ਮੈਂ ਅਗਲੇ ਤਿੰਨ ਦਿਨਾਂ ਦੇ ਲਈ 22ਵੇਂ ਸਲਾਨਾ ਸਮਿਟ ਦੇ ਲਈ ਰੂਸ ਅਤੇ ਆਸਟ੍ਰੀਆ ਗਣਰਾਜ ਦੀ ਆਪਣੀ ਪਹਿਲੀ ਯਾਤਰਾ ‘ਤੇ ਜਾ ਰਿਹਾ ਹਾਂ।
ਭਾਰਤ ਅਤੇ ਰੂਸ ਦੇ ਦਰਮਿਆਨ ਊਰਜਾ, ਸੁਰੱਖਿਆ, ਵਪਾਰ, ਨਿਵੇਸ਼, ਸਿਹਤ, ਸਿੱਖਿਆ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਖੇਤਰਾਂ ਸਹਿਤ ਵਿਸ਼ਿਸ਼ਟ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਪਿਛਲੇ ਦਸ ਵਰ੍ਹਿਆਂ ਵਿੱਚ ਬਹੁਤ ਅੱਗੇ ਵਧੀ ਹੈ।
ਮੈਂ ਆਪਣੇ ਮਿੱਤਰ ਰਾਸ਼ਟਰਪਤੀ ਵਲਾਦਿਮੀਰ ਪੁਤਿਨ (Vladimir Putin) ਦੇ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਦ੍ਰਿਸ਼ਟੀਕੋਣ ਸਾਂਝਾ ਕਰਨ ਦੇ ਲਈ ਬਹੁਤ ਉਤਸੁਕ ਹਾਂ। ਅਸੀਂ ਇੱਕ ਸ਼ਾਂਤੀਪੂਰਣ ਅਤੇ ਸਥਿਰ ਖੇਤਰ ਦੇ ਲਈ ਆਪਣੀ ਸਹਾਇਕ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਇਹ ਯਾਤਰਾ ਮੈਨੂੰ ਰੂਸ ਵਿੱਚ ਜੀਵੰਤ ਭਾਰਤੀ ਭਾਈਚਾਰੇ ਨਾਲ ਮਿਲਣ ਦਾ ਵੀ ਅਵਸਰ ਪ੍ਰਦਾਨ ਕਰੇਗੀ।
ਆਸਟ੍ਰੀਆ ਦੀ ਯਾਤਰਾ ਨਾਲ ਮੈਨੂੰ ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੈਲੇਨ (Alexander Van der Bellen) ਅਤੇ ਚਾਂਸਲਰ ਕਾਰਲ ਨੇਹਮਰ ਨਾਲ ਮਿਲਣ ਦਾ ਅਵਸਰ ਪ੍ਰਾਪਤ ਹੋਵੇਗਾ। ਆਸਟ੍ਰੀਆ ਸਾਡਾ ਇੱਕ ਮਜ਼ਬੂਤ ਅਤੇ ਭਰੋਸੇਯੋਗ ਸਾਂਝੇਦਾਰ ਹੈ ਅਤੇ ਅਸੀਂ ਲੋਕਤੰਤਰ ਅਤੇ ਬਹੁਲਵਾਦ ਦੇ ਆਦਰਸ਼ਾਂ ਨੂੰ ਸਾਂਝਾ ਕਰਦੇ ਹਾਂ।
ਪਿਛਲੇ 40 ਤੋਂ ਵੱਧ ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਹੈ। ਮੈਂ ਇਨੋਵੇਸ਼ਨ, ਟੈਕਨੋਲੋਜੀ ਅਤੇ ਟਿਕਾਊ ਵਿਕਾਸ ਦੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਸਾਡੀ ਭਾਈਵਾਲੀ ਨੂੰ ਹੋਰ ਵੀ ਜ਼ਿਆਦਾ ਉੱਚਾਈਆਂ ‘ਤੇ ਲਿਜਾਉਣ ਦੇ ਲਈ ਚਰਚਾ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਆਸਟ੍ਰੀਆ ਦੇ ਚਾਂਸਲਰ ਦੇ ਨਾਲ ਆਪਸੀ ਤੌਰ ‘ਤੇ ਲਾਭਕਾਰੀ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ਦੇ ਲਈ ਦੋਵੇਂ ਧਿਰਾਂ ਦੀਆਂ ਵਪਾਰਕ ਹਸਤੀਆਂ ਦੇ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਵੀ ਬਹੁਤ ਉਤਸੁਕ ਹਾਂ। ਮੈਂ ਆਸਟ੍ਰੀਆ ਵਿੱਚ ਭਾਰਤੀ ਸਮੁਦਾਇ ਦੇ ਨਾਲ ਵੀ ਗੱਲਬਾਤ ਕਰਾਂਗਾ, ਜਿਸ ਨੂੰ ਆਪਣੀ ਪੇਸ਼ੇਵਰਤਾ ਅਤੇ ਆਚਰਣ ਦੇ ਲਈ ਜਾਣਿਆ ਜਾਂਦਾ ਹੈ।