ਭਾਰਤ ਅਤੇ ਫਰਾਂਸ ਰਣਨੀਤਕ ਤੌਰ 'ਤੇ ਸਥਿਤ ਰੈਜ਼ੀਡੈਂਟ ਪਾਵਰਾਂ ਹਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਮਹੱਤਵਪੂਰਨ ਹਿੱਸੇਦਾਰੀ ਵਾਲੇ ਪ੍ਰਮੁੱਖ ਭਾਈਵਾਲ ਹਨ। ਹਿੰਦ ਮਹਾਸਾਗਰ ਵਿੱਚ ਭਾਰਤ-ਫਰਾਂਸੀਸੀ ਭਾਈਵਾਲੀ ਸਾਡੇ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਈ ਹੈ। 2018 ਵਿੱਚ, ਭਾਰਤ ਅਤੇ ਫਰਾਂਸ ਨੇ 'ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਦੇ ਸਾਂਝੇ ਰਣਨੀਤਕ ਵਿਜ਼ਨ' 'ਤੇ ਸਹਿਮਤੀ ਪ੍ਰਗਟਾਈ। ਅਸੀਂ ਹੁਣ ਪ੍ਰਸ਼ਾਂਤ ਖੇਤਰ ਵਿੱਚ ਆਪਣੇ ਸਾਂਝੇ ਯਤਨਾਂ ਦਾ ਵਿਸਤਾਰ ਕਰਨ ਲਈ ਤਿਆਰ ਹਾਂ।
ਸਾਡੇ ਦੋਵੇਂ ਦੇਸ਼ ਇੱਕ ਆਜ਼ਾਦ, ਖੁੱਲ੍ਹੇ, ਸਮਾਵੇਸ਼ੀ, ਸੁਰੱਖਿਅਤ ਅਤੇ ਸ਼ਾਂਤੀਪੂਰਨ ਇੰਡੋ-ਪੈਸੀਫਿਕ ਖੇਤਰ ਵਿੱਚ ਵਿਸ਼ਵਾਸ ਰੱਖਦੇ ਹਨ। ਸਾਡਾ ਸਹਿਯੋਗ ਸਾਡੇ ਆਪਣੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਨੂੰ ਸੁਰੱਖਿਅਤ ਕਰਨਾ; ਗਲੋਬਲ ਕਾਮਨਜ਼ ਤੱਕ ਬਰਾਬਰ ਅਤੇ ਬੇਰੋਕ ਪਹੁੰਚ ਨੂੰ ਯਕੀਨੀ ਬਣਾਉਣਾ; ਖੇਤਰ ਵਿੱਚ ਸਮ੍ਰਿੱਧੀ ਅਤੇ ਸਥਿਰਤਾ ਦੀ ਸਾਂਝੇਦਾਰੀ ਬਣਾਉਣਾ; ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮ ਨੂੰ ਅੱਗੇ ਵਧਾਉਣਾ; ਅਤੇ, ਖੇਤਰ ਅਤੇ ਇਸ ਤੋਂ ਬਾਹਰ ਦੇ ਹੋਰਾਂ ਨਾਲ ਕੰਮ ਕਰਦੇ ਹੋਏ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਆਦਰ ਨਾਲ, ਖੇਤਰ ਵਿੱਚ ਇੱਕ ਸੰਤੁਲਿਤ ਅਤੇ ਸਥਿਰ ਵਿਵਸਥਾ ਦਾ ਨਿਰਮਾਣ ਕਰਨਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਸਾਗਰ (SAGAR - ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ) ਦਾ ਵਿਜ਼ਨ ਅਤੇ ਫਰਾਂਸ ਦੀ ਇੰਡੋ ਪੈਸੀਫਿਕ ਰਣਨੀਤੀ ਵਿੱਚ ਦਰਸਾਏ ਗਏ ਸੁਰੱਖਿਆ ਅਤੇ ਸਹਿਯੋਗ ਦੇ ਰਾਸ਼ਟਰਪਤੀ ਮੈਕ੍ਰੋਂ ਦਾ ਵਿਜ਼ਨ ਕਾਫੀ ਹੱਦ ਤੱਕ ਮੇਲ ਖਾਂਦਾ ਹੈ। ਸਾਡਾ ਸਹਿਯੋਗ ਵਿਆਪਕ ਹੈ ਅਤੇ ਇਸ ਵਿੱਚ ਰੱਖਿਆ, ਸੁਰੱਖਿਆ, ਆਰਥਿਕ, ਕਨੈਕਟੀਵਿਟੀ, ਬੁਨਿਆਦੀ ਢਾਂਚਾ, ਸਥਿਰਤਾ ਅਤੇ ਮਾਨਵ ਕੇਂਦਰਿਤ ਵਿਕਾਸ ਸ਼ਾਮਲ ਹੈ।
