ਦੋਵਾਂ ਧਿਰਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੰਯੁਕਤ ਅਰਬ ਅਮੀਰਾਤ ਦੀ ਇਹ ਪੰਜਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਖਰੀ ਵਾਰ ਜੂਨ 2022 ਵਿੱਚ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕੀਤਾ ਸੀ, ਜਦੋਂ ਉਹ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਨੂੰ ਮਿਲਣ ਲਈ ਅਬੂ ਧਾਬੀ ਗਏ ਸਨ ਅਤੇ ਮਹਾਮਹਿਮ ਦੇ ਸੰਯੁਕਤ ਅਰਬ ਅਮੀਰਾਤ ਦਾ ਰਾਸ਼ਟਰਪਤੀ ਬਨਣ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਸਾਲ 2015 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ 34 ਸਾਲਾਂ ਵਿੱਚ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ। ਇਹ ਯਾਤਰਾ 2016 ਵਿੱਚ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦੀ ਭਾਰਤ ਯਾਤਰਾ ਤੋਂ ਬਾਅਦ ਹੋਈ ਸੀ ਅਤੇ ਦੁਬਾਰਾ 2017 ਵਿੱਚ, ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਇਸ ਤੋਂ ਇਲਾਵਾ, 2017 ਵਿੱਚ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦੀ ਭਾਰਤ ਯਾਤਰਾ ਦੌਰਾਨ ਭਾਰਤ-ਸੰਯੁਕਤ ਅਰਬ ਅਮੀਰਾਤ ਸਬੰਧਾਂ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਂਦੇ ਹੋਏ ਇੱਕ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਬਦਲ ਦਿੱਤਾ ਗਿਆ ਸੀ।
ਦੋਵਾਂ ਨੇਤਾਵਾਂ ਨੇ ਸਾਰੇ ਮੋਰਚਿਆਂ 'ਤੇ ਸੰਯੁਕਤ ਅਰਬ ਅਮੀਰਾਤ-ਭਾਰਤ ਸਬੰਧਾਂ ਵਿੱਚ ਹੋਈ ਸ਼ਾਨਦਾਰ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ। ਭਾਰਤ-ਸੰਯੁਕਤ ਅਰਬ ਅਮੀਰਾਤ ਵਪਾਰ 2022 ਵਿੱਚ 85 ਬਿਲੀਅਨ ਅਮਰੀਕੀ ਡਾਲਰ ਤੱਕ ਵਧੇਗਾ, ਸੰਯੁਕਤ ਅਰਬ ਅਮੀਰਾਤ 2022-23 ਦੌਰਾਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਬਣ ਜਾਵੇਗਾ। ਭਾਰਤ ਸੰਯੁਕਤ ਅਰਬ ਅਮੀਰਾਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਫਰਵਰੀ 2022 ਵਿੱਚ, ਭਾਰਤ ਪਹਿਲਾ ਦੇਸ਼ ਬਣ ਗਿਆ ਜਿਸ ਨਾਲ ਸੰਯੁਕਤ ਅਰਬ ਅਮੀਰਾਤ ਨੇ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) 'ਤੇ ਦਸਤਖਤ ਕੀਤੇ। 