ਕੇਂਦਰੀ ਕੈਬਨਿਟ ਚੰਦਰਯਾਨ-3 ਮਿਸ਼ਨ ਦੀ ਇਤਿਹਾਸਿਕ ਸਫ਼ਲਤਾ ਦਾ ਜਸ਼ਨ ਮਨਾਉਣ ਵਿੱਚ ਰਾਸ਼ਟਰ ਨਾਲ ਸ਼ਾਮਲ ਹੈ। ਕੈਬਨਿਟ ਵੀ ਸਾਡੇ ਵਿਗਿਆਨੀਆਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦੀ ਹੈ। ਇਹ ਸਿਰਫ਼ ਸਾਡੀ ਸਪੇਸ ਏਜੰਸੀ ਦੀ ਸਫ਼ਲਤਾ ਨਹੀਂ ਹੈ, ਬਲਕਿ ਆਲਮੀ ਪੱਧਰ 'ਤੇ ਭਾਰਤ ਦੀ ਪ੍ਰਗਤੀ ਅਤੇ ਸਾਡੀ ਤਾਕਤ ਦਾ ਉੱਜਵਲ ਪ੍ਰਤੀਕ ਵੀ ਹੈ। ਕੈਬਨਿਟ ਇਸ ਗੱਲ ਦਾ ਸੁਆਗਤ ਕਰਦੀ ਹੈ ਕਿ ਹੁਣ 23 ਅਗਸਤ ਨੂੰ 'ਨੈਸ਼ਨਲ ਸਪੇਸ ਡੇਅ' ਵਜੋਂ ਮਨਾਇਆ ਜਾਵੇਗਾ।
ਕੈਬਨਿਟ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਇਸ ਦੇ ਪ੍ਰਯਤਨਾਂ ਦੇ ਲਈ ਵਧਾਈਆਂ ਦਿੰਦੀ ਹੈ। ਸਾਡੇ ਵਿਗਿਆਨੀਆਂ ਦਾ ਧੰਨਵਾਦ, ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਹੈ। ਚੰਦਰਮਾ 'ਤੇ ਉਤਰਨਾ, ਉਹ ਵੀ ਪੂਰਵਅਨੁਮਾਨਿਤ ਸਟੀਕਤਾ ਨਾਲ, ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਕਠਿਨ ਹਾਲਤਾਂ ਦਾ ਸਾਹਮਣਾ ਕਰਦੇ ਹੋਏ ਉਤਰਨਾ ਸਾਡੇ ਵਿਗਿਆਨੀਆਂ ਦੀ ਭਾਵਨਾ ਦਾ ਪ੍ਰਮਾਣ ਹੈ, ਜੋ ਸਦੀਆਂ ਤੋਂ ਮਾਨਵ ਗਿਆਨ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੰਦਰਮਾ ਤੋਂ 'ਪ੍ਰਗਯਾਨ' (‘Pragyan’) ਰੋਵਰ ਦੁਆਰਾ ਭੇਜੀ ਜਾ ਰਹੀ ਜਾਣਕਾਰੀ ਦਾ ਖ਼ਜ਼ਾਨਾ ਸਾਡੇ ਗਿਆਨ ਵਿੱਚ ਵਾਧਾ ਕਰੇਗਾ ਅਤੇ ਚੰਦਰਮਾ ਅਤੇ ਉਸ ਤੋਂ ਅੱਗੇ ਦੇ ਰਹੱਸਾਂ ਵਿੱਚ ਬੇਮਿਸਾਲ ਖੋਜਾਂ ਅਤੇ ਸੂਝ ਦਾ ਰਾਹ ਪੱਧਰਾ ਕਰੇਗਾ।
