ਮਾਂ ਨੇ ਕਦੇ ਵੀ ਆਪਣੇ ਬੱਚਿਆਂ ਤੋਂ ਇਹ ਉਮੀਦ ਨਹੀਂ ਕੀਤੀ ਸੀ ਕਿ ਅਸੀਂ ਆਪਣੀ ਪੜ੍ਹਾਈ ਛੱਡ ਕੇ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕਰੀਏ। ਉਨ੍ਹਾਂ ਨੇ ਕਦੇ ਸਾਡੇ ਤੋਂ ਮਦਦ ਮੰਗੀ ਵੀ ਨਹੀਂ ਸੀ। ਪਰ, ਉਨ੍ਹਾਂ ਨੂੰ ਮਿਹਨਤ ਕਰਦਿਆਂ ਦੇਖਦੇ ਹੋਏ, ਅਸੀਂ ਉਨ੍ਹਾਂ ਦੀ ਮਦਦ ਕਰਨਾ ਆਪਣਾ ਸਭ ਤੋਂ ਵੱਡਾ ਫਰਜ਼ ਸਮਝਦੇ ਸਾਂ। ਮੈਨੂੰ ਸਥਾਨਕ ਤਲਾਬ ਵਿੱਚ ਤੈਰਾਕੀ ਦਾ ਸੱਚਮੁੱਚ ਆਨੰਦ ਆਉਂਦਾ ਸੀ। ਇਸ ਲਈ, ਮੈਂ ਘਰੋਂ ਸਾਰੇ ਗੰਦੇ ਕੱਪੜੇ ਤਲਾਬ 'ਤੇ ਧੋਣ ਲਈ ਲੈ ਜਾਂਦਾ ਸੀ। ਕੱਪੜੇ ਧੋਣੇ ਅਤੇ ਮੇਰਾ ਖੇਡਣਾ, ਦੋਵੇਂ ਕੰਮ ਇਕੱਠੇ ਹੋ ਜਾਂਦੇ ਸਨ।
ਘਰ ਦੇ ਖਰਚੇ ਪੂਰੇ ਕਰਨ ਲਈ ਮਾਂ ਕੁਝ ਘਰਾਂ ਵਿੱਚ ਬਰਤਨ ਵੀ ਮਾਂਜਦੀ ਸੀ। ਉਹ ਸਾਡੀ ਮਾਮੂਲੀ ਜਿਹੀ ਆਮਦਨ ਵਿੱਚ ਕੁਝ ਵਾਧਾ ਕਰਨ ਲਈ ਚਰਖਾ ਕੱਤਣ ਲਈ ਵੀ ਸਮਾਂ ਕੱਢਦੀ। ਉਹ ਕਪਾਹ ਦੇ ਛਿਲਕੇ ਵਿੱਚੋਂ ਰੂੰ ਕੱਢਣ ਤੋਂ ਲੈ ਕੇ ਸੂਤ ਕੱਤਣ ਤੱਕ ਸਭ ਕੁਝ ਕਰਦੀ ਸੀ। ਇੱਥੋਂ ਤੱਕ ਕਿ ਇਸ ਕਮਰ-ਤੋੜ ਕੰਮ ਵਿੱਚ ਵੀ, ਉਨ੍ਹਾਂ ਦੀ ਮੁੱਖ ਚਿੰਤਾ ਇਹ ਯਕੀਨੀ ਬਣਾਉਣਾ ਸੀ ਕਿ ਕਪਾਹ ਦੇ ਕੰਡੇ ਸਾਨੂੰ ਨਾ ਚੁਭਣ।
ਉਹ ਕਦੇ ਵੀ ਆਪਣੇ ਕੰਮ ਲਈ ਕਿਸੇ ਹੋਰ 'ਤੇ ਨਿਰਭਰ ਰਹਿਣਾ, ਆਪਣਾ ਕੰਮ ਕਿਸੇ ਹੋਰ ਤੋਂ ਕਰਵਾਉਣਾ ਪਸੰਦ ਨਹੀਂ ਕਰਦੇ ਸਨ। ਮੈਨੂੰ ਯਾਦ ਹੈ, ਵਡਨਗਰ ਦੇ ਕੱਚੇ ਘਰ ਨੂੰ ਬਰਸਾਤ ਦੇ ਮੌਸਮ ਕਾਰਨ ਬਹੁਤ ਕਠਿਨਾਈਆਂ ਆਉਂਦੀਆਂ ਸਨ। ਪਰ ਮਾਂ ਮੁਸੀਬਤ ਨੂੰ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਦੀ ਸੀ। ਇਸ ਲਈ ਜੂਨ ਦੇ ਮਹੀਨੇ ਤਪਦੀ ਧੁੱਪ ਵਿੱਚ ਮਾਂ ਘਰ ਦੀਆਂ ਛੱਤਾਂ ਦੀਆਂ ਖਪਰੈਲਾਂ ਠੀਕ ਕਰਨ ਲਈ ਪੌੜੀਆਂ ਚੜ੍ਹ ਜਾਂਦੀ ਸੀ। ਉਹ ਆਪਣੀ ਤਰਫੋਂ ਕੋਸ਼ਿਸ਼ ਕਰਦੀ ਸੀ ਪਰ ਸਾਡਾ ਘਰ ਏਨਾ ਪੁਰਾਣਾ ਹੋ ਗਿਆ ਸੀ ਕਿ ਇਸ ਦੀ ਛੱਤ ਭਾਰੀ ਮੀਂਹ ਨੂੰ ਝੱਲ ਨਹੀਂ ਸਕਦੀ ਸੀ।
ਬਰਸਾਤ ਵਿੱਚ ਸਾਡੇ ਘਰ ਵਿੱਚ ਪਾਣੀ ਕਦੇ ਇੱਕ ਪਾਸਿਓਂ ਟਪਕਦਾ ਸੀ, ਕਦੇ ਦੂਸਰੇ ਪਾਸਿਓਂ। ਸਾਰਾ ਘਰ ਪਾਣੀ ਨਾਲ ਨਾ ਭਰੇ, ਘਰ ਦੀਆਂ ਕੰਧਾਂ ਖਰਾਬ ਨਾ ਹੋਣ, ਇਸ ਲਈ ਮਾਂ ਜ਼ਮੀਨ 'ਤੇ ਬਾਲਟੀਆਂ ਅਤੇ ਬਰਤਨ ਰੱਖ ਦਿੰਦੇ ਸਨ। ਛੱਤ ਤੋਂ ਟਪਕਦਾ ਪਾਣੀ ਇਨ੍ਹਾਂ ਵਿੱਚ ਇਕੱਠਾ ਹੁੰਦਾ ਰਹਿੰਦਾ। ਉਨ੍ਹਾਂ ਪਲਾਂ ਵਿੱਚ ਵੀ, ਮੈਂ ਕਦੇ ਆਪਣੀ ਮਾਂ ਨੂੰ ਪਰੇਸ਼ਾਨ ਹੁੰਦੇ ਨਹੀਂ ਦੇਖਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਅਦ ਵਿੱਚ ਮਾਂ ਅਗਲੇ ਕੁਝ ਦਿਨ ਘਰ ਦੇ ਕੰਮਾਂ ਲਈ ਉਸੇ ਪਾਣੀ ਦੀ ਵਰਤੋਂ ਕਰਦੇ ਸਨ। ਪਾਣੀ ਦੀ ਸੰਭਾਲ਼ ਦੀ ਇਸ ਤੋਂ ਵਧੀਆ ਮਿਸਾਲ ਕੀ ਹੋ ਸਕਦੀ ਹੈ?
ਮਾਂ ਨੂੰ ਘਰ ਸਜਾਉਣ ਦਾ ਵੀ ਬਹੁਤ ਸ਼ੌਕ ਸੀ। ਘਰ ਨੂੰ ਸੁੰਦਰ, ਸਾਫ਼-ਸੁਥਰਾ ਬਣਾਉਣ ਲਈ ਉਹ ਦਿਨ ਭਰ ਕੰਮ ਕਰਦੇ ਸਨ। ਉਹ ਘਰ ਦੇ ਅੰਦਰਲੀ ਜ਼ਮੀਨ ਨੂੰ ਗੋਹੇ ਨਾਲ ਲਿਪਦੇ ਸਨ। ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਤੁਸੀਂ ਗੋਬਰ ਦੀਆਂ ਪਾਥੀਆਂ ਨੂੰ ਅੱਗ ਲਗਾਉਂਦੇ ਹੋ, ਤਾਂ ਕਈ ਵਾਰ ਸ਼ੁਰੂ ਵਿੱਚ ਬਹੁਤ ਧੂੰਆਂ ਨਿਕਲਦਾ ਹੈ। ਮਾਂ ਬਿਨਾ ਖਿੜਕੀ ਦੇ ਉਸ ਘਰ ਵਿੱਚ ਗੋਬਰ ਦੀਆਂ ਪਾਥੀਆਂ 'ਤੇ ਹੀ ਖਾਣਾ ਬਣਾਉਂਦੇ ਸਨ। ਧੂੰਆਂ ਬਾਹਰ ਨਹੀਂ ਨਿਕਲ ਸਕਦਾ ਸੀ, ਇਸ ਲਈ ਘਰ ਦੀਆਂ ਕੰਧਾਂ ਬਹੁਤ ਜਲਦੀ ਕਾਲੀਆਂ ਹੋ ਜਾਂਦੀਆਂ ਸਨ। ਹਰ ਕੁਝ ਹਫ਼ਤਿਆਂ ਬਾਅਦ ਮਾਂ ਉਨ੍ਹਾਂ ਕੰਧਾਂ ਨੂੰ ਵੀ ਪੇਂਟ ਕਰਦੇ ਸਨ। ਇਸ ਨਾਲ ਘਰ ਵਿੱਚ ਨਵਾਂਪਨ ਆ ਜਾਂਦਾ। ਮਾਂ ਜੀ ਮਿੱਟੀ ਦੇ ਬਹੁਤ ਹੀ ਸੁੰਦਰ ਕਟੋਰੇ ਬਣਾ ਕੇ ਸਜਾਉਂਦੇ ਸਨ। ਸਾਡੇ ਭਾਰਤੀਆਂ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਰੀਸਾਈਕਲ ਕਰਨ ਦੀ ਜੋ ਆਦਤ ਹੈ ਮਾਂ ਉਸ ਦੇ ਵੀ ਇੱਕ ਚੈਂਪੀਅਨ ਰਹੇ ਹਨ।
ਮੈਨੂੰ ਉਨ੍ਹਾਂ ਦਾ ਇੱਕ ਹੋਰ ਬਹੁਤ ਹੀ ਨਿਰਾਲਾ ਅਤੇ ਅਨੋਖਾ ਤਰੀਕਾ ਯਾਦ ਹੈ। ਉਹ ਅਕਸਰ ਪੁਰਾਣੇ ਕਾਗਜ਼ਾਂ ਨੂੰ ਇਮਲੀ ਦੇ ਬੀਜਾਂ ਨਾਲ ਭਿਉਂ ਕੇ, ਉਨ੍ਹਾਂ ਨੂੰ ਪੀਸ ਕੇ, ਬਿਲਕੁਲ ਗੋਂਦ ਜਿਹਾ ਇੱਕ ਪੇਸਟ ਬਣਾ ਦਿੰਦੇ। ਫਿਰ ਇਸ ਪੇਸਟ ਦੀ ਮਦਦ ਨਾਲ ਉਹ ਕੱਚ ਦੇ ਟੁਕੜਿਆਂ ਨੂੰ ਕੰਧਾਂ 'ਤੇ ਚਿਪਕਾ ਕੇ ਖੂਬਸੂਰਤ ਤਸਵੀਰਾਂ ਬਣਾਉਂਦੇ ਸਨ। ਉਹ ਬਜ਼ਾਰ ਤੋਂ ਕੁਝ ਸਮਾਨ ਲਿਆ ਕੇ ਘਰ ਦਾ ਦਰਵਾਜ਼ਾ ਵੀ ਸਜਾਉਂਦੇ ਸਨ।
ਮਾਂ ਹਮੇਸ਼ਾ ਇਸ ਗੱਲ ਬਾਰੇ ਬਹੁਤ ਨਿਯਮ ਰੱਖਦੇ ਸਨ ਕਿ ਬਿਸਤਰਾ ਬਹੁਤ ਸਾਫ਼, ਬਹੁਤ ਵਧੀਆ ਵਿਛਿਆ ਹੋਣਾ ਚਾਹੀਦਾ ਹੈ। ਉਹ ਚਾਦਰ 'ਤੇ ਧੂੜ ਦਾ ਇੱਕ ਕਣ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਥੋੜ੍ਹੀ ਜਿਹੀ ਸਿਲਵਟ ਦੇਖਦਿਆਂ ਹੀ ਉਹ ਪੂਰੀ ਚਾਦਰ ਨੂੰ ਫਿਰ ਤੋਂ ਝਾੜ ਕੇ ਸਾਫ਼-ਸੁਥਰੇ ਢੰਗ ਨਾਲ ਵਿਛਾ ਦਿੰਦੇ ਸਨ। ਅਸੀਂ ਵੀ ਮਾਂ ਦੀ ਇਸ ਆਦਤ ਦਾ ਬਹੁਤ ਖਿਆਲ ਰੱਖਦੇ ਸਾਂ। ਇੰਨੇ ਵਰ੍ਹਿਆਂ ਬਾਅਦ ਵੀ, ਜਿਸ ਘਰ ਵਿੱਚ ਮਾਂ ਰਹਿੰਦੇ ਹਨ, ਉਨ੍ਹਾਂ ਦੀ ਜ਼ਿੱਦ ਹੈ ਕਿ ਉਨ੍ਹਾਂ ਦਾ ਬਿਸਤਰਾ ਬਿਲਕੁਲ ਵੀ ਸੁੰਗੜਿਆ ਹੋਇਆ ਨਹੀਂ ਚਾਹੀਦਾ।
ਇਸ ਉਮਰ ਵਿੱਚ ਵੀ ਉਨ੍ਹਾਂ ਦੀ ਹਰ ਚੀਜ਼ ਵਿੱਚ ਸੰਪੂਰਨਤਾ ਦੀ ਭਾਵਨਾ ਉਸੇ ਤਰ੍ਹਾਂ ਬਰਕਰਾਰ ਹੈ। ਅਤੇ ਹੁਣ ਗਾਂਧੀਨਗਰ ਵਿੱਚ ਭਰਾ ਦਾ ਪਰਿਵਾਰ, ਮੇਰੇ ਭਤੀਜੇ ਦਾ ਪਰਿਵਾਰ ਵੀ ਨਾਲ ਹੈ, ਉਹ ਅੱਜ ਵੀ ਆਪਣੇ ਸਾਰੇ ਕੰਮ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਦੇ ਹਨ।
ਮੈਂ ਅਜੇ ਵੀ ਦੇਖਦਾ ਹਾਂ ਕਿ ਉਹ ਸਫਾਈ ਪ੍ਰਤੀ ਕਿੰਨੇ ਸਾਵਧਾਨ ਹਨ। ਜਦੋਂ ਵੀ ਮੈਂ ਦਿੱਲੀ ਤੋਂ ਗਾਂਧੀਨਗਰ ਜਾਂਦਾ ਹਾਂ, ਮੈਂ ਉਨ੍ਹਾਂ ਨੂੰ ਮਿਲਣ ਪਹੁੰਚਦਾ ਹਾਂ, ਉਹ ਮੈਨੂੰ ਆਪਣੇ ਹੱਥਾਂ ਨਾਲ ਮਠਿਆਈ ਜ਼ਰੂਰ ਖਵਾਉਂਦੇ ਹਨ। ਅਤੇ ਜਿਸ ਤਰ੍ਹਾਂ ਇੱਕ ਮਾਂ ਛੋਟੇ ਬੱਚੇ ਨੂੰ ਕੁਝ ਖੁਆਉਣ ਤੋਂ ਬਾਅਦ ਉਸ ਦਾ ਮੂੰਹ ਪੂੰਝਦੀ ਹੈ, ਉਸੇ ਤਰ੍ਹਾਂ ਮੇਰੀ ਮਾਂ ਮੈਨੂੰ ਕੁਝ ਖੁਆਉਣ ਤੋਂ ਬਾਅਦ ਕਿਸੇ ਰੁਮਾਲ ਨਾਲ ਮੇਰਾ ਮੂੰਹ ਜ਼ਰੂਰ ਪੂੰਝਦੇ ਹਨ। ਉਹ ਹਮੇਸ਼ਾ ਆਪਣੀ ਸਾੜੀ ਵਿੱਚ ਰੁਮਾਲ ਜਾਂ ਛੋਟਾ ਤੌਲੀਆ ਰੱਖਦੇ ਹਨ।
ਮਾਂ ਦੇ ਸਫਾਈ ਪ੍ਰਤੀ ਪਿਆਰ ਦੀਆਂ ਐਨੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਲਿਖਣ ਵਿੱਚ ਬਹੁਤ ਸਮਾਂ ਲਗੇਗਾ। ਇੱਕ ਮਾਂ ਵਿੱਚ ਇੱਕ ਹੋਰ ਖਾਸ ਗੱਲ ਰਹੀ ਹੈ। ਸਫਾਈ ਦਾ ਕੰਮ ਕਰਨ ਵਾਲੇ ਨੂੰ ਮਾਂ ਬਹੁਤ ਸਤਿਕਾਰ ਦਿੰਦੇ ਹਨ। ਮੈਨੂੰ ਯਾਦ ਹੈ, ਵਡਨਗਰ ਵਿੱਚ ਸਾਡੇ ਘਰ ਦੇ ਕੋਲ ਇੱਕ ਨਾਲੀ ਸੀ, ਜਦੋਂ ਕੋਈ ਇਸ ਦੀ ਸਫਾਈ ਕਰਨ ਆਉਂਦਾ ਤਾਂ ਮਾਂ ਚਾਹ ਪਿਲਾਏ ਬਿਨਾ ਉਸ ਨੂੰ ਜਾਣ ਨਹੀਂ ਦਿੰਦੇ ਸਨ। ਬਾਅਦ ਵਿੱਚ ਸਫਾਈ ਵਾਲਿਆਂ ਨੇ ਵੀ ਸਮਝ ਲਿਆ ਕਿ ਜੇ ਕੰਮ ਤੋਂ ਬਾਅਦ ਚਾਹ ਪੀਣੀ ਹੈ ਤਾਂ ਸਾਡੇ ਘਰ ਹੀ ਮਿਲ ਸਕਦੀ ਹੈ।
ਮੇਰੀ ਮਾਂ ਦੀ ਇੱਕ ਹੋਰ ਚੰਗੀ ਆਦਤ ਹੈ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ। ਜੀਵਾਂ ਪ੍ਰਤੀ ਦਇਆ ਉਸ ਦੇ ਸੰਸਕਾਰਾਂ ਵਿੱਚ ਝਲਕਦੀ ਰਹੀ ਹੈ। ਗਰਮੀਆਂ ਵਿੱਚ ਉਹ ਪੰਛੀਆਂ ਲਈ ਮਿੱਟੀ ਦੇ ਬਰਤਨਾਂ ਵਿੱਚ ਅਨਾਜ ਅਤੇ ਪਾਣੀ ਰੱਖਦੇ ਸਨ। ਸਾਡੇ ਘਰ ਦੇ ਆਸ-ਪਾਸ ਗਲੀ ਦੇ ਕੁੱਤੇ ਭੁੱਖੇ ਨਾ ਸੌਂ ਜਾਣ, ਮਾਂ ਇਸ ਦਾ ਵੀ ਖਿਆਲ ਰੱਖਦੇ ਸਨ।
ਪਿਤਾ ਆਪਣੇ ਚਾਹ ਦੇ ਸਟਾਲ ਤੋਂ ਜੋ ਮਲਾਈ ਲਿਆਉਂਦੇ ਸਨ ਮਾਂ ਉਸ ਤੋਂ ਬਹੁਤ ਵਧੀਆ ਘੀ ਬਣਾਉਂਦੇ ਸਨ। ਅਤੇ ਅਜਿਹਾ ਨਹੀਂ ਸੀ ਕਿ ਘੀ 'ਤੇ ਸਿਰਫ਼ ਸਾਡਾ ਹੀ ਹੱਕ ਹੋਵੇ। ਸਾਡੇ ਇਲਾਕੇ ਦੀਆਂ ਗਾਵਾਂ ਦਾ ਵੀ ਘੀ ਉੱਤੇ ਹੱਕ ਸੀ। ਮਾਂ ਹਰ ਰੋਜ਼ ਗਊ-ਮਾਤਾ ਨੂੰ ਰੋਟੀ ਖਿਲਾਉਂਦੇ ਸਨ। ਪਰ ਸੁੱਕੀ ਰੋਟੀ ਨਹੀਂ, ਹਮੇਸ਼ਾ ਉਸ 'ਤੇ ਘੀ ਪਾਉਂਦੇ ਸਨ।
ਭੋਜਨ ਦੇ ਸਬੰਧ ਵਿੱਚ ਮਾਂ ਦੀ ਹਮੇਸ਼ਾ ਇਹ ਤਾਕੀਦ ਰਹੀ ਹੈ ਕਿ ਭੋਜਨ ਦਾ ਇੱਕ ਦਾਣਾ ਵੀ ਬਰਬਾਦ ਨਾ ਕੀਤਾ ਜਾਵੇ। ਸਾਡੇ ਕਸਬੇ ਵਿੱਚ ਜਦੋਂ ਕਿਸੇ ਦੇ ਵਿਆਹ ਲਈ ਸਮੂਹਿਕ ਦਾਅਵਤ ਰੱਖੀ ਜਾਂਦੀ ਸੀ ਤਾਂ ਉੱਥੇ ਜਾਣ ਤੋਂ ਪਹਿਲਾਂ ਮਾਂ ਸਭ ਨੂੰ ਯਾਦ ਕਰਵਾਉਂਦੇ ਸਨ ਕਿ ਖਾਣਾ ਖਾਂਦੇ ਸਮੇਂ ਬਰਬਾਦ ਨਾ ਕਰੋ। ਘਰ ਵਿੱਚ ਵੀ ਉਨ੍ਹਾਂ ਨੇ ਇਹੀ ਨਿਯਮ ਬਣਾਇਆ ਹੋਇਆ ਸੀ ਕਿ ਥਾਲ਼ੀ ਵਿੱਚ ਉਤਨਾ ਹੀ ਭੋਜਨ ਲਓ ਜਿਤਨੀ ਕਿ ਭੁੱਖ ਹੈ।
ਅੱਜ ਵੀ ਮਾਂ ਜਿੰਨਾ ਖਾਣਾ ਹੋਵੇ ਆਪਣੀ ਥਾਲ਼ੀ ਵਿੱਚ ਉਨਾ ਹੀ ਭੋਜਨ ਲੈਂਦੇ ਹਨ। ਅੱਜ ਵੀ ਉਹ ਆਪਣੀ ਥਾਲ਼ੀ ਵਿੱਚ ਅਨਾਜ ਦਾ ਇੱਕ ਦਾਣਾ ਵੀ ਨਹੀਂ ਛੱਡਦੇ। ਨਿਯਮ ਅਨੁਸਾਰ ਖਾਣਾ, ਨਿਸ਼ਚਿਤ ਸਮੇਂ 'ਤੇ ਖਾਣਾ, ਬਹੁਤ ਜ਼ਿਆਦਾ ਚਬਾ-ਚਬਾ ਕੇ ਖਾਣਾ, ਇਸ ਉਮਰ 'ਚ ਵੀ ਉਨ੍ਹਾਂ ਦੀ ਆਦਤ ਬਣਿਆ ਹੋਇਆ ਹੈ।
