ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਡੋਨਾਲਡ ਟਸਕ ਦੇ ਸੱਦੇ ‘ਤੇ 21 ਤੋਂ 22 ਅਗਸਤ, 2024 ਤੱਕ ਪੋਲੈਂਡ ਦੀ ਸਰਕਾਰੀ ਯਾਤਰਾ ਕੀਤੀ। ਇਹ ਇਤਿਹਾਸਿਕ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਹੈ ਜਦੋ ਦੋਵੇਂ ਦੇਸ਼ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।
ਦੋਵੇਂ ਨੇਤਾਵਾਂ ਨੇ ਲੰਬੇ ਸਮੇਂ ਤੋਂ ਚਲੇ ਆ ਰਹੇ ਆਪਸੀ ਸਬੰਧਾਂ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਮਿੱਤਰਤਾ ਦੀ ਗਹਿਰੇ ਬੰਧਨਾਂ ਦੀ ਪੁਸ਼ਟੀ ਕਰਦੇ ਹੋਏ ਅਤੇ ਆਪਸੀ ਸਬੰਧਾਂ ਨੂੰ ਪੂਰੀ ਸਮਰੱਥਾ ਨਾਲ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਜਤਾਉਂਦੇ ਹੋਏ ਭਾਰਤ-ਪੋਲੈਂਡ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਲਿਆ ਹੈ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਤਿਹਾਸਿਕ ਸਬੰਧਾਂ ਦੇ ਨਾਲ-ਨਾਲ ਲੋਕਤੰਤਰ, ਸੁਤੰਤਰਤਾ ਅਤੇ ਨਿਯਮਾਂ ‘ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਵਧਦੀ ਦੁਵੱਲੀ ਸਾਂਝੇਦਾਰੀ ਦੇ ਕੇਂਦਰ ਵਿੱਚ ਹਨ। ਉਨ੍ਹਾਂ ਨੇ ਇੱਕ ਸਥਿਰ, ਸਮ੍ਰਿੱਧ ਅਤੇ ਟਿਕਾਊ ਦੁਨੀਆ ਲਈ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ।
ਦੋਵੇਂ ਨੇਤਾਵਾਂ ਨੇ ਦੁਵੱਲੀ ਰਾਜਨੀਤਿਕ ਵਾਰਤਾ ਨੂੰ ਮਜ਼ਬੂਤੀ ਦੇਣ ਅਤੇ ਆਪਸੀ ਤੌਰ ‘ਤੇ ਲਾਭਦਾਇਕ ਪਹਿਲ ਕਰਨ ਲਈ ਨਿਯਮਿਤ ਤੌਰ ‘ਤੇ ਉੱਚ ਪੱਧਰੀ ਸੰਪਰਕ ਬਣਾਏ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਦੋਵੇਂ ਨੇਤਾਵਾਂ ਨੇ ਦੁਵੱਲੇ ਆਰਥਿਕ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਣ, ਵਪਾਰ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਅਤੇ ਸਹਿਯੋਗ ਲਈ ਆਪਸੀ ਤੌਰ ‘ਤੇ ਲਾਭਦਾਇਕ ਨਵੇਂ ਖੇਤਰਾਂ ਦੀ ਭਾਲ ਕਰਨ ਲਈ ਸਹਿਮਤੀ ਜਤਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਆਰਥਿਕ ਸਹਿਯੋਗ ਲਈ ਜੁਆਇੰਟ ਕਮਿਸ਼ਨ ਦਾ ਪੂਰਾ ਉਪਯੋਗ ਕਰਨ ‘ਤੇ ਸਹਿਮਤੀ ਜਤਾਈ। ਦੋਵੇਂ ਨੇਤਾਵਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਕਿ ਦੁਵੱਲੇ ਵਪਾਰ ਨੂੰ ਸੰਤੁਲਿਤ ਕਰਨ ਅਤੇ ਵਪਾਰ ਦਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਦੋਵੇਂ ਨੇਤਾਵਾਂ ਨੇ ਟੈਕਨੋਲੋਜੀ, ਖੇਤੀਬਾੜੀ, ਕਨੈਕਟੀਵਿਟੀ, ਮਾਈਨਿੰਗ, ਐਨਰਜੀ ਤੇ ਵਾਤਾਵਰਣ ਜਿਹੇ ਖੇਤਰਾਂ ਵਿੱਚ ਵਧਦੇ ਆਰਥਿਕ ਸਹਿਯੋਗ ਦੇ ਮਹੱਤਵ ਨੂੰ ਸਵੀਕਾਰ ਕੀਤਾ।
