ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫੰਰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra)(ਵੀਬੀਐੱਸਵਾਈ-VBSY) ਦੇ ਲਾਭਾਰਥੀਆਂ ਨਾਲ ਬਾਤਚੀਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਸੰਤ੍ਰਿਪਤੀ ਹਾਸਲ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ ਤਰੀਕੇ ਨਾਲ ਪਹੁੰਚੇ।
ਕਰਨਾਟਕ ਦੇ ਤੁਮਕੁਰ ਦੇ ਘਰੇਲੂ ਉਪਕਰਣਾਂ ਦੀ ਇੱਕ ਦੁਕਾਨ ਦੇ ਮਾਲਕ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੇ ਲਾਭਾਰਥੀ ਸ਼੍ਰੀ ਮੁਕੇਸ਼ ਨੇ ਬਾਤਚੀਤ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਪੀਐੱਮ ਮੁਦਰਾ ਯੋਜਨਾ ਦੇ ਤਹਿਤ ਮਿਲੇ 4.5 ਲੱਖ ਰੁਪਏ ਦੇ ਲੋਨ ਦਾ ਲਾਭ ਉਠਾਉਣ ਬਾਰੇ ਦੱਸਿਆ। ਸ਼੍ਰੀ ਮੁਕੇਸ਼ ਵਰਤਮਾਨ ਵਿੱਚ ਤਿੰਨ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸ਼੍ਰੀ ਮੁਕੇਸ਼ ਨੌਕਰੀ ਚਾਹੁਣ ਵਾਲੇ ਤੋਂ ਨੌਕਰੀ ਦੇਣ ਵਾਲੇ ਬਣ ਗਏ ਹਨ ਅਤੇ ਉਨ੍ਹਾਂ ਨੇ ਲੋਨ ਦੀ ਉਪਲਬਧਤਾ ਵਿੱਚ ਅਸਾਨੀ ਬਾਰੇ ਭੀ ਪੁੱਛਿਆ।
ਸ਼੍ਰੀ ਮੁਕੇਸ਼ ਨੇ ਪ੍ਰਧਾਨ ਮੰਤਰੀ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਬਾਰੇ ਦੱਸਿਆ ਜਿੱਥੋਂ ਉਨ੍ਹਾਂ ਨੂੰ ਮੁਦਰਾ ਲੋਨਸ ਅਤੇ ਬੈਂਕਾਂ ਦੁਆਰਾ ਉਨ੍ਹਾਂ ਦੀ ਜ਼ਰੂਰਤ ਦੇ ਅਨੁਰੂਪ ਸੁਚਾਰੂ ਤਰੀਕੇ ਨਾਲ ਲੋਨ ਸਬੰਧੀ ਪ੍ਰਕਿਰਿਆ ਪੂਰੀ ਕੀਤੇ ਜਾਣ ਬਾਰੇ ਜਾਣਕਾਰੀ ਮਿਲੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ਼੍ਰੀ ਮੁਕੇਸ਼ ਨੂੰ ਅੱਜ ਦੇ 50 ਪ੍ਰਤੀਸ਼ਤ ਡਿਜੀਟਲ ਲੈਣ-ਦੇਣ (digital transactions) ਦੀ ਤੁਲਨਾ ਵਿੱਚ ਪੂਰੀ ਤਰ੍ਹਾਂ ਨਾਲ ਯੂਪੀਆਈ ਅਤੇ ਡਿਜੀਟਲ ਭੁਗਤਾਨ (UPI and Digital Payments) ਦੀ ਸੁਵਿਧਾ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਕਿਉਂਕਿ ਇਸ ਨਾਲ ਬੈਂਕ ਤੋਂ ਅੱਗੇ ਹੋਰ ਨਿਵੇਸ਼ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸ਼੍ਰੀ ਮੁਕੇਸ਼ ਭਾਰਤ ਦੇ ਨੌਜਵਾਨਾਂ ਦੀ ਦ੍ਰਿੜ੍ਹਤਾ ਅਤੇ ਸੰਕਲਪਸ਼ਕਤੀ ਦੀ ਇੱਕ ਮਿਸਾਲ ਹਨ, ਜੋ ਨਾ ਕੇਵਲ ਨੌਕਰੀ ਦੀ ਇੱਛਾ ਰੱਖਦੇ ਹਨ ਬਲਕਿ ਰੋਜ਼ਗਾਰ ਭੀ ਸਿਰਜਦੇ ਹਨ। ਉਨ੍ਹਾਂ ਨੇ ਰਾਸ਼ਟਰ ਦੇ ਨੌਜਵਾਨਾਂ ਦੀ ਸਹਾਇਤਾ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਭੀ ਜ਼ੋਰ ਦਿੱਤਾ।