ਮਾਂ ਦੂਸਰਿਆਂ ਨੂੰ ਖੁਸ਼ ਦੇਖ ਕੇ ਹਮੇਸ਼ਾ ਖੁਸ਼ ਰਹਿੰਦੇ ਹਨ। ਘਰ ਵਿੱਚ ਥਾਂ ਭਾਵੇਂ ਘੱਟ ਹੋਵੇ ਪਰ ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ। ਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਪਿੰਡ ਸੀ ਜਿਸ ਵਿੱਚ ਮੇਰੇ ਪਿਤਾ ਜੀ ਦੇ ਇੱਕ ਬਹੁਤ ਕਰੀਬੀ ਦੋਸਤ ਰਹਿੰਦੇ ਸਨ। ਉਨ੍ਹਾਂ ਦਾ ਪੁੱਤਰ ਅੱਬਾਸ ਸੀ। ਦੋਸਤ ਦੀ ਬੇਵਕਤੀ ਮੌਤ ਤੋਂ ਬਾਅਦ ਪਿਤਾ ਜੀ ਅੱਬਾਸ ਨੂੰ ਆਪਣੇ ਘਰ ਲੈ ਆਏ ਸਨ। ਇੱਕ ਤਰ੍ਹਾਂ ਨਾਲ ਅੱਬਾਸ ਨੇ ਸਾਡੇ ਘਰ ਰਹਿ ਕੇ ਹੀ ਪੜ੍ਹਾਈ ਪੂਰੀ ਕੀਤੀ। ਸਾਰੇ ਬੱਚਿਆਂ ਵਾਂਗ ਮਾਂ ਅੱਬਾਸ ਦਾ ਵੀ ਬਹੁਤ ਖਿਆਲ ਰੱਖਦੀ ਸੀ। ਈਦ 'ਤੇ ਮਾਂ ਅੱਬਾਸ ਲਈ ਉਸ ਦੀ ਪਸੰਦ ਦੇ ਪਕਵਾਨ ਤਿਆਰ ਕਰਦੇ ਸਨ। ਤਿਉਹਾਰਾਂ ਸਮੇਂ ਆਸ-ਪਾਸ ਦੇ ਕੁਝ ਬੱਚੇ ਸਾਡੇ ਘਰ ਆ ਕੇ ਖਾਣਾ ਖਾਂਦੇ ਸਨ। ਉਨ੍ਹਾਂ ਨੂੰ ਵੀ ਮੇਰੀ ਮਾਂ ਦੇ ਹੱਥਾਂ ਦਾ ਬਣਿਆ ਖਾਣਾ ਬਹੁਤ ਪਸੰਦ ਸੀ।
ਜਦੋਂ ਵੀ ਕੋਈ ਸਾਧੂ-ਸੰਤ ਸਾਡੇ ਘਰ ਆਉਂਦੇ ਸਨ ਤਾਂ ਮਾਂ ਜੀ ਉਨ੍ਹਾਂ ਨੂੰ ਘਰ ਬੁਲਾ ਕੇ ਭੋਜਨ ਕਰਵਾਉਂਦੇ ਸਨ। ਜਦੋਂ ਉਹ ਜਾਣ ਲਗਦੇ ਤਾਂ ਮਾਂ ਆਪਣੇ ਲਈ ਨਹੀਂ, ਸਾਡੇ ਭੈਣ-ਭਰਾਵਾਂ ਲਈ ਅਸੀਸ ਮੰਗਦੇ ਸਨ। ਉਹ ਉਨ੍ਹਾਂ ਨੂੰ ਕਿਹਾ ਕਰਦੇ ਸਨ ਕਿ “ਮੇਰੇ ਬੱਚਿਆਂ ਨੂੰ ਅਸ਼ੀਰਵਾਦ ਦੇਵੋ ਕਿ ਉਹ ਦੂਸਰਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣ ਅਤੇ ਦੂਸਰਿਆਂ ਦੇ ਦੁਖ ਵਿੱਚ ਦੁਖੀ ਹੋਣ। ਮੇਰੇ ਬੱਚਿਆਂ ਵਿੱਚ ਭਗਤੀ ਅਤੇ ਸੇਵਾ ਦੀ ਭਾਵਨਾ ਪੈਦਾ ਹੋਵੇ, ਉਨ੍ਹਾਂ ਨੂੰ ਅਜਿਹੀਆਂ ਅਸੀਸਾਂ ਦਿਓ।
ਮੇਰੀ ਮਾਂ ਨੂੰ ਮੇਰੇ ਵਿੱਚ ਅਥਾਹ ਵਿਸ਼ਵਾਸ ਹੈ। ਉਨ੍ਹਾਂ ਨੂੰ ਆਪਣੀਆਂ ਕਦਰਾਂ-ਕੀਮਤਾਂ 'ਤੇ ਪੂਰਾ ਭਰੋਸਾ ਹੈ। ਮੈਨੂੰ ਦਹਾਕਿਆਂ ਪਹਿਲਾਂ ਦੀ ਇੱਕ ਘਟਨਾ ਯਾਦ ਆ ਰਹੀ ਹੈ। ਉਦੋਂ ਮੈਂ ਸੰਗਠਨ ਵਿੱਚ ਰਹਿੰਦਿਆਂ ਲੋਕ ਸੇਵਾ ਦੇ ਕੰਮ ਵਿੱਚ ਜੁਟਿਆ ਹੋਇਆ ਸਾਂ। ਪਰਿਵਾਰਕ ਮੈਂਬਰਾਂ ਨਾਲ ਮੇਰਾ ਸੰਪਰਕ ਲਗਭਗ ਨਾ-ਬਰਾਬਰ ਹੀ ਸੀ। ਇਸੇ ਦੌਰ ਵਿੱਚ ਇੱਕ ਵਾਰ ਮੇਰੇ ਵੱਡੇ ਭਰਾ ਮੇਰੀ ਮਾਂ ਨੂੰ ਬਦਰੀਨਾਥ ਜੀ, ਕੇਦਾਰਨਾਥ ਜੀ ਦੇ ਦਰਸ਼ਨਾਂ ਲਈ ਲੈ ਗਏ ਸਨ। ਜਦੋਂ ਮਾਂ ਨੇ ਬਦਰੀਨਾਥ ਦੇ ਦਰਸ਼ਨ ਕੀਤੇ ਤਾਂ ਕੇਦਾਰਨਾਥ ਵਿੱਚ ਵੀ ਲੋਕਾਂ ਨੂੰ ਖ਼ਬਰ ਮਿਲੀ ਕਿ ਮੇਰੀ ਮਾਂ ਆ ਰਹੀ ਹੈ।
ਉਸੇ ਸਮੇਂ ਅਚਾਨਕ ਮੌਸਮ ਵੀ ਬਹੁਤ ਖ਼ਰਾਬ ਹੋ ਗਿਆ। ਇਹ ਦੇਖ ਕੇ ਕੁਝ ਲੋਕ ਕੇਦਾਰ ਘਾਟੀ ਤੋਂ ਹੇਠਾਂ ਉਤਰਨ ਲਗੇ। ਉਹ ਕੰਬਲ ਵੀ ਆਪਣੇ ਨਾਲ ਲੈ ਗਏ। ਰਸਤੇ ਵਿੱਚ ਉਹ ਬਜ਼ੁਰਗ ਮਹਿਲਾਵਾਂ ਨੂੰ ਪੁੱਛਦੇ ਜਾ ਰਹੇ ਸਨ, ਕੀ ਤੁਸੀਂ ਨਰੇਂਦਰ ਮੋਦੀ ਦੀ ਮਾਂ ਹੋ? ਇੰਝ ਹੀ ਪੁੱਛਦੇ ਹੋਏ ਉਹ ਲੋਕ ਮਾਂ ਕੋਲ ਪਹੁੰਚ ਗਏ। ਉਨ੍ਹਾਂ ਨੇ ਮਾਂ ਨੂੰ ਕੰਬਲ ਦਿੱਤਾ, ਚਾਹ ਪਿਲਾਈ। ਫਿਰ ਉਹ ਲੋਕ ਸਾਰੀ ਯਾਤਰਾ ਦੌਰਾਨ ਮਾਂ ਦੇ ਨਾਲ ਰਹੇ। ਕੇਦਾਰਨਾਥ ਪਹੁੰਚ ਕੇ ਉਨ੍ਹਾਂ ਨੇ ਮਾਂ ਦੇ ਠਹਿਰਨ ਦਾ ਵਧੀਆ ਪ੍ਰਬੰਧ ਕੀਤਾ। ਇਸ ਘਟਨਾ ਨੇ ਮਾਂ ਦੇ ਮਨ ਵਿੱਚ ਬਹੁਤ ਪ੍ਰਭਾਵ ਪਾਇਆ। ਤੀਰਥ ਯਾਤਰਾ ਤੋਂ ਵਾਪਸ ਆ ਕੇ ਜਦੋਂ ਮੇਰੀ ਮਾਂ ਮੈਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ "ਕੋਈ ਤਾਂ ਚੰਗਾ ਕੰਮ ਕਰ ਰਹੇ ਹੋ, ਲੋਕ ਤੈਨੂੰ ਪਹਿਚਾਣਦੇ ਹਨ।”
ਹੁਣ ਇਸ ਘਟਨਾ ਦੇ ਇੰਨੇ ਵਰ੍ਹਿਆਂ ਬਾਅਦ ਜਦੋਂ ਲੋਕ ਅੱਜ ਮਾਂ ਕੋਲ ਜਾ ਕੇ ਪੁੱਛਦੇ ਹਨ ਕਿ ਤੁਹਾਡਾ ਬੇਟਾ ਪ੍ਰਧਾਨ ਮੰਤਰੀ ਹੈ, ਤੁਹਾਨੂੰ ਮਾਣ ਹੋਣਾ ਚਾਹੀਦਾ ਹੈ, ਤਾਂ ਮਾਂ ਦਾ ਜਵਾਬ ਬਹੁਤ ਗਹਿਰਾ ਹੁੰਦਾ ਹੈ। ਮਾਂ ਉਨ੍ਹਾਂ ਨੂੰ ਕਹਿੰਦੇ ਹਨ ਕਿ ਜਿਤਨਾ ਤੁਹਾਨੂੰ ਮਾਣ ਹੈ, ਮੈਨੂੰ ਵੀ ਉਤਨਾ ਹੀ ਮਾਣ ਹੈ। ਉਂਜ ਵੀ ਮੇਰਾ ਕੁਝ ਨਹੀਂ। ਮੈਂ ਰੱਬ ਦੀ ਰਜ਼ਾ ਵਿੱਚ ਕੇਵਲ ਇੱਕ ਸਾਧਨ ਹਾਂ।
ਤੁਸੀਂ ਵੀ ਦੇਖਿਆ ਹੋਵੇਗਾ, ਮੇਰੀ ਮਾਂ ਕਦੇ ਵੀ ਕਿਸੇ ਸਰਕਾਰੀ ਪ੍ਰੋਗਰਾਮ ਜਾਂ ਜਨ ਸਭਾ ਵਿੱਚ ਮੇਰੇ ਨਾਲ ਨਹੀਂ ਜਾਂਦੇ। ਹੁਣ ਤੱਕ ਸਿਰਫ਼ ਦੋ ਵਾਰ ਅਜਿਹਾ ਹੋਇਆ ਹੈ ਜਦੋਂ ਉਹ ਕਿਸੇ ਜਨ ਸਭਾ ਵਿੱਚ ਮੇਰੇ ਨਾਲ ਆਏ ਹੋਣ। ਇੱਕ ਵਾਰ ਜਦੋਂ ਮੈਂ ਏਕਤਾ ਯਾਤਰਾ ਤੋਂ ਬਾਅਦ ਸ੍ਰੀਨਗਰ ਦੇ ਲਾਲ ਚੌਕ ਵਿੱਚ ਤਿਰੰਗਾ ਲਹਿਰਾ ਕੇ ਵਾਪਸ ਪਰਤਿਆ ਸੀ ਤਾਂ ਅਹਿਮਦਾਬਾਦ ਵਿੱਚ ਸਿਵਲ ਸਨਮਾਨ ਪ੍ਰੋਗਰਾਮ ਦੌਰਾਨ ਮੇਰੀ ਮਾਂ ਸਟੇਜ 'ਤੇ ਆਏ ਅਤੇ ਮੇਰੇ ਮੱਥੇ ‘ਤੇ ਤਿਲਕ ਲਗਾਇਆ।
