ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ ਦੁਆਰਾ ਅੱਜ ਆਯੋਜਿਤ ‘ਅਫ਼ਗ਼ਾਨਿਸਤਾਨ ‘ਤੇ ਖੇਤਰੀ ਸੁਰੱਖਿਆ ਸੰਵਾਦ’ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਵਿੱਚ ਮੌਜੂਦ ਸੱਤ ਦੇਸ਼ਾਂ ਦੀਆਂ ਰਾਸ਼ਟਰੀ ਸੁਰੱਖਿਆ ਪਰਿਸ਼ਦਾਂ ਦੇ ਪ੍ਰਮੁੱਖਾਂ ਨੇ ਇਸ ਸੰਵਾਦ ਦੇ ਸੰਪੰਨ ਹੋਣ ਦੇ ਬਾਅਦ ਸੰਯੁਕਤ ਤੌਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਇਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਦੇ ਦੌਰਾਨ ਇਸ ਸੰਵਾਦ ਦੇ ਆਯੋਜਨ ਦੇ ਲਈ ਭਾਰਤ ਦੁਆਰਾ ਪਹਿਲ ਕੀਤੇ ਜਾਣ ਅਤੇ ਵਿਚਾਰ-ਵਟਾਂਦਰਿਆਂ ਦੇ ਅਤਿਅੰਤ ਸਕਾਰਾਤਮਕ ਰਹਿਣ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਇਨ੍ਹਾਂ ਸਾਰੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੇ ਅਫ਼ਗ਼ਾਨ ਦੀ ਮੌਜੂਦਾ ਸਥਿਤੀ ‘ਤੇ ਆਪਣੇ-ਆਪਣੇ ਦੇਸ਼ਾਂ ਦੇ ਦ੍ਰਿਸ਼ਟੀਕੋਣ ਨਾਲ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਤੋਂ ਉਤਪੰਨ ਚੁਣੌਤੀਆਂ ਦੇ ਬਾਵਜੂਦ ਦਿੱਲੀ ਸੁਰੱਖਿਆ ਸੰਵਾਦ ਵਿੱਚ ਇਨ੍ਹਾਂ ਸੀਨੀਅਰ ਪਤਵੰਤਿਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਦੇ ਸੰਦਰਭ ਵਿੱਚ ਇਨ੍ਹਾਂ ਚਾਰ ਪਹਿਲੂਆਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਿਨ੍ਹਾਂ ‘ਤੇ ਇਸ ਖੇਤਰ ਦੇ ਦੇਸ਼ਾਂ ਨੂੰ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੋਵੇਗੀ: ਇੱਕ ਸਮਾਵੇਸ਼ੀ ਸਰਕਾਰ ਦੀ ਜ਼ਰੂਰਤ; ਆਤੰਕਵਾਦੀ ਸਮੂਹਾਂ ਦੁਆਰਾ ਅਫ਼ਗ਼ਾਨ ਖੇਤਰ ਦਾ ਇਸਤੇਮਾਲ ਕੀਤੇ ਜਾਣ ਬਾਰੇ ਵਿੱਚ ‘ਜ਼ੀਰੋ-ਟੌਲਰੈਂਸ’ ਰੁਖ ਅਪਣਾਉਣਾ; ਅਫ਼ਗ਼ਾਨਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਰਣਨੀਤੀ ਅਪਣਾਉਣਾ; ਅਤੇ ਅਫ਼ਗ਼ਾਨਿਸਤਾਨ ਵਿੱਚ ਤੇਜ਼ੀ ਨਾਲ ਗਹਿਰਾਉਂਦੇ ਗੰਭੀਰ ਮਾਨਵੀ ਸੰਕਟ ਨੂੰ ਸੁਲਝਾਉਣਾ।
ਪ੍ਰਧਾਨ ਮੰਤਰੀ ਨੇ ਇਹ ਵੀ ਉਮੀਦ ਜਤਾਈ ਕਿ ‘ਖੇਤਰੀ ਸੁਰੱਖਿਆ ਸੰਵਾਦ’ ਮੱਧ ਏਸ਼ੀਆ ਦੇ ਸੰਜਮ ਅਤੇ ਪ੍ਰਗਤੀਸ਼ੀਲ ਸੱਭਿਆਚਾਰ ਦੀਆਂ ਪਰੰਪਰਾਵਾਂ ਵਿੱਚ ਨਵੀਂ ਜਾਨ ਪਾਉਣ ਅਤੇ ਕੱਟੜਪੰਥੀ ਰੁਝਾਨਾਂ ‘ਤੇ ਲਗਾਮ ਲਗਾਉਣ ਵਿੱਚ ਕਾਰਗਰ ਸਾਬਤ ਹੋਵੇਗਾ।