ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸ਼੍ਰੀ ਲਾਰੈਂਸ ਵੌਂਗ, ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਗਾਨ ਕਿਮ ਯੋਂਗ ਅਤੇ ਵਿੱਤ ਮੰਤਰੀ ਸ਼੍ਰੀ ਨਿਰਮਲਾ ਸੀਤਾਰਮਣ ਸਹਿਤ ਇੱਕ ਸੰਯੁਕਤ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ, ਮੰਤਰੀਆਂ ਨੇ 17 ਸਤੰਬਰ 2022 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ (ਆਈਐੱਸਐੱਮਆਰ) ਦੇ ਉਦਘਾਟਨੀ ਸ਼ੈਸਨ ਦੇ ਨਤੀਜਿਆਂ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਉਪ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਲਾਰੈਂਸ ਵੌਂਗ ਦੀ ਇਹ ਪਹਿਲੀ ਭਾਰਤ ਯਾਤਰਾ ਹੈ।
ਆਈਐੱਸਐੱਮਆਰ ਦੀ ਸਥਾਪਨਾ ਇੱਕ ਮਹੱਤਵਪੂਰਨ ਪਹਿਲ ਹੈ ਜਿਸ ਦੀ ਪਰਿਕਲਪਨਾ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸੀ ਅਤੇ ਇਹ ਭਾਰਤ-ਸਿੰਗਾਪੁਰ ਦੁਵੱਲੇ ਸਬੰਧਾਂ ਦੇ ਅਦੁੱਤੀ ਭਾਵ ਨੂੰ ਦਰਸਾਉਂਦਾ ਹੈ। ਮੁਲਾਕਾਤ ਦੇ ਦੌਰਾਨ ਉਪਸਥਿਤ ਸਾਰੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਡਿਜੀਟਲ ਕਨੈਕਟੀਵਿਟੀ, ਫਿਨਟੈੱਕ, ਹਰਿਤ ਅਰਥਵਿਵਸਥਾ, ਕੌਸ਼ਲ ਵਿਕਾਸ ਅਤੇ ਖੁਰਾਕ ਸੁਰੱਖਿਆ ਦੇ ਉੱਭਰਦੇ ਖੇਤਰਾਂ ਵਿੱਚ ਹੋਈ ਵਿਆਪਕ ਚਰਚਾ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਾਹਨਾ ਕਰਦੇ ਹੋਏ ਆਸ਼ਾ ਜਤਾਈ ਕਿ ਆਈਐੱਸਐੱਮਆਰ ਜਿਹੀ ਪਹਿਲ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਲੀ (Lee) ਅਤੇ ਸਿੰਗਾਪੁਰ ਦੇ ਲੋਕਾਂ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਵਿਅਕਤ ਕੀਤੀਆਂ।