ਮਾਂ ਲਈ ਇਹ ਬਹੁਤ ਭਾਵੁਕ ਪਲ ਵੀ ਸੀ ਕਿਉਂਕਿ ਏਕਤਾ ਯਾਤਰਾ ਦੌਰਾਨ ਫਗਵਾੜਾ ਵਿੱਚ ਆਤੰਕੀ ਹਮਲਾ ਹੋਇਆ ਸੀ, ਜਿਸ ਵਿੱਚ ਕੁਝ ਲੋਕ ਮਾਰੇ ਵੀ ਗਏ ਸਨ। ਉਸ ਸਮੇਂ ਮਾਂ ਨੂੰ ਮੇਰੀ ਬਹੁਤ ਚਿੰਤਾ ਸੀ। ਫਿਰ ਮੈਨੂੰ ਦੋ ਵਿਅਕਤੀਆਂ ਦਾ ਫੋਨ ਆਇਆ। ਇੱਕ ਅਕਸ਼ਰਧਾਮ ਮੰਦਿਰ ਦੇ ਸਤਿਕਾਰਯੋਗ ਪ੍ਰਧਾਨ ਸਵਾਮੀ ਜੀ ਦਾ ਸੀ ਅਤੇ ਦੂਸਰਾ ਮੇਰੀ ਮਾਂ ਦਾ ਸੀ। ਮੇਰੀ ਹਾਲਤ ਜਾਣ ਕੇ ਮਾਂ ਨੂੰ ਰਾਹਤ ਮਿਲੀ ਸੀ।
ਦੂਸਰੀ ਵਾਰ ਉਹ ਮੇਰੇ ਨਾਲ 2001 ਵਿੱਚ ਉਸ ਮੌਕੇ ਸ਼ਾਮਲ ਹੋਏ ਸਨ ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 20 ਸਾਲ ਪਹਿਲਾਂ ਇਹ ਸਹੁੰ ਚੁੱਕ ਸਮਾਗਮ ਆਖਰੀ ਵਾਰ ਹੈ ਜਦੋਂ ਮੇਰੀ ਮਾਂ ਕਿਸੇ ਜਨ ਸਭਾ ਵਿੱਚ ਮੇਰੇ ਨਾਲ ਕਿਤੇ ਮੌਜੂਦ ਸਨ। ਇਸ ਤੋਂ ਬਾਅਦ ਉਹ ਕਦੇ ਵੀ ਮੇਰੇ ਨਾਲ ਕਿਸੇ ਪ੍ਰੋਗਰਾਮ ਵਿੱਚ ਨਹੀਂ ਆਏ।
ਮੈਨੂੰ ਇੱਕ ਹੋਰ ਘਟਨਾ ਯਾਦ ਹੈ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਤਾਂ ਮੈਂ ਆਪਣੇ ਸਾਰੇ ਅਧਿਆਪਕਾਂ ਦਾ ਜਨਤਕ ਤੌਰ 'ਤੇ ਸਨਮਾਨ ਕਰਨਾ ਚਾਹੁੰਦਾ ਸਾਂ। ਮੇਰੇ ਮਨ ਵਿੱਚ ਇਹ ਵੀ ਸੀ ਕਿ ਮਾਂ ਮੇਰੇ ਸਭ ਤੋਂ ਵੱਡੇ ਗੁਰੂ ਰਹੇ ਹਨ, ਉਨ੍ਹਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਸਾਡੇ ਧਰਮ-ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਮਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੈ- 'ਨਾਸ੍ਤਿ ਮਾਤ੍ਰ ਸਮੋ ਗੁਰੂ:'। (‘नास्ति मातृ समो गुरुः’।) ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਵੀ ਸਟੇਜ 'ਤੇ ਆਓ। ਲੇਕਿਨ ਉਨ੍ਹਾਂ ਨੇ ਕਿਹਾ, “ਦੇਖ ਭਾਈ, ਮੈਂ ਤਾਂ ਨਿਮਿੱਤ ਮਾਤਰ ਹਾਂ। ਤੁਹਾਡਾ ਮੇਰੀ ਕੁੱਖੋਂ ਜਨਮ ਲੈਣਾ ਲਿਖਿਆ ਹੋਇਆ ਸੀ। ਤੁਹਾਨੂੰ ਮੈਂ ਨਹੀਂ ਭਗਵਾਨ ਨੇ ਘੜਿਆ ਹੈ।” ਇਹ ਕਹਿ ਕੇ ਮਾਂ ਉਸ ਪ੍ਰੋਗਰਾਮ ਵਿੱਚ ਨਹੀਂ ਆਏ। ਮੇਰੇ ਸਾਰੇ ਅਧਿਆਪਕ ਆ ਗਏ ਸਨ, ਪਰ ਮਾਂ ਉਸ ਪ੍ਰੋਗਰਾਮ ਤੋਂ ਦੂਰ ਰਹੇ।
ਪਰ ਮੈਨੂੰ ਯਾਦ ਹੈ, ਉਸ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਜ਼ਰੂਰ ਪੁੱਛਿਆ ਸੀ ਕਿ ਕੀ ਸਾਡੇ ਨਗਰ ਦੇ ਅਧਿਆਪਕ ਜੇਠਾਭਾਈ ਜੋਸ਼ੀ ਜੀ ਦੇ ਪਰਿਵਾਰ ਵਿੱਚੋਂ ਕੋਈ ਉਸ ਪ੍ਰੋਗਰਾਮ ਵਿੱਚ ਆਵੇਗਾ? ਬਚਪਨ ਵਿੱਚ ਮੇਰੀ ਮੁਢਲੀ ਸਿੱਖਿਆ ਗੁਰੂ ਜੇਠਾਭਾਈ ਜੋਸ਼ੀ ਜੀ ਤੋਂ ਹੋਈ ਸੀ। ਮਾਂ ਨੂੰ ਯਾਦ ਸੀ, ਇਹ ਵੀ ਪਤਾ ਸੀ ਕਿ ਜੋਸ਼ੀ ਜੀ ਹੁਣ ਸਾਡੇ ਵਿੱਚ ਨਹੀਂ ਰਹੇ। ਉਹ ਖ਼ੁਦ ਨਹੀਂ ਆਏ ਪਰ ਜੇਠਾਭਾਈ ਜੋਸ਼ੀ ਦੇ ਪਰਿਵਾਰ ਨੂੰ ਬੁਲਾਉਣ ਲਈ ਕਿਹਾ।
ਮੈਂ ਹਮੇਸ਼ਾ ਆਪਣੀ ਮਾਂ ਵਿੱਚ ਦੇਖਿਆ ਕਿ ਅੱਖਰ ਗਿਆਨ ਤੋਂ ਬਿਨਾ ਵੀ ਵਿਅਕਤੀ ਅਸਲ ਵਿੱਚ ਕਿਵੇਂ ਪੜ੍ਹਿਆ-ਲਿਖਿਆ ਹੁੰਦਾ ਹੈ। ਉਨ੍ਹਾਂ ਦੀ ਸੋਚਣ ਦੀ ਪਹੁੰਚ, ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਮੈਨੂੰ ਕਈ ਵਾਰ ਹੈਰਾਨ ਕਰ ਦਿੰਦੀ ਹੈ।
ਮਾਂ ਹਮੇਸ਼ਾ ਆਪਣੇ ਨਾਗਰਿਕ ਫਰਜ਼ਾਂ ਪ੍ਰਤੀ ਬਹੁਤ ਸੁਚੇਤ ਰਹੇ ਹਨ। ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ, ਉਨ੍ਹਾਂ ਨੇ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਦੀਆਂ ਚੋਣਾਂ ਵਿੱਚ ਵੋਟ ਪਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਈ। ਮਾਂ ਕੁਝ ਸਮਾਂ ਪਹਿਲਾਂ ਹੋਈਆਂ ਗਾਂਧੀਨਗਰ ਨਗਰ ਨਿਗਮ ਚੋਣਾਂ ਵਿੱਚ ਵੀ ਵੋਟ ਪਾਉਣ ਗਏ ਸਨ।
ਕਈ ਵਾਰ ਉਹ ਮੈਨੂੰ ਕਹਿੰਦੇ ਹਨ ਕਿ ਦੇਖੋ ਭਾਈ, ਜਨਤਾ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ, ਰੱਬ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ, ਤੁਹਾਨੂੰ ਕਦੇ ਕੁਝ ਨਹੀਂ ਹੋਵੇਗਾ। ਉਹ ਕਹਿੰਦੇ ਹਨ ਕਿ ਆਪਣੇ ਸਰੀਰ ਨੂੰ ਹਮੇਸ਼ਾ ਚੰਗਾ ਰੱਖੋ, ਆਪਣੇ ਆਪ ਨੂੰ ਤੰਦਰੁਸਤ ਰੱਖੋ ਕਿਉਂਕਿ ਸਰੀਰ ਚੰਗਾ ਹੋਵੇਗਾ ਤਾਂ ਹੀ ਤੁਸੀਂ ਚੰਗੇ ਕੰਮ ਕਰ ਸਕੋਗੇ।
ਕੋਈ ਸਮਾਂ ਸੀ ਜਦੋਂ ਮਾਂ ਬਹੁਤ ਨਿਯਮ ਨਾਲ ਚਤੁਰਮਾਸ ਕਰਦੇ ਸਨ। ਮਾਂ ਜਾਣਦੇ ਹਨ ਕਿ ਨਵਰਾਤਰੀ ਦੌਰਾਨ ਮੇਰੇ ਨਿਯਮ ਕੀ ਹਨ। ਪਹਿਲਾਂ ਤਾਂ ਉਹ ਨਹੀਂ ਆਖਦੇ ਸਨ, ਪਰ ਹੁਣ ਉਹ ਕਹਿਣ ਲਗ ਪਏ ਹਨ ਕਿ ਇੰਨੇ ਵਰ੍ਹੇ ਤਾਂ ਕਰ ਲਿਆ ਹੈ, ਹੁਣ ਨਵਰਾਤਰੀ ਦੌਰਾਨ ਜੋ ਕਠਿਨ ਵਰਤ ਅਤੇ ਤਪੱਸਿਆ ਕਰਦੇ ਹੋ, ਉਸ ਨੂੰ ਥੋੜ੍ਹਾ ਅਸਾਨ ਬਣਾ ਲਓ।
ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਮਾਂ ਤੋਂ ਕਿਸੇ ਲਈ ਕੋਈ ਸ਼ਿਕਾਇਤ ਨਹੀਂ ਸੁਣੀ। ਨਾ ਤਾਂ ਉਹ ਕਿਸੇ ਦੀ ਸ਼ਿਕਾਇਤ ਕਰਦੇ ਹਨ ਅਤੇ ਨਾ ਹੀ ਕਿਸੇ ਤੋਂ ਕੋਈ ਉਮੀਦ ਰੱਖਦੇ ਹਨ।
ਮਾਂ ਦੇ ਨਾਮ 'ਤੇ ਅੱਜ ਵੀ ਕੋਈ ਜਾਇਦਾਦ ਨਹੀਂ ਹੈ। ਮੈਂ ਉਸ ਦੇ ਸਰੀਰ 'ਤੇ ਕਦੇ ਸੋਨਾ ਨਹੀਂ ਦੇਖਿਆ। ਉਨ੍ਹਾਂ ਨੂੰ ਸੋਨੇ ਅਤੇ ਗਹਿਣਿਆਂ ਲਈ ਕੋਈ ਮੋਹ ਨਹੀਂ ਹੈ। ਉਹ ਪਹਿਲਾਂ ਵੀ ਸਾਦਗੀ ਨਾਲ ਰਹਿੰਦੇ ਸਨ ਅਤੇ ਅੱਜ ਵੀ ਆਪਣੇ ਛੋਟੇ ਜਿਹੇ ਕਮਰੇ ਵਿੱਚ ਪੂਰੀ ਸਾਦਗੀ ਨਾਲ ਰਹਿੰਦੇ ਹਨ।
ਮਾਂ ਦਾ ਰੱਬ ਵਿੱਚ ਅਟੁੱਟ ਵਿਸ਼ਵਾਸ ਹੈ ਪਰ ਉਹ ਅੰਧਵਿਸ਼ਵਾਸ ਤੋਂ ਕੋਹਾਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਸਾਡੇ ਘਰ ਨੂੰ ਹਮੇਸ਼ਾ ਵਹਿਮਾਂ-ਭਰਮਾਂ ਤੋਂ ਬਚਾਇਆ। ਉਹ ਸ਼ੁਰੂ ਤੋਂ ਹੀ ਕਬੀਰਪੰਥੀ ਰਹੇ ਹਨ ਅਤੇ ਅੱਜ ਵੀ ਉਹ ਉਸੇ ਪਰੰਪਰਾ ਨਾਲ ਆਪਣੀ ਪੂਜਾ ਕਰਦੇ ਹਨ। ਹਾਂ, ਉਨ੍ਹਾਂ ਨੂੰ ਮਾਲਾ ਜਪਣ ਦੀ ਆਦਤ ਪੈ ਗਈ ਹੈ। ਦਿਨ ਭਰ ਭਜਨ ਅਤੇ ਮਾਲਾ ਜਪਣਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਨੀਂਦ ਵੀ ਭੁੱਲ ਜਾਂਦੇ ਹਨ। ਘਰ ਦੇ ਲੋਕਾਂ ਨੂੰ ਮਾਲਾ ਛੁਪਾਉਣੀ ਪੈਂਦੀ ਹੈ, ਫਿਰ ਉਹ ਸੌਂ ਜਾਂਦੇ ਹਨ।
ਇੰਨੇ ਸਾਲ ਹੋ ਜਾਣ ਦੇ ਬਾਵਜੂਦ ਵੀ ਮਾਂ ਦੀ ਯਾਦ ਬਹੁਤ ਚੰਗੀ ਹੈ। ਉਨ੍ਹਾਂ ਨੂੰ ਦਹਾਕਿਆਂ ਪਹਿਲਾਂ ਵਾਪਰੀਆਂ ਗੱਲਾਂ ਚੰਗੀ ਤਰ੍ਹਾਂ ਯਾਦ ਹਨ। ਅੱਜ ਵੀ ਜਦੋਂ ਵੀ ਕੋਈ ਰਿਸ਼ਤੇਦਾਰ ਉਨ੍ਹਾਂ ਨੂੰ ਮਿਲਣ ਜਾਂਦਾ ਹੈ ਅਤੇ ਆਪਣਾ ਨਾਮ ਦੱਸਦਾ ਹੈ ਤਾਂ ਉਹ ਝੱਟ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਨਾਮ ਲੈ ਕੇ ਕਹਿ ਦਿੰਦੇ ਹਨ ਕਿ ਚੰਗਾ ਤੁਸੀਂ ਉਨ੍ਹਾਂ ਦੇ ਘਰੋਂ ਆਏ ਹੋ।
ਦੁਨੀਆ ਵਿੱਚ ਕੀ ਹੋ ਰਿਹਾ ਹੈ, ਅੱਜ ਵੀ ਮਾਂ ਉਸ ਉੱਤੇ ਨਜ਼ਰ ਰੱਖਦੀ ਹੈ। ਹਾਲ ਹੀ ਵਿੱਚ, ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਅੱਜ-ਕੱਲ੍ਹ ਕਿੰਨਾ ਟੀਵੀ ਦੇਖਦੇ ਹੋ? ਮਾਂ ਨੇ ਕਿਹਾ ਕਿ ਜਦੋਂ ਵੀ ਟੀਵੀ ਦੇਖੋ ਤਾਂ ਹਰ ਕੋਈ ਆਪਸ ਵਿੱਚ ਲੜ ਰਿਹਾ ਹੁੰਦਾ ਹੈ। ਹਾਂ, ਕੁਝ ਅਜਿਹੇ ਵੀ ਹਨ ਜੋ ਸ਼ਾਂਤੀ ਨਾਲ ਸਮਝਾਉਂਦੇ ਹਨ ਅਤੇ ਮੈਂ ਉਨ੍ਹਾਂ ਨੂੰ ਦੇਖਦੀ ਹਾਂ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮਾਂ ਇੰਨਾ ਗੌਰ ਕਰਦੇ ਹਨ।
ਮੈਨੂੰ ਉਨ੍ਹਾਂ ਦੀ ਤੇਜ਼ ਯਾਦਦਾਸ਼ਤ ਨਾਲ ਜੁੜੀ ਇੱਕ ਹੋਰ ਗੱਲ ਯਾਦ ਆ ਰਹੀ ਹੈ। ਇਹ 2017 ਦੀ ਗੱਲ ਹੈ ਜਦੋਂ ਮੈਂ ਕਾਸ਼ੀ ਵਿੱਚ ਸੀ, ਯੂਪੀ ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨਾਂ ਵਿੱਚ। ਉੱਥੋਂ ਮੈਂ ਅਹਿਮਦਾਬਾਦ ਗਿਆ ਅਤੇ ਆਪਣੀ ਮਾਂ ਲਈ ਕਾਸ਼ੀ ਤੋਂ ਪ੍ਰਸ਼ਾਦ ਵੀ ਲਿਆਇਆ ਸੀ। ਜਦੋਂ ਆਪਣੀ ਮਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਕੀ ਕਾਸ਼ੀ ਵਿਸ਼ਵਨਾਥ ਮਹਾਦੇਵ ਦੇ ਦਰਸ਼ਨ ਵੀ ਕੀਤੇ ਸਨ? ਮਾਂ ਅਜੇ ਵੀ ਪੂਰਾ ਨਾਮ ਲੈਂਦੀ ਹੈ - ਕਾਸ਼ੀ ਵਿਸ਼ਵਨਾਥ ਮਹਾਦੇਵ। ਫਿਰ ਗੱਲਬਾਤ ਵਿੱਚ ਮਾਂ ਨੇ ਪੁੱਛਿਆ ਕਿ ਕੀ ਕਾਸ਼ੀ ਵਿਸ਼ਵਨਾਥ ਮਹਾਦੇਵ ਦੇ ਮੰਦਿਰ ਨੂੰ ਜਾਣ ਦਾ ਗਲੀਆਂ ਵਾਲਾ ਰਸਤਾ ਅਜੇ ਵੀ ਉਹੀ ਹੈ, ਲਗਦਾ ਹੈ ਕਿ ਕਿਸੇ ਦੇ ਘਰ ਮੰਦਿਰ ਬਣਿਆ ਹੈ। ਮੈਂ ਹੈਰਾਨ ਹੋ ਕੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਦੋਂ ਗਏ ਸੀ? ਮਾਂ ਨੇ ਦੱਸਿਆ ਕਿ ਉਹ ਕਈ ਵਰ੍ਹੇ ਪਹਿਲਾਂ ਗਏ ਸਨ। ਮਾਂ ਨੂੰ ਉਹ ਤੀਰਥ ਯਾਤਰਾ ਵੀ ਚੰਗੀ ਤਰ੍ਹਾਂ ਯਾਦ ਹੈ ਜੋ ਉਨ੍ਹਾਂ ਨੇ ਕਈ ਵਰ੍ਹੇ ਪਹਿਲਾਂ ਕੀਤੀ ਸੀ।
ਮਾਂ ਵਿੱਚ ਜਿਤਨੀ ਸੰਵੇਦਨਸ਼ੀਲਤਾ ਹੈ, ਸੇਵਾ ਹੈ, ਉਤਨੀ ਹੀ ਜ਼ਿਆਦਾ ਉਨ੍ਹਾਂ ਦੀ ਨਜ਼ਰ ਪਾਰਖੀ ਵੀ ਰਹੀ ਹੈ। ਮਾਂ ਛੋਟੇ ਬੱਚਿਆਂ ਦੇ ਇਲਾਜ ਦੇ ਕਈ ਦੇਸੀ ਤਰੀਕੇ ਜਾਣਦੇ ਹਨ। ਵਡਨਗਰ ਦੇ ਘਰ ਵਿੱਚ ਅਕਸਰ ਸਵੇਰ ਤੋਂ ਹੀ ਸਾਡੇ ਘਰ ਕਤਾਰ ਲਗ ਜਾਂਦੀ ਸੀ। ਲੋਕ ਆਪਣੇ 6-8 ਮਹੀਨਿਆਂ ਦੇ ਬੱਚਿਆਂ ਨੂੰ ਮਾਂ ਕੋਲ ਦਿਖਾਉਣ ਲਈ ਲੈ ਕੇ ਆਉਂਦੇ ਸਨ।
