ਮਹਾਮਹਿਮ
ਐਕਸੀਲੈਂਸੀਜ਼
ਤੁਹਾਡੇ ਸਾਰੇ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਅਸੀਂ ਭਾਰਤ ਅਤੇ ਆਸੀਆਨ ਦਰਮਿਆਨ ਕੰਪ੍ਰੀਹੈਂਸਿਵ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਾਂ। ਮੈਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਮਾਨਵ ਭਲਾਈ, ਖੇਤਰੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਲਈ ਯਤਨਸ਼ੀਲ ਰਹਾਂਗੇ।
ਅਸੀਂ ਸਿਰਫ਼ ਫਿਜ਼ੀਕਲ ਕਨੈਕਟੀਵਿਟੀ ਹੀ ਨਹੀਂ ਬਲਕਿ ਆਰਥਿਕ, ਡਿਜੀਟਲ, ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਵਧਾਉਣ ਲਈ ਕਦਮ ਚੁੱਕਣਾ ਜਾਰੀ ਰੱਖਾਂਗੇ।
ਮਿੱਤਰੋ,
ਇਸ ਸਾਲ ਦੀ ਆਸੀਆਨ ਸਮਿਟ ਦੇ ਥੀਮ "Enhancing Connectivity and Resilience (ਕਨੈਕਟੀਵਿਟੀ ਅਤੇ ਲਚੀਲੇਪਨ ਨੂੰ ਵਧਾਉਣਾ)", ਦੇ ਸੰਦਰਭ ਵਿੱਚ, ਮੈਂ ਤੁਹਾਡੇ ਸਾਹਮਣੇ ਕੁਝ ਵਿਚਾਰ ਰੱਖਣਾ ਚਾਹਾਂਗਾ।
ਅੱਜ ਦਸ ਤਾਰੀਕ ਹੈ, ਅਤੇ ਦਸਵਾਂ ਮਹੀਨਾ ਹੈ। ਇਸ ਮੌਕੇ ਮੈਂ ਤੁਹਾਡੇ ਸਾਹਮਣੇ ਦਸ ਸੁਝਾਅ ਪੇਸ਼ ਕਰਨਾ ਚਾਹਾਂਗਾ।
ਪਹਿਲਾ, ਸਾਡੇ ਦਰਮਿਆਨ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, 2025 ਨੂੰ "ਆਸੀਆਨ-ਇੰਡੀਆ ਯੀਅਰ ਆਵੑ ਟੂਰਿਜ਼ਮ" ਵਜੋਂ ਮਨਾਇਆ ਜਾ ਸਕਦਾ ਹੈ। ਇਸ ਪਹਿਲ ਲਈ, ਭਾਰਤ 5 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ।
ਦੂਸਰਾ, ਭਾਰਤ ਦੀ ਐਕਟ ਈਸਟ ਨੀਤੀ ਦੇ ਇੱਕ ਦਹਾਕੇ ਦੀ ਯਾਦ ਵਿੱਚ, ਭਾਰਤ ਅਤੇ ਆਸੀਆਨ ਦੇਸ਼ਾਂ ਦਰਮਿਆਨ ਕਈ ਈਵੈਂਟਸ ਆਯੋਜਿਤ ਕੀਤੇ ਜਾ ਸਕਦੇ ਹਨ। ਸਾਡੇ ਕਲਾਕਾਰਾਂ, ਸਾਡੇ ਨੌਜਵਾਨਾਂ, ਸਾਡੇ ਉੱਦਮੀਆਂ, ਸਾਡੇ ਥਿੰਕ ਟੈਂਕ ਆਦਿ ਨੂੰ ਜੋੜਦੇ ਹੋਏ, ਅਸੀਂ ਇਸ ਜਸ਼ਨ ਦੇ ਹਿੱਸੇ ਵਜੋਂ ਸੰਗੀਤ ਉੱਤਸਵ, ਯੂਥ ਸਮਿਟ, ਹੈਕਾਥੌਨ, ਸਟਾਰਟ-ਅੱਪ ਫੈਸਟੀਵਲ ਜਿਹੇ ਈਵੈਂਟਸ ਨੂੰ ਸ਼ਾਮਲ ਕਰ ਸਕਦੇ ਹਾਂ।
ਤੀਸਰਾ, "ਇੰਡੀਆ-ਆਸੀਆਨ ਸਾਇੰਸ ਐਂਡ ਟੈਕਨੋਲੋਜੀ ਫੰਡ" ਦੇ ਤਹਿਤ, ਹਰ ਸਾਲ ਮਹਿਲਾ ਵਿਗਿਆਨੀਆਂ ਦਾ ਸੰਮੇਲਨ ਆਯੋਜਿਤ ਕੀਤਾ ਜਾ ਸਕਦਾ ਹੈ।