ਸਾਡਾ ਦੁਵੱਲਾ ਸਹਿਯੋਗ ਸਾਡੀ ਆਪਸੀ ਸੁਰੱਖਿਆ ਨੂੰ ਅੱਗੇ ਵਧਾਉਂਦਾ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦਾ ਸਮਰਥਨ ਕਰਦਾ ਹੈ। ਸਾਡਾ ਸਹਿਯੋਗ ਸਮੁੰਦਰੀ ਤਲੇ ਤੋਂ ਪੁਲਾੜ ਤੱਕ ਫੈਲਿਆ ਹੋਇਆ ਹੈ। ਅਸੀਂ ਆਪਣੇ ਆਦਾਨ-ਪ੍ਰਦਾਨ ਨੂੰ ਡੂੰਘਾ ਕਰਨਾ ਜਾਰੀ ਰੱਖਾਂਗੇ, ਸਥਿਤੀ ਅਤੇ ਡੋਮੇਨ ਜਾਗਰੂਕਤਾ 'ਤੇ ਸਹਿਯੋਗ ਕਰਾਂਗੇ, ਪੂਰੇ ਖੇਤਰ ਵਿੱਚ ਸਮੁੰਦਰੀ ਸਹਿਯੋਗ ਨੂੰ ਤੇਜ਼ ਕਰਾਂਗੇ ਜਿਵੇਂ ਕਿ ਅਸੀਂ ਖੇਤਰ ਦੇ ਭਾਈਵਾਲ ਦੇਸ਼ਾਂ ਨਾਲ ਸੰਪਰਕ ਵਿੱਚ ਦੱਖਣੀ ਪੱਛਮੀ ਹਿੰਦ ਮਹਾਸਾਗਰ ਖੇਤਰ ਵਿੱਚ ਕਰਦੇ ਹਾਂ। ਅਸੀਂ ਮਿਲਟਰੀਆਂ ਦੇ ਜਲ ਸੈਨਾ ਦੌਰੇ ਵੀ ਵਧਾਵਾਂਗੇ ਅਤੇ ਭਾਰਤ ਵਿੱਚ ਰੱਖਿਆ ਉਦਯੋਗਿਕ ਸਮਰੱਥਾਵਾਂ ਦਾ ਵਿਕਾਸ ਕਰਾਂਗੇ ਅਤੇ ਸਾਂਝੇ ਤੌਰ 'ਤੇ ਦੂਸਰੇ ਦੇਸ਼ਾਂ ਦੀਆਂ ਜ਼ਰੂਰਤਾਂ ਦਾ ਸਮਰਥਨ ਕਰਾਂਗੇ। ਅਸੀਂ ਲਾ ਰੀਯੂਨੀਅਨ, ਨਿਊ ਕੈਲੇਡੋਨੀਆ ਅਤੇ ਫ੍ਰੈਂਚ ਪੋਲੀਨੇਸ਼ੀਆ ਦੇ ਫਰਾਂਸੀਸੀ ਵਿਦੇਸ਼ੀ ਖੇਤਰਾਂ ਅਤੇ ਇਸ ਖੇਤਰ ਅਤੇ ਇਸ ਤੋਂ ਬਾਹਰ ਦੇ ਹੋਰ ਦੇਸ਼ਾਂ ਦੇ ਨਾਲ ਤਾਲਮੇਲ ਵਿੱਚ ਆਪਣੇ ਵਿਆਪਕ ਸਹਿਯੋਗ ਨੂੰ ਵਿਕਸਿਤ ਕਰਨਾ ਜਾਰੀ ਰੱਖਾਂਗੇ।
ਅਸੀਂ ਅਫਰੀਕਾ, ਹਿੰਦ ਮਹਾਸਾਗਰ ਖੇਤਰ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਸਮੇਤ ਖੇਤਰ ਦੇ ਦੇਸ਼ਾਂ ਵਿੱਚ ਵਿਕਾਸ ਸਹਿਯੋਗ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਅਸੀਂ ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਆਪਣੇ ਬਹੁਪੱਖੀ ਪ੍ਰਬੰਧਾਂ ਨੂੰ ਮਜ਼ਬੂਤ ਕਰਾਂਗੇ ਅਤੇ ਖੇਤਰ ਵਿੱਚ ਨਵੇਂ ਪ੍ਰਬੰਧਾਂ ਦਾ ਨਿਰਮਾਣ ਕਰਾਂਗੇ। ਅਸੀਂ ਖੇਤਰੀ ਫੋਰਮਾਂ ਜਿਵੇਂ ਕਿ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ, ਇੰਡੀਅਨ ਓਸ਼ੀਅਨ ਨੇਵਲ ਸਿੰਪੋਜ਼ੀਅਮ, ਹਿੰਦ ਮਹਾਸਾਗਰ ਕਮਿਸ਼ਨ, ਜਿਬੂਟੀ ਕੋਡ ਆਵੑ ਕੰਡਕਟ, ਏਡੀਐੱਮਐੱਮ+ ਅਤੇ ਏਆਰਐੱਫ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਾਂਗੇ।
ਅਸੀਂ ਭਾਰਤ ਵਿੱਚ ਆਈਐੱਫਸੀ-ਆਈਓਆਰ, ਯੂਏਈ ਅਤੇ ਅਟਲਾਂਟਾ ਵਿੱਚ ਈਐੱਮਏਐੱਸਓਐੱਚ (EMASoH), ਸੇਸ਼ੇਲਸ ਵਿੱਚ ਆਰਸੀਓਸੀ, ਮੈਡਾਗਾਸਕਰ ਵਿੱਚ ਆਰਐੱਮਆਈਐੱਫਸੀ ਅਤੇ ਸਿੰਗਾਪੁਰ ਵਿੱਚ ਆਰਈਸੀਏਏਪੀ (ReCAAP) ਜ਼ਰੀਏ ਸਮੁੰਦਰੀ ਸੁਰੱਖਿਆ ਤਾਲਮੇਲ ਨੂੰ ਮਜ਼ਬੂਤ ਕਰਾਂਗੇ। ਫਰਾਂਸ ਕੰਬਾਈਨਡ ਮੈਰੀਟਾਈਮ ਫੋਰਸਿਜ਼ (ਸੀਐੱਮਐੱਫ) ਵਿੱਚ ਸ਼ਾਮਲ ਹੋਣ ਦੀ ਭਾਰਤ ਦੀ ਇੱਛਾ ਦਾ ਵੀ ਸਮਰਥਨ ਕਰਦਾ ਹੈ।
ਅਸੀਂ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਾਂਗੇ, ਜਿਸਦਾ ਉਦੇਸ਼ ਇਸ ਦੇ ਸੱਤ ਥੰਮ੍ਹਾਂ ਅਧੀਨ ਸਹਿਯੋਗੀ ਕਾਰਵਾਈਆਂ ਰਾਹੀਂ ਖੇਤਰ ਵਿੱਚ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨਾ ਹੈ। ਸਮੁੰਦਰੀ ਸੰਸਾਧਨਾਂ ਦੇ ਥੰਮ੍ਹ 'ਤੇ ਫਰਾਂਸ ਦੀ ਅਗਵਾਈ ਹੇਠ, ਅਸੀਂ ਸਮੁੰਦਰੀ ਸੰਸਾਧਨਾਂ ਦੇ ਟਿਕਾਊ ਵਿਕਾਸ ਲਈ ਇੱਕ ਈਕੋਸਿਸਟਮ ਬਣਾਉਣ ਅਤੇ ਆਈਯੂਯੂ ਫਿਸ਼ਿੰਗ ਜਿਹੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਦੋਵਾਂ ਪਾਸਿਆਂ ਦੁਆਰਾ ਵੱਖ-ਵੱਖ ਦੁਵੱਲੇ, ਖੇਤਰੀ ਅਤੇ ਗਲੋਬਲ ਪਹਿਲਾਂ ਦੇ ਨਾਲ ਅਤੇ ਅਧੀਨ ਵਿਹਾਰਕ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਾਂਗੇ।
ਭਾਰਤ ਅਤੇ ਫਰਾਂਸ ਨੇ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਸ਼ੁਰੂਆਤ ਕੀਤੀ ਅਤੇ ਖੇਤਰ ਵਿੱਚ ਅਖੁੱਟ ਊਰਜਾ ਦੀ ਤੈਨਾਤੀ ਲਈ ਪ੍ਰਤੀਬੱਧ ਹਨ। ਉਹ ਇਹ ਵੀ ਪ੍ਰਸਤਾਵ ਕਰ ਰਹੇ ਹਨ ਕਿ ਖੇਤਰ ਵਿੱਚ ਸਟਾਰਟ-ਅੱਪ ਸੋਲਰ ਐਕਸ ਚੈਲੇਂਜ ਪ੍ਰੋਜੈਕਟ ਤੋਂ ਲਾਭ ਪ੍ਰਾਪਤ ਕਰਨ।