ਇਲਾਜ ਲਈ ਮਾਂ ਨੂੰ ਕਈ ਵਾਰ ਬਹੁਤ ਬਰੀਕ ਪਾਊਡਰ ਦੀ ਜ਼ਰੂਰਤ ਹੁੰਦੀ ਸੀ। ਇਸ ਪਾਊਡਰ ਨੂੰ ਇਕੱਠਾ ਕਰਨ ਦਾ ਪ੍ਰਬੰਧ ਸਾਡੇ ਘਰ ਦੇ ਬੱਚਿਆਂ ਦੇ ਜਿੰਮੇ ਸੀ। ਮਾਂ ਸਾਨੂੰ ਚੁੱਲ੍ਹੇ ਵਿੱਚੋਂ ਕੱਢੀ ਸੁਆਹ, ਇੱਕ ਕਟੋਰਾ ਅਤੇ ਇੱਕ ਮਹੀਨ ਕੱਪੜਾ ਦਿੰਦੇ ਸਨ। ਫਿਰ ਅਸੀਂ ਉਸ ਕਟੋਰੇ ਦੇ ਮੂੰਹ 'ਤੇ ਕੱਪੜਾ ਕੱਸ ਕੇ ਬੰਨ੍ਹ ਲੈਂਦੇ ਸਨ ਅਤੇ ਉਸ 'ਤੇ 5-6 ਚੁਟਕੀ ਸੁਆਹ ਰੱਖ ਦਿੰਦੇ ਸਨ। ਫਿਰ ਹੌਲ਼ੀ-ਹੌਲ਼ੀ ਅਸੀਂ ਕੱਪੜੇ 'ਤੇ ਸੁਆਹ ਰਗੜਦੇ ਸਾਂ। ਅਜਿਹਾ ਕਰਨ ਨਾਲ, ਸੁਆਹ ਦੇ ਬਰੀਕ ਕਣ ਕਟੋਰੇ ਦੇ ਹੇਠਾਂ ਜਮ੍ਹਾਂ ਹੋ ਜਾਂਦੇ ਸਨ। ਮਾਂ ਜੀ ਹਮੇਸ਼ਾ ਸਾਨੂੰ ਕਹਿੰਦੇ ਸਨ ਕਿ "ਆਪਣਾ ਕੰਮ ਚੰਗੀ ਤਰ੍ਹਾਂ ਕਰੋ। ਸੁਆਹ ਦੇ ਮੋਟੇ ਦਾਣਿਆਂ ਕਾਰਨ ਬੱਚਿਆਂ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ।”
ਇਸੇ ਤਰ੍ਹਾਂ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਹੈ, ਜਿਸ ਵਿੱਚ ਮਾਂ ਦੀ ਮਮਤਾ ਵੀ ਸੀ ਤੇ ਸਮਝਦਾਰੀ ਵੀ। ਅਸਲ ਵਿੱਚ ਇੱਕ ਵਾਰ ਪਿਤਾ ਨੇ ਇੱਕ ਧਾਰਮਿਕ ਰਸਮ ਕਰਵਾਉਣੀ ਸੀ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਨਰਮਦਾ ਜੀ ਦੇ ਕਿਨਾਰੇ ਕਿਸੇ ਜਗ੍ਹਾ ਜਾਣਾ ਪਿਆ। ਗਰਮੀਆਂ ਦਾ ਦਿਨ ਸੀ, ਇਸ ਲਈ ਅਸੀਂ ਉੱਥੇ ਜਾਣ ਲਈ ਸਵੇਰੇ ਹੀ ਘਰੋਂ ਨਿਕਲ ਪਏ ਸੀ। ਕਰੀਬ ਸਾਢੇ ਤਿੰਨ ਘੰਟੇ ਦਾ ਸਫ਼ਰ ਹੋਇਆ ਹੋਵੇਗਾ। ਜਿੱਥੋਂ ਅਸੀਂ ਬੱਸ ਤੋਂ ਉਤਰੇ, ਅੱਗੇ ਦਾ ਰਸਤਾ ਪੈਦਲ ਹੀ ਜਾਣਾ ਸੀ। ਪਰ ਗਰਮੀ ਇੰਨੀ ਜ਼ਿਆਦਾ ਸੀ ਕਿ ਇੰਝ ਲਗ ਰਿਹਾ ਸੀ ਜਿਵੇਂ ਜ਼ਮੀਨ ਵਿੱਚੋਂ ਅੱਗ ਨਿਕਲ ਰਹੀ ਹੋਵੇ। ਇਸ ਲਈ ਅਸੀਂ ਨਰਮਦਾ ਦੇ ਕੰਢੇ ਪਾਣੀ ਵਿੱਚ ਪੈਰ ਰੱਖ ਕੇ ਤੁਰਨ ਲਗੇ। ਇਸ ਤਰ੍ਹਾਂ ਨਦੀ ਵਿੱਚ ਤੁਰਨਾ ਅਸਾਨ ਨਹੀਂ ਹੁੰਦਾ। ਕੁਝ ਹੀ ਸਮੇਂ ਵਿੱਚ, ਅਸੀਂ ਬੱਚੇ ਬਹੁਤ ਥੱਕ ਗਏ। ਸਖ਼ਤ ਭੁੱਖ ਵੀ ਲਗੀ ਸੀ। ਮਾਂ ਸਾਡੀ ਸਾਰਿਆਂ ਦੀ ਹਾਲਤ ਦੇਖ ਰਹੀ ਸੀ ਤੇ ਸਮਝ ਰਹੀ ਸੀ। ਮਾਂ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਇੱਥੇ ਕੁਝ ਦੇਰ ਲਈ ਰੁਕ ਜਾਣ। ਮਾਂ ਨੇ ਝੱਟ ਪਿਤਾ ਨੂੰ ਨਜ਼ਦੀਕ ਤੋਂ ਗੁੜ ਖਰੀਦ ਕੇ ਲਿਆਉਣ ਲਈ ਕਿਹਾ। ਪਿਤਾ ਜੀ ਭੱਜ ਕੇ ਗੁੜ ਖਰੀਦ ਕੇ ਲੈ ਆਏ। ਮੈਂ ਉਦੋਂ ਬੱਚਾ ਸੀ, ਪਰ ਜਿਵੇਂ ਹੀ ਗੁੜ ਖਾ ਕੇ ਪਾਣੀ ਪੀਤਾ, ਸਰੀਰ ਵਿੱਚ ਨਵੀਂ ਊਰਜਾ ਆ ਗਈ। ਅਸੀਂ ਸਾਰੇ ਫਿਰ ਚਲ ਪਏ। ਉਸ ਗਰਮੀ ਵਿੱਚ ਪੂਜਾ ਲਈ ਬਾਹਰ ਜਾਣਾ, ਮਾਂ ਦੀ ਉਹ ਸਮਝ, ਪਿਤਾ ਜੀ ਦਾ ਝੱਟ ਗੁੜ ਖਰੀਦਣਾ, ਮੈਨੂੰ ਅੱਜ ਵੀ ਹਰ ਪਲ ਚੰਗੀ ਤਰ੍ਹਾਂ ਯਾਦ ਹੈ।
ਦੂਸਰਿਆਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਨ ਦੀ ਭਾਵਨਾ, ਆਪਣੀ ਮਰਜ਼ੀ ਨੂੰ ਦੂਸਰਿਆਂ 'ਤੇ ਨਾ ਥੋਪਣ ਦੀ ਭਾਵਨਾ, ਮੈਂ ਬਚਪਨ ਤੋਂ ਆਪਣੀ ਮਾਂ ਵਿੱਚ ਦੇਖੀ ਹੈ। ਖਾਸ ਕਰਕੇ ਮੇਰੇ ਬਾਰੇ ਤਾਂ ਉਹ ਬਹੁਤ ਖਿਆਲ ਰੱਖਦੇ ਸਨ ਕਿ ਉਹ ਕਦੇ ਵੀ ਮੇਰੇ ਅਤੇ ਮੇਰੇ ਫ਼ੈਸਲਿਆਂ ਦਰਮਿਆਨ ਦੀਵਾਰ ਨਾ ਬਣ ਜਾਵੇ। ਮੈਨੂੰ ਉਸ ਤੋਂ ਹਮੇਸ਼ਾ ਹੌਸਲਾ ਮਿਲਦਾ ਰਿਹਾ। ਬਚਪਨ ਤੋਂ ਹੀ ਉਹ ਮੇਰੇ ਮਨ ਵਿੱਚ ਇੱਕ ਵੱਖਰੀ ਕਿਸਮ ਦੀ ਪ੍ਰਵਿਰਤੀ ਪੈਦਾ ਹੁੰਦੀ ਦੇਖ ਰਹੇ ਸਨ। ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ ਤੋਂ ਵੱਖਰਾ ਸੀ।
ਮੇਰੇ ਨਿੱਤ ਦੇ ਕ੍ਰਮ ਕਾਰਨ, ਮੇਰੇ ਭਿੰਨ-ਭਿੰਨ ਅਨੁਭਵਾਂ ਕਾਰਨ, ਕਈ ਵਾਰ ਮੇਰੀ ਮਾਂ ਨੂੰ ਮੇਰੇ ਲਈ ਵੱਖਰਾ ਪ੍ਰਬੰਧ ਕਰਨਾ ਪੈਂਦਾ ਸੀ। ਪਰ ਉਨ੍ਹਾਂ ਦੇ ਚਿਹਰੇ 'ਤੇ ਕਦੇ ਤਿਊੜੀਆਂ ਨਹੀਂ ਪਈਆਂ, ਮਾਂ ਨੇ ਕਦੇ ਇਸ ਨੂੰ ਬੋਝ ਨਹੀਂ ਸਮਝਿਆ। ਜਿਵੇਂ ਮੈਂ ਮਹੀਨਾ-ਮਹੀਨਾ ਆਪਣੇ ਭੋਜਨ ਵਿੱਚ ਲੂਣ ਖਾਣਾ ਛੱਡ ਦਿੰਦਾ ਰਹਿੰਦਾ ਸੀ। ਕਦੇ-ਕਦੇ ਅਜਿਹਾ ਹੁੰਦਾ ਸੀ ਕਿ ਮੈਂ ਹਫ਼ਤਿਆਂ-ਹਫ਼ਤਿਆਂ ਤੱਕ ਖਾਣਾ ਛੱਡ ਦਿੰਦਾ ਸੀ, ਸਿਰਫ਼ ਦੁੱਧ ਪੀਂਦਾ ਸੀ। ਮੈਂ ਫ਼ੈਸਲਾ ਕੀਤਾ ਸੀ ਕਿ ਹੁਣ ਮੈਂ 6 ਮਹੀਨੇ ਮਠਿਆਈ ਨਹੀਂ ਖਾਵਾਂਗਾ। ਸਰਦੀਆਂ ਵਿੱਚ, ਮੈਂ ਖੁੱਲ੍ਹੇ ਵਿੱਚ ਸੌਂਦਾ, ਨਹਾਉਣ ਲਈ ਇੱਕ ਘੜੇ ਵਿੱਚੋਂ ਠੰਢੇ ਪਾਣੀ ਨਾਲ ਨਹਾ ਲੈਂਦਾ। ਮੈਂ ਖ਼ੁਦ ਹੀ ਆਪਣਾ ਇਮਤਿਹਾਨ ਲੈ ਰਿਹਾ ਸਾਂ। ਮਾਂ ਮੇਰੀਆਂ ਭਾਵਨਾਵਾਂ ਨੂੰ ਸਮਝ ਰਹੇ ਸਨ। ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ। ਇਹੀ ਉਹ ਕਹਿੰਦੇ ਸਨ - ਠੀਕ ਹੈ ਭਾਈ, ਜੋ ਮਰਜ਼ੀ ਕਰੋ।
