ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਅਤੇ ਸਾਲ ਭਰ ਚਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ, ਸਰਕਾਰ ਨੇ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਗ੍ਰੇਨਾਈਟ ਦੀ ਬਣੀ ਇਹ ਪ੍ਰਤਿਮਾ ਸਾਡੇ ਸੁਤੰਤਰਤਾ ਸੰਗਰਾਮ ਵਿੱਚ ਨੇਤਾ ਜੀ ਦੇ ਅਥਾਹ ਯੋਗਦਾਨ ਲਈ ਢੁਕਵੀਂ ਸ਼ਰਧਾਂਜਲੀ ਹੋਵੇਗੀ, ਅਤੇ ਦੇਸ਼ ਦੀ ਉਨ੍ਹਾਂ ਪ੍ਰਤੀ ਕਰਜ਼ਦਾਰਤਾ ਦਾ ਪ੍ਰਤੀਕ ਹੋਵੇਗੀ। ਜਦੋਂ ਤੱਕ ਪ੍ਰਤਿਮਾ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਨੇਤਾ ਜੀ ਦੀ ਹੋਲੋਗ੍ਰਾਮ ਪ੍ਰਤਿਮਾ ਉਸੇ ਸਥਾਨ 'ਤੇ ਮੌਜੂਦ ਰਹੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਇੰਡੀਆ ਗੇਟ ਵਿਖੇ ਨੇਤਾ ਜੀ ਦੀ ਹੋਲੋਗ੍ਰਾਮ ਪ੍ਰਤਿਮਾ ਦਾ ਉਦਘਾਟਨ ਕਰਨਗੇ।
ਹੋਲੋਗ੍ਰਾਮ ਦੀ ਪ੍ਰਤਿਮਾ 30,000 ਲੂਮੇਂਸ 4ਕੇ ਪ੍ਰੋਜੈਕਟਰ ਦੁਆਰਾ ਸੰਚਾਲਿਤ ਹੋਵੇਗੀ। ਇੱਕ ਅਦਿੱਖ, ਹਾਈ ਗੇਨ, 90% ਪਾਰਦਰਸ਼ੀ ਹੋਲੋਗ੍ਰਾਫਿਕ ਸਕ੍ਰੀਨ ਇਸ ਤਰੀਕੇ ਨਾਲ ਬਣਾਈ ਗਈ ਹੈ ਤਾਂ ਜੋ ਇਹ ਵਿਜ਼ੀਟਰਸ ਨੂੰ ਦਿਖਾਈ ਨਾ ਦੇਵੇ। ਹੋਲੋਗ੍ਰਾਮ ਦਾ ਪ੍ਰਭਾਵ ਬਣਾਉਣ ਲਈ ਇਸ 'ਤੇ ਨੇਤਾ ਜੀ ਦੀ 3ਡੀ ਤਸਵੀਰ ਪੇਸ਼ ਕੀਤੀ ਜਾਵੇਗੀ। ਹੋਲੋਗ੍ਰਾਮ ਪ੍ਰਤਿਮਾ ਦਾ ਆਕਾਰ 28 ਫੁੱਟ ਉਚਾਈ ਅਤੇ 6 ਫੁੱਟ ਚੌੜਾਈ ਹੈ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਅਲੰਕਰਣ ਸਮਾਰੋਹ ਵਿੱਚ ਸਾਲ 2019, 2020, 2021 ਅਤੇ 2022 ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਪ੍ਰਦਾਨ ਕਰਨਗੇ। ਸਮਾਰੋਹ ਦੌਰਾਨ ਕੁੱਲ ਸੱਤ ਪੁਰਸਕਾਰ ਦਿੱਤੇ ਜਾਣਗੇ।
ਕੇਂਦਰ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਦਿੱਤੇ ਗਏ ਅਮੁੱਲ ਯੋਗਦਾਨ ਅਤੇ ਨਿਰਸਵਾਰਥ ਸੇਵਾ ਨੂੰ ਮਾਨਤਾ ਦੇਣ ਅਤੇ ਸਨਮਾਨ ਦੇਣ ਲਈ ਸਾਲਾਨਾ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸਥਾਪਨਾ ਕੀਤੀ ਹੈ। ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਕੀਤਾ ਜਾਂਦਾ ਹੈ।ਪੁਰਸਕਾਰ ਵਿੱਚ ਇੱਕ ਸੰਸਥਾ ਦੇ ਮਾਮਲੇ ਵਿੱਚ 51 ਲੱਖ ਰੁਪਏ ਨਕਦ ਇਨਾਮ ਅਤੇ ਇੱਕ ਸਰਟੀਫਿਕੇਟ ਅਤੇ ਇੱਕ ਵਿਅਕਤੀ ਦੇ ਮਾਮਲੇ ਵਿੱਚ 5 ਲੱਖ ਰੁਪਏ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕੀਤਾ ਜਾਵੇ। ਇਨ੍ਹਾਂ ਪ੍ਰਯਤਨਾਂ ਦਾ ਵਿਸ਼ੇਸ਼ ਧਿਆਨ ਮਹਾਨ ਸੁਤੰਤਰਤਾ ਸੈਨਾਨੀ ਅਤੇ ਦੂਰਦਰਸ਼ੀ ਨੇਤਾ, ਨੇਤਾਜੀ ਸੁਭਾਸ਼ ਚੰਦਰ ਬੋਸ 'ਤੇ ਰਿਹਾ ਹੈ। ਇਸ ਸਬੰਧ ਵਿੱਚ ਕਈ ਕਦਮ ਉਠਾਏ ਗਏ ਹਨ, ਜਿਨ੍ਹਾਂ ਵਿੱਚ ਇਹ ਐਲਾਨ ਵੀ ਸ਼ਾਮਲ ਹੈ ਕਿ ਉਨ੍ਹਾਂ ਦੇ ਜਨਮ ਦਿਨ ਨੂੰ ਹਰ ਵਰ੍ਹੇ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਭਾਵਨਾ ਨਾਲ, ਗਣਤੰਤਰ ਦਿਵਸ ਦੇ ਜਸ਼ਨ ਇੱਕ ਦਿਨ ਪਹਿਲਾਂ, 23 ਜਨਵਰੀ ਤੋਂ ਸ਼ੁਰੂ ਹੋਣਗੇ।