ਚਾਂਸਲਰ ਸ਼੍ਰੀ ਕਾਰਲ ਨੇਹਮਰ ਨੇ ਸੱਦੇ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 9-10 ਜੁਲਾਈ 2024 ਤੱਕ ਔਸਟ੍ਰੀਆ ਦੀ ਸਰਕਾਰੀ ਯਾਤਰਾ ਕੀਤੀ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਔਸਟ੍ਰੀਆ ਦੇ ਰਾਸ਼ਟਰਪਤੀ ਮਹਾਮਹਿਮ ਅਲੈਕਜ਼ੈਂਡਰ ਵਾਨ ਡੇਰ ਬੇਲਨ ਨਾਲ ਮੁਲਾਕਾਤ ਕੀਤੀ ਅਤੇ ਚਾਂਸਲਰ ਨੇਹਮਰ ਦੇ ਨਾਲ ਦੁਵੱਲੀ ਚਰਚਾ ਕੀਤੀ। ਇਹ ਪ੍ਰਧਾਨ ਮੰਤਰੀ ਦੀ ਔਸਟ੍ਰੀਆ ਦੀ ਪਹਿਲੀ ਯਾਤਰਾ ਸੀ ਅਤੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ 41 ਵਰ੍ਹਿਆਂ ਦੇ ਬਾਅਦ ਇਹ ਪਹਿਲੀ ਯਾਤਰਾ ਸੀ। ਇਸ ਵਰ੍ਹੇ ਦੋਨਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦਾ 75ਵਾਂ ਵਰ੍ਹਾ ਹੈ।
ਪ੍ਰਧਾਨ ਮੰਤਰੀ ਅਤੇ ਚਾਂਸਲਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਤੰਤਰ, ਸੁਤੰਤਰਤਾ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀਆਂ ਸਾਂਝੀਆਂ ਕਦਰਾਂ-ਕੀਮਤਾਂ, ਸੰਯੁਕਤ ਰਾਸ਼ਟਰ ਚਾਰਟਰ ਦੇ ਨਾਲ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਸਾਂਝਾ ਇਤਿਹਾਸਿਕ ਸਬੰਧ ਅਤੇ ਦੋਨਾਂ ਦੇਸ਼ਾਂ ਦਰਮਿਆਨ ਦੀਰਘਕਾਲੀ ਸਬੰਧ ਵਧਦੀ ਹੋਈ ਸਾਂਝੇਦਾਰੀ ਦੇ ਕੇਂਦਰ ਵਿੱਚ ਹੈ। ਉਨ੍ਹਾਂ ਨੇ ਇੱਕ ਅਧਿਕ ਸਥਿਰ, ਸਮ੍ਰਿੱਧ ਅਤੇ ਟਿਕਾਊ ਦੁਨੀਆ ਦੇ ਲਈ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਗਹਿਰਾ ਅਤੇ ਵਿਆਪਕ ਬਣਾਉਣ ਦੀ ਦਿਸ਼ਾ ਵਿੱਚ ਆਪਣੇ ਪ੍ਰਯਾਸਾਂ ਨੂੰ ਜਾਰੀ ਰੱਖਣ ਦੀ ਆਪਣੀ ਪ੍ਰਤੀਬੱਧਤਾ ਦੋਹਰਾਈ।
ਚਾਂਸਲਰ ਨੇਹਮਰ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਮੰਨਿਆ ਕਿ ਦੋਨੋਂ ਦੇਸ਼ਾਂ ਵਿੱਚ ਆਪਣੀ ਦੁਵੱਲੀ ਸਾਂਝੇਦਾਰੀ ਨੂੰ ਮਹੱਤਵਪੂਰਨ ਤੌਰ ‘ਤੇ ਉੱਚ ਪੱਧਰ ਤੱਕ ਵਧਾਉਣ ਦੀ ਸਮਰੱਥਾ ਹੈ। ਉਹ ਇਸ ਸਾਂਝਾ ਉਦੇਸ਼ ਨੂੰ ਅੱਗੇ ਵਧਾਉਣ ਦੇ ਲਈ ਰਣਨੀਤਕ ਦ੍ਰਿਸ਼ਟੀਕੋਣ ਅਪਣਾਉਣ ‘ਤੇ ਸਹਿਮਤ ਹੋਏ। ਇਸ ਉਦੇਸ਼ ਦੇ ਲਈ, ਕਰੀਬੀ ਰਾਜਨੀਤਕ ਪੱਧਰ ਦੀ ਗੱਲਬਾਤ ਦੇ ਇਲਾਵਾ, ਉਨ੍ਹਾਂ ਨੇ ਭਵਿੱਖਮੁਖੀ ਦੁਵੱਲੇ ਟਿਕਾਊ ਆਰਥਿਕ ਅਤੇ ਟੈਕਨੋਲੋਜੀ ਸਾਂਝੇਦਾਰੀ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਹਰਿਤ ਅਤੇ ਡਿਜੀਟਲ ਟੈਕਨੋਲੋਜੀਆਂ, ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ, ਜਲ ਪ੍ਰਬੰਧਨ, ਜੀਵਨ ਵਿਗਿਆਨ, ਸਮਾਰਟ ਸ਼ਹਿਰਾਂ, ਗਤੀਸ਼ੀਲਤਾ ਅਤੇ ਟ੍ਰਾਂਸਪੋਰਟੇਸ਼ਨ ਦੇ ਨਾਲ-ਨਾਲ ਨਵੀਂ ਪਹਿਲਾਂ ਅਤੇ ਸੰਯੁਕਤ ਪ੍ਰੋਜੈਕਟਾਂ, ਸਹਿਯੋਗੀ ਟੈਕਨੋਲੋਜੀ ਵਿਕਾਸ, ਰਿਸਰਚ ਅਤੇ ਇਨੋਵੇਸ਼ਨ ਅਤੇ ਬਿਜ਼ਨਸ-ਟੂ-ਬਿਜ਼ਨਸ ਜੁੜਾਅ ਦੀ ਇੱਕ ਲੜੀ ਸ਼ਾਮਲ ਹੈ।
ਰਾਜਨੀਤਕ ਅਤੇ ਸੁਰੱਖਿਆ ਸਹਿਯੋਗ
ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਨੇਹਮਰ ਨੇ ਅੰਤਰਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਣ ਦੇ ਲਈ ਭਾਰਤ ਅਤੇ ਔਸਟ੍ਰੀਆ ਜਿਹੇ ਲੋਕਤਾਂਤਰਿਕ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਆਪਣੇ ਵਿਦੇਸ਼ ਮੰਤਰੀਆਂ ਦਰਮਿਆਨ ਨਿਯਮਿਤ ਅਤੇ ਠੋਸ ਵਿਚਾਰ-ਵਟਾਂਦਰੇ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਸੰਵਰਧਿਤ ਸੰਸਥਾਗਤ ਸੰਵਾਦ ਦੇ ਟ੍ਰੇਂਡਸ ਨੂੰ ਬਣਾਏ ਰੱਖਣ ਦੇ ਲਈ ਵੀ ਪ੍ਰੋਤਸਾਹਿਤ ਕੀਤਾ।
ਦੋਨੋਂ ਨੇਤਾਵਾਂ ਨੇ ਯੂਐੱਨਸੀਐੱਲਓਐੱਸ ਵਿੱਚ ਪਰਿਲਕਸ਼ਿਤ ਸਮੁੰਦਰ ਦੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਮੁੰਦਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਸੰਪ੍ਰਭੁਤਾ, ਖੇਤਰੀ ਅਖੰਡਤਾ ਅਤੇ ਨੈਵੀਗੇਸ਼ਨ ਦੀ ਸੁਤੰਤਰਤਾ ਦੇ ਲਈ ਪੂਰਣ ਸਨਮਾਨ ਦੇ ਨਾਲ ਇੱਕ ਸੁਤੰਤਰ, ਖੁਲ੍ਹੇ ਅਤੇ ਨਿਯਮ-ਅਧਾਰਿਤ ਇੰਡੋ-ਪੈਸਿਫਿਕ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕੀਤਾ।
ਦੋਨੋਂ ਨੇਤਾਵਾਂ ਨੇ ਯੂਰੋਪ ਦੇ ਨਾਲ-ਨਾਲ ਪੱਛਮ ਏਸ਼ੀਆ/ਮੱਧ ਪੂਰਵ ਵਿੱਚ ਹਾਲ ਦੇ ਘਟਨਾਕ੍ਰਮਾਂ ਦਾ ਗਹਿਰਾ ਮੁਲਾਂਕਣ ਕੀਤਾ। ਉਨ੍ਹਾਂ ਨੇ ਦੋਨੋਂ ਦੇਸ਼ਾਂ ਦੇ ਦ੍ਰਿਸ਼ਟੀਕੋਣਾਂ ਵਿੱਚ ਪੂਰਕਤਾਵਾਂ ਨੂੰ ਨੋਟ ਕੀਤਾ, ਜੋ ਸ਼ਾਂਤੀ ਬਹਾਲ ਕਰਨ ਅਤੇ ਹਥਿਆਰਬੰਦ ਸੰਘਰਸ ਤੋਂ ਬਚਣ ਦੇ ਪ੍ਰਯਾਸਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਸਖ਼ਤੀ ਨਾਲ ਪਾਲਣ ਕਰਨ ਨੂੰ ਪ੍ਰਾਥਮਿਕਤਾ ਦਿੰਦੇ ਹਨ।
ਯੂਕ੍ਰੇਨ ਵਿੱਚ ਯੁੱਧ ਦੇ ਸਬੰਧ ਵਿੱਚ, ਦੋਨੋਂ ਨੇਤਾਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਰੂਪ ਸ਼ਾਂਤੀਪੂਰਣ ਸਮਾਧਾਨ ਦੇ ਲਈ ਸਮੂਹਿਕ ਪ੍ਰਯਾਸ ਦਾ ਸਮਰਥਨ ਕੀਤਾ। ਦੋਨੋਂ ਧਿਰਾਂ ਦਾ ਮੰਨਣਾ ਹੈ ਕਿ ਯੂਕ੍ਰੇਨ ਵਿੱਚ ਵਿਆਪਕ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਣਾ ਅਤੇ ਸੰਘਰਸ਼ ਵਿੱਚ ਦੋਨੋਂ ਧਿਰਾਂ ਦਰਮਿਆਨ ਇੱਕ ਇਮਾਨਦਾਰ ਅਤੇ ਗੰਭੀਰ ਜੁੜਾਅ ਦੀ ਜ਼ਰੂਰਤ ਹੈ।
ਦੋਨੋਂ ਨੇਤਾਵਾਂ ਨੇ ਸੀਮਾ ਪਾਰ ਅਤੇ ਸਾਈਬਰ ਅੱਤਵਾਦ ਸਹਿਤ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਅੱਤਵਾਦ ਦੀ ਆਪਣੀ ਸਪਸ਼ਟ ਨਿੰਦਾ ਦੋਹਰਾਈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਪਨਾਹਗਾਹ ਨਹੀਂ ਦੇਣੀ ਚਾਹੀਦੀ ਹੈ ਜੋ ਅੱਤਵਾਦੀ ਕਾਰਵਾਈਆਂ ਨੂੰ ਵਿੱਤ ਪੋਸ਼ਿਤ, ਯੋਜਨਾ, ਸਮਰਥਨ ਜਾਂ ਅੰਜਾਮ ਦਿੰਦੇ ਹਨ। ਦੋਨੋਂ ਧਿਰਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 1267 ਸੈਂਕਸ਼ਨਸ ਕਮੇਟੀ ਦੁਆਰਾ ਸੂਚੀਬੱਧ ਸਮੂਹਾਂ ਨਾਲ ਸਬੰਧਿਤ ਵਿਅਕਤੀਆਂ ਜਾਂ ਪਦਨਾਮਾਂ ਦੇ ਮਾਧਿਅਮ ਨਾਲ ਸਾਰੇ ਅੱਤਵਾਦੀਆਂ ਦੇ ਖ਼ਿਲਾਫ਼ ਠੋਸ ਕਾਰਵਾਈ ਦਾ ਸੱਦਾ ਦਿੱਤਾ। ਦੋਨੋਂ ਦੇਸ਼ਾਂ ਨੇ ਐੱਫਏਟੀਐੱਫ, ਐੱਨਐੱਮਐੱਫਟੀ ਅਤੇ ਹੋਰ ਬਹੁਪੱਖੀ ਪਲੈਟਫਾਰਮਾਂ ਵਿੱਚ ਇਕੱਠੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੋਹਰਾਈ।
ਦੋਨੋਂ ਨੇਤਾਵਾਂ ਨੇ ਸਤੰਬਰ 2023 ਵਿੱਚ ਦਿੱਲੀ ਵਿੱਚ ਜੀ20 ਸਮਿਟ ਦੌਰਾਨ ਭਾਰਤ-ਮੱਧ ਪੂਰਬ-ਯੂਰੋਪ ਕੌਰੀਡੋਰ (ਆਈਐੱਮਈਸੀ) ਦੀ ਸ਼ੁਰੂਆਤ ਨੂੰ ਯਾਦ ਕੀਤਾ। ਚਾਂਸਲਰ ਨੇਹਮਰ ਨੇ ਇਸ ਮਹੱਤਵਪੂਰਨ ਪਹਿਲ ਦੀ ਅਗਵਾਈ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਦੋਨੋਂ ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਇਹ ਪ੍ਰੋਜੈਕਟ ਬਹੁਤ ਰਣਨੀਤਕ ਮਹੱਤਵ ਦੀ ਹੋਵੇਗੀ ਅਤੇ ਇਸ ਨਾਲ ਭਾਰਤ, ਮੱਧ ਪੂਰਬ ਅਤੇ ਯੂਰੋਪ ਦਰਮਿਆਨ ਵਣਜ ਅਤੇ ਊਰਜਾ ਦੀ ਸਮਰੱਥਾ ਅਤੇ ਪ੍ਰਵਾਹ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਚਾਂਸਲਰ ਨੇਹਮਰ ਨੇ ਆਈਐੱਮਈਸੀ ਦੇ ਨਾਲ ਜੁੜਣ ਵਿੱਚ ਔਸਟ੍ਰੀਆ ਦੀ ਗਹਿਰੀ ਰੂਚੀ ਵਿਅਕਤ ਕੀਤੀ ਅਤੇ ਕਨੈਕਟੀਵਿਟੀ ਦੇ ਇੱਕ ਪ੍ਰਮੁੱਖ ਪ੍ਰਵਰਤਕ ਦੇ ਰੂਪ ਵਿੱਚ ਯੂਰੋਪ ਦੇ ਕੇਂਦਰ ਵਿੱਚ ਔਸਟ੍ਰੀਆ ਦੇ ਸਥਾਨ ਦੇ ਵੱਲ ਇਸ਼ਾਰਾ ਕੀਤਾ।
ਦੋਨੋਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਯੂਰੋਪੀ ਸੰਘ ਦੇ ਕੋਲ ਦੁਨੀਆ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਜੀਵੰਤ ਮੁਕਤ ਬਜ਼ਾਰ ਹੈ, ਅਤੇ ਕਿਹਾ ਕਿ ਗਹਿਰੀ ਯੂਰੋਪੀ ਸੰਘ-ਭਾਰਤ ਸਬੰਧ ਆਪਸੀ ਤੌਰ ‘ਤੇ ਲਾਭਦਾਇਕ ਹੋਣ ਦੇ ਨਾਲ-ਨਾਲ ਸਕਾਰਾਤਮਕ ਆਲਮੀ ਪ੍ਰਭਾਵ ਵੀ ਪਾਉਣਗੇ। ਚਾਂਸਲਰ ਨੇਹਮਰ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਯੂਰੋਪੀ ਸੰਘ ਨੂੰ ਕਰੀਬ ਲਿਆਉਣ ਦੇ ਲਈ ਵਿਭਿੰਨ ਪਹਿਲਾਂ ਦਾ ਸਮਰਥਨ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਚਲ ਰਹੇ ਭਾਰਤ-ਯੂਰੋਪੀ ਸੰਘ ਵਪਾਰ ਅਤੇ ਨਿਵੇਸ਼ ਵਾਰਤਾ ਅਤੇ ਯੂਰੋਪੀ ਸੰਘ-ਭਾਰਤ ਕਨੈਕਟੀਵਿਟੀ ਸਾਂਝੇਦਾਰੀ ਦੇ ਜਲਦੀ ਲਾਗੂਕਰਨ ਦੇ ਲਈ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ।
ਟਿਕਾਊ ਆਰਥਿਕ ਸਾਂਝੇਦਾਰੀ
ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਆਰਥਿਕ ਅਤੇ ਟੈਕਨੋਲੋਜੀ ਸਾਂਝੇਦਾਰੀ ਨੂੰ ਰਣਨੀਤਕ ਉਦੇਸ਼ ਦੇ ਰੂਪ ਵਿੱਚ ਪਹਿਚਾਣਿਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਯਾਤਰਾ ਦੇ ਦੌਰਾਨ ਵਿਯਨਾ (Vienna) ਵਿੱਚ ਕਈ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧੀਕਾਰੀ (ਸੀਈਓ) ਦੀ ਭਾਗੀਦਾਰੀ ਦੇ ਨਾਲ ਪਹਿਲੀ ਵਾਰ ਉੱਚ ਪੱਧਰੀ ਦੁਵੱਲੇ ਵਪਾਰ ਮੰਚ ਦੇ ਆਯੋਜਨ ਦਾ ਸੁਆਗਤ ਕੀਤਾ। ਦੋਵਾਂ ਨੇਤਾਵਾਂ ਨੇ ਵਪਾਰ ਮੰਚ ਨੂੰ ਸੰਬੋਧਨ ਕੀਤਾ ਅਤੇ ਵਪਾਰ ਨੁਮਾਇੰਦਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨਵੇਂ ਅਤੇ ਆਰਥਿਕ ਗਤੀਸ਼ੀਲ ਗਠਜੋੜ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ।
ਦੋਵਾਂ ਨੇਤਾਵਾਂ ਨੇ ਦੁਵੱਲੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਵਿੱਚ ਖੋਜ, ਵਿਗਿਆਨਿਕ ਗਠਜੋੜ, ਟੈਕਨੋਲੋਜੀ ਪਾਰਟਨਰਸ਼ਿਪ ਅਤੇ ਇਨੋਵੇਸ਼ਨ ਦੇ ਮਹੱਤਵਪੂਰਨ ਮਹੱਤਵ ਨੂੰ ਪਹਿਚਾਣਿਆ ਅਤੇ ਆਪਸੀ ਹਿਤ ਵਿੱਚ ਅਜਿਹੇ ਸਾਰੇ ਮੌਕਿਆਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਵੇਂ ਵਪਾਰ, ਉਦਯੋਗ ਅਤੇ ਖੋਜ ਅਤੇ ਵਿਕਾਸ ਸਾਂਝੇਦਾਰੀ ਮਾਡਲ ਦੇ ਜ਼ਰੀਏ ਪਹਿਚਾਣੇ ਗਏ ਖੇਤਰਾਂ ਵਿੱਚ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦਾ ਵਪਾਰੀਕਰਣ ਕਰਨ ਲਈ ਮਜ਼ਬੂਤ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਨੇਤਾਵਾਂ ਨੇ ਫਰਵਰੀ 2024 ਵਿੱਚ ਔਸਟ੍ਰੀਆ ਦੇ ਕਿਰਤ ਅਤੇ ਅਰਥਵਿਵਸਥਾ ਮੰਤਰੀ ਦੀ ਭਾਰਤ ਯਾਤਰਾ ਅਤੇ ਜੂਨ 2024 ਵਿੱਚ ਔਸਟ੍ਰੀਆ ਵਿੱਚ ਭਾਰਤੀ ਸਟਾਰਟ-ਅੱਪ ਦੇ ਇੱਕ ਸਮੂਹ ਦੀ ਸਫਲ ਯਾਤਰਾ ਦੌਰਾਨ ਸਥਾਪਿਤ ਸਟਾਰਟ-ਅੱਪ ਬ੍ਰਿਜ ਦੇ ਜ਼ਰੀਏ ਦੋਵਾਂ ਦੇਸ਼ਾਂ ਦੇ ਇਨੋਵੇਸ਼ਨ ਅਤੇ ਸਟਾਰਟ-ਅੱਪ ਈਕੋਸਿਸਟਮ ਨੂੰ ਜੋੜਨ ਦੀ ਪਹਿਲ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਬੰਧਿਤ ਏਜੰਸੀਆਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਅਦਾਨ-ਪ੍ਰਦਾਨ ਨੂੰ ਹੋਰ ਗਹਿਰਾ ਕਰਨ ਲਈ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ, ਜਿਸ ਵਿੱਚ ਔਸਟ੍ਰੀਆ ਦੇ ਗਲੋਬਲ ਇਨਕਿਊਬੇਟਰ ਨੈੱਟਵਰਕ ਅਤੇ ਸਟਾਰਟ-ਅੱਪ ਇੰਡੀਆ ਪਹਿਲ ਜਿਹੇ ਢਾਂਚੇ ਸ਼ਾਮਲ ਹਨ।