ਮਾਂ ਨੂੰ ਲਗ ਰਿਹਾ ਸੀ ਕਿ ਮੈਂ ਕਿਸੇ ਹੋਰ ਦਿਸ਼ਾ ਵੱਲ ਜਾ ਰਿਹਾ ਹਾਂ। ਮੈਨੂੰ ਯਾਦ ਹੈ, ਇੱਕ ਵਾਰ ਇੱਕ ਮਹਾਤਮਾ ਜੀ ਸਾਡੇ ਘਰ ਦੇ ਨੇੜੇ ਗਿਰੀ ਮਹਾਦੇਵ ਮੰਦਿਰ ਦੇ ਦਰਸ਼ਨ ਲਈ ਆਏ ਹੋਏ ਸਨ। ਉਹ ਹੱਥਾਂ ਵਿੱਚ ਜਵਾਰ ਉਗਾ ਕੇ ਤਪੱਸਿਆ ਕਰ ਰਹੇ ਸਨ। ਮੈਂ ਬੜੇ ਮਨ ਨਾਲ ਉਨ੍ਹਾਂ ਦੀ ਸੇਵਾ ਵਿੱਚ ਲਗਿਆ ਰਿਹਾ। ਇਸੇ ਦੌਰਾਨ ਮੇਰੇ ਮਾਸੀ ਜੀ ਦਾ ਵਿਆਹ ਹੋਣ ਵਾਲਾ ਸੀ। ਪਰਿਵਾਰ ਦੇ ਸਾਰੇ ਲੋਕ ਉੱਥੇ ਜਾਣਾ ਚਾਹੁੰਦੇ ਸਨ। ਮਾਮਾ ਜੀ ਦੇ ਘਰ ਜਾਣਾ ਸੀ, ਮਾਂ ਦੀ ਭੈਣ ਦਾ ਵਿਆਹ ਹੋ ਰਿਹਾ ਸੀ, ਇਸ ਲਈ ਮਾਂ ਵੀ ਬਹੁਤ ਉਤਸ਼ਾਹਿਤ ਸਨ। ਸਾਰੇ ਆਪੋ-ਆਪਣੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਪਰ ਮੈਂ ਆਪਣੀ ਮਾਂ ਕੋਲ ਜਾ ਕੇ ਕਿਹਾ ਕਿ ਮੈਂ ਆਪਣੀ ਮਾਸੀ ਜੀ ਦੇ ਵਿਆਹ ਵਿੱਚ ਨਹੀਂ ਜਾਣਾ ਚਾਹੁੰਦਾ। ਮਾਂ ਨੇ ਕਾਰਨ ਪੁੱਛਿਆ ਤਾਂ ਮੈਂ ਮਹਾਤਮਾ ਜੀ ਦੀ ਗੱਲ ਦੱਸੀ।
ਮਾਂ ਨੂੰ ਇਸ ਗੱਲ ਦਾ ਦੁਖ ਤਾਂ ਹੋਇਆ ਕਿ ਮੈਂ ਉਨ੍ਹਾਂ ਦੀ ਭੈਣ ਦੇ ਵਿਆਹ 'ਤੇ ਨਹੀਂ ਜਾ ਰਿਹਾ, ਪਰ ਉਨ੍ਹਾਂ ਨੇ ਮੇਰੀ ਭਾਵਨਾ ਦਾ ਆਦਰ ਕੀਤਾ। ਉਨ੍ਹਾਂ ਨੇ ਕਿਹਾ ਕਿ ਠੀਕ ਹੈ, ਜਿਵੇਂ ਤੂੰ ਮਹਿਸੂਸ ਕਰੇਂ ਉਂਜ ਹੀ ਕਰ। ਪਰ ਉਹ ਚਿੰਤਿਤ ਸਨ ਕਿ ਮੈਂ ਘਰ ਇਕੱਲਾ ਕਿਵੇਂ ਰਹਾਂਗਾ? ਉਨ੍ਹਾਂ ਨੇ 4-5 ਦਿਨਾਂ ਤੋਂ ਸੁੱਕਾ ਖਾਣਾ ਤਿਆਰ ਕਰਕੇ ਘਰ ਵਿੱਚ ਰੱਖਿਆ ਸੀ ਤਾਂ ਜੋ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਜਦੋਂ ਮੈਂ ਘਰ ਛੱਡਣ ਦਾ ਫ਼ੈਸਲਾ ਕੀਤਾ, ਮੇਰੀ ਮਾਂ ਨੂੰ ਬਹੁਤ ਦਿਨ ਪਹਿਲਾਂ ਹੀ ਇਹ ਗੱਲ ਸਮਝ ਆ ਗਈ ਸੀ। ਮੈਂ ਗੱਲਾਂ-ਗੱਲਾਂ ਵਿੱਚ ਆਪਣੇ ਮਾਤਾ ਅਤੇ ਪਿਤਾ ਜੀ ਨੂੰ ਦੱਸਦਾ ਰਹਿੰਦਾ ਸੀ ਕਿ ਮੇਰਾ ਮਨ ਕਰਦਾ ਹੈ ਕਿ ਬਾਹਰ ਜਾ ਕੇ ਦੇਖਾਂ ਕਿ ਦੁਨੀਆ ਕੀ ਹੈ। ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਰਾਮਕ੍ਰਿਸ਼ਨ ਮਿਸ਼ਨ ਦੇ ਮੱਠ ਵਿੱਚ ਜਾਣਾ ਹੈ। ਸੁਆਮੀ ਵਿਵੇਕਾਨੰਦ ਬਾਰੇ ਵੀ ਉਨ੍ਹਾਂ ਨਾਲ ਬਹੁਤ ਗੱਲਾਂ ਕਰਦਾ ਸਾਂ। ਮਾਂ-ਪਿਤਾਜੀ ਇਹ ਸਭ ਸੁਣਦੇ ਰਹਿੰਦੇ ਸਨ। ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ।
ਆਖਰਕਾਰ ਇੱਕ ਦਿਨ ਮੈਂ ਆਪਣੇ ਮਾਤਾ ਅਤੇ ਪਿਤਾ ਜੀ ਨੂੰ ਘਰ ਛੱਡਣ ਦੀ ਇੱਛਾ ਦੱਸੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਮੰਗਿਆ। ਮੇਰੇ ਪਿਤਾ ਜੀ ਨੂੰ ਮੇਰੇ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਉਹ ਥੋੜ੍ਹਾ ਉਦਾਸ ਹੋ ਕੇ ਬੋਲੇ - ਤੂੰ ਜਾਣੇ, ਤੇਰਾ ਕੰਮ ਜਾਣੇ। ਪਰ ਮੈਂ ਕਿਹਾ ਕਿ ਮੈਂ ਅਸ਼ੀਰਵਾਦ ਤੋਂ ਬਿਨਾ ਇਸ ਤਰ੍ਹਾਂ ਘਰ ਨਹੀਂ ਛੱਡਾਂਗਾ। ਮਾਂ ਮੇਰੇ ਬਾਰੇ ਸਭ ਕੁਝ ਜਾਣਦੇ ਸਨ। ਉਨ੍ਹਾਂ ਨੇ ਮੇਰੇ ਮਨ ਦਾ ਫਿਰ ਤੋਂ ਸਤਿਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਤੇਰਾ ਮਨ ਕਰੇ, ਉਵੇਂ ਹੀ ਕਰ। ਹਾਂ, ਪਿਤਾ ਜੀ ਦੀ ਤਸੱਲੀ ਲਈ, ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਚਾਹੁਣ ਤਾਂ ਕਿਸੇ ਨੂੰ ਮੇਰੀ ਜਨਮ-ਪੱਤਰੀ ਦਿਖਾ ਲੈਣ। ਸਾਡੇ ਇੱਕ ਰਿਸ਼ਤੇਦਾਰ ਨੂੰ ਜੋਤਿਸ਼ ਦਾ ਵੀ ਗਿਆਨ ਸੀ। ਪਿਤਾ ਜੀ ਮੇਰੀ ਜਨਮ-ਪੱਤਰੀ ਲੈ ਕੇ ਉਨ੍ਹਾਂ ਨੂੰ ਮਿਲੇ। ਕੁੰਡਲੀ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ "ਉਸ ਦਾ ਰਸਤਾ ਵੱਖਰਾ ਹੈ, ਜਿੱਥੇ ਪਰਮਾਤਮਾ ਨੇ ਫ਼ੈਸਲਾ ਕੀਤਾ ਹੈ, ਉਹ ਉੱਥੇ ਜਾਵੇਗਾ।"
ਇਸ ਦੇ ਕੁਝ ਹੀ ਘੰਟਿਆਂ ਬਾਅਦ, ਮੈਂ ਘਰ ਛੱਡ ਦਿੱਤਾ। ਉਦੋਂ ਤੱਕ ਮੇਰੇ ਪਿਤਾ ਜੀ ਬਹੁਤ ਸਹਿਜ ਹੋ ਗਏ ਸਨ। ਪਿਤਾ ਜੀ ਨੇ ਮੈਨੂੰ ਅਸੀਸ ਦਿੱਤੀ। ਘਰੋਂ ਨਿਕਲਣ ਤੋਂ ਪਹਿਲਾਂ ਮਾਂ ਨੇ ਮੈਨੂੰ ਦਹੀਂ ਅਤੇ ਗੁੜ ਵੀ ਖੁਆਇਆ। ਉਹ ਜਾਣਦੇ ਸਨ ਕਿ ਹੁਣ ਮੇਰੀ ਜ਼ਿੰਦਗੀ ਕਿਹੋ ਜਿਹੀ ਹੋਣ ਵਾਲੀ ਹੈ। ਮਾਂ ਦੀ ਮਮਤਾ ਜਿੰਨਾ ਮਰਜ਼ੀ ਯਤਨ ਕਰ ਲਵੇ, ਜਦੋਂ ਉਸ ਦਾ ਬੱਚਾ ਘਰੋਂ ਦੂਰ ਜਾ ਰਿਹਾ ਹੋਵੇ ਤਾਂ ਪਿਘਲ ਜਾਂਦੀ ਹੈ। ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਮੇਰੇ ਲਈ ਉਨ੍ਹਾਂ ਦਾ ਵੀ ਬਹੁਤ ਅਸ਼ੀਰਵਾਦ ਸੀ।
ਘਰ ਛੱਡਣ ਤੋਂ ਬਾਅਦ ਦੇ ਵਰ੍ਹਿਆਂ ਵਿੱਚ, ਮੈਂ ਜਿੱਥੇ ਵੀ ਰਿਹਾ, ਜਿਸ ਹਾਲ ਵਿੱਚ ਵੀ ਰਿਹਾ, ਮਾਂ ਦੀਆਂ ਅਸੀਸਾਂ ਦਾ ਅਹਿਸਾਸ ਹਮੇਸ਼ਾ ਮੇਰੇ ਨਾਲ ਰਿਹਾ। ਮਾਂ ਮੇਰੇ ਨਾਲ ਗੁਜਰਾਤੀ ਵਿੱਚ ਹੀ ਗੱਲ ਕਰਦੀ ਹੈ। ਗੁਜਰਾਤੀ ਵਿੱਚ ਤੁਮ ਲਈ ਤੂ ਅਤੇ ਆਪ ਲਈ ਤਮੇ ਕਿਹਾ ਜਾਂਦਾ ਹੈ। ਮੈਂ ਜਿੰਨੇ ਦਿਨ ਘਰ ਵਿੱਚ ਰਿਹਾ, ਮਾਂ ਮੇਰੇ ਨਾਲ ਤੂ ਕਹਿ ਕੇ ਹੀ ਗੱਲਾਂ ਕਰਦੇ ਸਨ। ਪਰ ਜਦੋਂ ਮੈਂ ਘਰੋਂ ਨਿਕਲਿਆ ਤਾਂ ਮੈਂ ਆਪਣਾ ਰਸਤਾ ਬਦਲ ਲਿਆ, ਉਸ ਤੋਂ ਬਾਅਦ ਮੇਰੀ ਮਾਂ ਨੇ ਕਦੇ ਵੀ ਮੇਰੇ ਨਾਲ ਤੂ ਕਹਿ ਕੇ ਗੱਲ ਨਹੀਂ ਕੀਤੀ। ਉਹ ਅਜੇ ਵੀ ਮੈਨੂੰ ਆਪ ਜਾਂ ਤਮੇ ਕਹਿ ਕੇ ਗੱਲ ਕਰਦੇ ਹਨ।
