Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੰਯੁਕਤ ਬਿਆਨ: ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਯਾਤਰਾ (13-14 ਫਰਵਰੀ, 2024)
February 14, 2024

ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ, ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਫਰਵਰੀ, 2024 ਨੂੰ ਅਬੂ ਧਾਬੀ ਵਿੱਚ ਮੁਲਾਕਾਤ ਕੀਤੀ। ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸੁਆਗਤ ਕੀਤਾ ਅਤੇ 14 ਫਰਵਰੀ, 2024 ਨੂੰ ਦੁਬਈ ਵਿੱਚ ਵਰਲਡ ਗਵਰਨਮੈਂਟ ਸਮਿਟ 2024 ਵਿੱਚ ਬੋਲਣ ਦੇ ਸੱਦੇ ਨੂੰ ਸਵੀਕਾਰ ਕਰਨ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ।

ਦੋਵਾਂ ਨੇਤਾਵਾਂ ਨੇ ਰੇਖਾਂਕਿਤ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਿਛਲੇ ਨੌਂ ਵਰ੍ਹਿਆਂ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਇਹ ਸੱਤਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਨੇ ਆਖਰੀ ਵਾਰ 1 ਦਸੰਬਰ, 2023 ਨੂੰ ਦੁਬਈ ਵਿੱਚ ਯੂਐੱਨਐੱਫਸੀਸੀਸੀ ਸੀਓਪੀ28 (UNFCCC COP28) ਕਾਨਫਰੰਸ ਵਿੱਚ ਹਿੱਸਾ ਲੈਣ ਲਈ ਯੂਏਈ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰੇ ਦੌਰਾਨ, ਭਾਰਤ ਨੇ "ਸੀਓਪੀ ਫੌਰ ਐਕਸ਼ਨ" ਦੀ ਅਗਵਾਈ ਕਰਨ ਅਤੇ "ਯੂਏਈ ਸਹਿਮਤੀ" 'ਤੇ ਪਹੁੰਚਣ ਲਈ ਸੀਓਪੀ28 ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸੀਓਪੀ28 ਪ੍ਰੈਜ਼ੀਡੈਂਸੀ ਦੇ "ਟ੍ਰਾਂਸਫਾਰਮਿੰਗ ਕਲਾਇਮੇਟ ਫਾਇਨੈਂਸ" ਵਿਸ਼ੇ 'ਤੇ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਦੇ ਨਾਲ ਮਿਲ ਕੇ, ਸਮਿਟ ਤੋਂ ਇਲਾਵਾ 'ਗ੍ਰੀਨ ਕ੍ਰੈਡਿਟ ਪ੍ਰੋਗਰਾਮ' 'ਤੇ ਉੱਚ-ਪੱਧਰੀ ਸਮਾਗਮ ਦੀ ਸਹਿ-ਮੇਜ਼ਬਾਨੀ ਕੀਤੀ। ਨੇਤਾਵਾਂ ਨੇ ਪਿਛਲੇ ਅੱਠ ਵਰ੍ਹਿਆਂ ਵਿੱਚ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਭਾਰਤ ਦੇ ਚਾਰ ਦੌਰਿਆਂ ਨੂੰ ਭੀ ਉਜਾਗਰ ਕੀਤਾ, ਜਿਨ੍ਹਾਂ ਵਿੱਚੋਂ ਸਭ ਤੋਂ ਤਾਜ਼ਾ ਯਾਤਰਾ 9-10 ਜਨਵਰੀ, 2024 ਨੂੰ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਸੰਸਕਰਣ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਲਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਨਿਵੇਸ਼ ਸਹਿਯੋਗ 'ਤੇ ਕਈ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ।

ਦੋਵਾਂ ਨੇਤਾਵਾਂ ਨੇ ਭਾਰਤ-ਸੰਯੁਕਤ ਅਰਬ ਅਮੀਰਾਤ (ਯੂਏਈ) ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ, ਜਿਸ ਨੂੰ 2017 ਵਿੱਚ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੀ ਭਾਰਤ ਫੇਰੀ ਦੌਰਾਨ ਰਸਮੀ ਤੌਰ 'ਤੇ ਵਿਆਪਕ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਿਆ ਗਿਆ ਸੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਹਾਸਲ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ, ਨੋਟ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਪਿਛਲੇ ਵਰ੍ਹਿਆਂ ਦੌਰਾਨ ਮਹੱਤਵਪੂਰਨ ਤੌਰ 'ਤੇ ਵਧ ਰਹੀ ਹੈ।

ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਮਨਲਿਖਤ ਦਾ ਅਦਾਨ-ਪ੍ਰਦਾਨ ਦੇਖਿਆ:

I. ਦੁਵੱਲੀ ਨਿਵੇਸ਼ ਸੰਧੀ।

II. ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ (ਆਈਐੱਮਈਈਸੀ) 'ਤੇ ਅੰਤਰ-ਸਰਕਾਰੀ ਫ੍ਰੇਮਵਰਕ ਸਮਝੌਤਾ।

III. ਡਿਜੀਟਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ 'ਤੇ ਸਹਿਯੋਗ ਲਈ ਸਹਿਮਤੀ ਪੱਤਰ।

IV. ਬਿਜਲੀ ਇੰਟਰਕਨੈਕਸ਼ਨ ਅਤੇ ਵਪਾਰ ਦੇ ਖੇਤਰ ਵਿੱਚ ਸਹਿਮਤੀ ਪੱਤਰ।

V. ਗੁਜਰਾਤ ਵਿਖੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ, ਲੋਥਲ ਨਾਲ ਸਹਿਯੋਗ ਲਈ ਸਹਿਮਤੀ ਪੱਤਰ।

VI. ਯੂਏਈ ਦੀ ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼ ਅਤੇ ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ ਦਰਮਿਆਨ ਸਹਿਯੋਗ ਪ੍ਰੋਟੋਕੋਲ।

VII. ਤਤਕਾਲ ਭੁਗਤਾਨ ਪਲੇਟਫਾਰਮ - ਯੂਪੀਆਈ (ਭਾਰਤ) ਅਤੇ ਏਏਐੱਨਆਈ (ਯੂਏਈ) ਨੂੰ ਆਪਸ ਵਿੱਚ ਜੋੜਨ ਲਈ ਸਮਝੌਤਾ।

VIII. ਘਰੇਲੂ ਡੈਬਿਟ/ਕ੍ਰੈਡਿਟ ਕਾਰਡਾਂ – ਜਯਵਾਨ (ਯੂਏਈ) ਨਾਲ ਰੁਪੇ (ਭਾਰਤ) ਨੂੰ ਇੰਟਰ-ਲਿੰਕ ਕਰਨ 'ਤੇ ਸਮਝੌਤਾ।

ਯਾਤਰਾ ਤੋਂ ਪਹਿਲਾਂ, ਆਰਆਈਟੀਈਐੱਸ ਲਿਮਿਟਿਡ (RITES Limited) ਨੇ ਅਬੂ ਧਾਬੀ ਪੋਰਟਸ ਕੰਪਨੀ ਅਤੇ ਗੁਜਰਾਤ ਮੈਰੀਟਾਈਮ ਬੋਰਡ ਨਾਲ ਸਮਝੌਤਾ ਕੀਤਾ। ਇਹ ਬੰਦਰਗਾਹ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਦਦ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਸੰਪਰਕ ਨੂੰ ਹੋਰ ਵਧਾਉਣਗੇ।

ਦੋਵਾਂ ਨੇਤਾਵਾਂ ਨੇ ਮਜ਼ਬੂਤ ਆਰਥਿਕ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪੜਚੋਲ ਕਰਨ ਲਈ ਦੋਵਾਂ ਪਾਸਿਆਂ ਦੇ ਯਤਨਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ 1 ਮਈ, 2022 ਨੂੰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੇ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ)-ਭਾਰਤ ਵਪਾਰਕ ਸਬੰਧਾਂ ਵਿੱਚ ਦੇਖੇ ਗਏ ਮਜ਼ਬੂਤ ਵਾਧੇ ਦਾ ਸੁਆਗਤ ਕੀਤਾ। ਨਤੀਜੇ ਵਜੋਂ, ਯੂਏਈ ਸਾਲ 2022 -23 ਲਈ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਭਾਰਤ ਦਾ ਦੂਜਾ ਸਭ ਤੋਂ ਬੜਾ ਨਿਰਯਾਤ ਸਥਾਨ ਹੈ। ਭਾਰਤ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੂਸਰਾ ਸਭ ਤੋਂ ਬੜਾ ਵਪਾਰਕ ਭਾਈਵਾਲ ਹੈ, ਜਿਸ ਦਾ ਦੁਵੱਲਾ ਵਪਾਰ 2022-23 ਵਿੱਚ 85 ਬਿਲੀਅਨ ਡਾਲਰ ਤੱਕ ਵਧ ਗਿਆ ਹੈ। ਇਸ ਸਬੰਧ ਵਿੱਚ, ਨੇਤਾਵਾਂ ਨੇ ਸਾਲ 2030 ਦੇ ਟੀਚੇ ਤੋਂ ਪਹਿਲਾਂ ਦੁਵੱਲੇ ਵਪਾਰ ਨੂੰ 100 ਬਿਲੀਅਨ ਅਮਰੀਕੀ ਡਾਲਰ ਤੱਕ ਵਧਾਉਣ ਲਈ ਉਮੀਦ ਜ਼ਾਹਰ ਕੀਤੀ। ਦੋਵਾਂ ਨੇਤਾਵਾਂ ਨੇ ਯੂਏਈ-ਭਾਰਤ ਸੀਈਪੀਏ ਕੌਂਸਲ (ਯੂਆਈਸੀਸੀ) ਦੇ ਰਸਮੀ ਉਦਘਾਟਨ ਨੂੰ ਵੀ ਸਵੀਕਾਰ ਕੀਤਾ, ਜੋ ਕਿ ਦੁਵੱਲੀ ਵਪਾਰਕ ਸਾਂਝੇਦਾਰੀ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ।

ਨੇਤਾਵਾਂ ਨੇ ਨੋਟ ਕੀਤਾ ਕਿ ਦੁਵੱਲੀ ਨਿਵੇਸ਼ ਸੰਧੀ ਦੋਵਾਂ ਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ਾਂ ਨੂੰ ਅੱਗੇ ਵਧਾਉਣ ਲਈ ਇੱਕ ਪ੍ਰਮੁੱਖ ਸਮਰਥਕ ਹੋਵੇਗੀ। ਸੰਯੁਕਤ ਅਰਬ ਅਮੀਰਾਤ (ਯੂਏਈ) 2023 ਵਿੱਚ ਭਾਰਤ ਵਿੱਚ ਚੌਥਾ ਸਭ ਤੋਂ ਬੜਾ ਨਿਵੇਸ਼ਕ ਵੀ ਸੀ ਅਤੇ ਸਮੁੱਚੇ ਤੌਰ 'ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਸੱਤਵਾਂ ਸਭ ਤੋਂ ਬੜਾ ਸਰੋਤ ਸੀ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਨੇ ਦੋ-ਪੱਖੀ ਨਿਵੇਸ਼ ਸੰਧੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਦੋਵਾਂ 'ਤੇ ਹਸਤਾਖਰ ਕੀਤੇ ਹਨ, ਜੋ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਆਰਥਿਕ ਸਬੰਧਾਂ ਦੀ ਵਿਲੱਖਣਤਾ ਅਤੇ ਡੂੰਘਾਈ ਨੂੰ ਦਰਸਾਉਂਦਾ ਹੈ।

