ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਿਲੀਪੀਨਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਫਿਲੀਪੀਨਸ ਦੇ 17ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ’ਤੇ ਮਹਾਮਹਿਮ ਮਾਰਕੋਸ ਜੂਨੀਅਰ ਨੂੰ ਵਧਾਈਆਂ ਦਿੱਤੀਆਂ।
ਦੋਹਾਂ ਰਾਜਨੇਤਾਵਾਂ ਨੇ ਦੁਵੱਲੀ ਸਹਿਭਾਗਿਤਾ ਵਾਲੇ ਵਿਭਿੰਨ ਖੇਤਰਾਂ ਦੀ ਸਮੀਖਿਆ ਕੀਤੀ, ਅਤੇ ਹਾਲ ਦੇ ਵਰ੍ਹਿਆਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਕਾਫੀ ਤੇਜ਼ੀ ਨਾਲ ਆਪਸੀ ਸਹਿਯੋਗ ਵਧਣ ’ਤੇ ਤਸੱਲੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਐਕਟ ਈਸਟ ਪਾਲਿਸੀ ਅਤੇ ਭਾਰਤ ਦੇ ਹਿੰਦ-ਪ੍ਰਸ਼ਾਂਤ ਵਿਜ਼ਨ ਵਿੱਚ ਫਿਲੀਪੀਨਸ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਨੂੰ ਦੁਹਰਾਇਆ, ਅਤੇ ਦੁਵੱਲੇ ਸਬੰਧਾਂ ਦਾ ਹੋਰ ਜ਼ਿਆਦਾ ਵਿਸਤਾਰ ਕਰਨ ਦੀ ਇੱਛਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੂੰ ਫਿਲੀਪੀਨਸ ਦੇ ਵਿਕਾਸ ਦੇ ਲਈ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਟਾਂ ਵਿੱਚ ਭਾਰਤ ਦੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।