ਮੇਰੀ ਮਾਂ ਨੇ ਮੈਨੂੰ ਹਮੇਸ਼ਾ ਆਪਣੇ ਸਿਧਾਂਤਾਂ 'ਤੇ ਡਟੇ ਰਹਿਣ, ਗ਼ਰੀਬਾਂ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ। ਮੈਨੂੰ ਯਾਦ ਹੈ, ਜਦੋਂ ਮੈਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਮੈਂ ਗੁਜਰਾਤ ਵਿੱਚ ਨਹੀਂ ਸਾਂ। ਏਅਰਪੋਰਟ ਤੋਂ ਮੈਂ ਸਿੱਧਾ ਆਪਣੀ ਮਾਂ ਨੂੰ ਮਿਲਣ ਗਿਆ। ਖੁਸ਼ ਹੋਈ ਮਾਂ ਦਾ ਪਹਿਲਾ ਸਵਾਲ ਸੀ, ਕੀ ਤੁਸੀਂ ਹੁਣ ਇੱਥੇ ਹੀ ਰਿਹਾ ਕਰੋਗੇ? ਮਾਂ ਨੂੰ ਮੇਰਾ ਜਵਾਬ ਪਤਾ ਸੀ। ਫਿਰ ਉਨ੍ਹਾਂ ਨੇ ਮੈਨੂੰ ਕਿਹਾ - "ਮੈਨੂੰ ਸਰਕਾਰ ਵਿੱਚ ਤੁਹਾਡੇ ਕੰਮ ਦੀ ਸਮਝ ਨਹੀਂ ਆਉਂਦੀ ਪਰ ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਤੁਸੀਂ ਕਦੇ ਰਿਸ਼ਵਤ ਨਾ ਲੈਣਾ।"
ਇੱਥੇ ਦਿੱਲੀ ਆਉਣ ਤੋਂ ਬਾਅਦ ਮਾਂ ਨਾਲ ਮਿਲਣਾ ਹੋਰ ਵੀ ਘੱਟ ਹੋ ਗਿਆ ਹੈ। ਜਦੋਂ ਮੈਂ ਗਾਂਧੀਨਗਰ ਜਾਂਦਾ ਹਾਂ ਤਾਂ ਮੈਨੂੰ ਕਦੇ-ਕਦਾਈਂ ਆਪਣੀ ਮਾਂ ਦੇ ਘਰ ਜਾਂਦਾ ਹਾਂ। ਮਾਂ ਨੂੰ ਮਿਲਣਾ ਹੁੰਦਾ ਹੈ, ਬਸ ਕੁਝ ਹੀ ਪਲਾਂ ਲਈ। ਪਰ ਮੈਂ ਅੱਜ ਤੱਕ ਆਪਣੀ ਮਾਂ ਦੇ ਮਨ ਵਿੱਚ ਕੋਈ ਨਾਰਾਜ਼ਗੀ ਜਾਂ ਉਦਾਸੀ ਮਹਿਸੂਸ ਨਹੀਂ ਕੀਤੀ। ਮੇਰੇ ਲਈ ਮਾਂ ਦਾ ਪਿਆਰ ਇੱਕੋ ਜਿਹਾ ਹੈ, ਮਾਂ ਦੀਆਂ ਅਸੀਸਾਂ ਮੇਰੇ ਲਈ ਇੱਕੋ ਜਿਹੀਆਂ ਹਨ। ਮਾਂ ਅਕਸਰ ਪੁੱਛਦੇ- ਕੀ ਦਿੱਲੀ ਵਿੱਚ ਚੰਗਾ ਲਗਦਾ ਹੈ? ਕੀ ਮਨ ਲਗਦਾ ਹੈ?
ਉਹ ਮੈਨੂੰ ਵਾਰ-ਵਾਰ ਯਾਦ ਕਰਵਾਉਂਦੇ ਹਨ ਕਿ ਮੇਰੀ ਚਿੰਤਾ ਨਾ ਕਰੋ, ਤੁਹਾਡੇ ਉੱਪਰ ਵੱਡੀ ਜ਼ਿੰਮੇਵਾਰੀ ਹੈ। ਮਾਂ ਨਾਲ ਜਦੋਂ ਵੀ ਫ਼ੋਨ 'ਤੇ ਗੱਲ ਹੁੰਦੀ ਹੈ, ਤਾਂ ਉਹ ਇਹੀ ਕਹਿੰਦੇ ਹਨ, "ਦੇਖ ਭਾਈ, ਕਦੇ ਕੋਈ ਗਲਤ ਕੰਮ ਨਾ ਕਰਨਾ, ਬੁਰਾ ਕੰਮ ਨਾ ਕਰਨਾ, ਗ਼ਰੀਬਾਂ ਲਈ ਕੰਮ ਕਰਨਾ।"
ਅੱਜ ਜੇਕਰ ਮੈਂ ਆਪਣੀ ਮਾਂ ਅਤੇ ਆਪਣੇ ਪਿਤਾ ਦੇ ਜੀਵਨ ਵੱਲ ਝਾਤ ਮਾਰਾਂ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਮਾਨਦਾਰੀ ਅਤੇ ਸਵੈ-ਮਾਣ ਹੈ। ਗ਼ਰੀਬੀ ਨਾਲ ਜੂਝਦੇ ਹੋਏ ਹਾਲਾਤ ਭਾਵੇਂ ਜੋ ਮਰਜ਼ੀ ਰਹੇ ਹੋਣ, ਮੇਰੇ ਮਾਤਾ-ਪਿਤਾ ਨੇ ਕਦੇ ਵੀ ਇਮਾਨਦਾਰੀ ਦਾ ਰਾਹ ਨਹੀਂ ਛੱਡਿਆ ਅਤੇ ਨਾ ਹੀ ਆਪਣੇ ਸਵੈ-ਮਾਣ ਨਾਲ ਸਮਝੌਤਾ ਕੀਤਾ। ਉਨ੍ਹਾਂ ਕੋਲ ਹਰ ਕਠਿਨਾਈ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਸੀ-ਮਿਹਨਤ, ਦਿਨ ਰਾਤ ਮਿਹਨਤ।
ਜਦੋਂ ਤੱਕ ਪਿਤਾ ਜੀ ਜਿਊਂਦੇ ਰਹੇ, ਉਨ੍ਹਾਂ ਨੇ ਇਸ ਗੱਲ ਦੀ ਪਾਲਣਾ ਕੀਤੀ ਕਿ ਉਹ ਕਿਸੇ 'ਤੇ ਬੋਝ ਨਾ ਬਣਨ। ਮੇਰੀ ਮਾਂ ਅੱਜ ਵੀ ਇਸ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਕਿਸੇ 'ਤੇ ਬੋਝ ਨਾ ਬਣਨ, ਜਿੰਨਾ ਹੋ ਸਕੇ, ਆਪਣਾ ਕੰਮ ਆਪ ਕਰਨ।
ਅੱਜ ਵੀ ਜਦੋਂ ਮੈਂ ਮਾਂ ਨੂੰ ਮਿਲਦਾ ਹਾਂ ਤਾਂ ਉਹ ਹਮੇਸ਼ਾ ਕਹਿੰਦੇ ਹਨ ਕਿ "ਮੈਂ ਮਰਦੇ ਦਮ ਤੱਕ ਕਿਸੇ ਤੋਂ ਸੇਵਾ ਨਹੀਂ ਕਰਵਾਉਣਾ ਚਾਹੁੰਦੀ, ਬਸ ਇਸੇ ਤਰ੍ਹਾਂ ਹੀ ਚਲਦੇ-ਫਿਰਦੇ ਚਲੀ ਜਾਣ ਦੀ ਇੱਛਾ ਹੈ।"
ਮੈਂ ਆਪਣੀ ਮਾਂ ਦੀ ਇਸ ਜੀਵਨ ਯਾਤਰਾ ਵਿੱਚ ਦੇਸ਼ ਦੀ ਸਮੁੱਚੀ ਮਾਂ ਸ਼ਕਤੀ ਦੇ ਤਪ, ਤਿਆਗ ਅਤੇ ਯੋਗਦਾਨ ਦੇ ਦਰਸ਼ਨ ਕਰਦਾ ਹਾਂ। ਜਦੋਂ ਮੈਂ ਆਪਣੀ ਮਾਂ ਅਤੇ ਉਨ੍ਹਾਂ ਜਿਹੀਆਂ ਕਰੋੜਾਂ ਮਹਿਲਾਵਾਂ ਦੀ ਤਾਕਤ ਨੂੰ ਦੇਖਦਾ ਹਾਂ ਤਾਂ ਮੈਨੂੰ ਅਜਿਹਾ ਕੋਈ ਲਕਸ਼ ਨਹੀਂ ਦਿਖਦਾ ਜੋ ਭਾਰਤ ਦੀਆਂ ਭੈਣਾਂ ਅਤੇ ਬੇਟੀਆਂ ਲਈ ਅਸੰਭਵ ਹੋਵੇ।
ਅਭਾਵ ਦੀ ਹਰ ਕਥਾ ਤੋਂ ਬਹੁਤ ਉੱਪਰ, ਇੱਕ ਮਾਂ ਦੇ ਮਾਣ ਦੀ ਗਾਥਾ ਹੁੰਦੀ ਹੈ।
ਸੰਘਰਸ਼ ਦੇ ਹਰ ਪਲ ਤੋਂ ਕਿਤੇ ਉੱਪਰ, ਮਾਂ ਦੀ ਇੱਛਾਸ਼ਕਤੀ ਹੁੰਦੀ ਹੈ।
ਮਾਂ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਤੁਹਾਡਾ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ ਹੋਣ ਵਾਲਾ ਹੈ।
ਮੇਰੇ ਵਿੱਚ ਕਦੇ ਵੀ ਤੁਹਾਡੇ ਲਈ ਜਨਤਕ ਤੌਰ 'ਤੇ ਇੰਨਾ ਕੁਝ ਲਿਖਣ ਦਾ, ਕਹਿਣ ਦਾ ਸਾਹਸ ਨਹੀਂ ਸੀ।
ਤੁਸੀਂ ਤੰਦਰੁਸਤ ਰਹੋ, ਤੁਹਾਡਾ ਅਸ਼ੀਰਵਾਦ ਸਾਡੇ ਸਾਰਿਆਂ 'ਤੇ ਬਣਿਆ ਰਹੇ, ਇਹੀ ਸਾਡੀ ਈਸ਼ਵਰ ਅੱਗੇ ਪ੍ਰਾਰਥਨਾ ਹੈ।
ਨਮਨ।