ਨੇਤਾਵਾਂ ਨੇ ਆਲਮੀ ਆਰਥਿਕ ਖੁਸ਼ਹਾਲੀ ਅਤੇ ਲਚਕੀਲੇਪਣ ਨੂੰ ਉਤਸ਼ਾਹਤ ਕਰਨ ਲਈ ਇੱਕ ਚੰਗੀ ਤਰ੍ਹਾਂ ਸੰਚਾਲਿਤ ਅਤੇ ਸਮਾਨ ਬਹੁਪੱਖੀ ਵਪਾਰ ਪ੍ਰਣਾਲੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਇੱਕ ਸਾਰਥਕ ਪ੍ਰਾਪਤੀ ਲਈ 26 ਤੋਂ 29 ਫਰਵਰੀ 2024 ਨੂੰ ਅਬੂ ਧਾਬੀ ਵਿੱਚ ਹੋਣ ਵਾਲੀ 13ਵੀਂ ਡਬਲਿਊਟੀਓ ਮੰਤਰੀ ਪੱਧਰੀ ਕਾਨਫਰੰਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਦਾ ਨਤੀਜਾ ਸਾਰੇ ਵਿਸ਼ਸ਼ਵ ਵਪਾਰ ਸੰਗਠਨ (ਡਬਲਿਊਟੀਓ) ਮੈਂਬਰਾਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ ਅਤੇ ਨਿਯਮਾਂ-ਅਧਾਰਿਤ ਵਪਾਰ ਵਿਵਸਥਾ ਨੂੰ ਮਜ਼ਬੂਤ ਕਰਦਾ ਹੈ।

ਨੇਤਾਵਾਂ ਨੇ ਜੇਬਲ ਅਲੀ ਵਿਖੇ ਭਾਰਤ ਮਾਰਟ ਬਣਾਉਣ ਦੇ ਫ਼ੈਸਲੇ ਦਾ ਸੁਆਗਤ ਕੀਤਾ, ਜੋ ਕਿ ਦੁਵੱਲੇ ਵਪਾਰ ਨੂੰ ਅੱਗੇ ਵਧਾਏਗਾ ਅਤੇ ਜੇਬਲ ਅਲੀ ਬੰਦਰਗਾਹ ਦੀ ਰਣਨੀਤਕ ਸਥਿਤੀ ਦਾ ਲਾਭ ਉਠਾ ਕੇ ਸੀਈਪੀਏ ਦੀ ਵਰਤੋਂ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਨੋਟ ਕੀਤਾ ਕਿ ਭਾਰਤ ਮਾਰਟ ਭਾਰਤ ਦੇ ਸੂਖਮ, ਲਘੂ ਅਤੇ ਦਰਮਿਆਨੇ ਖੇਤਰ ਦੇ ਉਦਯੋਗਾਂ ਨੂੰ ਅੰਤਰਰਾਸ਼ਟਰੀ ਖਰੀਦਦਾਰਾਂ ਤੱਕ ਪਹੁੰਚਣ ਅਤੇ ਮੱਧ ਪੂਰਬ, ਅਫਰੀਕਾ ਅਤੇ ਯੂਰੇਸ਼ੀਆ ਵਿੱਚ ਆਪਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਪ੍ਰਦਾਨ ਕਰਕੇ ਸਮਰਥਨ ਕਰੇਗਾ।

ਆਗੂਆਂ ਨੇ ਵਿੱਤੀ ਖੇਤਰ ਵਿੱਚ ਆਰਥਿਕ ਰੁਝੇਵਿਆਂ ਨੂੰ ਡੂੰਘਾ ਕਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਕੇਂਦਰੀ ਬੈਂਕ ਨਾਲ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ (ਐੱਨਪੀਸੀਆਈ) ਦੁਆਰਾ ਸਾਂਝੇ ਕੀਤੇ ਡਿਜੀਟਲ ਰੂਪੇ ਸਟੈਕ ਦਾ ਲਾਭ ਉਠਾਉਂਦੇ ਹੋਏ, ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਘਰੇਲੂ ਕਾਰਡ ਸਕੀਮ ਜਯਵਾਨ (JAYWAN) ਦੀ ਸ਼ੁਰੂਆਤ ਲਈ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਾਸ਼ਟਰੀ ਭੁਗਤਾਨ ਪਲੈਟਫਾਰਮਾਂ - ਯੂਪੀਆਈ (ਭਾਰਤ) ਅਤੇ ਏਏਐੱਨਆਈ (ਯੂਏਈ) ਨੂੰ ਆਪਸ ਵਿੱਚ ਜੋੜਨ ਦੇ ਸਮਝੌਤੇ ਦਾ ਭੀ ਸੁਆਗਤ ਕੀਤਾ, ਜੋ ਕਿ ਦੋਵਾਂ ਦੇਸ਼ਾਂ ਦਰਮਿਆਨ ਲੈਣ-ਦੇਣ ਦੀ ਸਹਿਜ ਅੰਤਰ-ਸਰਹੱਦ ਸੁਵਿਧਾ ਦੇਵੇਗਾ।