ਦੋਵੇਂ ਧਿਰਾਂ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਡਿਜੀਟਲੀਕਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਦੋਵੇਂ ਦੇਸ਼ਾਂ ਦਰਮਿਆਨ ਸਥਿਰਤਾ ਅਤੇ ਵਿਸ਼ਵਾਸ ਨੂੰ ਹੁਲਾਰਾ ਦੇਣ ਲਈ ਸਾਈਬਰ ਸੁਰੱਖਿਆ ਸਹਿਤ ਡਿਜੀਟਲ ਸੈਕਟਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ।
ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਅਤੇ ਸਬੰਧਿਤ ਖੇਤਰਾਂ ਦਰਮਿਆਨ ਕਨੈਕਟੀਵਿਟੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵੇਂ ਦੇਸ਼ਾਂ ਦਰਮਿਆਨ ਸਿੱਧੀ ਉਡਾਨ ਸੇਵਾ ਸ਼ੁਰੂ ਹੋਣ ਦਾ ਸਵਾਗਤ ਕੀਤਾ ਅਤੇ ਦੋਵੇਂ ਦੇਸ਼ਾਂ ਦੇ ਨਵੇਂ ਸ਼ਹਿਰਾਂ ਲਈ ਸਿੱਧੀ ਉਡਾਨ ਸੇਵਾ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਨੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਇਨਫ੍ਰਾਸਟ੍ਰਕਚਰ ਕੌਰੀਡੋਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਦੋਵੇਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੇ ਤੌਰ ‘ਤੇ ਯੂਰੋਪੀਅਨ ਯੂਨੀਅਨ ਅਤੇ ਭਾਰਤ ਦਾ ਸਾਂਝਾ ਹਿਤ ਹੈ ਕਿ ਉਹ ਇੱਕ ਬਹੁਧਰੁਵੀ ਵਿਸ਼ਵ ਵਿੱਚ ਸੁਰੱਖਿਆ, ਸਮ੍ਰਿੱਧੀ ਅਤੇ ਟਿਕਾਊ ਵਿਕਾਸ ਸੁਨਿਸ਼ਚਿਤ ਕਰਨ ਲਈ ਪ੍ਰਯਾਸ ਕਰਨ। ਉਨ੍ਹਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤੀ ਦੇਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਇਸ ਨਾਲ ਨਾ ਸਿਰਫ ਦੋਵੇਂ ਧਿਰਾਂ ਨੂੰ ਲਾਭ ਹੋਵੇਗਾ ਬਲਕਿ ਆਲਮੀ ਪੱਧਰ ‘ਤੇ ਇਸ ਦਾ ਦੂਰਗਾਮੀ ਸਕਾਰਾਤਮਕ ਪ੍ਰਭਾਵ ਵੀ ਪਵੇਗਾ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਚਾਰਟਰ ਨਾਲ ਸ਼ਾਂਤੀ ਅਤੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਕਿ ਦੁਨੀਆ ਦੇ ਵਿਭਿੰਨ ਖੇਤਰਾਂ ਵਿੱਚ ਗੰਭੀਰ ਸੰਘਰਸ਼ਾਂ ਅਤੇ ਤਣਾਵਾਂ ਦੌਰਾਨ ਬਹੁ-ਆਯਾਮੀ ਸੁਰੱਖਿਆ ਲਈ ਸਹਿਯੋਗ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਨੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਸਨਮਾਨ ਨੂੰ ਹੁਲਾਰਾ ਦੇਣ ਅਤੇ ਆਲਮੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਬਣਾਏ ਰੱਖਣ ਲਈ ਬਹੁਪੱਖੀ ਮੰਚਾਂ ‘ਤੇ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ।
