ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਰਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਚਾਰਲਸ ਮਾਈਕਲ ਨਾਲ ਫੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਯੂਕ੍ਰੇਨ ਵਿੱਚ ਵਿਗੜਦੀ ਸਥਿਤੀ ਅਤੇ ਮਾਨਵੀ ਸੰਕਟ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਯੁੱਧ ਸਮਾਪਤ ਕਰਨ ਅਤੇ ਵਾਰਤਾ ਵੱਲ ਪਰਤਣ ਦੀ ਭਾਰਤ ਦੀ ਅਪੀਲ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਮਕਾਲੀ ਆਲਮੀ ਵਿਵਸਥਾ, ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਸਭ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ’ਤੇ ਅਧਾਰਿਤ ਹੈ।
ਪ੍ਰਧਾਨ ਮੰਤਰੀ ਨੇ ਦੋਹਾਂ ਧਿਰਾਂ ਦੇ ਦਰਮਿਆਨ ਵਾਰਤਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਭ ਲੋਕਾਂ ਤੱਕ ਮੁਕਤ ਅਤੇ ਨਿਰਵਿਘਨ ਮਾਨਵੀ ਪਹੁੰਚ ਅਤੇ ਸੁਚਾਰੂ ਆਵਾਗਮਨ ਸੁਨਿਸ਼ਚਿਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਖੇਤਰਾਂ ਵਿੱਚ ਦਵਾਈਆਂ ਸਮੇਤ ਅਤਿ ਜ਼ਰੂਰੀ ਰਾਹਤ ਸਮੱਗਰੀ ਭੇਜਣ ਦੇ ਲਈ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਦੱਸਿਆ।