ਜਪਾਨ ਦੇ ਵਿਦੇਸ਼ ਮੰਤਰੀ ਮਾਣਯੋਗ ਮਿਸ ਯੋਕੋ ਕਾਮਿਕਾਵਾ ਅਤੇ ਜਪਾਨ ਦੇ ਰੱਖਿਆ ਮੰਤਰੀ ਮਾਣਯੋਗ ਮਿਸਟਰ ਮਿਨੋਰੂ ਕਿਹਾਰਾ ਨੇ 19 ਅਗਸਤ 2024 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਕਾਮਿਕਾਵਾ ਅਤੇ ਰੱਖਿਆ ਮੰਤਰੀ ਕਿਹਾਰਾ ਭਾਰਤ-ਜਪਾਨ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਮੀਟਿੰਗ ਦੇ ਤੀਜੇ ਦੌਰ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਦੌਰੇ 'ਤੇ ਹਨ।
ਪ੍ਰਧਾਨ ਮੰਤਰੀ ਨੇ ਜਾਪਾਨੀ ਮੰਤਰੀਆਂ ਦਾ ਸਵਾਗਤ ਕੀਤਾ ਅਤੇ ਵਧਦੀ ਗੁੰਝਲਦਾਰ ਖੇਤਰੀ ਅਤੇ ਆਲਮੀ ਵਿਵਸਥਾ ਦੇ ਸੰਦਰਭ ਅਤੇ ਭਾਰਤ-ਜਪਾਨ ਦਰਮਿਆਨ ਸਬੰਧ ਗੂੜ੍ਹੇ ਕਰਨ ਵਿੱਚ 2+2 ਮੀਟਿੰਗ ਆਯੋਜਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਵਰਗੇ ਭਰੋਸੇਮੰਦ ਮਿੱਤਰਾਂ ਦਰਮਿਆਨ ਨਜ਼ਦੀਕੀ ਸਹਿਯੋਗ, ਖਾਸ ਤੌਰ 'ਤੇ ਮਹੱਤਵਪੂਰਨ ਖਣਿਜਾਂ, ਸੈਮੀਕੰਡਕਟਰਾਂ ਅਤੇ ਰੱਖਿਆ ਨਿਰਮਾਣ ਵਰਗੇ ਖੇਤਰਾਂ 'ਤੇ ਆਪਣੀ ਸੋਚ ਅਤੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਸਮੇਤ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ-ਜਪਾਨ ਸਾਂਝੇਦਾਰੀ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪੀਪਲ-ਟੂ-ਪੀਪਲ (people-to-people) ਸਬੰਧਾਂ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਅਗਲੇ ਸਿਖਰ ਸੰਮੇਲਨ ਲਈ ਜਪਾਨ ਦੀ ਇੱਕ ਅਮੀਰ ਅਤੇ ਨਤੀਜਾ-ਮੁਖੀ ਦੌਰੇ ਦੀ ਆਸ਼ਾ ਵਿਅਕਤ ਕੀਤੀ।