ਜਲਵਾਯੂ ਪਰਿਵਰਤਨ ‘ਤੇ ਯੂਨਾਈਟਿਡ ਨੇਸ਼ਨਜ਼ ਫ੍ਰੇਮਵਰਕ ਕਨਵੈਨਸ਼ਨ ਔਨ ਕਲਚਰ ਚੇਂਜ਼ (UNFCCC) ਦੇ ਪੱਖਕਾਰ ਹੋਣ ਅਤੇ ਆਲਮੀ ਔਸਤ ਤਾਪਮਾਨ ਵਿੱਚ ਵਾਧੇ ਨੂੰ ਪ੍ਰੀ-ਇੰਡਸਟਰੀਅਲ ਲੈਵਲਜ਼ ਤੋਂ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਲਈ ਪ੍ਰਤੀਬੱਧ ਦੇਸ਼ਾਂ ਦੇ ਰੂਪ ਵਿੱਚ, ਨੇਤਾਵਾਂ ਨੇ ਮੰਨਿਆ ਕਿ ਇਸ ਨਾਲ ਜਲਵਾਯੂ ਪਰਿਵਰਤਨ ਦੇ ਜੋਖਿਮਾਂ ਅਤੇ ਪ੍ਰਭਾਵਾਂ ਵਿੱਚ ਕਾਫੀ ਕਮੀ ਆਵੇਗੀ। ਉਨ੍ਹਾਂ ਨੇ 2050 ਤੱਕ ਜਲਵਾਯੂ ਨਿਰਪੱਖਤਾ ਲਈ ਯੂਰੋਪੀ ਸੰਘ ਪੱਧਰ ‘ਤੇ ਅਪਣਾਏ ਗਏ ਲਕਸ਼ਾਂ, 2040 ਤੱਕ ਜਲਵਾਯੂ ਨਿਰਪੱਖਤਾ ਪ੍ਰਾਪਤ ਕਰਨ ਲਈ ਆਸਟ੍ਰੀਆ ਦੀ ਸਰਕਾਰ ਦੀ ਪ੍ਰਤੀਬੱਧਤਾ ਅਤੇ 2070 ਤੱਕ ਨੈੱਟ ਜ਼ੀਰੋ ਨਿਕਾਸੀ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਯਾਦ ਕੀਤਾ।
ਉਨ੍ਹਾਂ ਨੇ ਊਰਜਾ ਸੰਕ੍ਰਮਣ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਔਸਟ੍ਰੀਆ ਦੀ ਸਰਕਾਰ ਦੀ ਹਾਈਡ੍ਰੋਜਨ ਰਣਨੀਤੀ ਅਤੇ ਭਾਰਤ ਦੁਆਰਾ ਸ਼ੁਰੂ ਕੀਤੇ ਗਏ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਸੰਦਰਭ ਵਿੱਚ ਜੁੜਾਅ ਦੀ ਗੁੰਜਾਇਸ਼ ‘ਤੇ ਧਿਆਨ ਦਿੱਤਾ ਅਤੇ ਰਿਨਿਊਏਬਲ/ਗ੍ਰੀਨ ਹਾਈਡ੍ਰੋਜਨ ਵਿੱਚ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਅਤੇ ਖੋਜ ਤੇ ਵਿਕਾਸ ਸੰਸਥਾਨਾਂ ਦੇ ਦਰਮਿਆਨ ਵਿਆਪਕ ਸਾਂਝੇਦਾਰੀ ਦਾ ਸਮਰਥਨ ਕੀਤਾ।
ਨੇਤਾਵਾਂ ਨੇ ਸਵੱਛ ਟ੍ਰਾਂਸਪੋਰਟੇਸ਼ਨ, ਵਾਟਰ ਅਤੇ ਵੇਸਟਵਾਟਰ ਮੈਨੇਜਮੈਂਟ, ਰਿਨਿਊਏਬਲ ਐਨਰਜੀ ਅਤੇ ਹੋਰ ਸਵੱਛ ਟੈਕਨੋਲੋਜੀਆਂ ਜਿਹੇ ਖੇਤਰਾਂ ਵਿੱਚ ਲਕਸ਼ਿਤ ਸਹਿਯੋਗ ਲਈ ਵਾਤਾਵਰਣਿਕ ਟੈਕਨੋਲੋਜੀਆਂ ਦੀ ਇੱਕ ਲੜੀ ਦੀ ਪਹਿਚਾਣ ਕੀਤੀ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਅਤੇ ਸਬੰਧਿਤ ਖੇਤਰਾਂ ਵਿੱਚ ਵਿਸਤ੍ਰਿਤ ਜੁੜਾਅ ਦਾ ਸਮਰਥਨ ਕਰਨ ਲਈ ਇਨ੍ਹਾਂ ਖੇਤਰਾਂ ਵਿੱਚ ਉੱਦਮਾਂ ਅਤੇ ਪ੍ਰੋਜੈਕਟਾਂ ਲਈ ਵਿੱਤਪੋਸ਼ਣ ਵਧਾਉਣ ਲਈ ਪਬਲਿਕ ਅਤੇ ਪ੍ਰਾਈਵੇਟ ਇੰਸਟੀਟਿਊਸ਼ਨਜ਼ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਟਿਕਾਊ ਅਰਥਵਿਵਸਥਾ ਦੇ ਖੇਤਰ ਸਮੇਤ ਉਦਯੋਗਿਕ ਪ੍ਰਕਿਰਿਆਵਾਂ (ਉਦਯੋਗ 4.0), ਵਿੱਚ ਡਿਜੀਟਲ ਟੈਕਨੋਲੋਜੀਆਂ ਦੀ ਵਧਦੀ ਭੂਮਿਕਾ ਨੂੰ ਵੀ ਮਾਨਤਾ ਦਿੱਤੀ।
ਸਾਂਝੇ ਭਵਿੱਖ ਦੇ ਲਈ ਕੌਸ਼ਲ
ਚਾਂਸਲਰ ਨੇਹਮਰ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉੱਚ ਤਕਨੀਕ ਖੇਤਰਾਂ ਵਿੱਚ ਵਿਸਤ੍ਰਿਤ ਭਾਗੀਦਾਰੀ ਦਾ ਸਮਰਥਨ ਕਰਨ ਲਈ ਕੌਸ਼ਲ ਵਿਕਾਸ ਅਤੇ ਕੁਸ਼ਲ ਕਰਮਚਾਰੀਆ ਦੀ ਗਤੀਸ਼ੀਲਤਾ ਦੇ ਮਹੱਤਵ ਨੂੰ ਪਹਿਚਾਣਿਆ। ਇਸ ਸਬੰਧ ਵਿੱਚ, ਉਨ੍ਹਾਂ ਨੇ ਦੁਵੱਲੇ ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ ਸਮਝੌਤੇ ਦੇ ਸੰਚਾਲਨ ਦਾ ਸੁਆਗਤ ਕੀਤਾ, ਜੋ ਇਸ ਤਰ੍ਹਾਂ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸੰਸਥਾਗਤ ਢਾਂਚਾ ਪ੍ਰਦਾਨ ਕਰਦਾ ਹੈ, ਨਾਲ ਹੀ ਨਾਲ ਅਨਿਯਮਿਤ ਮਾਈਗ੍ਰੇਸ਼ਨ ਦਾ ਮੁਕਾਬਲਾ ਵੀ ਕਰਦਾ ਹੈ।
ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਅਕਾਦਮਿਕ ਸੰਸਥਾਨਾਂ ਨੂੰ ਆਪਸੀ ਹਿਤ ਦੇ ਖੇਤਰਾਂ, ਵਿਸ਼ੇਸ਼ ਤੌਰ ‘ਤੇ ਵਿਗਿਆਨ, ਟੈਕਨੋਲੋਜੀ ਅਤੇ ਇੰਜੀਨਿਅਰਿੰਗ ‘ਤੇ ਕੇਂਦ੍ਰਿਤ ਭਵਿੱਖਮੁਖੀ ਸਾਂਝੇਦਾਰੀ ਬਣਾਉਣ ਲਈ ਪ੍ਰੋਤਸਾਹਿਤ ਕੀਤਾ।
ਲੋਕਾਂ ਨਾਲ ਲੋਕਾਂ ਦਰਮਿਆਨ ਸਬੰਧ
ਦੋਵਾਂ ਨੇਤਾਵਾਂ ਨੇ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਲੰਬੀ ਪਰੰਪਰਾ ਦੀ ਸ਼ਲਾਘਾ ਕੀਤੀ, ਵਿਸ਼ੇਸ਼ ਤੌਰ ‘ਤੇ ਔਸਟ੍ਰੀਆ ਦੇ ਇੰਡੋਲੌਜਿਸਟ ਅਤੇ ਆਸਟ੍ਰੀਆ ਦੇ ਨਾਲ ਜੁੜੇ ਪ੍ਰਮੁੱਖ ਭਾਰਤੀ ਸੱਭਿਆਚਾਰਕ ਹਸਤੀਆਂ ਦੀ ਭੂਮਿਕਾ ਦੀ । ਨੇਤਾਵਾਂ ਨੇ ਯੋਗ ਅਤੇ ਆਯੁਰਵੇਦ ਵਿੱਚ ਆਸਟ੍ਰੀਆਈ ਦੇ ਲੋਕਾਂ ਦੀ ਵਧਦੀ ਰੂਚੀ ‘ਤੇ ਵੀ ਧਿਆਨ ਦਿੱਤਾ। ਉਨ੍ਹਾਂ ਨੇ ਮਿਊਜ਼ਿਕ, ਡਾਂਸ, ਓਪੇਰਾ, ਥਿਏਟਰ, ਫਿਲਮ, ਲਿਟਰੇਚਰ, ਸਪੋਰਟਸ ਅਤੇ ਹੋਰ ਖੇਤਰਾਂ ਵਿੱਚ ਦੁਵੱਲੇ ਸੱਭਿਆਚਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ, ਜਿਸ ਵਿੱਚ ਸੱਭਿਆਚਾਰਕ ਸਹਿਯੋਗ ‘ਤੇ ਹਾਲ ਹੀ ਵਿੱਚ ਦਸਤਖ਼ਤ ਕੀਤੇ ਸਮਝੌਤੇ ਪੱਤਰ (MOU) ਦੇ ਢਾਂਚੇ ਵਿੱਚ ਸ਼ਾਮਲ ਹੈ।
ਨੇਤਾਵਾਂ ਨੇ ਆਰਥਿਕ, ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਵਧੇਰੇ ਸਮਝ ਪੈਦਾ ਕਰਨ ਵਿੱਚ ਟੂਰਿਜ਼ਮ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਦੋਵਾਂ ਦਿਸ਼ਾਵਾਂ ਵਿੱਚ ਟੂਰਿਸਟਾਂ ਦੀ ਆਵਾਜਾਈ ਨੂੰ ਵਧਾਉਣ ਲਈ ਸਬੰਧਿਤ ਏਜੰਸੀਆਂ ਦੁਆਰਾ ਮਿਲ ਕੇ ਕੰਮ ਕਰਨ ਦੇ ਪ੍ਰਯਾਸਾਂ ਨੂੰ ਪ੍ਰੋਤਸਾਹਿਤ ਕੀਤਾ, ਜਿਸ ਵਿੱਚ ਸਿੱਧੀ ਉਡਾਨ ਕਨੈਕਟੀਵਿਟੀ, ਠਹਿਰਣ ਦੀ ਅਵਧੀ ਅਤੇ ਹੋਰ ਪਹਿਲਾਂ ਦਾ ਵਿਸਤਾਰ ਕਰਨਾ ਸ਼ਾਮਲ ਹੈ।
ਬਹੁਪੱਖੀ ਸਹਿਯੋਗ
ਨੇਤਾਵਾਂ ਨੇ ਬਹੁਪੱਖਵਾਦ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਹ ਬਹੁਪੱਖੀ ਮੰਚਾਂ ‘ਤੇ ਨਿਯਮਿਤ ਦੁਵੱਲੇ ਮਸ਼ਵਰੇ ਅਤੇ ਤਾਲਮੇਲ ਜ਼ਰੀਏ ਇਨ੍ਹਾਂ ਮੌਲਿਕ ਸਿਧਾਂਤਾਂ ਦੀ ਰੱਖਿਆ ਅਤੇ ਪ੍ਰਚਾਰ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਸਮੇਤ ਸੰਯੁਕਤ ਰਾਸ਼ਟਰ ਦੇ ਵਿਆਪਕ ਸੁਧਾਰਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਭਾਰਤ ਨੇ 2027-28 ਦੀ ਅਵਧੀ ਲਈ ਔਸਟ੍ਰੀਆ ਦੀ ਯੂਐੱਨਐੱਸਸੀ ਉਮੀਦਵਾਰੀ ਲਈ ਆਪਣਾ ਸਮਰਥਨ ਦੁਹਰਾਇਆ, ਜਦਕਿ ਔਸਟ੍ਰੀਆ ਨੇ 2028-29 ਦੀ ਅਵਧੀ ਲਈ ਭਾਰਤ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਔਸਟ੍ਰੀਆ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ ਵਿੱਚ ਆਪਣੀ ਮੈਂਬਰਸ਼ਿਪ ਲਈ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਨੇ ਹਾਲ ਹੀ ਵਿੱਚ ਆਪਣੇ 100ਵੇਂ ਮੈਂਬਰ ਦਾ ਸੁਆਗਤ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਯਾਤਰਾ ਦੌਰਾਨ ਔਸਟ੍ਰੀਆ ਦੀ ਸਰਕਾਰ ਅਤੇ ਲੋਕਾਂ ਦੁਆਰਾ ਦਿੱਤੀ ਗਈ ਸ਼ਾਨਦਾਰ ਮਹਿਮਾਨ ਨਵਾਜ਼ੀ ਲਈ ਚਾਂਸਲਰ ਨੇਹਮਰ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਚਾਂਸਲਰ ਨੇਹਮਰ ਨੂੰ ਆਪਣੀ ਸੁਵਿਧਾ ਅਨੁਸਾਰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਚਾਂਸਲਰ ਨੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ।