ਭਾਰਤ ਦੀ ਸਰਕਾਰੀ ਯਾਤਰਾ ‘ਤੇ ਆਏ, ਸ੍ਰੀ ਲੰਕਾ ਦੇ ਵਿੱਤ ਮੰਤਰੀ, ਮਹਾਮਹਿਮ ਬਾਸਿਲ ਰਾਜਪਕਸ਼ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਵਿੱਤ ਮੰਤਰੀ ਰਾਜਪਕਸ਼ ਨੇ ਦੁਵੱਲਾ ਆਰਥਿਕ ਸਹਿਯੋਗ ਵਧਾਉਣ ਦੇ ਲਈ ਦੋਹਾਂ ਦੇਸ਼ਾਂ ਦੁਆਰਾ ਕੀਤੀਆਂ ਜਾ ਰਹੀਆਂ ਪਹਿਲਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਅਤੇ ਸ੍ਰੀ ਲੰਕਾ ਦੀ ਅਰਥਵਿਵਸਥਾ ਦੇ ਲਈ ਭਾਰਤ ਦੁਆਰਾ ਦਿੱਤੇ ਗਏ ਸਮਰਥਨ ਵਾਸਤੇ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਦੀ ‘ਗੁਆਂਢ ਪਹਿਲਾਂ’ ਨੀਤੀ ਅਤੇ ਉਸ ਦੇ ਸਾਗਰ-S.A.G.A.R (ਸਕਿਉਰਿਟੀ ਐਂਡ ਗ੍ਰੋਥ ਫੌਰ ਆਲ ਇਨ ਦ ਰੀਜ਼ਨ) ਸਿਧਾਂਤ ਵਿੱਚ ਸ੍ਰੀ ਲੰਕਾ ਦੀ ਕੇਂਦਰੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ, ਸ੍ਰੀ ਲੰਕਾ ਦੇ ਦੋਸਤਾਨਾ ਲੋਕਾਂ ਦੇ ਨਾਲ ਸਦਾ ਖੜ੍ਹਾ ਰਹੇਗਾ।
ਵਿੱਤ ਮੰਤਰੀ ਰਾਜਪਕਸ਼ ਨੇ ਸੱਭਿਆਚਾਰਕ ਖੇਤਰ ਸਹਿਤ, ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਗਹਿਰੇ ਹੁੰਦੇ ਸਬੰਧਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਬੋਧੀ ਅਤੇ ਰਾਮਾਇਣ ਟੂਰਿਜ਼ਮ ਸਰਕਟਾਂ ਦੇ ਸੰਯੁਕਤ ਪ੍ਰਚਾਰ ਦੇ ਜ਼ਰੀਏ ਟੂਰਿਸਟਾਂ ਦੇ ਪ੍ਰਵਾਹ ਵਿੱਚ ਵਾਧੇ ਦੀ ਸੰਭਾਵਨਾ ਦੇ ਵੱਲ ਇਸ਼ਾਰਾ ਕੀਤਾ।