ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ, ਸ਼੍ਰੀ ਰਾਫੇਲ ਮਾਰੀਆਨੋ ਗ੍ਰੌਸੀ (Rafael Mariano Grossi) ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸ਼ਾਂਤੀ ਅਤੇ ਵਿਕਾਸ ਦੇ ਲਈ ਪਰਮਾਣੂ ਊਰਜਾ ਦੇ ਸੁਰੱਖਿਅਤ ਅਤੇ ਮਹਿਫ਼ੂਜ਼ ਉਪਯੋਗ ਦੇ ਲਈ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਦਰਸਾਈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਊਰਜਾ ਮਿਸ਼੍ਰਣ ਦੇ ਰੂਪ ਵਿੱਚ ਵਾਤਾਵਰਣ ਦੇ ਅਨੁਕੂਲ ਪਰਮਾਣੂ ਊਰਜਾ ਉਤਪਾਦਨ ਸਮਰੱਥਾ ਦੀ ਹਿੱਸੇਦਾਰੀ ਵਧਾਉਣ ਦੇ ਭਾਰਤ ਦੇ ਮਹੱਤਵਆਕਾਂਖੀ ਲਕਸ਼ਾਂ ਨੂੰ ਸਾਂਝਾ ਕੀਤਾ।
ਡਾਇਰੈਕਟਰ ਜਨਰਲ ਸ਼੍ਰੀ ਗ੍ਰੌਸੀ ਨੇ ਇੱਕ ਜ਼ਿੰਮੇਦਾਰ ਪਰਮਾਣੂ ਸ਼ਕਤੀ ਦੇ ਰੂਪ ਵਿੱਚ ਭਾਰਤ ਦੇ ਬੇਮਿਸਾਲ ਰਿਕਾਰਡ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਵਦੇਸ਼ੀ ਪਰਮਾਣੂ ਊਰਜਾ ਪਲਾਂਟਾਂ ਦੇ ਵਿਕਾਸ ਅਤੇ ਤੈਣਾਤੀ ਨੂੰ ਰੇਖਾਂਕਿਤ ਕਰਦੇ ਹੋਏ ਪਰਮਾਣੂ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤ ਦੀ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਮਾਜਿਕ ਲਾਭ ਦੇ ਲਈ ਸਿਵਿਲ ਪਰਮਾਣੂ ਅਨੁਪ੍ਰਯੋਗਾਂ ਵਿੱਚ ਉਸ ਦੀ ਆਲਮੀ ਅਗਵਾਈ ਭੂਮਿਕਾ ਦੀ ਸਰਾਹਨਾ ਕੀਤੀ। ਇਸ ਵਿੱਚ ਸਿਹਤ, ਭੋਜਨ, ਜਲ ਉਪਚਾਰ, ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਚੁਣੌਤੀਆਂ ਸਹਿਤ ਮਾਨਵਤਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਪਰਮਾਣੂ ਟੈਕਨੋਲੋਜੀ ਦੇ ਉਪਯੋਗ ਵਿੱਚ ਭਾਰਤ ਦੁਆਰਾ ਕੀਤੀ ਗਈ ਜ਼ਿਕਰਯੋਗ ਪ੍ਰਗਤੀ ਸ਼ਾਮਲ ਹੈ।
ਛੋਟੇ ਮੌਡਿਊਲਰ ਰਿਐਕਟਰਾਂ ਅਤੇ ਮਾਈਕ੍ਰੋ-ਰਿਐਕਟਰਾਂ ਸਹਿਤ ਨੈੱਟ ਜ਼ੀਰੋ ਸਬੰਧੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਪਰਮਾਣੂ ਊਰਜਾ ਦੀ ਭੂਮਿਕਾ ਦਾ ਵਿਸਤਾਰ ਕਰਨ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਡਾਇਰੈਕਟਰ ਜਨਰਲ ਸ਼੍ਰੀ ਗ੍ਰੌਸੀ ਨੇ ਆਈਏਈਏ ਅਤੇ ਭਾਰਤ ਦੇ ਵਿੱਚ ਉਤਕ੍ਰਿਸ਼ਟ ਸਾਂਝੇਦਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਈ ਦੇਸ਼ਾਂ ਦੀ ਮਦਦ ਕਰਨ ਵਾਲੇ ਭਾਰਤ ਦੇ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਸਰਾਹਨਾ ਕੀਤੀ। ਦੋਵਾਂ ਪੱਖਾਂ ਦੁਆਰਾ ਗਲੋਬਲ ਸਾਉਥ ਵਿੱਚ ਸਿਵਿਲ ਪਰਮਾਣੂ ਟੈਕਨੋਲੋਜੀ ਅਨੁਪ੍ਰਯੋਗਾਂ ਦੇ ਵਿਸਤਾਰ ਦੇ ਲਈ ਭਾਰਤ ਅਤੇ ਆਈਏਈਏ ਦੇ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ‘ਤੇ ਸਹਿਮਤੀ ਪ੍ਰਗਟ ਕੀਤੀ ਗਈ।