ਚੌਥਾ, ਨਵੀਂ ਸਥਾਪਿਤ ਨਾਲੰਦਾ ਯੂਨੀਵਰਸਿਟੀ ਦੇ ਆਸੀਆਨ ਦੇਸ਼ਾਂ ਦੇ ਵਿਦਿਆਰਥੀਆਂ ਲਈ ਮਾਸਟਰਜ਼ ਸਕਾਲਰਸ਼ਿਪਾਂ ਦੀ ਗਿਣਤੀ ਦੋ ਗੁਣਾ ਵਧਾਈ ਜਾਵੇਗੀ। ਇਸ ਤੋਂ ਇਲਾਵਾ, ਭਾਰਤ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਆਸੀਆਨ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਸਕਾਲਰਸ਼ਿਪ ਸਕੀਮ ਵੀ ਇਸ ਸਾਲ ਸ਼ੁਰੂ ਹੋਵੇਗੀ।
ਪੰਜਵਾਂ, "ਆਸੀਆਨ-ਇੰਡੀਆ ਟਰੇਡ ਇਨ ਗੁਡਸ ਐਗਰੀਮੈਂਟ" ਦੀ ਸਮੀਖਿਆ 2025 ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ਇਹ ਸਾਡੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਇੱਕ ਸੁਰੱਖਿਅਤ, ਲਚੀਲੀ ਅਤੇ ਭਰੋਸੇਮੰਦ ਸਪਲਾਈ ਚੇਨ ਬਣਾਉਣ ਵਿੱਚ ਮਦਦ ਕਰੇਗਾ।
ਛੇਵਾਂ, ਆਪਦਾ ਲਚੀਲੇਪਣ ਲਈ, "ਆਸੀਆਨ-ਇੰਡੀਆ ਫੰਡ" ਤੋਂ 5 ਮਿਲੀਅਨ ਡਾਲਰ ਅਲਾਟ ਕੀਤੇ ਜਾਣਗੇ। ਭਾਰਤ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਆਸੀਆਨ ਮਾਨਵਤਾਵਾਦੀ ਸਹਾਇਤਾ ਕੇਂਦਰ ਇਸ ਖੇਤਰ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ।
ਸੱਤਵਾਂ, ਸਿਹਤ ਲਚੀਲੇਪਣ ਨੂੰ ਯਕੀਨੀ ਬਣਾਉਣ ਲਈ, ਆਸੀਆਨ-ਭਾਰਤ ਦੇ ਸਿਹਤ ਮੰਤਰੀਆਂ ਦੀ ਬੈਠਕ ਨੂੰ ਸੰਸਥਾਗਤ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਅਸੀਂ ਹਰੇਕ ਆਸੀਆਨ ਦੇਸ਼ ਦੇ ਦੋ ਮਾਹਿਰਾਂ ਨੂੰ ਭਾਰਤ ਦੀ ਸਾਲਾਨਾ ਨੈਸ਼ਨਲ ਕੈਂਸਰ ਗਰਿੱਡ 'ਵਿਸ਼ਵਮ ਕਾਨਫਰੰਸ' ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਾਂ।
ਅੱਠਵਾਂ, ਡਿਜੀਟਲ ਅਤੇ ਸਾਈਬਰ ਲਚੀਲੇਪਣ ਲਈ, ਭਾਰਤ ਅਤੇ ਆਸੀਆਨ ਦਰਮਿਆਨ ਇੱਕ ਸਾਈਬਰ ਨੀਤੀ ਸੰਵਾਦ ਸੰਸਥਾਗਤ ਕੀਤਾ ਜਾ ਸਕਦਾ ਹੈ।
ਨੌਵਾਂ, ਗ੍ਰੀਨ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ, ਮੈਂ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਮਾਹਿਰਾਂ ਨੂੰ ਸ਼ਾਮਲ ਕਰਨ ਵਾਲੇ ਗ੍ਰੀਨ ਹਾਈਡ੍ਰੋਜਨ 'ਤੇ ਵਰਕਸ਼ਾਪਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਕਰਦਾ ਹਾਂ।
ਅਤੇ ਦਸਵਾਂ, ਜਲਵਾਯੂ ਲਚੀਲੇਪਣ ਲਈ, ਮੈਂ ਤੁਹਾਨੂੰ ਸਾਰਿਆਂ ਨੂੰ ਸਾਡੀ ਮੁਹਿੰਮ, "ਏਕ ਪੇੜ ਮਾਂ ਕੇ ਨਾਮ" ਵਿੱਚ ਸ਼ਾਮਲ ਹੋਣ ਦੀ ਤਾਕੀਦ ਕਰਦਾ ਹਾਂ।
ਮੈਨੂੰ ਭਰੋਸਾ ਹੈ ਕਿ ਮੇਰੇ ਦਸ ਵਿਚਾਰਾਂ ਨੂੰ ਤੁਹਾਡਾ ਸਮਰਥਨ ਮਿਲੇਗਾ। ਅਤੇ ਸਾਡੀਆਂ ਟੀਮਾਂ ਉਨ੍ਹਾਂ ਨੂੰ ਲਾਗੂ ਕਰਨ ਲਈ ਸਹਿਯੋਗ ਕਰਨਗੀਆਂ।
ਤੁਹਾਡਾ ਬਹੁਤ ਬਹੁਤ ਧੰਨਵਾਦ।