ਪ੍ਰਧਾਨ ਮੰਤਰੀ ਅੱਜ ਮਿਊਨਿਖ ਤੋਂ ਵਾਪਸ ਆਉਂਦੇ ਸਮੇਂ ਅਬੂ ਧਾਬੀ ਵਿੱਚ ਥੋੜ੍ਹੇ ਸਮੇਂ ਲਈ ਰੁਕੇ। ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਅਗਸਤ 2019 ਵਿੱਚ ਪ੍ਰਧਾਨ ਮੰਤਰੀ ਦੇ ਅਬੂ ਧਾਬੀ ਦੇ ਆਖਰੀ ਦੌਰੇ ਤੋਂ ਬਾਅਦ ਦੋਹਾਂ ਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਮੁੱਖ ਮਕਸਦ ਪਿਛਲੇ ਮਹੀਨੇ ਸ਼ੇਖ ਖਲੀਫਾ ਬਿਨ ਜ਼ਾਯਦ ਅਲ ਨਾਹਯਾਨ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੁਆਰਾ ਆਪਣੀ ਵਿਅਕਤੀਗਤ ਸੰਵੇਦਨਾ ਪ੍ਰਗਟ ਕਰਨਾ ਸੀ। ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਨਾਲ-ਨਾਲ ਮਹਾਮਹਿਮ ਸ਼ੇਖ ਤਹਨੂਨ ਬਿਨ ਜ਼ਾਯਦ ਅਲ ਨਾਹਯਾਨ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਮਹਾਮਹਿਮ ਸ਼ੇਖ ਮਨਸੂਰ ਬਿਨ ਜ਼ਾਯਦ ਅਲ ਨਾਹਯਾਨ, ਉਪ ਪ੍ਰਧਾਨ ਮੰਤਰੀ, ਮਹਾਮਹਿਮ ਸ਼ੇਖ ਹਾਮੇਦ ਬਿਨ ਜ਼ਾਯਦ ਅਲ ਨਾਹਯਾਨ, ਐੱਮਡੀ, ਅਬੂ ਧਾਬੀ ਇਨਵੈਸਟਮੈਂਟ ਅਥਾਰਿਟੀ, ਮਹਾਮਹਿਮ ਸ਼ੇਖ ਅਬਦੁੱਲਾ ਬਿਨ ਜ਼ਾਯਦ ਅਲ ਨਾਹਯਾਨ, ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਦੇ ਮੰਤਰੀ ਅਤੇ ਹੋਰਨਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਦਿਲੀ ਹਮਦਰਦੀ ਜ਼ਾਹਿਰ ਕੀਤੀ।
ਪ੍ਰਧਾਨ ਮੰਤਰੀ ਨੇ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਤੀਸਰੇ ਰਾਸ਼ਟਰਪਤੀ ਵਜੋਂ ਚੁਣੇ ਜਾਣ ਅਤੇ ਅਬੂ ਧਾਬੀ ਦਾ ਸ਼ਾਸਕ ਬਣਨ 'ਤੇ ਵੀ ਵਧਾਈ ਦਿੱਤੀ।
ਦੋਵਾਂ ਨੇਤਾਵਾਂ ਨੇ ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ) ਵਿਆਪਕ ਰਣਨੀਤਕ ਭਾਈਵਾਲੀ ਦੇ ਵਿਭਿੰਨ ਪਹਿਲੂਆਂ ਦੀ ਸਮੀਖਿਆ ਕੀਤੀ ਜਿਸ ਨੂੰ ਉਨ੍ਹਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਧਿਆਨ ਨਾਲ ਵਿਕਸਿਤ ਕੀਤਾ ਹੈ। 18 ਫਰਵਰੀ ਨੂੰ ਆਪਣੀ ਵਰਚੁਅਲ ਸਮਿਟ ਦੌਰਾਨ, ਦੋਹਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਕੰਪਰੀਹੈਂਸਿਵ ਇਕਨੌਮਿਕ ਪਾਰਟਨਰਸ਼ਿਪ ਐਗਰੀਮੈਂਟ) 'ਤੇ ਹਸਤਾਖਰ ਕੀਤੇ, ਜੋ ਕਿ 1 ਮਈ ਨੂੰ ਲਾਗੂ ਹੋ ਗਿਆ ਹੈ। ਸੀਈਪੀਏ ਦੇ ਜ਼ਰੀਏ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਹੋਰ ਹੁਲਾਰਾ ਦਿੱਤੇ ਜਾਣ ਦੀ ਉਮੀਦ ਹੈ। ਵਿੱਤ ਵਰ੍ਹੇ 2021-22 ਵਿੱਚ ਦੁਵੱਲਾ ਵਪਾਰ ਕਰੀਬ 72 ਬਿਲੀਅਨ ਡਾਲਰ ਸੀ। ਯੂਏਈ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਦੂਸਰੀ ਸਭ ਤੋਂ ਵੱਡੀ ਨਿਰਯਾਤ ਮੰਜ਼ਿਲ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਯੂਏਈ ਐੱਫਡੀਆਈ ਲਗਾਤਾਰ ਵਧਿਆ ਹੈ ਅਤੇ ਵਰਤਮਾਨ ਵਿੱਚ 12 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ। ਵਰਚੁਅਲ ਸਮਿਟ ਦੇ ਦੌਰਾਨ, ਦੋਵਾਂ ਨੇਤਾਵਾਂ ਨੇ ਇੱਕ ਵਿਜ਼ਨ ਸਟੇਟਮੈਂਟ ਵੀ ਜਾਰੀ ਕੀਤਾ ਸੀ ਜਿਸ ਵਿੱਚ ਵਪਾਰ, ਨਿਵੇਸ਼, ਊਰਜਾ ਸਮੇਤ ਅਖੁੱਟ ਊਰਜਾ, ਖੁਰਾਕ ਸੁਰੱਖਿਆ, ਸਿਹਤ, ਰੱਖਿਆ, ਸਕਿੱਲ, ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਮੇਤ ਵਿਭਿੰਨ ਖੇਤਰਾਂ ਵਿੱਚ ਆਉਣ ਵਾਲੇ ਵਰ੍ਹਿਆਂ ਵਿੱਚ ਦੁਵੱਲੇ ਸਹਿਯੋਗ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਦੋਹਾਂ ਨੇਤਾਵਾਂ ਨੇ ਤਸੱਲੀ ਪ੍ਰਗਟਾਈ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਆਪਣੇ ਨਜ਼ਦੀਕੀ ਅਤੇ ਦੋਸਤਾਨਾ ਸਬੰਧਾਂ ਅਤੇ ਲੋਕਾਂ ਦੇ ਇਤਿਹਾਸਿਕ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਨਜ਼ਦੀਕੀ ਸਾਂਝੇਦਾਰੀ ਨੂੰ ਜਾਰੀ ਰੱਖ ਰਹੇ ਹਨ। ਭਾਰਤ-ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਇੱਕ ਮਜ਼ਬੂਤ ਊਰਜਾ ਭਾਈਵਾਲੀ ਹੈ ਜੋ ਹੁਣ ਅਖੁੱਟ ਊਰਜਾ 'ਤੇ ਨਵਾਂ ਫੋਕਸ ਹਾਸਲ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦਾ ਵਿਸ਼ੇਸ਼ ਤੌਰ 'ਤੇ ਕੋਵਿਡ-19 ਮਹਾਮਾਰੀ ਦੌਰਾਨ ਯੂਏਈ ਵਿੱਚ 3.5 ਮਿਲੀਅਨ ਭਾਰਤੀ ਭਾਈਚਾਰੇ ਦੀ ਬੜੇ ਚੰਗੇ ਢੰਗ ਨਾਲ ਦੇਖਭਾਲ਼ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦਾ ਸੱਦਾ ਦਿੱਤਾ।