਕ ਨੂੰ ਛੱਡ ਕੇ ਭਾਜਪਾ ਦਾ ਦੱਖਣ ’ਚ ਕਿਤੇ ਵੀ ਪ੍ਰਭਾਵ ਨਹੀਂ ਰਿਹਾ। ਕੀ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਦੱਖਣ ਭਾਰਤ ਦੇ ਸੂਬਿਆਂ ’ਚ ਕਮਲ ਖਿੜਣ ਦੀ ਉਮੀਦ ਹੈ?

ਅੱਜ ਦੱਖਣ ਭਾਰਤ ਦੀ ਇਕੱਲੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਪੁੱਡੂਚੇਰੀ ’ਚ ਸਾਡੇ ਗੱਠਜੋੜ ਦੀ ਸਰਕਾਰ ਹੈ। ਆਉਣ ਵਾਲੇ ਸਮੇਂ ’ਚ ਆਂਧਰਾ ਪ੍ਰਦੇਸ਼ ’ਚ ਸਾਡੇ ਗੱਠਜੋੜ ਦੀ ਸਰਕਾਰ ਬਣੇਗੀ। ਉਹ ਦਿਨ ਦੂਰ ਨਹੀਂ, ਜਦੋਂ ਤੇਲੰਗਾਨਾ ’ਚ ਸਾਡਾ ਮੁੱਖ ਮੰਤਰੀ ਹੋਵੇਗਾ। ਤਾਮਿਲਨਾਡੂ ਅਤੇ ਕੇਰਲ ’ਚ ਵੀ ਸਾਨੂੰ ਲੋਕਾਂ ਦਾ ਬਹੁਤ ਵੱਡਾ ਸਮਰਥਨ ਹੈ। ਦੱਖਣ ਭਾਰਤ ਦੇ ਸਾਰੇ ਸੂਬਿਆਂ ’ਚ ਸਾਡਾ ਸੀਟ ਸ਼ੇਅਰ ਅਤੇ ਵੋਟ ਸ਼ੇਅਰ ਵਧੇਗਾ। ਭਾਜਪਾ ਅਤੇ ਦੱਖਣ ਭਾਰਤ ਦਾ ਰਿਸ਼ਤਾ ਬਹੁਤ ਪੁਰਾਣਾ ਅਤੇ ਮਜ਼ਬੂਤ ​​ਹੈ। 1984 ’ਚ ਜਦੋਂ ਸਾਡੇ ਦੋ ਸੰਸਦ ਮੈਂਬਰ ਸਨ, ਤਾਂ ਉਨ੍ਹਾਂ ’ਚੋਂ ਇਕ ਦੱਖਣ ਭਾਰਤ ਤੋਂ ਸੀ। ਅਸੀਂ ਦੱਖਣ ਭਾਰਤ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਨ੍ਹਾਂ ਚੋਣਾਂ ’ਚ ਵੀ ਅਸੀਂ ਦੱਖਣ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਾਂਗੇ।

ਭਾਰਤ ਵਿਭਿੰਨਤਾ ਦਾ ਦੇਸ਼ ਹੈ। ਇਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਕਈ ਵਾਰ ਬਿਆਨਬਾਜ਼ੀਆਂ ਤੋਂ ਲੱਗਦਾ ਹੈ ਕਿ ਦੇਸ਼ ’ਚ ਦੋ ਧਰੁਵ ਬਣ ਗਏ ਹਨ। ਜਿਸ ’ਚ ਇਕ ਪਾਸੇ ਹਿੰਦੂ ਹਨ ਅਤੇ ਦੂਜੇ ਪਾਸੇ ਮੁਸਲਮਾਨ। ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਹਨ, ਕੀ ਸਮਾਜ ’ਚ ਸੰਕਟ ਆ ਸਕਦਾ ਹੈ? ਸਭ ਠੀਕ ਰਹੇ, ਇਸ ਦੇ ਲਈ ਤੁਹਾਡੇ ਹਿਸਾਬ ਨਾਲ ਸਮਾਜ ਨੂੰ ਕੀ ਕਰਨਾ ਚਾਹੀਦਾ ਹੈ?

ਸਾਡੀ ਸਰਕਾਰ ਸੈਚੂਰੇਸ਼ਨ ਦੇ ਅਪ੍ਰੋਚ ਨਾਲ ਕੰਮ ਕਰਦੀ ਹੈ। ਅੱਜ ਅਸੀਂ ਆਪਣੀਆਂ ਯੋਜਨਾਵਾਂ ਦਾ ਲਾਭ 100 ਫੀਸਦੀ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਲਾਭ ਹਿੰਦੂਆਂ ਨੂੰ ਵੀ ਮਿਲ ਰਿਹਾ ਹੈ ਤੇ ਮੁਸਲਮਾਨਾਂ ਨੂੰ ਵੀ। ਅੱਜ 80 ਕਰੋੜ ਤੋਂ ਵੱਧ ਲੋੜਵੰਦਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਸਰਕਾਰੀ ਗੋਦਾਮਾਂ ’ਚੋਂ ਅਨਾਜ ਹਿੰਦੂ ਦੇ ਘਰ ਵੀ ਜਾ ਰਿਹਾ ਹੈ ਤੇ ਮੁਸਲਮਾਨ ਦੇ ਘਰ ਵੀ। ਅਸੀਂ ਪੱਕੇ ਮਕਾਨ ਬਣਾ ਰਹੇ ਹਾਂ, ਉਨ੍ਹਾਂ ’ਚ ਹਿੰਦੂ ਪਰਿਵਾਰ ਵੀ ਰਹਿ ਰਹੇ ਹਨ ਤੇ ਮੁਸਲਮਾਨ ਪਰਿਵਾਰ ਵੀ। ਅੱਜ ਆਯੂਸ਼ਮਾਨ ਕਾਰਡ ਨਾਲ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਗਾਰੰਟੀ ਮਿਲੀ ਹੈ। ਇਹ ਗਾਰੰਟੀ ਹਿੰਦੂ ਕੋਲ ਵੀ ਹੈ ਤੇ ਮੁਸਲਮਾਨ ਕੋਲ ਵੀ। ਭਾਜਪਾ ਨੇ ਇਕ ਹੋਰ ਗਾਰੰਟੀ ਦਿੱਤੀ ਹੈ। ਦੇਸ਼ ਦੇ 70 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਦੇ ਇਲਾਜ ਦਾ ਖਰਚਾ ਹੁਣ ਸਰਕਾਰ ਚੁੱਕੇਗੀ। ਸਾਡੇ ਲਈ ਤਾਂ ਹਿੰਦੂ-ਮੁਸਲਮਾਨ ਵੱਖ-ਵੱਖ ਹਨ ਹੀ ਨਹੀਂ। ਮੇਰੇ ਲਈ ਉਹ 140 ਕਰੋੜ ਭਾਰਤੀ ਹਨ। ਸਰਕਾਰ ਦੇ ਪੱਧਰ ’ਤੇ ਕਿਤੇ ਵੀ ਕੋਈ ਭੇਦਭਾਵ ਨਹੀਂ ਹੈ। ਤਾਂ ਸਵਾਲ ਇਹ ਹੈ ਕਿ ਹਿੰਦੂ-ਮੁਸਲਿਮ ਕੌਣ ਕਰ ਰਿਹਾ ਹੈ? ਕੀ ਕਿਸੇ ਨੇ ਉਨ੍ਹਾਂ ਤੋਂ ਜਾ ਕੇ ਪੁੱਛਿਆ ਕਿ ਜੋ ਵਿਵਸਥਾ ਸੰਵਿਧਾਨ ’ਚ ਹੈ ਹੀ ਨਹੀਂ, ਉਸ ਨੂੰ ਕਿਵੇਂ ਅਮਲ ’ਚ ਲਿਆਉਣਗੇ? ਕੀ ਇਸ ਦੇ ਲਈ ਉਹ ਸੰਵਿਧਾਨ ਬਦਲ ਦੇਣਗੇ? ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਵਾਲੀਆਂ ਸਰਕਾਰਾਂ ਸੱਤਾ ’ਤੇ ਕਾਬਜ਼ ਰਹੀਆਂ। ਹੌਲੀ-ਹੌਲੀ ਲੋਕਾਂ ਦੇ ਮਨ ’ਚ ਇਹ ਗੱਲ ਬੈਠ ਗਈ ਕਿ ਇਹ ਤਾਂ ਹੁੰਦਾ ਹੀ ਹੈ। ਨੇਤਾ ਹੈ ਤਾਂ ਭ੍ਰਿਸ਼ਟਾਚਾਰ ਕਰੇਗਾ ਹੀ। ਸਰਕਾਰ ਦੀਆਂ ਨੀਤੀਆਂ ’ਚ ਤੁਸ਼ਟੀਕਰਨ ਦੀ ਸੋਚ ਸਵੀਕਾਰ ਨਹੀਂ ਕੀਤਾ ਜਾ ਸਕਦੀ। ਭਾਜਪਾ ਦੀ ਸਰਕਾਰ ਅਜਿਹੇ ਹਰ ਕਦਮ ਦੇ ਵਿਰੋਧ ’ਚ ਡੱਟ ਕੇ ਖੜ੍ਹੀ ਹੋਵੇਗੀ। ਮੇਰਾ ਸੰਕਲਪ ਹੈ ਕਿ ਮੈਂ ਐੱਸ. ਸੀ./ਐੱਸ. ਟੀ./ਓ. ਬੀ. ਸੀ. ਰਾਖਵੇਂਕਰਨ ਨੂੰ ਖਤਮ ਨਹੀਂ ਕਰਨ ਦਿਆਂਗਾ। ਮੇਰਾ ਸੰਕਲਪ ਹੈ ਕਿ ਮੈਂ ਦਲਿਤਾਂ, ਪੱਛੜੇ ਵਰਗਾਂ ਅਤੇ ਆਦਿਵਾਸੀਆਂ ਦੇ ਹੱਕਾਂ ਲਈ ਲੜਦਾ ਰਹਾਂਗਾ। ਵਾਂਝੇ ਵਰਗਾਂ ਦੇ ਜੋ ਹੱਕ ਹਨ, ਮੋਦੀ ਉਨ੍ਹਾਂ ਦਾ ਚੌਕੀਦਾਰ ਹੈ।

Following is the clipping of the interview:

ਸਰੋਤ: ਜਗ ਬਾਣੀ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Microsoft announces $3 bn investment in India after Nadella's meet with PM Modi

Media Coverage

Microsoft announces $3 bn investment in India after Nadella's meet with PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਜਨਵਰੀ 2025
January 08, 2025

Citizens Thank PM Modis Vision for a Developed India: Commitment to Self-Reliance