ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਦੇ 2021 ਬੈਚ ਦੇ ਅਫ਼ਸਰ ਟ੍ਰੇਨੀਆਂ ਨੇ 7, ਲੋਕ ਕਲਿਆਣ ਮਾਰਗ ‘ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਇੱਕ ਖੁੱਲ੍ਹੀ ਅਤੇ ਗ਼ੈਰ-ਰਸਮੀ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਆਈਐੱਫਐੱਸ ਅਫ਼ਸਰ ਟ੍ਰੇਨੀਆਂ ਨੂੰ ਸੇਵਾ ਵਿੱਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਹੁਣ ਆਲਮੀ ਮੰਚ ‘ਤੇ ਭਾਰਤ ਦਾ ਨੁਮਾਇੰਦਗੀ ਕਰਨ ਦਾ ਅਵਸਰ ਮਿਲੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਸੇਵਾ ਵਿੱਚ ਸ਼ਾਮਲ ਹੋਣ ਦੇ ਕਾਰਨਾਂ ‘ਤੇ ਵੀ ਚਰਚਾ ਕੀਤੀ।
ਸਾਲ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹਾ ਮਨਾਉਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਵਿਸਤਾਰ ਨਾਲ ਇਸ ਗੱਲ ਦੀ ਚਰਚਾ ਕੀਤੀ ਕਿ ਉਹ ਬਾਜਰਾ-ਜਵਾਰ ਨੂੰ ਮਕਬੂਲ ਬਣਾਉਣ ਵਿੱਚ ਕਿਵੇਂ ਯੋਗਦਾਨ ਕਰ ਸਕਦੇ ਹਨ, ਜਿਸ ਨਾਲ ਭਾਰਤੀ ਕਿਸਾਨਾਂ ਨੂੰ ਲਾਭ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਬਾਜਰਾ ਕਿਵੇਂ ਵਾਤਾਵਰਣ ਦੇ ਅਨੁਕੂਲ ਹੈ ਅਤੇ ਇਸ ਦੇ ਸਿਹਤ ਲਾਭ ਵੀ ਹਨ। ਉਨ੍ਹਾਂ ਨੇ ਐੱਲਆਈਐੱਫਈ (ਵਾਤਾਵਰਣ ਦੇ ਲਈ ਜੀਵਨਸ਼ੈਲੀ) ਮੁਹਿੰਮ ਬਾਰੇ ਗੱਲ ਕੀਤੀ ਅਤੇ ਇਸ ‘ਤੇ ਵੀ ਚਰਚਾ ਕੀਤੀ ਕਿ ਵਾਤਾਵਰਣ ਦੇ ਹਿਤ ਵਿੱਚ ਕੋਈ ਵੀ ਆਪਣੀ ਜੀਵਨਸ਼ੈਲੀ ਵਿੱਚ ਛੋਟਾ ਜਿਹਾ ਬਦਲਾਅ ਕਿਵੇਂ ਲਿਆ ਸਕਦੇ ਹਨ। ਅਫ਼ਸਰ ਟ੍ਰੇਨੀਆਂ ਨੇ ਇਸ ਸਾਲ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਉਨ੍ਹਾਂ ਦੇ ਦੁਆਰਾ ਦੱਸੇ ਗਏ ਪੰਚ-ਪ੍ਰਣ ‘ਤੇ ਚਰਚਾ ਕੀਤੀ ਅਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਆਈਐੱਫਐੱਸ ਅਫ਼ਸਰ ਇਸ ਵਿੱਚ ਯੋਗਦਾਨ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਅਫ਼ਸਰ ਟ੍ਰੇਨੀਆਂ ਨੂੰ ਅਗਲੇ 25 ਵਰ੍ਹਿਆਂ ਦੀ ਲੰਬੀ ਮਿਆਦ ਦੇ ਲਈ ਸੋਚਣ ਅਤੇ ਯੋਜਨਾ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਕਿ ਉਹ ਇਸ ਦੌਰਾਨ ਖ਼ੁਦ ਨੂੰ ਕਿਵੇਂ ਵਿਕਸਿਤ ਕਰ ਸਕਦੇ ਹਨ ਅਤੇ ਦੇਸ਼ ਦੇ ਵਿਕਾਸ ਦੇ ਲਈ ਉਪਯੋਗੀ ਹੋ ਸਕਦੇ ਹਨ।