ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਆਂਦ੍ਰੇਜ ਡੂਡਾ ਨਾਲ ਫੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਪੋਲੈਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਅਤੇ ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਵੀਜ਼ਾ ਜ਼ਰੂਰਤਾਂ ਵਿੱਚ ਢਿੱਲ ਦੇਣ ਦੀ ਵਿਸ਼ੇਸ਼ ਵਿਵਸਥਾ ਕਰਨ ’ਤੇ ਰਾਸ਼ਟਰਪਤੀ ਡੂਡਾ ਦਾ ਗਰਮਜੋਸ਼ੀ ਨਾਲ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਕਠਿਨ ਸਮੇਂ ਵਿੱਚ ਪੋਲੈਂਡ ਦੇ ਨਾਗਰਿਕਾਂ ਦੁਆਰਾ ਭਾਰਤੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਅਤੇ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਖਾਸ ਤੌਰ ’ਤੇ ਸਰਾਹਨਾ ਕੀਤੀ।
ਦੋਹਾਂ ਦੇਸ਼ਾਂ ਦੇ ਦਰਮਿਆਨ ਪਰੰਪਰਾਗਤ ਦੋਸਤਾਨਾ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ 2002 ਵਿੱਚ ਗੁਜਰਾਤ ਭੁਚਾਲ ਦੇ ਦੌਰਾਨ ਪੋਲੈਂਡ ਦੁਆਰਾ ਕੀਤੀ ਗਈ ਸਹਾਇਤਾ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਪੌਲੈਂਡ ਦੇ ਕਈ ਪਰਿਵਾਰਾਂ ਅਤੇ ਅਨਾਥਾਂ ਨੂੰ ਬਚਾਉਣ ਵਿੱਚ ਜਾਮਨਗਰ ਦੇ ਮਹਾਰਾਜਾ ਦੁਆਰਾ ਨਿਭਾਈ ਗਈ ਮਿਸਾਲੀ ਭੂਮਿਕਾ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਡੂਡਾ ਨੂੰ ਦੱਸਿਆ ਕਿ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ. ਕੇ ਸਿੰਘ (ਸੇਵਾਮੁਕਤ), ਭਾਰਤੀ ਨਾਗਰਿਕਾਂ ਦੇ ਨਿਕਾਸੀ ਪ੍ਰਯਤਨਾਂ ਦੀ ਨਿਗਰਾਨੀ ਦੇ ਲਈ ਪੋਲੈਂਡ ਵਿੱਚ ਉਨ੍ਹਾਂ ਦੇ ਵਿਸ਼ੇਸ਼ ਦੂਤ ਦੇ ਰੂਪ ਵਿੱਚ ਤੈਨਾਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਯੁੱਧ ਸਮਾਪਤ ਕਰਨ ਅਤੇ ਗੱਲਬਾਤ ’ਤੇ ਪਰਤਣ ਦੇ ਲਈ ਭਾਰਤ ਦੁਆਰਾ ਲਗਾਤਾਰ ਕੀਤੀ ਜਾ ਰਹੀ ਅਪੀਲ ਨੂੰ ਦੁਹਰਾਇਆ। ਉਨ੍ਹਾਂ ਨੇ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।