ਦੋਵਾਂ ਨੇਤਾਵਾਂ ਨੇ ਊਰਜਾ ਖੇਤਰ ਵਿੱਚ ਆਪਣੀ ਦੁਵੱਲੀ ਭਾਈਵਾਲੀ ਨੂੰ ਵਧਾਉਣ ਦੇ ਢੰਗ-ਤਰੀਕਿਆਂ 'ਤੇ ਚਰਚਾ ਕੀਤੀ, ਜਿਸ ਵਿੱਚ ਤੇਲ, ਗੈਸ ਅਤੇ ਅਖੁੱਟ ਊਰਜਾ ਸ਼ਾਮਲ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਏਡੀਐੱਨਓਸੀ (ADNOC) ਗੈਸ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਅਤੇ ਗੈਸ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਗੇਲ) ਦਰਮਿਆਨ ਕ੍ਰਮਵਾਰ 1.2 ਐੱਮਐੱਮਟੀਪੀਏ ਅਤੇ 0.5 ਐੱਮਐੱਮਟੀਪੀਏ ਲਈ ਦੋ ਨਵੇਂ ਲੰਬੇ ਸਮੇਂ ਦੇ ਐੱਲਐੱਨਜੀ ਸਪਲਾਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣ ਨੂੰ ਸਵੀਕਾਰ ਕੀਤਾ। ਇਹ ਸਮਝੌਤੇ ਦੋਵਾਂ ਦੇਸ਼ਾਂ ਦਰਮਿਆਨ ਊਰਜਾ ਭਾਈਵਾਲੀ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ ਅਤੇ ਦੋਵਾਂ ਨੇਤਾਵਾਂ ਨੇ ਕੰਪਨੀਆਂ ਨੂੰ ਅਜਿਹੇ ਹੋਰ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਦੋਵੇਂ ਧਿਰਾਂ ਹਾਇਡ੍ਰੋਜਨ, ਸੌਰ ਊਰਜਾ ਅਤੇ ਗ੍ਰਿੱਡ ਕਨੈਕਟੀਵਿਟੀ ਵਿੱਚ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਈਆਂ।

ਨੇਤਾਵਾਂ ਨੇ ਸਵੀਕਾਰ ਕੀਤਾ ਕਿ ਬਿਜਲੀ ਇੰਟਰਕਨੈਕਸ਼ਨ ਅਤੇ ਵਪਾਰ ਦੇ ਖੇਤਰ ਵਿੱਚ ਅੱਜ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਊਰਜਾ ਸਹਿਯੋਗ ਦੇ ਇੱਕ ਨਵੇਂ ਖੇਤਰ ਨੂੰ ਖੋਲ੍ਹਿਆ ਹੈ, ਜੋ ਗ੍ਰੀਨ ਗ੍ਰਿੱਡ - ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ (ਓਐੱਸਓਡਬਲਿਊਓਜੀ-OSOWOG) ਪਹਿਲਕਦਮੀ ਨੂੰ ਵੀ ਸੁਰਜੀਤ ਕਰੇਗਾ, ਜਿਸ ਨੂੰ ਸੀਓਪੀ26 ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਊਰਜਾ ਸਹਿਯੋਗ ਅਤੇ ਸੰਪਰਕ ਨੂੰ ਹੋਰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਬੂ ਧਾਬੀ ਵਿੱਚ ਬੀਏਪੀਐੱਸ ਮੰਦਿਰ ਦੇ ਨਿਰਮਾਣ ਲਈ ਜ਼ਮੀਨ ਦੇਣ ਵਿੱਚ ਉਨ੍ਹਾਂ ਦੀ ਨਿੱਜੀ ਸਹਾਇਤਾ ਲਈ ਅਤੇ ਉਨ੍ਹਾਂ ਦੀ ਦਿਆਲਤਾ ਲਈ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦਾ ਧੰਨਵਾਦ ਕੀਤਾ। ਦੋਵਾਂ ਧਿਰਾਂ ਨੇ ਨੋਟ ਕੀਤਾ ਕਿ ਬੀਏਪੀਐੱਸ ਮੰਦਰ ਯੂਏਈ-ਭਾਰਤ ਦੀ ਦੋਸਤੀ ਦਾ ਜਸ਼ਨ ਹੈ, ਦੋਹਾਂ ਦੇਸ਼ਾਂ ਨੂੰ ਇਕਜੁੱਟ ਕਰਨ ਵਾਲਾ ਡੂੰਘਾ ਸੱਭਿਆਚਾਰਕ ਬੰਧਨ ਅਤੇ ਯੂਏਈ ਦੀ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਪ੍ਰਤੀ ਵਿਸ਼ਵ ਵਚਨਬੱਧਤਾ ਦਾ ਵੀ ਇੱਕ ਸਰੂਪ ਹੈ।

ਦੋਵਾਂ ਨੇਤਾਵਾਂ ਨੇ ਨੋਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਪੁਰਾਲੇਖਾਂ ਦਰਮਿਆਨ ਸਹਿਯੋਗ ਪ੍ਰੋਟੋਕੋਲ ਅਤੇ ਲੋਥਲ, ਗੁਜਰਾਤ ਵਿਖੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਨਾਲ ਸਹਿਯੋਗ ਲਈ ਸਮਝੌਤਾ ਭਾਰਤ-ਯੂਏਈ ਸਬੰਧਾਂ ਦੀਆਂ ਸਦੀਆਂ ਪੁਰਾਣੀਆਂ ਜੜ੍ਹਾਂ ਨੂੰ ਬਹਾਲ ਕਰਨ ਅਤੇ ਸਾਂਝੇ ਇਤਿਹਾਸ ਦੇ ਖਜ਼ਾਨੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ।

ਦੋਵਾਂ ਨੇਤਾਵਾਂ ਨੇ ਅਬੂ ਧਾਬੀ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦਿੱਲੀ ਦੁਆਰਾ ਊਰਜਾ ਪਰਿਵਰਤਨ ਅਤੇ ਸਥਿਰਤਾ ਵਿੱਚ ਪਹਿਲੇ ਮਾਸਟਰ ਪ੍ਰੋਗਰਾਮ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ, ਜੋ ਮੱਧ ਪੂਰਬ ਵਿੱਚ ਪਹਿਲਾ ਆਈਆਈਟੀ ਹੈ। ਉਨ੍ਹਾਂ ਨੇ ਉੱਨਤ ਤਕਨੀਕਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਟਿਕਾਊ ਊਰਜਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਿੱਖਿਆ ਅਤੇ ਖੋਜ ਵਿੱਚ ਸਹਿਯੋਗ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਦੋਵਾਂ ਨੇਤਾਵਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ)-ਇੰਡੀਆ ਕਲਚਰ ਕੌਂਸਲ ਫੋਰਮ ਦੀ ਸਥਾਪਨਾ ਅਤੇ ਦੋਵਾਂ ਪਾਸਿਆਂ ਤੋਂ ਕੌਂਸਲ ਦੀ ਮੈਂਬਰਸ਼ਿਪ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਡੂੰਘੀ ਆਪਸੀ ਸਮਝ ਨੂੰ ਆਕਾਰ ਦੇਣ ਵਿੱਚ ਸੱਭਿਆਚਾਰਕ ਅਤੇ ਗਿਆਨ ਕੂਟਨੀਤੀ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਜੋ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਉਂਦਾ ਹੈ।