1 ਮਈ 2022 ਨੂੰ ਸੀਈਪੀਏ ਲਾਗੂ ਹੋਣ ਤੋਂ ਬਾਅਦ ਦੁਵੱਲੇ ਵਪਾਰ ਵਿੱਚ ਲਗਭਗ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਦੋਵਾਂ ਨੇਤਾਵਾਂ ਨੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਅਤੇ ਸੀਓਪੀ-28 ਦੀ ਸੰਯੁਕਤ ਅਰਬ ਅਮੀਰਾਤ ਦੀ ਪ੍ਰਧਾਨਗੀ ਹੇਠ 2023 ਦੌਰਾਨ ਦੋਵਾਂ ਦੇਸ਼ਾਂ ਦੁਆਰਾ ਨਿਭਾਈਆਂ ਜਾਣ ਵਾਲੀਆਂ ਮਹੱਤਵਪੂਰਨ ਆਲਮੀ ਭੂਮਿਕਾਵਾਂ ਨੂੰ ਰੇਖਾਂਕਿਤ ਕੀਤਾ। ਸੰਯੁਕਤ ਅਰਬ ਅਮੀਰਾਤ ਪੱਖ ਨੇ ਜਨਵਰੀ 2023 ਵਿੱਚ ਭਾਰਤ ਵਲੋਂ 'ਵੋਇਸ ਆਫ ਗਲੋਬਲ ਸਾਊਥ ਸਮਿਟ' ਦੀ ਮੇਜ਼ਬਾਨੀ ਦੀ ਸ਼ਲਾਘਾ ਕੀਤੀ। ਭਾਰਤੀ ਪੱਖ ਨੇ ਸੀਓਪੀ-28 ਵਿੱਚ ਦੱਖਣੀ ਦੁਨੀਆ ਦੇ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਸੀਓਪੀ-28 ਨੂੰ ਇੱਕ “ਐਕਸ਼ਨ ਸੀਓਪੀ” ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਯੂਏਈ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ ਬਹੁ-ਪੱਖੀ ਮੰਚਾਂ ਜਿਵੇਂ ਕਿ ਆਈ2ਯੂ2 ਅਤੇ ਸੰਯੁਕਤ ਅਰਬ ਅਮੀਰਾਤ-ਫਰਾਂਸ -ਭਾਰਤ ਤਿਕੋਣੀ ਸਹਿਯੋਗ ਪਹਿਲ ਵਿੱਚ ਹੋਰ ਸਹਿਯੋਗ ਲਈ ਤਿਆਰ ਹਨ। ਦੋਵਾਂ ਨੇਤਾਵਾਂ ਨੇ ਕਿਹਾ ਕਿ ਅਜਿਹੇ ਮੰਚ ਦੋਵਾਂ ਦੇਸ਼ਾਂ ਨੂੰ ਆਪਸੀ ਭਾਈਵਾਲੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਹੋਰ ਮੌਕੇ ਪ੍ਰਦਾਨ ਕਰਦੇ ਹਨ।
ਅੱਜ, ਅਬੂ ਧਾਬੀ ਵਿੱਚ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਅਤੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹੇਠ ਲਿਖੀਆਂ ਗਤੀਵਿਧੀਆਂ ਦੇ ਗਵਾਹ ਬਣੇ:
I. ਦੋਵਾਂ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਵਲੋਂ ਸਰਹੱਦ ਪਾਰ ਦੇ ਲੈਣ-ਦੇਣ ਲਈ ਸਥਾਨਕ ਮੁਦਰਾਵਾਂ (ਆਈਐੱਨਆਰ-ਏਈਡੀ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਸਥਾਪਤ ਕਰਨ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ।
II. ਦੋਵਾਂ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਵਲੋਂ ਭੁਗਤਾਨ ਅਤੇ ਸੰਦੇਸ਼ ਪ੍ਰਣਾਲੀਆਂ ਨੂੰ ਆਪਸ ਵਿੱਚ ਜੋੜਨ ਨਾਲ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ।
III. ਅਬੂ ਧਾਬੀ ਵਿੱਚ ਭਾਰਤੀ ਤਕਨੀਕੀ ਸੰਸਥਾਨ-ਦਿੱਲੀ ਦੀ ਸਥਾਪਨਾ ਦੀ ਯੋਜਨਾ 'ਤੇ ਇੱਕ ਸਮਝੌਤੇ 'ਤੇ ਹਸਤਾਖਰ।
ਦੋਵਾਂ ਨੇਤਾਵਾਂ ਨੇ ਰੇਖਾਂਕਿਤ ਕੀਤਾ ਕਿ ਦੁਵੱਲੇ ਵਪਾਰ ਦੀ ਸਹੂਲਤ ਲਈ ਦੋਵਾਂ ਦੇਸ਼ਾਂ ਦਰਮਿਆਨ ਸਥਾਨਕ ਮੁਦਰਾ ਨਿਪਟਾਰਾ ਪ੍ਰਣਾਲੀ ਦਾ ਵਿਕਾਸ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ, ਇਹ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਮਜ਼ਬੂਤੀ ਨੂੰ ਰੇਖਾਂਕਿਤ ਕਰਦਾ ਹੈ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦਰਮਿਆਨ ਆਰਥਿਕ ਸਬੰਧਾਂ ਨੂੰ ਵਧਾਉਂਦਾ ਹੈ। ਦੋਹਾਂ ਨੇਤਾਵਾਂ ਨੇ ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦਰਮਿਆਨ ਅੰਤਰ-ਸਰਹੱਦੀ ਲੈਣ-ਦੇਣ ਨੂੰ ਹੋਰ ਕੁਸ਼ਲਤਾ ਨਾਲ ਸੰਚਾਲਿਤ ਕਰਨ ਲਈ ਆਪਣੇ ਤਤਕਾਲ ਭੁਗਤਾਨ ਪ੍ਰਣਾਲੀਆਂ ਵਿਚਕਾਰ ਏਕੀਕਰਣ ਨੂੰ ਸਮਰੱਥ ਬਣਾ ਕੇ ਭੁਗਤਾਨ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ। ਅਜਿਹੇ ਸਹਿਯੋਗ ਵਿੱਚ ਰਾਸ਼ਟਰੀ ਕਾਰਡ ਸਵਿੱਚਾਂ ਨੂੰ ਆਪਸ ਵਿੱਚ ਜੋੜ ਕੇ ਘਰੇਲੂ ਕਾਰਡ ਸਕੀਮਾਂ ਦੀ ਆਪਸੀ ਸਵੀਕ੍ਰਿਤੀ ਵੀ ਸ਼ਾਮਲ ਹੋਵੇਗੀ। ਇਨ੍ਹਾਂ ਪ੍ਰਣਾਲੀਆਂ ਦਰਮਿਆਨ ਏਕੀਕਰਣ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਨਿਵਾਸੀਆਂ ਦੇ ਲਾਭ ਲਈ ਭੁਗਤਾਨ ਸੇਵਾਵਾਂ ਤੱਕ ਪਹੁੰਚ ਦੀ ਸਹੂਲਤ ਦੇਵੇਗਾ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਨਿਵੇਸ਼ਾਂ 'ਤੇ ਦੋ-ਪੱਖੀ ਉੱਚ ਪੱਧਰੀ ਸੰਯੁਕਤ ਟਾਸਕ ਫੋਰਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਵੀਕਾਰ ਕੀਤਾ ਕਿ ਸੰਯੁਕਤ ਅਰਬ ਅਮੀਰਾਤ 2022-2023 ਦੌਰਾਨ ਭਾਰਤ ਵਿੱਚ ਚੌਥਾ ਸਭ ਤੋਂ ਵੱਡਾ ਨਿਵੇਸ਼ਕ ਬਣਨ ਲਈ ਤਿਆਰ ਹੈ, ਜਦਕਿ ਇਹ 2021-2022 ਦੌਰਾਨ ਭਾਰਤ ਵਿੱਚ ਸੱਤਵਾਂ ਸਭ ਤੋਂ ਵੱਡਾ ਨਿਵੇਸ਼ਕ ਸੀ। ਉਨ੍ਹਾਂ ਅਬੂ ਧਾਬੀ ਨਿਵੇਸ਼ ਅਥਾਰਟੀ (ਏਡੀਆਈਏ) ਦੀ ਗੁਜਰਾਤ ਵਿੱਚ ਇੱਕ ਵਿੱਤ ਮੁਕਤ ਜ਼ੋਨ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੇਕ-ਸਿਟੀ (ਗਿਫਟ ਸਿਟੀ) ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਆਪਣੀ ਮੌਜੂਦਗੀ ਸਥਾਪਤ ਕਰਨ ਦੀਆਂ ਯੋਜਨਾਵਾਂ ਦੀ ਸ਼ਲਾਘਾ ਕੀਤੀ। ਇਹ ਸੰਯੁਕਤ ਅਰਬ ਅਮੀਰਾਤ ਲਈ ਭਾਰਤ ਵਿੱਚ ਨਿਵੇਸ਼ ਦੇ ਮੌਕੇ ਨੂੰ ਹੋਰ ਸੁਵਿਧਾਜਨਕ ਕਰੇਗਾ।
ਦੋਵਾਂ ਨੇਤਾਵਾਂ ਨੇ ਆਈਆਈਟੀ ਦਿੱਲੀ-ਅਬੂ ਧਾਬੀ ਦੀ ਸਥਾਪਨਾ ਲਈ ਭਾਰਤ ਦੇ ਸਿੱਖਿਆ ਮੰਤਰਾਲੇ, ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੌਜੀ (ਆਈਆਈਟੀ ਦਿੱਲੀ) ਅਤੇ ਅਬੂ ਧਾਬੀ ਸਿੱਖਿਆ ਅਤੇ ਗਿਆਨ ਵਿਭਾਗ (ਏਡੀਈਕੇ) ਦਰਮਿਆਨ ਤਿਕੋਣੇ ਸਮਝੌਤਾ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ।
ਪਿਛਲੇ ਸਾਲ ਫਰਵਰੀ 'ਚ ਦੋਹਾਂ ਨੇਤਾਵਾਂ ਵਿਚਾਲੇ ਵਰਚੁਅਲ ਸੰਮੇਲਨ ਦੌਰਾਨ ਯੂਏਈ 'ਚ ਭਾਰਤੀ ਤਕਨੀਕੀ ਸੰਸਥਾਨ ਦੀ ਸਥਾਪਨਾ 'ਤੇ ਸਹਿਮਤੀ ਬਣੀ ਸੀ। ਦੋਵਾਂ ਧਿਰਾਂ ਨੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਪਿਛਲੇ ਦੋ ਸਾਲਾਂ ਦੌਰਾਨ ਅਣਥੱਕ ਮਿਹਨਤ ਕੀਤੀ ਹੈ। ਦੋਹਾਂ ਨੇਤਾਵਾਂ ਨੇ ਆਪਣਾ ਸਮਰਥਨ ਅਤੇ ਪ੍ਰਵਾਨਗੀ ਜ਼ਾਹਰ ਕੀਤੀ ਕਿ ਆਈਆਈਟੀ ਦਿੱਲੀ-ਅਬੂ ਧਾਬੀ ਊਰਜਾ ਖੇਤਰ ਵਿੱਚ ਪਰਿਵਰਤਨ ਅਤੇ ਸਥਿਰਤਾ ਨਾਲ ਸਬੰਧਤ ਪੋਸਟ ਗ੍ਰੈਜੂਏਟ ਪਾਠਕ੍ਰਮ ਦੀ ਪੇਸ਼ਕਸ਼ ਕਰਕੇ ਜਨਵਰੀ 2024 ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਟਿਕਾਊ ਊਰਜਾ, ਜਲਵਾਯੂ ਅਧਿਐਨ, ਕੰਪਿਊਟਿੰਗ ਅਤੇ ਡਾਟਾ ਸਾਇੰਸ ਦੇ ਖੇਤਰਾਂ ਵਿੱਚ ਖੋਜ ਕੇਂਦਰ ਸਥਾਪਤ ਕਰਨ ਤੋਂ ਇਲਾਵਾ, ਸਤੰਬਰ 2024 ਤੋਂ ਇਥੇ ਹੋਰ ਅੰਡਰਗਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਪੱਧਰ ਦੇ ਕੋਰਸ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ।
ਦੋਹਾਂ ਨੇਤਾਵਾਂ ਨੇ ਊਰਜਾ – ਤੇਲ ਅਤੇ ਗੈਸ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਦੁਵੱਲੀ ਭਾਈਵਾਲੀ ਨੂੰ ਹੋਰ ਵਧਾਉਣ ਦਾ ਸੰਕਲਪ ਲਿਆ। ਦੋਵੇਂ ਧਿਰਾਂ ਗ੍ਰੀਨ ਹਾਈਡ੍ਰੋਜਨ, ਸੌਰ ਊਰਜਾ ਅਤੇ ਗਰਿੱਡ ਕਨੈਕਟੀਵਿਟੀ ਦੇ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਅੱਗੇ ਵਧਾਉਣਗੀਆਂ। ਦੋਵੇਂ ਧਿਰਾਂ ਭਾਰਤ ਦੇ ਰਣਨੀਤਕ ਪੈਟਰੋਲੀਅਮ ਰਿਜ਼ਰਵ ਪ੍ਰੋਗਰਾਮ ਸਮੇਤ ਊਰਜਾ ਖੇਤਰਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ ਨਿਵੇਸ਼ ਵਧਾਉਣ ਲਈ ਵੀ ਸਹਿਮਤ ਹੋਈਆਂ।
ਦੋਵਾਂ ਨੇਤਾਵਾਂ ਨੇ, ਖਾਸ ਤੌਰ 'ਤੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਅਤੇ ਸੀਓਪੀ-28 ਦੀ ਸੰਯੁਕਤ ਅਰਬ ਅਮੀਰਾਤ ਦੀ ਪ੍ਰਧਾਨਗੀ ਦੌਰਾਨ ਜਲਵਾਯੂ ਪਰਿਵਰਤਨ ਨਾਲ ਜੁੜੇ ਮੁੱਦਿਆਂ 'ਤੇ ਕੀਤੇ ਗਏ ਸਾਂਝੇ ਕੰਮ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਸੀਓਪੀ-28 ਨੂੰ ਸਾਰਿਆਂ ਲਈ ਸਫਲ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।
ਖੁਰਾਕ ਸੁਰੱਖਿਆ ਦੇ ਮਹੱਤਵ ਨੂੰ ਪਛਾਣਦੇ ਹੋਏ, ਦੋਵਾਂ ਨੇਤਾਵਾਂ ਨੇ ਖੁਰਾਕ ਸਪਲਾਈ ਲੜੀ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਫੂਡ ਗਲਿਆਰਾ ਪ੍ਰੋਜੈਕਟਾਂ ਸਮੇਤ ਖੁਰਾਕ ਅਤੇ ਖੇਤੀਬਾੜੀ ਵਪਾਰ ਨੂੰ ਵਧਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਸੰਯੁਕਤ ਅਰਬ ਅਮੀਰਾਤ ਪੱਖ ਇਸ ਖੇਤਰ ਵਿੱਚ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵੱਖ-ਵੱਖ ਭਾਰਤੀ ਹਿਤਧਾਰਕਾਂ ਨਾਲ ਆਪਣੇ ਵਿਚਾਰ-ਵਟਾਂਦਰੇ ਨੂੰ ਤੇਜ਼ੀ ਨਾਲ ਪੂਰਾ ਕਰੇਗਾ।
ਦੋਵਾਂ ਨੇਤਾਵਾਂ ਨੇ ਸਿਹਤ ਖੇਤਰ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਦੁਵੱਲੇ ਅਤੇ ਤੀਜੇ ਦੇਸ਼ਾਂ ਵਿੱਚ ਚੱਲ ਰਹੇ ਸਿਹਤ-ਸਬੰਧਤ ਸਹਿਯੋਗ ਨੂੰ ਸਰਗਰਮ ਅਤੇ ਵਿਭਿੰਨਤਾ ਦੁਆਰਾ ਸਹਿਯੋਗ ਦੇ ਦਾਇਰੇ ਦੇ ਵਿਸਥਾਰ 'ਤੇ ਚਾਨਣਾ ਪਾਇਆ। ਟੀਕਿਆਂ ਅਤੇ ਦਵਾਈਆਂ ਦੀ ਵਿਸ਼ਵਵਿਆਪੀ ਸਿਹਤ ਸਪਲਾਈ ਲੜੀ ਵਿੱਚ ਦੋਵਾਂ ਦੇਸ਼ਾਂ ਦੀ ਇੱਕ ਭਰੋਸੇਯੋਗ ਵਿਕਲਪ ਬਣਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਗਿਆ। ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਵਿੱਚ ਵਧ ਰਹੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ।
ਦੋਵਾਂ ਨੇਤਾਵਾਂ ਨੇ ਰੇਖਾਂਕਿਤ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣਾ ਲੋਕਾਂ ਤੋਂ ਲੋਕਾਂ ਦਾ ਸੰਪਰਕ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਇਤਿਹਾਸਕ ਸਬੰਧਾਂ ਦੇ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਹੈ। ਸੰਯੁਕਤ ਅਰਬ ਅਮੀਰਾਤ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਸੰਯੁਕਤ ਅਰਬ ਅਮੀਰਾਤ ਦੇ ਸਮਾਜ ਅਤੇ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ।
ਦੋਵੇਂ ਨੇਤਾ ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਭਾਈਵਾਲ ਗੁਆਂਢੀਆਂ ਦੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਅਤੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਉਨ੍ਹਾਂ ਨੇ ਰੱਖਿਆ ਅਦਾਨ-ਪ੍ਰਦਾਨ, ਅਨੁਭਵ ਸਾਂਝਾ ਕਰਨ, ਸਿਖਲਾਈ ਅਤੇ ਸਮਰੱਥਾ ਨਿਰਮਾਣ ਨੂੰ ਬਿਹਤਰ ਬਣਾਉਣ ਲਈ ਵੀ ਸਹਿਮਤੀ ਪ੍ਰਗਟਾਈ।
ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ, ਸਾਰੇ ਰੂਪਾਂ ਵਿੱਚ ਸੀਮਾ ਪਾਰ ਦੇ ਅੱਤਵਾਦ ਸਮੇਤ, ਉਗਰਵਾਦ ਅਤੇ ਅੱਤਵਾਦ ਦੇ ਖ਼ਿਲਾਫ਼ ਲੜਾਈ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਨੇ ਉਗਰਵਾਦ, ਅੱਤਵਾਦ ਦੇ ਵਿੱਤ ਪੋਸ਼ਣ ਅਤੇ ਕੱਟੜਪੰਥ ਦੇ ਖ਼ਿਲਾਫ਼ ਲੜਾਈ 'ਚ ਆਪਣੇ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਸਹਿਮਤੀ ਪ੍ਰਗਟਾਈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਲੋਕਾਂ ਵਿੱਚ ਸ਼ਾਂਤੀ, ਸੰਜਮ, ਸਹਿਹੋਂਦ ਅਤੇ ਸਹਿਣਸ਼ੀਲਤਾ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਾਰੇ ਤਰ੍ਹਾਂ ਦੇ ਅੱਤਵਾਦ, ਨਫ਼ਰਤ ਭਰੇ ਭਾਸ਼ਣ, ਵਿਤਕਰੇ ਅਤੇ ਭੜਕਾਹਟ ਨੂੰ ਅਸਵੀਕਾਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਦੋਵਾਂ ਨੇਤਾਵਾਂ ਨੇ ਬਹੁ-ਪੱਖੀਵਾਦ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇੱਕ ਨਿਆਂਪੂਰਨ, ਨਿਯਮ-ਅਧਾਰਤ ਵਿਸ਼ਵ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਕਾਰਵਾਈ ਕਰਨ ਦਾ ਸੱਦਾ ਦਿੱਤਾ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਾਮਲਿਆਂ 'ਤੇ ਦੋਹਾਂ ਪੱਖਾਂ ਵਿਚਕਾਰ ਤਾਲਮੇਲ 'ਤੇ ਵੀ ਤਸੱਲੀ ਪ੍ਰਗਟਾਈ, ਖਾਸ ਤੌਰ 'ਤੇ 2022 ਵਿੱਚ, ਜਦੋਂ ਦੋਵੇਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਗੈਰ-ਸਥਾਈ ਮੈਂਬਰ ਵਜੋਂ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਪ੍ਰੀਸ਼ਦ ਦੇ ਚੁਣੇ ਹੋਏ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੰਯੁਕਤ ਅਰਬ ਅਮੀਰਾਤ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸੰਯੁਕਤ ਅਰਬ ਅਮੀਰਾਤ ਨੇ ਸੋਧੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਲਈ ਆਪਣਾ ਸਮਰਥਨ ਦੁਹਰਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਵਫ਼ਦ ਦੀ ਨਿੱਘੀ ਪਰਾਹੁਣਚਾਰੀ ਲਈ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ 9-10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਜੀ 20 ਨੇਤਾਵਾਂ ਦੇ ਸੰਮੇਲਨ ਵਿੱਚ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਦੀ ਭਾਗੀਦਾਰੀ ਲਈ ਉਤਸੁਕ ਹਨ।
ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ, ਸਹਿਯੋਗ ਦੇ ਉੱਭਰ ਰਹੇ ਖੇਤਰਾਂ ਦੀ ਪੜਚੋਲ ਕਰਨ ਅਤੇ ਖੇਤਰ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।