ਕੈਬਨਿਟ ਦਾ ਪੱਕਾ ਵਿਸ਼ਵਾਸ ਹੈ ਕਿ ਤੇਜ਼ੀ ਨਾਲ ਟੈਕਨੋਲੋਜੀਕਲ ਪ੍ਰਗਤੀ ਅਤੇ ਇਨੋਵੇਸ਼ਨ ਦੀ ਖੋਜ ਦੁਆਰਾ ਪਰਿਭਾਸ਼ਿਤ ਯੁਗ ਵਿੱਚ, ਭਾਰਤ ਦੇ ਵਿਗਿਆਨੀ ਗਿਆਨ, ਸਮਰਪਣ ਅਤੇ ਮੁਹਾਰਤ ਦੇ ਚਮਕਦਾਰ ਪ੍ਰਤੀਕ ਵਜੋਂ ਖੜ੍ਹੇ ਹਨ। ਉਨ੍ਹਾਂ ਦੀ ਵਿਸ਼ਲੇਸ਼ਣਾਤਮਕ ਸ਼ਕਤੀ, ਜਾਂਚ ਅਤੇ ਖੋਜ ਲਈ ਇੱਕ ਉਤਸੁਕ ਪ੍ਰਤੀਬੱਧਤਾ ਦੇ ਨਾਲ ਮਿਲ ਕੇ, ਰਾਸ਼ਟਰ ਨੂੰ ਲਗਾਤਾਰ ਗਲੋਬਲ ਵਿਗਿਆਨਕ ਉਪਲਬਦੀਆਂ ਵਿੱਚ ਸਭ ਤੋਂ ਅੱਗੇ ਲੈ ਗਈ ਹੈ। ਉਤਕ੍ਰਿਸ਼ਟਤਾ ਦੀ ਉਨ੍ਹਾਂ ਦੀ ਨਿਰੰਤਰ ਕੋਸ਼ਿਸ਼, ਅਣਥੱਕ ਉਤਸੁਕਤਾ, ਅਤੇ ਚੁਣੌਤੀਆਂ ਨੂੰ ਪਾਰ ਕਰਨ ਦੀ ਅਦੁੱਤੀ ਭਾਵਨਾ ਨੇ ਨਾ ਸਿਰਫ਼ ਅੰਤਰਰਾਸ਼ਟਰੀ ਮੰਚ 'ਤੇ ਉਨ੍ਹਾਂ ਦੀ ਸਾਖ ਨੂੰ ਮਜ਼ਬੂਤ ਕੀਤਾ ਹੈ ਬਲਕਿ ਅਣਗਿਣਤ ਹੋਰਨਾਂ ਨੂੰ ਬੜੇ ਸੁਪਨੇ ਦੇਖਣ ਅਤੇ ਗਲੋਬਲ ਗਿਆਨ ਦੀ ਵਿਸ਼ਾਲ ਟੈਪੇਸਟ੍ਰੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ।
ਕੈਬਨਿਟ ਨੂੰ ਇਹ ਨੋਟ ਕਰਦੇ ਹੋਏ ਮਾਣ ਹੈ ਕਿ ਚੰਦਰਯਾਨ-3 ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਬੜੀ ਸੰਖਿਆ ਵਿੱਚ ਮਹਿਲਾ ਵਿਗਿਆਨੀਆਂ ਨੇ ਯੋਗਦਾਨ ਪਾਇਆ ਹੈ। ਇਹ ਆਉਣ ਵਾਲੇ ਵਰ੍ਹਿਆਂ ਵਿੱਚ ਬਹੁਤ ਸਾਰੀਆਂ ਚਾਹਵਾਨ ਮਹਿਲਾ ਵਿਗਿਆਨੀਆਂ ਨੂੰ ਪ੍ਰੇਰਿਤ ਕਰੇਗਾ।
ਕੈਬਨਿਟ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਮਿਸਾਲੀ ਅਗਵਾਈ ਅਤੇ ਮਾਨਵ ਕਲਿਆਣ ਅਤੇ ਵਿਗਿਆਨਕ ਪ੍ਰਗਤੀ ਲਈ ਭਾਰਤ ਦੇ ਪੁਲਾੜ ਪ੍ਰੋਗਰਾਮ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਲਈ ਵੀ ਵਧਾਈਆਂ ਦਿੱਤੀਆਂ। ਸਾਡੇ ਵਿਗਿਆਨੀਆਂ ਦੀਆਂ ਸਮਰੱਥਾਵਾਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਤੇ ਉਨ੍ਹਾਂ ਦੀ ਨਿਰੰਤਰ ਹੁਲਾਰੇ ਨੇ ਹਮੇਸ਼ਾ ਉਨ੍ਹਾਂ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।
