ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਮਹਾਮਹਿਮ ਨਗੁਏਨ ਫੂ ਟ੍ਰੌਂਗ ਨਾਲ ਫ਼ੋਨ 'ਤੇ ਗੱਲਬਾਤ ਕੀਤੀ।
ਦੋਵਾਂ ਨੇਤਾਵਾਂ ਨੇ ਇਸ ਵਰ੍ਹੇ ਮਨਾਏ ਜਾ ਰਹੇ ਭਾਰਤ ਅਤੇ ਵੀਅਤਨਾਮ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ 'ਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਤਹਿਤ ਵਿਆਪਕ ਸਹਿਯੋਗ ਦੀ ਤੀਬਰ ਗਤੀ 'ਤੇ ਤਸੱਲੀ ਪ੍ਰਗਟਾਈ, ਜੋ ਕਿ ਪ੍ਰਧਾਨ ਮੰਤਰੀ ਦੀ 2016 ਵਿੱਚ ਵੀਅਤਨਾਮ ਫੇਰੀ ਦੌਰਾਨ ਸਥਾਪਿਤ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਐਕਟ ਈਸਟ ਪਾਲਿਸੀ ਅਤੇ ਇੰਡੋ-ਪੈਸੀਫਿਕ ਵਿਜ਼ਨ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਵੀਅਤਨਾਮ ਦੀ ਮਹੱਤਤਾ ਨੂੰ ਦੁਹਰਾਇਆ, ਅਤੇ ਮੌਜੂਦਾ ਪਹਿਲਾਂ 'ਤੇ ਤੇਜ਼ੀ ਨਾਲ ਪ੍ਰਗਤੀ ਲਈ ਕੰਮ ਕਰਨ ਦੇ ਨਾਲ-ਨਾਲ ਦੁਵੱਲੇ ਸਬੰਧਾਂ ਦੇ ਦਾਇਰੇ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਵੀਅਤਨਾਮ ਵਿੱਚ ਭਾਰਤ ਦੇ ਫਾਰਮਾ ਅਤੇ ਖੇਤੀ ਉਤਪਾਦਾਂ ਲਈ ਬਜ਼ਾਰ ਤੱਕ ਵਧੇਰੇ ਪਹੁੰਚ ਦੀ ਸੁਵਿਧਾ ਲਈ ਵੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਕ ਅਤੇ ਸਭਿਅਤਾ ਸੰਬੰਧੀ ਸਬੰਧਾਂ ‘ਤੇ ਚਾਨਣਾ ਪਾਇਆ ਅਤੇ ਵੀਅਤਨਾਮ ਵਿੱਚ ਚਾਮ ਸਮਾਰਕਾਂ ਦੀ ਬਹਾਲੀ ਵਿੱਚ ਭਾਰਤ ਦੀ ਸ਼ਮੂਲੀਅਤ 'ਤੇ ਖੁਸ਼ੀ ਪ੍ਰਗਟਾਈ।
ਦੋਵਾਂ ਨੇਤਾਵਾਂ ਨੇ ਯੂਕ੍ਰੇਨ ਵਿੱਚ ਚੱਲ ਰਹੇ ਸੰਕਟ ਅਤੇ ਦੱਖਣੀ ਚੀਨ ਸਾਗਰ ਦੀ ਸਥਿਤੀ ਸਮੇਤ ਸਾਂਝੇ ਹਿੱਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।
ਲੀਡਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਸਾਂਝੇਦਾਰੀ ਨੂੰ ਵਧਾਉਣ 'ਤੇ ਸਹਿਮਤੀ ਪ੍ਰਗਟਾਈ।