ਨੇਤਾਵਾਂ ਨੇ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ (ਆਈਐੱਮਈਈਸੀ) 'ਤੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦਰਮਿਆਨ ਅੰਤਰ-ਸਰਕਾਰੀ ਢਾਂਚੇ ਦੀ ਸਿਰਜਣਾ ਲਈ ਸਹਿਮਤੀ ਪੱਤਰ ਦਾ ਸੁਆਗਤ ਕੀਤਾ, ਜੋ ਖੇਤਰੀ ਸੰਪਰਕ ਨੂੰ ਅੱਗੇ ਵਧਾਉਣ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਭਾਰਤ ਦੀ ਅਗਵਾਈ ਨੂੰ ਦਰਸਾਉਂਦਾ ਹੈ। ਫਰੇਮਵਰਕ ਦੇ ਮੁੱਖ ਤੱਤਾਂ ਵਿੱਚ ਇੱਕ ਡਿਜੀਟਲ ਈਕੋਸਿਸਟਮ ਸਮੇਤ ਅਤੇ ਆਈਐੱਮਈਈਸੀ ਨੂੰ ਸਮਰੱਥ ਬਣਾਉਣ ਲਈ ਹਰ ਕਿਸਮ ਦੇ ਆਮ ਕਾਰਗੋ, ਬਲਕ, ਕੰਟੇਨਰਾਂ ਅਤੇ ਤਰਲ ਬਲਕ ਨੂੰ ਸੰਭਾਲਣ ਲਈ ਸਪਲਾਈ ਚੇਨਾਂ ਦੀਆਂ ਸੇਵਾਵਾਂ ਦੀ ਵਿਵਸਥਾ ਸਮੇਤ ਇੱਕ ਲੌਜਿਸਟਿਕ ਪਲੈਟਫਾਰਮ ਦਾ ਵਿਕਾਸ ਅਤੇ ਪ੍ਰਬੰਧਨ ਸ਼ਾਮਲ ਹੈ। ਇਹ ਆਈਐੱਮਈਈਸੀ ਪਹਿਲ ਦੇ ਤਹਿਤ ਪਹਿਲਾ ਸਮਝੌਤਾ ਹੋਵੇਗਾ, ਜੋ ਨਵੀਂ ਦਿੱਲੀ ਵਿੱਚ ਜੀ20 ਲੀਡਰਸ ਸਮਿਟ ਦੇ ਨਾਲ-ਨਾਲ ਸ਼ੁਰੂ ਕੀਤਾ ਗਿਆ ਹੈ।

ਨੇਤਾਵਾਂ ਨੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਨਿਵੇਸ਼ ਸਹਿਯੋਗ ਦੀ ਸਾਂਝੇ ਤੌਰ 'ਤੇ ਖੋਜ, ਮੁੱਲਾਂਕਣ ਅਤੇ ਪੜਚੋਲ ਕਰਨ ਲਈ ਸਹਿਮਤੀ ਪੱਤਰ ਦਾ ਸੁਆਗਤ ਕੀਤਾ। ਇਸ ਸਹਿਮਤੀ ਪੱਤਰ 'ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਿਵੇਸ਼ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਹਸਤਾਖਰ ਕੀਤੇ ਗਏ ਸਨ ਅਤੇ ਇਹ ਯੂਏਈ ਅਤੇ ਭਾਰਤ ਵਿੱਚ ਜਨਤਕ ਅਤੇ ਨਿਜੀ ਸੰਸਥਾਵਾਂ ਦਰਮਿਆਨ ਸਬੰਧਾਂ ਨੂੰ ਬਣਾ ਕੇ ਮਜ਼ਬੂਤ ਅਤੇ ਪ੍ਰਭਾਵੀ ਸਹਿਯੋਗ ਬਣਾਉਣ 'ਤੇ ਕੇਂਦਰਿਤ ਹੈ। ਇਸ ਦਾ ਉਦੇਸ਼ ਭਾਰਤ ਵਿੱਚ ਇੱਕ ਸੁਪਰਕੰਪਿਊਟਰ ਕਲਸਟਰ ਅਤੇ ਭਾਰਤ ਵਿੱਚ ਡੇਟਾ ਸੈਂਟਰ ਪ੍ਰੋਜੈਕਟਾਂ ਦੀ ਸਥਾਪਨਾ ਦੀ ਸੰਭਾਵਨਾ ਦੀ ਪੜਚੋਲ ਅਤੇ ਮੁਲਾਂਕਣ ਕਰਨਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਅਤੇ ਭਾਰਤੀ ਵਫ਼ਦ ਦੀ ਨਿੱਘੀ ਪਰਾਹੁਣਚਾਰੀ ਲਈ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦਾ ਧੰਨਵਾਦ ਕੀਤਾ।