ਅੱਜ ਸਵੇਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਲਈ ਜਨਤਕ ਸਿਹਤ ਤਿਆਰੀਆਂ ਅਤੇ ਟੀਕਾਕਰਣ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਲਈ ਤਕਰੀਬਨ 2 ਘੰਟੇ ਤੱਕ ਚਲੀ ਇੱਕ ਵਿਆਪਕ ਬੈਠਕ ਦੀ ਪ੍ਰਧਾਨਗੀ ਕੀਤੀ।
ਪ੍ਰਧਾਨ ਮੰਤਰੀ ਨੂੰ ਕੋਵਿਡ-19 ਸੰਕ੍ਰਮਣ ਅਤੇ ਮਾਮਲਿਆਂ ਬਾਰੇ ਆਲਮੀ ਰੁਝਾਨਾਂ ਬਾਰੇ ਜਾਣੂ ਕਰਵਾਇਆ ਗਿਆ। ਅਧਿਕਾਰੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਕੋਵਿਡ-19 ਮਾਮਲਿਆਂ ਵਿੱਚ ਕਈ ਵਾਰ ਵਾਧੇ ਦਾ ਸਾਹਮਣਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਾਮਲਿਆਂ ਅਤੇ ਟੈਸਟ ਪਾਜ਼ਿਟਿਵਿਟੀ ਦਰਾਂ ਨਾਲ ਸਬੰਧਿਤ ਰਾਸ਼ਟਰੀ ਸਥਿਤੀ ਦੀ ਵੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੂੰ ਟੀਕਾਕਰਣ ਵਿੱਚ ਪ੍ਰਗਤੀ ਅਤੇ ‘ਹਰ ਘਰ ਦਸਤਕ’ ਮੁਹਿੰਮ ਤਹਿਤ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਜਾਣੂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਦੂਸਰੀ ਖ਼ੁਰਾਕ ਦੀ ਕਵਰੇਜ ਨੂੰ ਵਧਾਉਣ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਸੰਵੇਦਨਸ਼ੀਲ ਬਣਾਏ ਜਾਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲੀ ਖ਼ੁਰਾਕ ਮਿਲੀ ਹੈ, ਉਨ੍ਹਾਂ ਨੂੰ ਸਮੇਂ ਸਿਰ ਦੂਸਰੀ ਖ਼ੁਰਾਕ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨੂੰ ਸਮੇਂ-ਸਮੇਂ 'ਤੇ ਦੇਸ਼ ਵਿੱਚ ਸੀਰੋ-ਪਾਜ਼ਿਟਿਵਿਟੀ ਅਤੇ ਜਨਤਕ ਸਿਹਤ ਪ੍ਰਤੀਕਿਰਿਆ ਵਿੱਚ ਇਸ ਦੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੰਤਾ ਦਾ ਵਿਸ਼ਾ ਬਣੇ ਨਵੇਂ ਵੇਰੀਐਂਟ 'ਓਮਾਈਕ੍ਰੋਨ' (Omicron) ਦੇ ਨਾਲ-ਨਾਲ ਇਸ ਦੀ ਪ੍ਰਕਿਰਤੀ ਅਤੇ ਵਿਭਿੰਨ ਦੇਸ਼ਾਂ ਵਿੱਚ ਦਿਖਾਈ ਦੇਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਭਾਰਤ ਲਈ ਇਸ ਦੇ ਅਸਰ ਬਾਰੇ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਨਵੇਂ ਵੇਰੀਐਂਟ ਨੂੰ ਦੇਖਦੇ ਹੋਏ ਕਿਰਿਆਸ਼ੀਲ ਹੋਣ ਦੀ ਜ਼ਰੂਰਤ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਖ਼ਤਰੇ ਦੇ ਮੱਦੇਨਜ਼ਰ, ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਵਰਗੀਆਂ ਉਚਿਤ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ 'ਜੋਖਮ' ਵਜੋਂ ਪਹਿਚਾਣੇ ਗਏ ਦੇਸ਼ਾਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ, ਸਾਰੇ ਅੰਤਰਰਾਸ਼ਟਰੀ ਆਗਮਨਾਂ ਦੀ ਨਿਗਰਾਨੀ ਕਰਨ, ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਉੱਭਰ ਰਹੇ ਨਵੇਂ ਸਬੂਤਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਕੀਤੇ ਜਾ ਰਹੇ ਸੀਕਿਊਐਂਸਿੰਗ ਪ੍ਰਯਤਨਾਂ ਅਤੇ ਦੇਸ਼ ਵਿੱਚ ਫੈਲ ਰਹੇ ਵੇਰੀਐਂਟਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅੰਤਰਰਾਸ਼ਟਰੀ ਯਾਤਰੀਆਂ ਅਤੇ ਕਮਿਊਨਿਟੀ ਤੋਂ ਨਿਯਮਾਂ ਅਨੁਸਾਰ ਜੀਨੋਮ ਸੀਕਿਊਐਂਸਿੰਗ ਦੇ ਨਮੂਨੇ ਇਕੱਠੇ ਕੀਤੇ ਜਾਣ, INSACOG (ਇੰਡੀਅਨ ਸਾਰਸ-ਕੋਵਿਡ-2 ਕੰਸੋਰਟੀਅਮ ਔਨ ਜੀਨੋਮਿਕਸ) ਅਧੀਨ ਪਹਿਲਾਂ ਹੀ ਸਥਾਪਿਤ ਪ੍ਰਯੋਗਸ਼ਾਲਾਵਾਂ ਦੇ ਨੈੱਟਵਰਕ ਅਤੇ ਕੋਵਿਡ-19 ਪ੍ਰਬੰਧਨ ਲਈ ਪਹਿਚਾਣੇ ਗਏ ਸ਼ੁਰੂਆਤੀ ਚੇਤਾਵਨੀ ਸੰਕੇਤਾਂ ਦੁਆਰਾ ਟੈਸਟ ਕੀਤੇ ਜਾਣ। ਪ੍ਰਧਾਨ ਮੰਤਰੀ ਨੇ ਸੀਕਿਊਐਂਸਿੰਗ ਪ੍ਰਯਤਨਾਂ ਨੂੰ ਵਧਾਉਣ ਅਤੇ ਇਸ ਨੂੰ ਹੋਰ ਵਿਆਪਕ-ਅਧਾਰਿਤ ਬਣਾਉਣ ਦੀ ਲੋੜ ਬਾਰੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਉਚਿਤ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜ਼ਿਆਦਾ ਸੰਖਿਆ ਵਿੱਚ ਕੇਸਾਂ ਦੀ ਰਿਪੋਰਟ ਕਰਨ ਵਾਲੇ ਕਲਸਟਰਾਂ ਵਿੱਚ ਤੀਬਰ ਰੋਕਥਾਮ ਅਤੇ ਸਰਗਰਮ ਨਿਗਰਾਨੀ ਜਾਰੀ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਰਾਜਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਜੋ ਮੌਜੂਦਾ ਸਮੇਂ ਵਿੱਚ ਜ਼ਿਆਦਾ ਕੇਸਾਂ ਦੀ ਰਿਪੋਰਟ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਵੈਂਟੀਲੇਸ਼ਨ ਅਤੇ ਹਵਾ ਦੁਆਰਾ ਫੈਲਣ ਵਾਲੇ ਵਿਵਹਾਰ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ।
ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਨਵੇਂ ਫਾਰਮਾਸਿਊਟੀਕਲ ਉਤਪਾਦਾਂ (ਦਵਾਈਆਂ) ਲਈ ਇੱਕ ਸੁਵਿਧਾਜਨਕ ਪਹੁੰਚ ਅਪਣਾਅ ਰਹੇ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਰਾਜਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਕਿ ਵਿਭਿੰਨ ਦਵਾਈਆਂ ਦਾ ਢੁਕਵਾਂ ਬਫ਼ਰ ਸਟਾਕ ਉਪਲਭਦ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਾਲ ਰੋਗ ਸੰਸਥਾਵਾਂ ਸਮੇਤ ਮੈਡੀਕਲ ਬੁਨਿਆਦੀ ਢਾਂਚੇ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਰਾਜਾਂ ਨਾਲ ਕੰਮ ਕਰਨ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਪੀਐੱਸਏ ਆਕਸੀਜਨ ਪਲਾਂਟਾਂ ਅਤੇ ਵੈਂਟੀਲੇਟਰਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਰਾਜਾਂ ਨਾਲ ਤਾਲਮੇਲ ਕਰਨ ਲਈ ਕਿਹਾ।
ਬੈਠਕ ਵਿਚ ਸ਼੍ਰੀ ਰਾਜੀਵ ਗਾਬਾ, ਕੈਬਨਿਟ ਸਕੱਤਰ, ਡਾ. ਵੀ ਕੇ ਪੌਲ, ਮੈਂਬਰ (ਸਿਹਤ), ਨੀਤੀ ਆਯੋਗ, ਸ਼੍ਰੀ ਏ ਕੇ ਭੱਲਾ, ਗ੍ਰਹਿ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ), ਸਕੱਤਰ (ਫਾਰਮਾਸਿਊਟੀਕਲ); ਡਾ. ਰਾਜੇਸ਼ ਗੋਖਲੇ, ਸਕੱਤਰ (ਬਾਇਓਟੈਕਨੋਲੋਜੀ); ਡਾ. ਬਲਰਾਮ ਭਾਰਗਵ, ਡੀਜੀ ਆਈਸੀਐੱਮਆਰ; ਸ਼੍ਰੀ ਵੈਦਿਆ ਰਾਜੇਸ਼ ਕੋਟੇਚਾ, ਸਕੱਤਰ (ਆਯੁਸ਼); ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ (ਸ਼ਹਿਰੀ ਵਿਕਾਸ); ਸ਼੍ਰੀ ਆਰ ਐੱਸ ਸ਼ਰਮਾ ਸੀਈਓ ਐੱਨਐੱਚਏ; ਪ੍ਰੋ. ਕੇ ਵਿਜੈ ਰਾਘਵਨ (ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ) ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।