ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 21 ਅਤੇ 22 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਪੁਲਿਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ 57ਵੀਂ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਪੁਲਿਸ ਬਲਾਂ ਨੂੰ ਅਧਿਕ ਸੰਵੇਦਨਸ਼ੀਲ ਬਣਾਉਣ ਅਤੇ ਉਨ੍ਹਾਂ ਨੂੰ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਟ੍ਰੇਨਿੰਗ ਦੇਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਏਜੰਸੀਆਂ ਦੇ ਦਰਮਿਆਨ ਡੇਟਾ ਦੇ ਅਦਾਨ-ਪ੍ਰਦਾਨ ਨੂੰ ਸੁਗਮ ਬਣਾਉਣ ਦੇ ਲਈ ਨੈਸ਼ਨਲ ਡੇਟਾ ਗਵਰਨੈਂਸ ਫ੍ਰੇਮਵਰਕ ਦੇ ਮਹੱਤਵ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਜਿੱਥੇ ਸਾਨੂੰ ਬਾਇਓਮੀਟ੍ਰਿਕਸ ਆਦਿ ਜਿਹੇ ਤਕਨੀਕੀ ਸਮਾਧਾਨਾਂ ਦਾ ਹੋਰ ਅਧਿਕ ਲਾਭ ਉਠਾਉਣਾ ਚਾਹੀਦਾ ਹੈ, ਉੱਥੇ ਪਰੰਪਰਾਗਤ ਪੁਲਿਸ ਪ੍ਰਣਾਲੀ ਜਿਵੇਂ ਪੈਦਲ ਗਸ਼ਤ ਆਦਿ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਜ਼ਰੂਰਤ ਹੈ। ਉਨ੍ਹਾਂ ਨੇ ਪੁਰਾਣੇ ਅਪਰਾਧਿਕ ਕਾਨੂੰਨਾਂ ਨੂੰ ਰੱਦ ਕਰਨ ਅਤੇ ਰਾਜਾਂ ਵਿੱਚ ਪੁਲਿਸ ਸੰਗਠਨਾਂ ਦੇ ਲਈ ਮਿਆਰ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਜੇਲ ਪ੍ਰਬੰਧਨ ਵਿੱਚ ਸੁਧਾਰ ਦੇ ਲਈ ਜੇਲ ਸੁਧਾਰਾਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਦੇ ਵਾਰ-ਵਾਰ ਦੌਰੇ ਆਯੋਜਿਤ ਕਰਕੇ ਸੀਮਾ ਦੇ ਨਾਲ-ਨਾਲ ਤਟਵਰਤੀ ਸੁਰੱਖਿਆ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਸਮਰੱਥਾਵਾਂ ਦਾ ਲਾਭ ਉਠਾਉਣ ਅਤੇ ਬਿਹਤਰੀਨ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਦੇ ਲਈ ਸਟੇਟ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਦਰਮਿਆਨ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਭਰਦੀਆਂ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਆਪਣੀਆਂ ਟੀਮਾਂ ਦੇ ਦਰਮਿਆਨ ਬਿਹਤਰੀਨ ਤੌਰ-ਤਰੀਕੇ ਵਿਕਸਿਤ ਕਰਨ ਦੇ ਲਈ ਰਾਜ/ਜ਼ਿਲ੍ਹਾ ਪੱਧਰ ’ਤੇ ਪੁਲਿਸ ਡਾਇਰੈਕਟਰ ਜਨਰਲਾਂ/ਪੁਲਿਸ ਇੰਸਪੈਕਟਰ ਜਨਰਲਾਂ ਦੀ ਕਾਨਫਰੰਸ ਦੇ ਮਾਡਲ ਨੂੰ ਦੁਹਰਾਉਣ ਦਾ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਦੁਆਰਾ ਵਿਸ਼ੇਸ਼ ਸੇਵਾਵਾਂ ਦੇ ਲਈ ਪੁਲਿਸ ਮੈਡਲ ਵੰਡੇ ਜਾਣ ਦੇ ਬਾਅਦ ਕਾਨਫਰੰਸ ਸੰਪੰਨ ਹੋਈ।
ਕਾਨਫਰੰਸ ਵਿੱਚ ਪੁਲਿਸ ਪ੍ਰਣਾਲੀ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਆਤੰਕਵਾਦ ਨਾਲ ਮੁਕਾਬਲਾ, ਵਿਦਰੋਹ ਨਾਲ ਮੁਕਾਬਲਾ ਅਤੇ ਸਾਈਬਰ ਸੁਰੱਖਿਆ ਸ਼ਾਮਲ ਹਨ। ਕਾਨਫਰੰਸ ਵਿੱਚ ਕੇਂਦਰੀ ਗ੍ਰਹਿ ਮੰਤਰੀ, ਗ੍ਰਹਿ ਰਾਜ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਕੇਂਦਰੀ ਗ੍ਰਹਿ ਸਕੱਤਰ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਡਾਇਰੈਕਟਰ ਜਨਰਲ/ਪੁਲਿਸ ਇੰਸਪੈਕਟਰ ਜਨਰਲ ਅਤੇ ਕੇਂਦਰੀ ਪੁਲਿਸ ਸੰਗਠਨਾਂ/ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਪ੍ਰਮੁੱਖ ਵੀ ਉਪਸਥਿਤ ਸਨ। ਵਿਭਿੰਨ ਪੱਧਰਾਂ ਦੇ ਲਗਭਗ 600 ਤੋਂ ਅਧਿਕ ਅਧਿਕਾਰੀਆਂ ਨੇ ਕਾਨਫਰੰਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵਰਚੁਅਲ ਤੌਰ ’ਤੇ ਹਿੱਸਾ ਲਿਆ।