ਭਾਰਤ ਅਤੇ ਫਰਾਂਸ ਇੰਡੋ-ਪੈਸੀਫਿਕ ਪਾਰਕਸ ਪਾਰਟਨਰਸ਼ਿਪ ਨੂੰ ਲਾਗੂ ਕਰਨਾ ਜਾਰੀ ਰੱਖ ਰਹੇ ਹਨ ਅਤੇ ਖਾਸ ਤੌਰ 'ਤੇ ਪ੍ਰਸ਼ਾਂਤ ਰਾਜਾਂ ਦੇ ਉਦੇਸ਼ ਨਾਲ ਮੈਂਗਰੋਵ ਸੰਭਾਲ਼ ਪਹਿਲਾਂ ਦਾ ਸਮਰਥਨ ਕਰ ਰਹੇ ਹਨ।
ਦੋਵੇਂ ਧਿਰਾਂ ਭਾਰਤ-ਫਰਾਂਸ ਇੰਡੋ-ਪੈਸੀਫਿਕ ਤਿਕੋਣੇ ਵਿਕਾਸ ਸਹਿਯੋਗ ਫੰਡ ਨੂੰ ਅੰਤਿਮ ਰੂਪ ਦੇਣ 'ਤੇ ਕੰਮ ਕਰਨਗੇ। ਆਪਦਾ ਲਚੀਲੇ ਬੁਨਿਆਦੀ ਢਾਂਚੇ ਲਈ ਗੱਠਜੋੜ ਵਿੱਚ ਸਾਡੀ ਭਾਈਵਾਲੀ ਖੇਤਰ ਦੇ ਲੋਕਾਂ, ਖਾਸ ਕਰਕੇ ਛੋਟੇ ਟਾਪੂ ਰਾਜਾਂ ਵਿੱਚ, ਇੱਕ ਵਧੇਰੇ ਲਚੀਲਾ ਅਤੇ ਟਿਕਾਊ ਭਵਿੱਖ ਬਣਾਉਣ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ, ਫਰਾਂਸ ਨੇ ਕੇਆਈਡਬਲਿਊਏ ਪਹਿਲ ਵਿੱਚ ਸ਼ਾਮਲ ਹੋਣ ਲਈ ਭਾਰਤ ਨੂੰ ਸੱਦਾ ਦਿੱਤਾ, ਇੱਕ ਬਹੁ-ਦਾਨੀ ਪ੍ਰੋਗਰਾਮ ਜੋ ਕਿ ਠੋਸ ਪ੍ਰੋਜੈਕਟਾਂ ਲਈ ਸਰਲ ਵਿੱਤੀ ਸਹਾਇਤਾ ਦੁਆਰਾ ਪ੍ਰਸ਼ਾਂਤ ਵਿੱਚ ਜਲਵਾਯੂ ਪਰਿਵਰਤਨ ਅਤੇ ਜੈਵ ਵਿਵਿਧਤਾ ਦੀ ਸੰਭਾਲ਼ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਭਾਰਤ ਅਤੇ ਫਰਾਂਸ ਭਾਰਤ-ਪ੍ਰਸ਼ਾਂਤ ਲਈ ਇੰਡੋ-ਫ੍ਰੈਂਚ ਹੈਲਥ ਕੈਂਪਸ ਸਥਾਪਿਤ ਕਰਨ ਲਈ ਕੰਮ ਕਰਨਗੇ, ਜਿਸ ਦਾ ਉਦੇਸ਼ ਇਸ ਨੂੰ ਖੋਜ ਅਤੇ ਅਕਾਦਮਿਕ ਖੇਤਰ ਲਈ ਇੱਕ ਖੇਤਰੀ ਕੇਂਦਰ ਬਣਾਉਣਾ ਹੈ। ਹਿੰਦ ਮਹਾਸਾਗਰ ਵਿੱਚ ਅਨੁਭਵ ਦੇ ਅਧਾਰ 'ਤੇ, ਅਸੀਂ ਪ੍ਰਸ਼ਾਂਤ ਟਾਪੂ ਨਾਗਰਿਕਾਂ ਲਈ ਕੈਂਪਸ ਖੋਲ੍ਹਣ ਬਾਰੇ ਵਿਚਾਰ ਕਰ ਸਕਦੇ ਹਾਂ।
ਸਾਡਾ ਮੰਨਣਾ ਹੈ ਕਿ ਭਾਰਤ-ਫਰਾਂਸ ਭਾਈਵਾਲੀ ਇੰਡੋ ਪੈਸੀਫਿਕ ਖੇਤਰ ਵਿੱਚ ਆਪਸ ਵਿੱਚ ਜੁੜੀ ਅਤੇ ਇੰਟਰਸੈਕਟਿੰਗ ਵਿਵਸਥਾ ਦਾ ਇੱਕ ਮਹੱਤਵਪੂਰਨ ਥੰਮ੍ਹ ਹੋਵੇਗੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਲਈ ਇੱਕ ਸ਼ਾਂਤੀਪੂਰਨ ਅਤੇ ਸਮ੍ਰਿੱਧ ਭਵਿੱਖ ਲਈ ਲਾਜ਼ਮੀ ਹੋਵੇਗੀ।