ਅਸੀਂ, ਭਾਰਤ, ਬ੍ਰਾਜ਼ੀਲ, ਦੱਖਣ ਅਫਰੀਕਾ ਅਤੇ ਅਮਰੀਕਾ ਦੇ ਨੇਤਾਵਾਂ ਨੇ ਆਪਣੇ ਸਾਂਝੇ ਵਿਸ਼ਵ ਦੇ ਲਈ ਸਮਾਧਾਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦੇ ਪ੍ਰਮੁੱਖ ਮੰਚ ਦੇ ਰੂਪ ਵਿੱਚ ਜੀ20 ਦੇ ਪ੍ਰਤੀ ਸਾਡੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨ ਦੇ ਲਈ ਨਵੀਂ ਦਿੱਲੀ ਵਿੱਚ ਜੀ20 ਨੇਤਾਵਾਂ ਦੇ ਸਮਿਟ ਦੇ ਅਵਸਰ ‘ਤੇ ਮੁਲਾਕਾਤ ਕੀਤੀ।
ਜੀ20 ਦੀ ਵਰਤਮਾਨ ਅਤੇ ਅਗਲੀਆਂ ਤਿੰਨ ਪ੍ਰੈਜ਼ੀਡੈਂਸੀਆਂ (ਪ੍ਰਧਾਨਗੀਆਂ) ਦੇ ਰੂਪ ਵਿੱਚ ਅਸੀਂ ਆਲਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਇਤਿਹਾਸਿਕ ਪ੍ਰਗਤੀ ‘ਤੇ ਅੱਗੇ ਕੰਮ ਕਰਾਂਗੇ। ਇਸ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਸ਼ਵ ਬੈਂਕ ਦੇ ਪ੍ਰਧਾਨ ਦੇ ਨਾਲ, ਅਸੀਂ ਬਿਹਤਰ, ਬੜੇ ਅਤੇ ਅਧਿਕ ਪ੍ਰਭਾਵੀ ਬਹੁਪੱਖੀ ਵਿਕਾਸ ਬੈਂਕਾਂ ਦੇ ਨਿਰਮਾਣ ਦੇ ਪ੍ਰਤੀ ਜੀ20 ਦੀ ਪ੍ਰਤੀਬੱਧਤਾ ਦਾ ਸੁਆਗਤ ਕਰਦੇ ਹਾਂ। ਬਿਹਤਰ ਭਵਿੱਖ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਆਪਣੇ ਲੋਕਾਂ ਨੂੰ ਸਮਰਥਨ ਦੇਣ ਦੇ ਲਈ, ਇਹ ਪ੍ਰਤੀਬੱਧਤਾ ਉਨ੍ਹਾਂ ਕਾਰਜਾਂ ‘ਤੇ ਜ਼ੋਰ ਦਿੰਦੀ ਹੈ ਜੋ ਜੀ20 ਦੇ ਮਾਧਿਅਮ ਨਾਲ ਇਕੱਠੇ ਮਿਲ ਕੇ ਕੀਤੇ ਜਾ ਸਕਦੇ ਹਨ।