ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2023 ਨੂੰ 77ਵੇਂ ਸੁਤੰਤਰਤਾ ਦਿਵਸ ’ਤੇ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ, “ਭਾਰਤ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਨਵੀਂ ਰਣਨੀਤਕ ਤਾਕਤ ਹਾਸਲ ਕੀਤੀ ਹੈ ਅਤੇ ਅੱਜ ਸਾਡੀਆਂ ਸੀਮਾਵਾਂ ਪਹਿਲਾਂ ਤੋਂ ਕਿਤੇ ਅਧਿਕ ਸੁਰੱਖਿਅਤ ਹਨ।” ਉਨ੍ਹਾਂ ਨੇ ਵਰਤਮਾਨ ਆਲਮੀ ਸੁਰੱਖਿਆ ਪਰਿਦ੍ਰਿਸ਼ ਦੇ ਦਰਮਿਆਨ ਰਾਸ਼ਟਰੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੇ ਅਟੁੱਟ ਸੰਕਲਪ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਸਸ਼ਕਤ ਅਤੇ ਯੁੱਧ ਦੇ ਲਈ ਤਿਆਰ ਰੱਖਣ ਵਾਸਤੇ ਕਈ ਮਿਲਿਟਰੀ ਸੁਧਾਰ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਭੀ ਜ਼ੋਰ ਦਿੱਤਾ ਕਿ ਦੇਸ਼ ਦੇ ਲੋਕ ਅੱਜ ਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਆਤੰਕਵਾਦੀ ਹਮਲਿਆਂ ਦੀ ਸੰਖਿਆ ਵਿੱਚ ਕਾਫੀ ਕਮੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਸ਼ਾਂਤੀਪੂਰਨ ਅਤੇ ਸੁਰੱਖਿਅਤ ਹੁੰਦਾ ਹੈ ਤਾਂ ਵਿਕਾਸ ਦੇ ਨਵੇਂ ਲਕਸ਼ ਹਾਸਲ ਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਵੰਨ ਰੈਂਕ ਵੰਨ ਪੈਨਸ਼ਨ ਯੋਜਨਾ (ਓਆਰਓਪੀ- OROP) ਦਾ ਭੀ ਜ਼ਿਕਰ ਕੀਤਾ, ਜੋ ਰੱਖਿਆ ਪੈਨਸ਼ਨਰਾਂ ਦੀ ਕਾਫੀ ਸਮੇਂ ਤੋਂ ਲੰਬਿਤ ਮੰਗ ਸੀ, ਜਿਸ ਨੂੰ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਲਾਗੂ ਕੀਤਾ ਸੀ। ਉਨ੍ਹਾਂ ਨੇ ਕਿਹਾ, “ਓਆਰਓਪੀ ਸਾਡੇ ਦੇਸ਼ ਦੇ ਸੈਨਿਕਾਂ ਦੇ ਸਨਮਾਨ ਦਾ ਵਿਸ਼ਾ ਸੀ। ਜਦੋਂ ਅਸੀਂ ਸੱਤਾ ਵਿੱਚ ਆਏ ਤਾਂ ਅਸੀਂ ਇਸ ਨੂੰ ਲਾਗੂ ਕੀਤਾ। ਅੱਜ ਸਾਬਕਾ-ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ 70,000 ਕਰੋੜ ਰੁਪਏ ਪਹੁੰਚਾਏ ਗਏ ਹਨ।”
ਪ੍ਰਧਾਨ ਮੰਤਰੀ ਨੇ ਸੀਮਾਵਾਂ ‘ਤੇ ਤੈਨਾਤ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜੋ ਦੇਸ਼ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਇਸ ਦੇ ਹਿਤਾਂ ਦੀ ਰੱਖਿਆ ਕਰਦੇ ਹਨ।