ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਸ਼੍ਰੀ ਬੋਰਿਸ ਜਾਨਸਨ ਐੱਮਪੀ ਦੇ ਨਾਲ ਫੋਨ ’ਤੇ ਗੱਲ ਕੀਤੀ।
ਦੋਹਾਂ ਲੀਡਰਾਂ ਨੇ ਯੂਕ੍ਰੇਨ ਦੀ ਸਥਿਤੀ ’ਤੇ ਵਿਸਤ੍ਰਿਤ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਯੁੱਧ ਸਮਾਪਤ ਕਰਨ ਅਤੇ ਸੰਵਾਦ ਤੇ ਕੂਟਨੀਤੀ ਦੇ ਰਸਤੇ ’ਤੇ ਵਾਪਸ ਆਉਣ ਦੇ ਲਈ ਭਾਰਤ ਦੀ ਨਿਰੰਤਰ ਅਪੀਲ ਨੂੰ ਦੁਹਰਾਇਆ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਰੂਪ ਵਿੱਚ ਸਮਕਾਲੀ ਵਿਸ਼ਵ ਵਿਵਸਥਾ ਦੇ ਅਧਾਰ ਦੇ ਸਬੰਧ ਵਿੱਚ ਭਾਰਤ ਦੇ ਦ੍ਰਿੜ੍ਹ ਵਿਸ਼ਵਾਸ ’ਤੇ ਜ਼ੋਰ ਦਿੱਤਾ।
ਦੋਹਾਂ ਲੀਡਰਾਂ ਨੇ ਦੁਵੱਲੇ ਹਿਤਾਂ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਅਤੇ ਵਪਾਰ, ਟੈਕਨੋਲੋਜੀਆਂ, ਨਿਵੇਸ਼, ਰੱਖਿਆ ਤੇ ਸੁਰੱਖਿਆ ਅਤੇ ਲੋਕਾਂ ਦੇ ਪਰਸਪਰ ਸਬੰਧਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਮਰੱਥਾ ’ਤੇ ਸਹਿਮਤੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਮੁਕਤ ਵਪਾਰ ਸਮਝੌਤੇ ’ਤੇ ਚਲ ਰਹੀ ਵਾਰਤਾ ਦੀ ਸਕਾਰਾਤਮਕ ਪ੍ਰਗਤੀ ’ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਪਿਛਲੇ ਸਾਲ ਦੋਹਾਂ ਲੀਡਰਾਂ ਦੇ ਦਰਮਿਆਨ ਹੋਏ ਵਰਚੁਅਲ ਸਮਿਟ ਦੇ ਦੌਰਾਨ ਅਪਣਾਏ ਗਏ ‘ਇੰਡੀਆ-ਯੂਕੇ ਰੋਡਮੈਪ 2030’ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਵੀ ਸਰਾਹਨਾ ਕੀਤੀ।
ਪ੍ਰਧਾਨ ਮੰਤਰੀ ਨੇ ਆਪਸੀ ਸੁਵਿਧਾ ਦੇ ਅਧਾਰ ’ਤੇ, ਭਾਰਤ ਵਿੱਚ ਪ੍ਰਧਾਨ ਮੰਤਰੀ ਜਾਨਸਨ ਦਾ ਜਲਦੀ ਤੋਂ ਜਲਦੀ ਸੁਆਗਤ ਕਰਨ ਦੀ ਆਪਣੀ ਇੱਛਾ ਵਿਅਕਤ ਕੀਤੀ।