ਪਹਿਲਾਂ ਗੁਜਰਾਤ ਰਾਜ ਵਿੱਚ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਰਕਾਰ ਦੇ ਮੁਖੀ ਦੇ ਤੌਰ 'ਤੇ ਆਪਣੇ 22 ਵਰ੍ਹਿਆਂ ਦੇ ਲੰਬੇ ਸਮੇਂ ਵਿੱਚ, ਸ਼੍ਰੀ ਨਰੇਂਦਰ ਮੋਦੀ ਦਾ ਸਾਰੇ ਚੰਦਰਯਾਨ ਮਿਸ਼ਨਾਂ ਨਾਲ ਭਾਵਨਾਤਮਕ ਲਗਾਵ ਰਿਹਾ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੁਆਰਾ ਅਜਿਹੇ ਮਿਸ਼ਨ ਦੀ ਘੋਸ਼ਣਾ ਕੀਤੀ ਗਈ ਸੀ ਤਾਂ ਉਹ ਮੁੱਖ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਸਨ। ਜਦੋਂ ਚੰਦਰਯਾਨ-1 ਨੂੰ 2008 ਵਿੱਚ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ, ਤਾਂ ਉਹ ਇਸਰੋ ਗਏ ਅਤੇ ਵਿਗਿਆਨੀਆਂ ਨੂੰ ਵਿਅਕਤੀਗਤ ਤੌਰ 'ਤੇ ਵਧਾਈਆਂ ਦਿੱਤੀਆਂ। 2019 ਵਿੱਚ ਚੰਦਰਯਾਨ-2 ਦੇ ਮਾਮਲੇ ਵਿੱਚ, ਜਦੋਂ ਭਾਰਤ, ਪੁਲਾੜ ਦੇ ਸੰਦਰਭ ਵਿੱਚ, ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ ਇੱਕ ਵਾਲ ਦੀ ਦੂਰੀ 'ਤੇ ਸੀ, ਪ੍ਰਧਾਨ ਮੰਤਰੀ ਦੀ ਸੂਝਵਾਨ ਅਗਵਾਈ ਅਤੇ ਮਾਨਵੀ ਸਪਰਸ਼ ਨੇ ਵਿਗਿਆਨੀਆਂ ਦਾ ਉਤਸ਼ਾਹ ਵਧਾਇਆ, ਉਨ੍ਹਾਂ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਮਿਸ਼ਨ ਨੂੰ ਵੱਡੇ ਉਦੇਸ਼ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਮੇਸ਼ਾ ਵਿਗਿਆਨ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਹੈ। ਪਿਛਲੇ 9 ਵਰ੍ਹਿਆਂ ਵਿੱਚ, ਸੁਧਾਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਨੇ ਖੋਜ ਅਤੇ ਇਨੋਵੇਸ਼ਨ ਨੂੰ ਅਸਾਨ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਖੇਤਰ ਲਈ ਯਕੀਨੀ ਬਣਾਇਆ ਕਿ ਪ੍ਰਾਈਵੇਟ ਸੈਕਟਰ ਅਤੇ ਸਾਡੇ ਸਟਾਰਟਅੱਪਸ ਨੂੰ ਭਾਰਤ ਵਿੱਚ ਵਧੇਰੇ ਮੌਕੇ ਮਿਲਣ।
ਪੁਲਾੜ ਵਿਭਾਗ ਦੇ ਤਹਿਤ ਇੱਕ ਖ਼ੁਦਮੁਖਤਿਆਰ ਸੰਸਥਾ ਦੇ ਰੂਪ ਵਿੱਚ ਇਨ-ਸਪੇਸ (IN-SPACe) ਦੀ ਸਥਾਪਨਾ ਜੂਨ 2020 ਵਿੱਚ ਉਦਯੋਗ, ਅਕਾਦਮਿਕ ਜਗਤ ਅਤੇ ਸਟਾਰਟ-ਅੱਪਸ ਲਈ ਇੱਕ ਈਕੋ-ਸਿਸਟਮ ਬਣਾਉਣ ਅਤੇ ਗਲੋਬਲ ਸਪੇਸ ਅਰਥਵਿਵਸਥਾ ਵਿੱਚ ਬੜੀ ਹਿੱਸੇਦਾਰੀ ਨੂੰ ਆਕਰਸ਼ਿਤ ਕਰਨ ਲਈ ਕੀਤੀ ਗਈ ਸੀ। ਇਹ ਪੁਲਾੜ ਦੀ ਦੁਨੀਆ ਵਿੱਚ ਭਾਰਤ ਦੀ ਪ੍ਰਗਤੀ ਨੂੰ ਵਧਾਉਣ ਦਾ ਇੱਕ ਸਾਧਨ ਬਣ ਗਿਆ ਹੈ। ਹੈਕਾਥੌਨ 'ਤੇ ਜ਼ੋਰ ਦੇਣ ਨੇ ਨੌਜਵਾਨ ਭਾਰਤੀਆਂ ਲਈ ਕਈ ਮੌਕੇ ਖੋਲ੍ਹ ਦਿੱਤੇ ਹਨ।
ਕੈਬਨਿਟ ਨੇ ਚੰਦਰਮਾ 'ਤੇ ਦੋ ਬਿੰਦੂਆਂ ਨੂੰ ਤਿਰੰਗਾ ਪੁਆਇੰਟ (ਚੰਦਰਯਾਨ-2 ਦੇ ਫੁਟਪ੍ਰਿੰਟ) ਅਤੇ ਸ਼ਿਵਸ਼ਕਤੀ ਪੁਆਇੰਟ (ਚੰਦਰਯਾਨ-3 ਦੇ ਲੈਂਡਿੰਗ ਸਪੌਟ) ਦੇ ਨਾਮ ਦਿੱਤੇ ਜਾਣ ਦਾ ਸੁਆਗਤ ਕੀਤਾ ਹੈ। ਇਹ ਨਾਮ ਆਧੁਨਿਕਤਾ ਦੀ ਭਾਵਨਾ ਨੂੰ ਅਪਣਾਉਂਦੇ ਹੋਏ ਸਾਡੇ ਅਤੀਤ ਦੇ ਸਾਰ ਨੂੰ ਖੂਬਸੂਰਤੀ ਨਾਲ ਦਰਸਾਉਂਦੇ ਹਨ। ਇਹ ਨਾਮ ਮਹਿਜ਼ ਸਿਰਨਾਵਿਆਂ ਤੋਂ ਕਿਤੇ ਵੱਧ ਹਨ। ਇਹ ਇੱਕ ਸੂਤਰ ਸਥਾਪਿਤ ਕਰਦੇ ਹਨ ਜੋ ਸਾਡੀ ਹਜ਼ਾਰਾਂ ਵਰ੍ਹਿਆਂ ਦੀ ਵਿਰਾਸਤ ਨੂੰ ਸਾਡੀਆਂ ਵਿਗਿਆਨਕ ਇੱਛਾਵਾਂ ਨਾਲ ਜੋੜਦਾ ਹੈ।