ਦੋਵੇਂ ਧਿਰਾਂ ਨੇ ਮੰਨਿਆ ਕਿ ਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਰੱਖਿਆ ਸਹਿਯੋਗ ਲਈ ਸੰਯੁਕਤ ਕਾਰਜ ਸਮੂਹ ਸਹਿਤ ਮੌਜੂਦਾ ਦੁਵੱਲੇ ਢਾਂਚੇ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ‘ਤੇ ਸਹਿਮਤੀ ਜਤਾਈ। ਦੋਵੇਂ ਨੇਤਾਵਾਂ ਨੇ ਯੂਕ੍ਰੇਨ ਵਿੱਚ ਜਾਰੀ ਯੁੱਧ ਅਤੇ ਉਸ ਦੇ ਭਿਆਨਕ ਅਤੇ ਦੁਖਦਾਈ ਮਾਨਵੀ ਨਤੀਜੇ ‘ਤੇ ਚਿੰਤਾ ਜਤਾਈ। ਉਨ੍ਹਾਂ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹੋਏ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਇੱਕ ਵਿਆਪਕ, ਨਿਆਂਸੰਗਤ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਨੂੰ ਦੁਹਰਾਇਆ।
ਉਨ੍ਹਾਂ ਨੇ ਗਲੋਬਲ ਫੂਡ ਅਤੇ ਐਨਰਜੀ ਸਕਿਓਰਿਟੀ ਦੇ ਸੰਦਰਭ ਵਿੱਚ ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਲਈ ਯੂਕ੍ਰੇਨ ਯੁੱਧ ਦੇ ਨਕਾਰਾਤਮਕ ਪ੍ਰਭਾਵਾਂ ‘ਤੇ ਵੀ ਗੌਰ ਕੀਤਾ। ਉਨ੍ਹਾਂ ਨੇ ਇਸ ਯੁੱਧ ਦੇ ਸੰਦਰਭ ਵਿੱਚ ਆਪਣੇ ਇਸ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਕਿ ਪ੍ਰਮਾਣੂ ਹਥਿਆਰਾਂ ਦੇ ਉਪਯੋਗ ਜਾਂ ਉਪਯੋਗ ਦੀ ਧਮਕੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਨੂੰ ਬਣਾਏ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਆਪਣੀ ਗੱਲ ਨੂੰ ਦੁਹਰਾਇਆ ਕਿ ਸੰਯੁਕਤ ਰਾਸ਼ਟਰ ਚਾਰਟਰ ਮੁਤਾਬਕ ਸਾਰੇ ਰਾਜਾਂ ਨੂੰ ਕਿਸੇ ਵੀ ਰਾਜ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਜਾਂ ਰਾਜਨੀਤਿਕ ਸੁਤੰਤਰਤਾ ਦੇ ਵਿਰੁੱਧ ਤਾਕਤ ਦਾ ਪ੍ਰਯੋਗ ਕਰਨ ਜਾਂ ਧਮਕੀ ਦੇਣ ਤੋਂ ਬਚਣਾ ਚਾਹੀਦਾ ਹੈ।
ਦੋਵੇਂ ਨੇਤਾਵਾਂ ਨੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਆਤੰਕਵਾਦ ਦੀ ਸਪੱਸ਼ਟ ਤੌਰ ‘ਤੇ ਨਿੰਦਾ ਕਰਨ ਦੀ ਗੱਲ ਦੁਹਰਾਈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਅਜਿਹੇ ਲੋਕਾਂ ਨੂੰ ਸੁਰੱਖਿਅਤ ਪਨਾਹ ਨਹੀਂ ਦੇਣੀ ਚਾਹੀਦੀ ਜੋ ਆਤੰਕੀ ਗਤੀਵਿਧੀਆਂ ਲਈ ਰਕਮ ਉਪਲਬਧ ਕਰਵਾਉਣ, ਯੋਜਨਾ ਬਣਾਉਣ, ਸਮਰਥਨ ਕਰਨ ਜਾਂ ਘਟਨਾ ਨੂੰ ਅੰਜ਼ਾਮ ਦੇਣ ਜਿਹੇ ਕਾਰਜਾਂ ਵਿੱਚ ਲਗੇ ਹੋਏ ਹਨ। ਦੋਵੇਂ ਧਿਰਾਂ ਨੇ ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਸਤਾਵਾਂ ‘ਤੇ ਅਮਲ ਕਰਨ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਆਲਮੀ ਆਤੰਕਵਾਦ ਵਿਰੋਧੀ ਰਣਨੀਤੀ ਦੇ ਲਾਗੂਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਆਤੰਕਵਾਦ ‘ਤੇ ਵਿਆਪਕ ਕਨਵੈਨਸ਼ਨ (ਸੀਸੀਆਈਟੀ) ਦੇ ਪ੍ਰਸਤਾਵਾਂ ਨੂੰ ਜਲਦੀ ਤੋਂ ਜਲਦੀ ਅਪਣਾਉਣ ਦੀ ਵੀ ਪੁਸ਼ਟੀ ਕੀਤੀ।
ਦੋਵੇਂ ਧਿਰਾਂ ਨੇ ਯੂਐੱਨਸੀਐੱਲਓਐੱਸ ਵਿੱਚ ਦੱਸੇ ਗਏ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਅਨੁਸਾਰ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮਾਂ ‘ਤੇ ਅਧਾਰਿਤ ਇੰਡੋ-ਪੈਸਿਫਿਕ ਸੈਕਟਰ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਸਮੁੰਦਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਾਂਤੀ ਅਤੇ ਸਥਿਰਤਾ ਲਈ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸਮੁੰਦਰ ਵਿੱਚ ਆਵਾਜਾਈ ਦੀ ਆਜ਼ਾਦੀ ਪ੍ਰਤੀ ਪੂਰਨ ਸਨਮਾਨ ਵਿਅਕਤ ਕੀਤਾ।
ਜਲਵਾਯੂ ਪਰਿਵਰਤਨ ਕਾਰਨ ਪੈਦਾ ਹੋਈਆਂ ਪ੍ਰਮੁੱਖ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਦੋਵੇਂ ਨੇਤਾਵਾਂ ਨੇ ਜਲਵਾਯੂ ਸਬੰਧੀ ਕਾਰਜਾਂ ਵਿੱਚ ਸਹਿਯੋਗ ਦੇ ਮਹੱਤਵ ‘ਤੇ ਸਹਿਮਤੀ ਜਤਾਈ। ਭਾਰਤੀ ਧਿਰ ਨੇ ਪੋਲੈਂਡ ਨੂੰ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ ਲਈ ਗਠਬੰਧਨ (ਸੀਡੀਆਰਆਈ) ਦੀ ਮੈਂਬਰਸ਼ਿਪ ֥‘ਤੇ ਵਿਚਾਰ ਕਰਨ ਲਈ ਪ੍ਰੋਤਸਾਹਿਤ ਕੀਤਾ।
ਦੋਵੇਂ ਨੇਤਾਵਾਂ ਨੇ ਸੰਸਦੀ ਸੰਪਰਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਉਨ੍ਹਾਂ ਦੇ ਸਾਂਸਦਾਂ ਦਰਮਿਆਨ ਸਹਿਯੋਗ ਅਤੇ ਆਵਾਜਾਈ ਦਾ ਵਿਸਤਾਰ ਹੋਣ ਨਾਲ ਦੁਵੱਲੇ ਸਬੰਧ ਨੂੰ ਮਜ਼ਬੂਤੀ ਮਿਲੇਗੀ ਅਤੇ ਆਪਸੀ ਸਮਝ ਬਿਹਤਰ ਹੋਵੇਗੀ।
ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਵਿਸ਼ੇਸ਼ ਸਬੰਧਾਂ ‘ਤੇ ਗੌਰ ਕੀਤਾ ਅਤੇ ਉਸ ਨੂੰ ਮਜ਼ਬੂਤੀ ਦੇਣ ‘ਤੇ ਸਹਿਮਤੀ ਜਤਾਈ। ਉਹ ਸੱਭਿਆਚਾਰਕ, ਸਿੱਖਿਆ, ਵਿਗਿਆਨ, ਖੋਜ ਅਤੇ ਸਿਹਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵੀ ਸਹਿਮਤ ਹੋਏ। ਉਨ੍ਹਾਂ ਨੇ ਅਕਾਦਮਿਕ ਸੰਸਥਾਨਾਂ ਦੇ ਦਰਮਿਆਨ ਭਵਿੱਖ ‘ਤੇ ਕੇਂਦ੍ਰਿਤ ਸਾਂਝੇਦਾਰੀ ਕਰਨ ਲਈ ਵਾਧੂ ਪ੍ਰਯਾਸ ਕਰਨ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਵਾਗਤ ਕੀਤਾ।
ਦੋਵੇਂ ਨੇਤਾਵਾਂ ਨੇ ਆਰਥਿਕ ਅਤੇ ਕਾਰੋਬਾਰੀ ਅਵਸਰਾਂ ਨੂੰ ਵਧਾਉਣ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਮਝ ਨੂੰ ਬਿਹਤਰ ਕਰਨ ਵਿੱਚ ਟੂਰਿਜ਼ਮ ਦੀ ਭੂਮਿਕਾ ਨੂੰ ਸਵੀਕਾਰ ਕੀਤਾ।
ਰਣਨੀਤਕ ਸਾਂਝੇਦਾਰੀ ‘ਤੇ ਅਮਲ ਕਰਨ ਲਈ ਦੋਵੇਂ ਧਿਰਾਂ ਨੇ 2024 ਤੋਂ 2028 ਤੱਕ ਪੰਜ ਵਰ੍ਹੇ ਦੇ ਜੁਆਇੰਟ ਐਕਸ਼ਨ ਪਲਾਨ ‘ਤੇ ਸਹਿਮਤੀ ਜਤਾਈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਤੇ ਆਪਣੇ ਵਫਦ ਦੇ ਆਦਰ ਸਤਿਕਾਰ ਲਈ ਪੋਲੈਂਡ ਦੇ ਪ੍ਰਧਾਨ ਮੰਤਰੀ ਟਸਕ ਅਤੇ ਉੱਥੇ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਟਸਕ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।