ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਅ ਬਾਇਡਨ ਨੇ 9 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ 'ਤੇ ਪਾਰਟਨਰਸ਼ਿਪ ਫੌਰ ਗਲੋਬਲ ਇਨਫ੍ਰਾਸਟ੍ਰਕਚਰ ਐਂਡ ਇਨਵੈਸਟਮੈਂਟ (ਪੀਜੀਆਈਆਈ-PGII) ਅਤੇ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ (ਆਈਐੱਮਈਸੀ-IMEC) 'ਤੇ ਹੋਏ ਇੱਕ ਵਿਸ਼ੇਸ਼ ਸਮਾਗਮ ਦੀ ਸੰਯੁਕਤ ਤੌਰ ‘ਤੇ ਪ੍ਰਧਾਨਗੀ ਕੀਤੀ।
ਇਸ ਆਯੋਜਨ ਦਾ ਉਦੇਸ਼ ਭਾਰਤ, ਮੱਧ ਪੂਰਬ ਅਤੇ ਯੂਰਪ ਦੇ ਦਰਮਿਆਨ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਇਸ ਦੇ ਵਿਭਿੰਨ ਆਯਾਮਾਂ ਵਿੱਚ ਸੰਪਰਕ ਨੂੰ ਮਜ਼ਬੂਤ ਬਣਾਉਣਾ ਹੈ।
ਇਸ ਸਮਾਗਮ ਵਿੱਚ ਯੂਰੋਪੀਅਨ ਯੂਨੀਅਨ, ਫਰਾਂਸ, ਜਰਮਨੀ, ਇਟਲੀ, ਮਾਰੀਸ਼ਸ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸਾਊਦੀ ਅਰਬ ਦੇ ਨਾਲ-ਨਾਲ ਵਿਸ਼ਵ ਬੈਂਕ ਦੇ ਨੇਤਾਵਾਂ ਨੇ ਭੀ ਹਿੱਸਾ ਲਿਆ।
ਪੀਜੀਆਈਆਈ ਇੱਕ ਵਿਕਾਸ ਸਬੰਧੀ ਪਹਿਲ ਹੈ, ਜਿਸ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਵਿੱਚ ਬੁਨਿਆਦੀ ਢਾਂਚੇ ਦੀ ਕਮੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਆਲਮੀ ਪੱਧਰ 'ਤੇ ਟਿਕਾਊ ਵਿਕਾਸ ਲਕਸ਼ਾਂ (SDGs) 'ਤੇ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰਨਾ ਹੈ।
ਆਈਐੱਮਈਸੀ ਵਿੱਚ ਭਾਰਤ ਨੂੰ ਖਾੜੀ ਖੇਤਰ ਨਾਲ ਜੋੜਨ ਵਾਲਾ ਪੂਰਬੀ ਕੌਰੀਡੋਰ ਅਤੇ ਖਾੜੀ ਖੇਤਰ ਨੂੰ ਯੂਰਪ ਨਾਲ ਜੋੜਨ ਵਾਲਾ ਉੱਤਰੀ ਕੌਰੀਡੋਰ ਸ਼ਾਮਲ ਹੈ। ਇਸ ਵਿੱਚ ਰੇਲਵੇ ਅਤੇ ਜਹਾਜ਼-ਰੇਲ ਟ੍ਰਾਂਜ਼ਿਟ ਨੈੱਟਵਰਕ ਅਤੇ ਰੋਡ ਟ੍ਰਾਂਸਪੋਰਟ ਦੇ ਮਾਰਗ ਸ਼ਾਮਲ ਹੋਣਗੇ।
ਆਪਣੀਆਂ ਟਿੱਪਣੀਆਂ ਵਿੱਚ, ਪ੍ਰਧਾਨ ਮੰਤਰੀ ਨੇ ਭੌਤਿਕ, ਡਿਜੀਟਲ ਅਤੇ ਵਿੱਤੀ ਸੰਪਰਕ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਆਈਐੱਮਈਸੀ ਨਾਲ ਭਾਰਤ ਅਤੇ ਯੂਰਪ ਦੇ ਦਰਮਿਆਨ ਆਰਥਿਕ ਏਕੀਕਰਣ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।
ਆਈਐੱਮਈਸੀ ਨਾਲ ਸਬੰਧਿਤ ਸਹਿਮਤੀ ਪੱਤਰ (ਆਈਐੱਮਈਸੀ) 'ਤੇ ਭਾਰਤ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ), ਯੂਰੋਪੀਅਨ ਯੂਨੀਅਨ, ਇਟਲੀ, ਫਰਾਂਸ ਅਤੇ ਜਰਮਨੀ ਦੁਆਰਾ ਹਸਤਾਖਰ ਕੀਤੇ ਗਏ।