ਚੰਦਰਯਾਨ-3 ਦੀ ਸਫ਼ਲਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਜੈ ਵਿਗਿਆਨ, ਜੈ ਅਨੁਸੰਧਾਨ” ਦੇ ਜੋਸ਼ੀਲੇ ਸੱਦੇ ਦਾ ਸਭ ਤੋਂ ਬੜਾ ਪ੍ਰਮਾਣ ਹੈ। ਸਪੇਸ ਸੈਕਟਰ ਹੁਣ ਭਾਰਤੀ ਘਰੇਲੂ ਸਟਾਰਟ-ਅੱਪਸ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ’ਜ਼) ਲਈ ਹੋਰ ਖੁੱਲ੍ਹੇਗਾ ਅਤੇ ਲੱਖਾਂ ਨੌਕਰੀਆਂ ਪੈਦਾ ਕਰੇਗਾ ਅਤੇ ਨਵੀਆਂ ਕਾਢਾਂ ਦੀ ਗੁੰਜਾਇਸ਼ ਦੇਵੇਗਾ। ਇਹ ਭਾਰਤ ਦੇ ਨੌਜਵਾਨਾਂ ਲਈ ਸੰਭਾਵਨਾਵਾਂ ਦਾ ਇੱਕ ਸੰਸਾਰ ਖੋਲ੍ਹੇਗਾ।
ਇਹ ਸਪੱਸ਼ਟ ਤੌਰ 'ਤੇ ਦੱਸਦੇ ਹੋਏ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਤੋਂ ਪ੍ਰਾਪਤ ਗਿਆਨ ਦੀ ਵਰਤੋਂ ਮਾਨਵਤਾ, ਖਾਸ ਤੌਰ 'ਤੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਲਾਭ ਅਤੇ ਤਰੱਕੀ ਲਈ ਕੀਤੀ ਜਾਵੇਗੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵਾਰ ਫਿਰ ਸਾਡੀ ਵਸੁਧੈਵ ਕੁਟੁੰਬਕਮ ਵਿੱਚ ਸਦੀਵੀ ਵਿਸ਼ਵਾਸ ਦੀ ਭਾਵਨਾ ਨੂੰ ਵਿਅਕਤ ਕੀਤਾ ਹੈ। ਭਾਰਤ ਵਿੱਚ ਪ੍ਰਗਤੀ ਦੀ ਲਾਟ ਹਮੇਸ਼ਾ ਹੋਰਨਾਂ ਥਾਵਾਂ ਦੇ ਲੋਕਾਂ ਦੇ ਜੀਵਨ ਨੂੰ ਰੋਸ਼ਨ ਕਰਨ ਲਈ ਯਤਨਸ਼ੀਲ ਰਹੇਗੀ।
ਕੈਬਨਿਟ ਦਾ ਮੰਨਣਾ ਹੈ ਕਿ ਪੁਲਾੜ ਖੇਤਰ ਵਿੱਚ ਭਾਰਤ ਦੀ ਤਰੱਕੀ ਮਹਿਜ਼ ਮਹਾਨ ਵਿਗਿਆਨਕ ਪ੍ਰਾਪਤੀਆਂ ਤੋਂ ਕਿਤੇ ਵੱਧ ਹੈ। ਉਹ ਤਰੱਕੀ, ਆਤਮਨਿਰਭਰਤਾ ਅਤੇ ਗਲੋਬਲ ਲੀਡਰਸ਼ਿਪ ਦੇ ਵਿਜ਼ਨ ਦੀ ਨੁਮਾਇੰਦਗੀ ਕਰਦੇ ਹਨ। ਇਹ ਉਭਰ ਰਹੇ ਨਵੇਂ ਭਾਰਤ ਦਾ ਵੀ ਪ੍ਰਤੀਕ ਹੈ। ਅਸੀਂ ਆਪਣੇ ਸਾਥੀ ਨਾਗਰਿਕਾਂ ਨੂੰ ਸੈਟੇਲਾਈਟ ਸੰਚਾਰ ਅਤੇ ਮੌਸਮ ਵਿਗਿਆਨ ਤੋਂ ਲੈ ਕੇ ਖੇਤੀਬਾੜੀ ਅਤੇ ਆਪਦਾ ਪ੍ਰਬੰਧਨ ਤੱਕ, ਉਦਯੋਗਾਂ ਵਿੱਚ ਹੋਰ ਮੌਕੇ ਪੈਦਾ ਕਰਨ ਲਈ ਇਨ੍ਹਾਂ ਕਦਮਾਂ ਦਾ ਲਾਭ ਉਠਾਉਣ ਦੀ ਤਾਕੀਦ ਕਰਦੇ ਹਾਂ। ਸਾਨੂੰ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਕਿ ਸਾਡੀਆਂ ਇਨੋਵੇਸ਼ਨਾਂ ਦਾ ਜ਼ਮੀਨੀ ਪੱਧਰ 'ਤੇ ਪ੍ਰਤੱਖ ਉਪਯੋਗ ਹੋਵੇ, ਸਾਡੇ ਬੁਨਿਆਦੀ ਢਾਂਚੇ ਨੂੰ ਵਧਾਇਆ ਜਾ ਸਕੇ, ਸਾਡੀ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਮਿਲੇ ਅਤੇ ਵਿਭਿੰਨ ਸੈਕਟਰਾਂ ਨੂੰ ਮਹੱਤਵਪੂਰਨ ਡੇਟਾ ਪ੍ਰਦਾਨ ਕੀਤਾ ਜਾਵੇ।
ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਇਸ ਯੁਗ ਵਿੱਚ ਕੈਬਨਿਟ ਨੇ ਸਿੱਖਿਆ ਦੀ ਦੁਨੀਆ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਵਿਗਿਆਨ ਵੱਲ ਪ੍ਰੇਰਿਤ ਕਰਨ। ਚੰਦਰਯਾਨ-3 ਦੀ ਸਫ਼ਲਤਾ ਨੇ ਇਨ੍ਹਾਂ ਖੇਤਰਾਂ ਵਿੱਚ ਦਿਲਚਸਪੀ ਦੀ ਚੰਗਿਆੜੀ ਨੂੰ ਜਗਾਉਣ ਅਤੇ ਸਾਡੇ ਦੇਸ਼ ਵਿੱਚ ਮੌਕਿਆਂ ਦੀ ਝਰੋਖੇ ਦਾ ਲਾਭ ਉਠਾਉਣ ਦਾ ਇੱਕ ਮਹੱਤਵਪੂਰਣ ਮੌਕਾ ਦਿੱਤਾ ਹੈ।
ਇਹ ਕੈਬਨਿਟ ਹਰੇਕ ਉਸ ਵਿਅਕਤੀ ਦੀ ਸ਼ਲਾਘਾ ਕਰਦੀ ਹੈ ਜਿਸ ਨੇ ਇਸ ਮਹੱਤਵਪੂਰਨ ਮਿਸ਼ਨ ਵਿੱਚ ਯੋਗਦਾਨ ਪਾਇਆ ਹੈ, ਇਹ ਸਵੀਕਾਰ ਕਰਦੇ ਹੋਏ ਕਿ ਚੰਦਰਯਾਨ-3 ਇਸ ਗੱਲ ਦਾ ਇੱਕ ਉੱਜਵਲ ਪ੍ਰਮਾਣ ਹੈ ਕਿ ਭਾਰਤ ਜੋਸ਼, ਲਗਨ ਅਤੇ ਅਟੁੱਟ ਸਮਰਪਣ ਨਾਲ ਕੀ ਕੁਝ ਪ੍ਰਾਪਤ ਕਰ ਸਕਦਾ ਹੈ। ਕੈਬਨਿਟ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਦੇਸ਼ ਦੇ ਲੋਕ ਖੁਸ਼ੀ ਅਤੇ ਮਾਣ ਨਾਲ ਭਰੇ ਦਿਲਾਂ ਨਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ।